ਅਹਬਾਰ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27

ਕਾਂਡ 15

1 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਇਹ ਵੀ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖੋ; ਜਦੋਂ ਕਿਸੇ ਬੰਦੇ ਦੇ ਸ਼ਰੀਰ ਵਿੱਚੋਂ ਦ੍ਰਵ ਨਿਕਲ ਰਿਹਾ ਹੋਵੇ, ਤਾਂ ਉਹ ਪਲੀਤ ਹੈ।
3 ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਉਸਦੇ ਸ਼ਰੀਰ ਵਿੱਚੋਂ ਇਹ ਚੀਜ਼ ਵਗਣਾ ਜਾਰੀ ਰੱਖਦੀ ਹੈ ਜਾਂ ਉਸਦਾ ਸ਼ਰੀਰ ਇਸਨੂੰ ਵਗਣ ਤੋਂ ਰੋਕ ਦਿੰਦਾ ਹੈ।
4 “ਜੇ ਉਹ ਬੰਦਾ, ਜਿਸਦੇ ਸ਼ਰੀਰ ਵਿੱਚੋਂ ਕੋਈ ਚੀਜ਼ ਵਗਦੀ ਹੈ, ਕਿਸੇ ਬਿਸਤਰੇ ਉੱਤੇ ਲੇਟਿਆ ਹੈ, ਤਾਂ ਉਹ ਬਿਸਤਰਾ ਪਲੀਤ ਹੋ ਜਾਂਦਾ ਹੈ। ਉਹ ਹਰ ਚੀਜ਼, ਜਿਸ ਉੱਤੇ ਉਹ ਬੰਦਾ ਬੈਠਦਾ ਹੈ, ਪਲੀਤ ਹੋ ਜਾਂਦੀ ਹੈ।
5 ਜੇ ਕੋਈ ਉਸ ਬੰਦੇ ਦੇ ਬਿਸਤਰੇ ਨੂੰ ਛੂਹ ਲੈਂਦਾ ਹੈ, ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਆਪਣੇ-ਆਪ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।
6 ਜੇ ਕੋਈ ਬੰਦਾ ਕਿਸੇ ਐਸੀ ਚੀਜ਼ ਉੱਤੇ ਬੈਠਦਾ ਹੈ ਜਿਸ ਉੱਤੇ ਵਗਦੀ ਹੋਈ ਚੀਜ਼ ਵਾਲਾ ਬੰਦਾ ਬੈਠਿਆ ਸੀ ਤਾਂ ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।
7 ਇਸਤੋਂ ਇਲਾਵਾ, ਜੇ ਕੋਈ ਬੰਦਾ ਪ੍ਰਮੇਹ ਵਾਲੇ ਬੰਦੇ ਨੂੰ ਛੂਹ ਲੈਂਦਾ ਹੈ ਤਾਂ ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।
8 “ਜੇ ਕੋਈ ਪ੍ਰਮੇਹ ਵਾਲਾ ਬੰਦਾ ਕਿਸੇ ਪਾਕ ਬੰਦੇ ਉੱਤੇ ਥੁਕ੍ਕ ਸੁੱਟਦਾ ਹੈ ਤਾਂ ਉਸ ਪਾਕ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਇਹ ਬੰਦਾ ਸ਼ਾਮ ਤੱਕ ਪਲੀਤ ਰਹੇਗਾ।
9 ਸਵਾਰੀ ਕਰਦੇ ਵਕਤ ਪ੍ਰਮੇਹ ਵਾਲਾ ਬੰਦਾ ਜਿਸ ਕਾਸੇ ਤੇ ਵੀ ਬੈਠਦਾ ਹੈ ਪਲੀਤ ਹੋ ਜਾਂਦੀ ਹੈ।
