ਅਹਬਾਰ
ਕਾਂਡ 4
1 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖੋ; ਜੇ ਕੋਈ ਬੰਦਾ ਅਚਨਚੇਤੀ ਪਾਪ ਕਮਾਉਂਦਾ ਹੈ ਅਤੇ ਉਨ੍ਹਾਂ ਗੱਲਾਂ ਵਿੱਚੋਂ ਕੋਈ ਕਰ ਬੈਠਦਾ ਹੈ ਜਿਹੜੀਆਂ ਯਹੋਵਾਹ ਨੇ ਕਰਨ ਤੋਂ ਮਨਾਂ ਕੀਤਾ ਹੈ, ਤਾਂ ਉਸ ਬੰਦੇ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਹਨ:
3 “ਜੇ ਮਸਹ ਕੀਤਾ ਹੋਇਆ ਜਾਜਕ ਪਾਪ ਕਰਦਾ ਅਤੇ ਲੋਕਾਂ ਤੇ ਦੋਸ਼ ਲਿਆਉਂਦਾ, ਤਾਂ ਉਸਨੂੰ ਆਪਣੇ ਪਾਪ ਲਈ ਯਹੋਵਾਹ ਨੂੰ ਪਾਪ ਦੀ ਭੇਟ ਵਜੋਂ ਇੱਕ ਬੇਨੁਕਸ ਜਵਾਨ ਬਲਦ ਚੜਾਉਣ ਚਾਹੀਦਾ ਹੈ।
4 ਉਸ ਨੂੰ ਬਲਦ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਯਹੋਵਾਹ ਦੇ ਸਾਮ੍ਹਣੇ ਲਿਆਉਣਾ ਚਾਹੀਦਾ ਹੈ। ਉਸਨੂੰ ਆਪਣਾ ਹੱਥ ਬਲਦ ਦੇ ਸਿਰ ਉੱਤੇ ਰੱਖਣਾ ਚਾਹੀਦਾ ਅਤੇ ਇਸਨੂੰ ਯਹੋਵਾਹ ਦੇ ਸਾਮ੍ਹਣੇ ਮਾਰਨਾ ਚਾਹੀਦਾ ਹੈ।
5 ਫ਼ੇਰ ਮਸਹ ਕੀਤੇ ਜਾਜਕ ਨੂੰ ਬਲਦ ਦਾ ਥੋੜਾ ਜਿਹਾ ਖੂਨ ਲੈਣਾ ਚਾਹੀਦਾ ਹੈ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਦੇ ਅੰਦਰ ਲੈ ਜਾਣਾ ਚਾਹੀਦਾ ਹੈ।
6 ਜਾਜਕ ਨੂੰ ਚਾਹੀਦਾ ਹੈ ਕਿ ਉਹ ਆਪਣੀ ਉਂਗਲੀ ਨੂੰ ਖੂਨ ਵਿੱਚ ਡੁਬੋਏ ਅਤੇ ਸਭ ਤੋਂ ਪਵਿੱਤਰ ਸਥਾਨ ਦੇ ਪਰਦੇ ਦੇ ਸਾਮ੍ਹਣੇ ਯਹੋਵਾਹ ਦੇ ਸਨਮੁਖ ਸੱਤ ਵਾਰੀ ਖੂਣ ਛਿੜਕੇ।