10 ਇਸ ਲਈ ਜੋ ਵੀ ਬੰਦਾ ਉਨ੍ਹਾਂ ਚੀਜ਼ਾਂ ਨੂੰ ਛੂਹ ਲੈਂਦਾ ਹੈ ਜਿਹੜੀਆਂ ਪ੍ਰਮੇਹ ਵਾਲੇ ਬੰਦੇ ਦੇ ਹੇਠਾਂ ਸਨ, ਸ਼ਾਮ ਤੱਕ ਪਲੀਤ ਰਹੇਗਾ। ਜਿਹੜਾ ਬੰਦਾ ਇਨ੍ਹਾਂ ਚੀਜ਼ਾਂ ਨੂੰ ਚੁੱਕਦਾ ਜਿਹੜੀਆਂ ਪ੍ਰਮੇਹ ਵਾਲੇ ਬੰਦੇ ਦੇ ਹੇਠਾਂ ਸਨ ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਆਪਣੇ-ਆਪ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਉਹ ਸ਼ਾਮ ਤੀਕ ਪਲੀਤ ਰਹੇਗਾ।
11 ਅਜਿਹਾ ਵੀ ਵਾਪਸ ਸਕਦਾ ਹੈ ਕਿ ਪ੍ਰਮੇਹ ਵਾਲੇ ਬੰਦੇ ਨੇ ਆਪਣੇ ਹੱਥ ਨਹੀਂ ਧੋਤੇ ਅਤੇ ਕਿਸੇ ਦੂਸਰੇ ਬੰਦੇ ਨੂੰ ਛੂਹ ਲਿਆ ਹੋਵੇ। ਤਾਂ ਦੂਸਰੇ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।
12 “ਪਰ ਜੇ ਕੋਈ ਪ੍ਰਮੇਹ ਵਾਲਾ ਬੰਦਾ ਕਿਸੇ ਮਿੱਟੀ ਦੇ ਭਾਂਡੇ ਨੂੰ ਛੂਹ ਲੈਂਦਾ ਹੈ, ਤਾਂ ਉਹ ਭਾਂਡਾ ਤੋੜ ਦੇਣਾ ਚਾਹੀਦਾ ਹੈ। ਜੇ ਕੋਈ ਪ੍ਰਮੇਹ ਵਾਲਾ ਬੰਦਾ ਕਿਸੇ ਲੱਕੜ ਦੇ ਬਰਤਨ ਨੂੰ ਛੂਹ ਲੈਂਦਾ ਹੈ ਤਾਂ ਉਸ ਬਰਤਨ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ।
13 “ਜਦੋਂ ਕੋਈ ਪ੍ਰਮੇਹ ਵਾਲਾ ਬੰਦਾ ਪਾਕ ਬਣਾਏ ਜਾਣ ਲਈ ਤਿਆਰ ਹੁੰਦਾ ਹੈ, ਉਸਨੂੰ ਪਾਕ ਬਣਾਏ ਜਾਣ ਤੋਂ ਪਹਿਲਾਂ ਸੱਤ ਦਿਨ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ। ਫ਼ੇਰ ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਵਗਦੇ ਪਾਣੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋ ਜਾਵੇਗਾ।
14 ਅਠਵੇਂ ਦਿਨ, ਉਹ ਬੰਦਾ ਦੋ ਘੁੱਗੀਆਂ ਜਾਂ ਦੋ ਕਬੂਤਰ ਲੈਕੇ ਆਵੇ। ਉਸਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਯਹੋਵਾਹ ਦੇ ਸਾਮ੍ਹਣੇ ਆਉਣਾ ਚਾਹੀਦਾ ਹੈ। ਉਹ ਦੋਵੇਂ ਪੰਛੀ ਜਾਜਕ ਨੂੰ ਦੇਵੇਗਾ।
15 ਜਾਜਕ ਪੰਛੀਆਂ ਨੂੰ, ਇੱਕ ਨੂੰ ਪਾਪ ਦੀ ਭੇਟ ਵਜੋਂ ਅਤੇ ਦੂਸਰੇ ਨੂੰ ਹੋਮ ਦੀ ਭੇਟ ਵਜੋਂ ਚੜਾਵੇਗਾ। ਇਸ ਤਰ੍ਹਾਂ, ਜਾਜਕ ਯਹੋਵਾਹ ਦੇ ਸਾਮ੍ਹਣੇ ਉਸ ਬੰਦੇ ਲਈ ਪਰਾਸਚਿਤ ਕਰੇਗਾ।
16 “ਜੇਕਰ ਕੋਈ ਬੰਦਾ ਵੀਰਜ ਵਗਾਉਂਦਾ, ਉਸ ਨੂੰ ਆਪਣੇ-ਆਪ ਨੂੰ ਪਾਣੀ ਵਿੱਚ ਪੂਰੀ ਤਰ੍ਹਾਂ ਧੋਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।