7 ਜਾਜਕ ਨੂੰ ਚਾਹੀਦਾ ਹੈ ਕਿ ਕੁਝ ਖੂਨ ਧੁਫ਼ ਵਾਲੀ ਜਗਵੇਦੀ ਦੇ ਕੋਨਿਆਂ ਉੱਪਰ ਛਿੜਕੇ। (ਇਹ ਜਗਵੇਦੀ ਯਹੋਵਾਹ ਦੇ ਸਾਮ੍ਹਣੇ ਮੰਡਲੀ ਵਾਲੇ ਤੰਬੂ ਵਿੱਚ ਹੈ।) ਜਾਜਕ ਨੂੰ ਚਾਹੀਦਾ ਹੈ ਕਿ ਬਲਦ ਦਾ ਸਾਰਾ ਖੂਨ ਹੋਮ ਦੀ ਭੇਟ ਵਾਲੀ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਵੇ। (ਇਹ ਜਗਵੇਦੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਹੈ।)
8 ਅਤੇ ਉਸਨੂੰ ਚਾਹੀਦਾ ਹੈ ਕਿ ਪਾਪ ਦੀ ਭੇਟ ਵਾਲੇ ਬਲਦ ਦੀ ਸਾਰੀ ਚਰਬੀ ਇਕਠੀ ਕਰ ਲਵੇ। ਉਸਨੂੰ ਉਹ ਚਰਬੀ ਲੈਣੀ ਚਾਹੀਦੀ ਹੈ ਜਿਹੜੀ ਅੰਦਰਲੇ ਹਿਸਿਆਂ ਉੱਤੇ ਅਤੇ ਆਲੇ-ਦੁਆਲੇ ਹੈ।
9 ਉਹ ਦੋਵੇਂ ਗੁਰਦੇ ਅਤੇ ਉਨ੍ਹਾਂ ਉਤਲੀ ਪੁੱਠ ਦੇ ਹੇਠਲੇ ਹਿੱਸੇ ਦੀ ਚਰਬੀ ਅਤੇ ਕਲੇਜੀ ਦਾ ਚਰਬੀ ਵਾਲਾ ਹਿੱਸਾ ਲੈ ਲਵੇ ਜਿਸਨੂੰ ਉਹ ਗੁਰਦਿਆਂ ਦੇ ਨਾਲ ਲਾਹ ਲੈਂਦਾ ਹੈ।
10 ਉਸਨੂੰ ਇਨ੍ਹਾਂ ਹਿੱਸਿਆਂ ਨੂੰ ਉਸੇ ਤਰ੍ਹਾਂ ਲਾਹੁਣਾ ਚਾਹੀਦਾ ਜਿਵੇਂ ਸੁੱਖ-ਸਾਂਦ ਦੀ ਭੇਟ ਵਾਲੇ ਬਲਦ ਤੋਂ ਚਰਬੀ ਨੂੰ ਲਾਹਿਆ ਜਾਂਦਾ ਹੈ। ਉਸਨੂੰ ਪਸ਼ੂ ਦੇ ਅੰਗਾਂ ਨੂੰ ਹੋਮ ਦੀ ਭੇਟ ਵਾਲੀ ਜਗਵੇਦੀ ਉੱਤੇ ਸਾੜ ਦੇਣ ਚਾਹੀਦਾ।
11 ਪਰ ਉਸਨੂੰ ਬਲਦ ਦੀ ਖੱਲ, ਇਸਦੇ ਅੰਦਰਲੇ ਹਿਸਿਆਂ ਅਤੇ ਇਸਦੇ ਸ਼ਰੀਰ ਦੀ ਰਹਿੰਦ-ਖੂੰਦ ਅਤੇ ਇਸਦੇ ਸਿਰ ਅਤੇ ਲੱਤਾਂ ਦਾ ਸਾਰਾ ਮਾਸ ਡੇਰੇ ਤੋਂ ਬਾਹਰ ਉਸ ਸਾਫ਼ ਥਾਵੇਂ ਲੈ ਜਾਣਾ ਚਾਹੀਦਾ ਜਿਥੇ ਰਾਖ ਸੁੱਟੀ ਜਾਂਦੀ ਹੈ। ਉਸਨੂੰ ਇਨ੍ਹਾਂ ਹਿੱਸਿਆਂ ਨੂੰ ਲੱਕੜਾਂ ਉੱਤੇ ਪਾਕੇ ਸਾੜ ਦੇਣਾ ਚਾਹੀਦਾ। ਬਲਦ ਨੂੰ ਉਥੇ ਸਾੜਿਆ ਜਾਵੇ ਜਿਥੇ ਰਾਖ ਸੁੱਟੀ ਜਾਂਦੀ ਹੈ।
12
13 “ਜੇਕਰ ਇਸਰਾਏਲ ਦੀ ਸਾਰੀ ਕੌਮ ਅਨਜਾਣੇ ਹੀ ਉਹ ਗੱਲ ਕਰਕੇ ਪਾਪ ਕਰੇ ਜਿਸਨੂੰ ਯਹੋਵਾਹ ਨੇ ਉਨ੍ਹਾਂ ਨੂੰ ਨਾ ਕਰਨ ਵਾਸਤੇ ਆਖਿਆ, ਉਹ ਦੋਸ਼ੀ ਹੋਣਗੇ, ਭਾਵੇਂ ਉਹ ਅਨਜਾਣ ਹਨ ਕਿ ਉਨ੍ਹਾਂ ਨੇ ਕੀਤਾ ਹੈ।
14 ਜਦੋਂ ਉਨ੍ਹਾਂ ਨੇ ਆਪਣੇ ਪਾਪ ਦਾ ਪਤਾ ਚੱਲ ਜਾਵੇ, ਉਨ੍ਹਾਂ ਨੂੰ ਸਾਰੀ ਕੌਮ ਖਾਤਰ ਇੱਕ ਜਵਾਨ ਬਲਦ ਪਾਪ ਦੀ ਭੇਟ ਵਜੋਂ ਯਹੋਵਾਹ ਨੂੰ ਚੜਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਬਲਦ ਮੰਡਲੀ ਵਾਲੇ ਤੰਬੂ ਕੋਲ ਲੈ ਆਉਣਾ ਚਾਹੀਦਾ ਹੈ।
15 ਲੋਕਾਂ ਦੇ ਬਜ਼ੁਰਗ ਯਹੋਵਾਹ ਦੇ ਸਾਮ੍ਹਣੇ ਬਲਦ ਦੇ ਸਿਰ ਤੇ ਹੱਥ ਰੱਖਣ ਅਤੇ ਫ਼ੇਰ ਇਸਨੂੰ ਯਹੋਵਾਹ ਦੇ ਸਾਮ੍ਹਣੇ ਮਾਰਿਆ ਜਾਵੇਗਾ।
16 ਫ਼ੇਰ ਮਸਹ ਕੀਤਾ ਹੋਇਆ ਜਾਜਕ ਬਲਦ ਦਾ ਕੁਝ ਖੂਨ ਲਵੇ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਵਿੱਚ ਲੈ ਜਾਵੇ।
17 ਜਾਜਕ ਆਪਣੀ ਉਂਗਲੀ ਨੂੰ ਖੂਨ ਵਿੱਚ ਡੁਬੋਏ ਅਤੇ ਇਸਨੂੰ ਸੱਤ ਵਾਰੀ ਯਹੋਵਾਹ ਦੇ ਸਾਮ੍ਹਣੇ ਵਾਲੇ ਪਰਦੇ ਅੱਗੇ ਛਿੜਕੇ।
18 ਫ਼ੇਰ ਜਾਜਕ ਨੂੰ ਚਾਹੀਦਾ ਹੈ ਕਿ ਕੁਝ ਖੂਨ ਜਗਵੇਦੀ ਦੇ ਕੋਨਿਆਂ ਉੱਤੇ ਲਗਾ ਦੇਵੇ। (ਇਹ ਜਗਵੇਦੀ ਯਹੋਵਾਹ ਦੇ ਸਾਮ੍ਹਣੇ ਮੰਡਲੀ ਵਾਲੇ ਤੰਬੂ ਵਿੱਚ ਹੈ।) ਜਾਜਕ ਨੂੰ ਚਾਹੀਦਾ ਹੈ ਕਿ ਸਾਰਾ ਖੂਨ ਹੋਮ ਦੀ ਭੇਟ ਵਾਲੀ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਵੇ। (ਇਹ ਜਗਵੇਦੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਹੈ।)