17 ਜੇ ਵੀਰਜ ਕਿਸੇ ਕੱਪੜੇ ਜਾਂ ਚਮੜੇ ਉੱਤੇ ਹੈ, ਇਸਨੂੰ ਪਾਣੀ ਨਾਲ ਧੋਤਾ ਜਾਣਾ ਚਾਹੀਦਾ ਹੈ। ਇਹ ਸ਼ਾਮ ਤੱਕ ਪਲੀਤ ਰਹੇਗਾ।
18 ਜੇ ਕੋਈ ਬੰਦਾ ਕਿਸੇ ਔਰਤ ਨਾਲ ਸੰਭੋਗ ਕਰਦਾ ਹੈ, ਆਦਮੀ ਤੇ ਔਰਤ, ਦੋਹਾਂ ਨੂੰ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹਿਣਗੇ।
19 “ਜੇ ਕਿਸੇ ਔਰਤ ਦਾ ਮਾਹਵਾਰੀ ਸਮੇਂ ਖੂਨ ਵਗਦਾ ਹੈ, ਤਾਂ ਉਹ ਸੱਤ ਦਿਨਾਂ ਤੱਕ ਪਲੀਤ ਰਹੇਗੀ। ਜੇ ਕੋਈ ਬੰਦਾ ਉਸਨੂੰ ਛੂਹ ਲੈਂਦਾ ਹੈ, ਤਾਂ ਉਹ ਬੰਦਾ ਸ਼ਾਮ ਤੱਕ ਪਲੀਤ ਰਹੇਗਾ।
20 ਇਸਤੋਂ ਇਲਾਵਾ ਹਰ ਉਹ ਚੀਜ਼ ਜਿਸ ਉੱਤੇ ਮਾਹਵਾਰੀ ਸਮੇਂ ਵਾਲੀ ਔਰਤ ਲੇਟਦੀ ਹੈ। ਪਲੀਤ ਹੋ ਜਾਵੇਗੀ। ਅਤੇ ਹਰ ਉਹ ਚੀਜ਼, ਜਿਸ ਉੱਤੇ ਉਹ ਉਸ ਸਮੇਂ ਦੌਰਾਨ ਬੈਠਦੀ ਹੈ, ਪਲੀਤ ਹੋ ਜਾਵੇਗੀ।
21 ਜੇ ਕੋਈ ਬੰਦਾ ਉਸ ਔਰਤ ਦੇ ਬਿਸਤਰੇ ਨੂੰ ਛੂੰਹਦਾ ਹੈ, ਉਸ ਬੰਦੇ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਵਿੱਚ ਨਹਾਉਣਾ ਚਾਹੀਦਾ ਹੈ। ਉਹ ਸ਼ਾਮ ਤੀਕ ਪਲੀਤ ਰਹੇਗਾ।
22 ਜੇ ਕੋਈ ਵੀ ਕਿਸੇ ਅਜਿਹੀ ਚੀਜ਼ ਨੂੰ ਛੂੰਹਦਾ ਹੈ ਜਿਸ ਉੱਤੇ ਉਹ ਔਰਤ ਬੈਠੀ ਸੀ, ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ? ਉਹ ਸ਼ਾਮ ਤੱਕ ਪਲੀਤ ਰਹੇਗਾ।
23 ਜੇ ਕੋਈ ਬੰਦਾ ਕਿਸੇ ਉਸ ਚੀਜ਼ ਨੂੰ ਛੂਹਦਾ ਜੋ ਬਿਸਤਰੇ ਉੱਤੇ ਸੀ ਜਾਂ ਜਿਸ ਉੱਤੇ ਉਹ ਬੈਠੀ ਹੋਈ ਸੀ, ਉਹ ਸ਼ਾਮ ਤੱਕ ਪਲੀਤ ਰਹੇਗਾ।
24 “ਜੇ ਕੋਈ ਆਦਮੀ ਕਿਸੇ ਔਰਤ ਨਾਲ ਉਸਦੇ ਮਾਹਵਾਰੀ ਸਮੇਂ ਦੌਰਾਨ, ਸੰਭੋਗ ਕਰਦਾ ਹੈ, ਉਹ ਸੱਤਾਂ ਦਿਨਾਂ ਤੱਕ ਪਲੀਤ ਰਹੇਗਾ। ਹਰ ਉਹ ਬਿਸਤਰ ਜਿਸ ਉੱਤੇ ਉਹ ਆਦਮੀ ਸੌਵੇਗਾ, ਪਲੀਤ ਹੋਵੇਗਾ।
25 “ਜੇ ਕਿਸੇ ਔਰਤ ਨੂੰ ਬਹੁਤ ਦਿਨ ਲਈ ਖੂਨ ਪੈਂਦਾ ਹੈ, ਆਪਣੇ ਮਾਹਵਾਰੀ ਸਮੇਂ ਤੋਂ ਬਿਨਾ, ਜਾਂ ਜੇ ਉਸਨੂੰ ਮਾਹਵਾਰੀ ਦੇ ਸਮੇਂ ਤੋਂ ਵਧ ਖੂਨ ਪੈਂਦਾ ਹੈ, ਤਾਂ ਉਹ ਮਾਹਵਾਰੀ ਸਮੇਂ ਵਾਂਗ ਹੀ ਪਲੀਤ ਹੋਵੇਗੀ।