19 ਫ਼ੇਰ ਜਾਜਕ ਨੂੰ ਜਾਨਵਰ ਦੀ ਸਾਰੀ ਚਰਬੀ ਲੈ ਲੈਣੀ ਚਾਹੀਦੀ ਹੈ ਅਤੇ ਇਸਨੂੰ ਜਗਵੇਦੀ ਉੱਤੇ ਸਾੜ ਦੇਣਾ ਚਾਹੀਦਾ ਹੈ।
20 ਉਸ ਨੂੰ ਇਨ੍ਹਾਂ ਹਿਸਿਆਂ ਨੂੰ ਉਸੇ ਤਰ੍ਹਾਂ ਭੇਟ ਕਰਨਾ ਚਾਹੀਦਾ ਜਿਵੇਂ ਉਸਨੇ ਪਾਪ ਦੀ ਭੇਟ ਵਾਲੇ ਬਲਦ ਨੂੰ ਭੇਟ ਕੀਤਾ ਸੀ। ਇਸ ਤਰ੍ਹਾਂ ਜਾਜਕ ਲੋਕਾਂ ਲਈ ਪਰਾਸਚਿਤ ਕਰੇਗਾ ਅਤੇ ਉਨ੍ਹਾਂ ਦੇ ਪਾਪ ਮੁਆਫ਼ ਹੋ ਜਾਣਗੇ।
21 ਜਾਜਕ ਨੂੰ ਚਾਹੀਦਾ ਹੈ ਕਿ ਇਸ ਬਲਦ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਸਾੜ ਦੇਵੇ, ਜਿਵੇਂ ਉਸਨੇ ਦੂਸਰੇ ਬਲਦ ਨੂੰ ਸਾੜਿਆ ਸੀ। ਇਹ ਸਾਰੀ ਕੌਮ ਲਈ ਪਾਪ ਦੀ ਭੇਟ ਹੈ।
22 “ਜਦੋਂ ਕੋਈ ਹਾਕਮ ਅਨਜਾਣੇ ਪਾਪ ਕਰਦਾ ਅਤੇ ਕੁਝ ਅਜਿਹਾ ਕਰਦਾ ਜਿਸਨੂੰ ਨਾ ਕਰਨ ਬਾਰੇ ਯਹੋਵਾਹ, ਉਸਦੇ ਪਰਮੇਸ਼ੁਰ, ਨੇ ਆਖਿਆ ਹੋਵੇ, ਉਹ ਦੋਸ਼ੀ ਹੋਵੇਗਾ।
23 ਜਦੋਂ ਹਾਕਮ ਆਪਣੇ ਪਾਪ ਬਾਰੇ ਜਾਣ ਜਾਵੇ, ਉਸ ਨੂੰ ਭੇਟ ਵਜੋਂ ਇੱਕ ਬੱਕਰੀ ਲਿਆਉਣੀ ਚਾਹੀਦੀ ਹੈ ਜਿਸ ਵਿੱਚ ਕੋਈ ਨੁਕਸ ਨਾ ਹੋਵੇ।
24 ਹਾਕਮ ਨੂੰ ਬੱਕਰੀ ਦੇ ਸਿਰ ਤੇ ਆਪਣਾ ਹੱਥ ਰੱਖਣਾ ਚਾਹੀਦਾ ਹੈ ਅਤੇ ਬੱਕਰੀ ਨੂੰ ਉਸੇ ਥਾਂ ਤੇ ਮਾਰਨਾ ਚਾਹੀਦਾ ਜਿਥੇ ਉਹ ਯਹੋਵਾਹ ਦੇ ਸਾਮ੍ਹਣੇ ਹੋਮ ਦੀ ਭੇਟ ਨੂੰ ਜ਼ਿਬਾਹ ਕਰਦੇ ਹਨ। ਇਹ ਬੱਕਰੀ ਪਾਪ ਦੀ ਭੇਟ ਹੈ।
25 ਜਾਜਕ ਨੂੰ ਚਾਹੀਦਾ ਹੈ ਕਿ ਪਾਪ ਦੀ ਭੇਟ ਦਾ ਖੂਨ ਆਪਣੀ ਉਂਗਲੀ ਉੱਤੇ ਲਾਵੇ ਅਤੇ ਇਸਨੂੰ ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਦੇ ਕੋਨਿਆਂ ਉੱਤੇ ਲਾਵੇ। ਜਾਜਕ ਨੂੰ ਬਾਕੀ ਦਾ ਖੂਨ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ।
26 ਉਸਨੂੰ ਬੱਕਰੀ ਦੀ ਸਾਰੀ ਚਰਬੀ ਜਗਵੇਦੀ ਉੱਤੇ ਉਸੇ ਤਰ੍ਹਾਂ ਸਾੜ ਦੇਣੀ ਚਾਹੀਦੀ ਹੈ ਜਿਵੇਂ ਉਹ ਸੁੱਖ-ਸਾਂਦ ਦੀ ਬਲੀ ਨੂੰ ਸਾੜਦਾ ਹੈ। ਇਸ ਤਰ੍ਹਾਂ, ਜਾਜਕ ਹਾਕਮ ਲਈ ਪਰਾਸਚਿਤ ਕਰੇਗਾ ਅਤੇ ਪਰਮੇਸ਼ੁਰ ਹਾਕਮ ਨੂੰ ਮੁਆਫ਼ ਕਰ ਦੇਵੇਗਾ।
27 “ਜਦੋਂ ਕੋਈ ਸਧਾਰਣ ਆਦਮੀ ਅਚਨਚੇਤੀ ਹੀ ਪਾਪ ਕਰਦਾ ਅਤੇ ਕੁਝ ਅਜਿਹਾ ਕਰਦਾ ਜਿਸਨੂੰ ਨਾ ਕੀਤੇ ਜਾਣ ਲਈ ਯਹੋਵਾਹ ਨੇ ਆਖਿਆ, ਉਹ ਦੋਸ਼ੀ ਹੋਵੇਗਾ।
28 ਜਦੋਂ ਉਹ ਬੰਦਾ ਆਪਣੇ ਪਾਪ ਬਾਰੇ ਜਾਣ ਜਾਂਦਾ ਹੈ ਤਾਂ ਉਸਨੂੰ ਇੱਕ ਬੱਕਰੀ ਲੈਕੇ ਆਉਣੀ ਚਾਹੀਦੀ ਹੈ ਜਿਸ ਵਿੱਚ ਕੋਈ ਨੁਕਸ ਨਾ ਹੋਵੇ। ਉਸਨੂੰ ਇਹ ਬੱਕਰੀ ਆਪਣੇ ਪਾਪ ਦੀ ਖਾਤਿਰ ਆਪਣੀ ਭੇਟ ਵਜੋਂ ਲਿਆਉਣੀ ਚਾਹੀਦੀ ਹੈ।
29 ਉਸਨੂੰ ਆਪਣਾ ਹੱਥ ਬੱਕਰੀ ਦੇ ਸਿਰ ਉੱਤੇ ਰੱਖਣਾ ਚਾਹੀਦਾ ਹੈ ਅਤੇ ਇਸਨੂੰ ਹੋਮ ਦੀ ਭੇਟ ਵਾਲੀ ਥਾਂ ਉੱਤੇ ਮਾਰਨਾ ਚਾਹੀਦਾ।
30 ਫ਼ੇਰ ਜਾਜਕ ਨੂੰ ਆਪਣੀ ਉਂਗਲੀ ਉੱਤੇ ਬੱਕਰੀ ਦਾ ਕੁਝ ਖੂਨ ਲਾਉਣਾ ਚਾਹੀਦਾ ਹੈ ਅਤੇ ਇਸਨੂੰ ਹੋਮ ਦੀ ਭੇਟ ਦੀ ਜਗਵੇਦੀ ਦੇ ਕੋਨਿਆਂ ਉੱਤੇ ਲਾਉਣਾ ਚਾਹੀਦਾ ਹੈ। ਉਸਨੂੰ ਬਾਕੀ ਦਾ ਖੂਨ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ।