26 ਖੂਨ ਪੈਣ ਦੇ ਸਮੇਂ ਦੌਰਾਨ ਜਿਹੜੇ ਬਿਸਤਰੇ ਉੱਤੇ ਉਹ ਔਰਤ ਲੇਟਦੀ ਹੈ ਉਹ ਉਸਦੇ ਮਾਹਵਾਰੀ ਸਮੇਂ ਦੇ ਬਿਸਤਰੇ ਵਰਗਾ ਹੀ ਹੋਵੇਗਾ। ਹਰ ਉਹ ਚੀਜ਼ ਜਿਸ ਉੱਤੇ ਉਹ ਔਰਤ ਬੈਠਦੀ ਹੈ ਉਹ ਉਸੇ ਤਰ੍ਹਾਂ ਪਲੀਤ ਹੋਵੇਗੀ ਜਿਵੇਂ ਉਹ ਮਾਹਵਾਰੀ ਦੇ ਦੌਰਾਨ ਹੁੰਦੀ ਹੈ।
27 ਜੇ ਕੋਈ ਬੰਦਾ ਉਨ੍ਹਾਂ ਚੀਜ਼ਾਂ ਨੂੰ ਛੂੰਹਦਾ ਹੈ ਤਾਂ ਉਹ ਬੰਦਾ ਪਲੀਤ ਹੋਵੇਗਾ। ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾ ਲੈਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।
28 ਔਰਤ ਦੇ ਖੂਨ ਬੰਦ ਹੋਣ ਤੋਂ ਮਗਰੋਂ, ਉਸਨੂੰ ਸੱਤਾਂ ਦਿਨਾਂ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋਵੇਗੀ।
29 ਫ਼ੇਰ ਅਠਵੇਂ ਦਿਨ, ਔਰਤ ਨੂੰ ਦੋ ਘੁੱਗੀਆਂ ਜਾਂ ਦੋ ਕਬੂਤਰ ਲੈਕੇ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਤੇ ਜਾਜਕ ਕੋਲ ਲੈਕੇ ਆਉਣਾ ਚਾਹੀਦਾ ਹੈ।
30 ਫ਼ੇਰ ਜਾਜਕ ਨੂੰ ਪੰਛੀ, ਇੱਕ ਪੰਛੀ ਪਾਪ ਦੀ ਭੇਟ ਵਜੋਂ ਅਤੇ ਦੂਸਰੇ ਨੂੰ ਹੋਮ ਦੀ ਭੇਟ ਵਜੋਂ ਚੜਾਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਉਸ ਲਈ ਯਹੋਵਾਹ ਦੇ ਸਾਮ੍ਹਣੇ ਉਸਦੇ ਨਾਪਾਕ ਖੂਨ ਵਗਣ ਖਾਤਰ ਪਰਾਸਚਿਤ ਕਰੇਗਾ।
31 “ਇਸ ਤਰ੍ਹਾਂ ਤੁਹਾਨੂੰ ਇਸਰਾਏਲ ਦੇ ਲੋਕਾਂ ਨੂੰ ਪਲੀਤ ਹੋਣ ਬਾਰੇ ਚੇਤਾਵਨੀ ਦੇਣੀ ਚਾਹੀਦੀ ਹੈ। ਜੇ ਤੁਸੀਂ ਚੇਤਾਵਨੀ ਨਹੀਂ ਦਿਉਂਗੇ, ਤਾਂ ਹੋ ਸਕਦਾ ਹੈ ਕਿ ਉਹ ਮੇਰੇ ਪਵਿੱਤਰ ਤੰਬੂ ਨੂੰ ਪਲੀਤ ਕਰ ਦੇਣ। ਅਤੇ ਫ਼ੇਰ ਉਨ੍ਹਾਂ ਨੂੰ ਮਰਨਾ ਪਵੇਗਾ।”
32 ਇਹ ਬਿਧੀਆਂ ਪ੍ਰਮੇਹ ਵਾਲੇ ਲੋਕਾਂ ਅਤੇ ਉਨ੍ਹਾਂ ਆਦਮੀਆਂ ਲਈ ਹਨ ਜਿਨ੍ਹਾਂ ਦਾ ਵੀਰਜ ਵਗ ਜਾਵੇ ਅਤੇ ਇਸ ਕਾਰਣ ਪਲੀਤ ਹੋ ਜਾਣ।
33 ਇਹ ਬਿਧੀਆਂ ਉਨ੍ਹਾਂ ਔਰਤਾਂ ਲਈ ਹਨ ਜਿਹੜੀਆਂ ਆਪਣੇ ਮਾਹਵਾਰੀ ਦੇ ਖੂਨ ਨਾਲ ਪਲੀਤ ਹੋ ਜਾਂਦੀਆਂ ਹਨ। ਇਹ ਬਿਧੀਆਂ ਹਰ ਉਸ ਵਿਅਕਤੀ ਲਈ ਹਨ ਜਿਸਨੂੰ ਅਸੁਭਾਵਿਕ ਪ੍ਰਮੇਹ ਹੋਵੇ ਅਤੇ ਉਸ ਆਦਮੀ ਲਈ ਹਨ ਜਿਹੜਾ ਕਿਸੇ ਨਾਪਾਕ ਔਰਤ ਨਾਲ ਸੰਭੋਗ ਕਰਦਾ ਹੈ।