31 ਉਸਨੂੰ ਬੱਕਰੀ ਦੀ ਸਾਰੀ ਚਰਬੀ ਉਸੇ ਤਰ੍ਹਾਂ ਭੇਟ ਕਰ ਦੇਣੀ ਚਾਹੀਦੀ ਹੈ ਜਿਵੇਂ ਉਸਨੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜਾਈ ਸੀ। ਉਹ ਇਸਨੂੰ ਭਿਂਨੀ ਸੁਗੰਧੀ ਵਜੋਂ ਜਗਵੇਦੀ ਉੱਤੇ ਸਾੜੇ ਜੋ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। ਇਸ ਤਰ੍ਹਾਂ ਜਾਜਕ ਉਸ ਬੰਦੇ ਲਈ ਪਰਾਸਚਿਤ ਕਰੇਗਾ ਅਤੇ ਉਸਦਾ ਪਾਪ ਮਾਫ਼ ਹੋ ਜਾਵੇਗਾ।
32 “ਜੇ ਉਹ ਬੰਦਾ ਆਪਣੇ ਪਾਪ ਦੀ ਭੇਟ ਲਈ ਲੇਲਾ ਲੈਕੇ ਆਉਂਦਾ ਹੈ, ਤਾਂ ਉਸਨੂੰ ਮਾਦਾ ਲੇਲਾ ਲੈਕੇ ਆਉਣਾ ਚਾਹੀਦਾ ਹੈ ਜਿਸ ਵਿੱਚ ਕੋਈ ਨੁਕਸ ਨਾ ਹੋਵੇ।
33 ਉਸ ਬੰਦੇ ਨੂੰ ਜਾਨਵਰ ਦੇ ਸਿਰ ਤੇ ਆਪਣਾ ਹੱਥ ਰੱਖਣਾ ਚਾਹੀਦਾ ਅਤੇ ਇਸਨੂੰ ਉਸੇ ਥਾਂ ਤੇ ਪਾਪ ਦੀ ਭੇਟ ਵਜੋਂ ਮਾਰਨਾ ਚਾਹੀਦਾ ਹੈ ਜਿਥੇ ਉਹ ਹੋਮ ਦੀ ਭੇਟ ਦੇ ਜਾਨਵਰ ਨੂੰ ਮਾਰਦੇ ਹਨ।
34 ਜਾਜਕ ਨੂੰ ਪਾਪ ਦੀ ਭੇਟ ਦਾ ਕੁਝ ਖੂਨ ਆਪਣੀ ਉਂਗਲੀ ਉੱਤੇ ਲਾਉਣਾ ਚਾਹੀਦਾ ਹੈ ਅਤੇ ਇਸਨੂੰ ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਦੇ ਕੋਨਿਆਂ ਉੱਤੇ ਲਾਉਣਾ ਚਾਹੀਦਾ ਹੈ। ਫ਼ੇਰ ਜਾਜਕ ਨੂੰ ਲੇਲੇ ਦਾ ਸਾਰਾ ਖੂਨ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ।
35 ਉਸਨੂੰ ਲੇਲੇ ਦੀ ਸਾਰੀ ਚਰਬੀ ਉਸੇ ਤਰ੍ਹਾਂ ਭੇਟ ਕਰ ਦੇਣੀ ਚਾਹੀਦੀ ਹੈ ਜਿਵੇਂ ਉਸਨੇ ਸੁੱਖ-ਸਾਂਦ ਦੀ ਭੇਟ ਵਾਲੇ ਲੇਲੇ ਦੀ ਚਰਬੀ ਭੇਟ ਕੀਤੀ ਸੀ। ਜਾਜਕ ਨੂੰ ਇਸਨੂੰ ਯਹੋਵਾਹ ਨੂੰ ਅੱਗ ਦੁਆਰਾ ਦਿੱਤੇ ਹੋਰਨਾਂ ਚੜਾਵਿਆਂ ਦੇ ਨਾਲ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਸ ਵਿਅਕਤੀ ਦੇ ਕੀਤੇ ਪਾਪਾਂ ਦੇ ਲਈ ਪਰਾਸਚਿਤ ਕਰੇਗਾ ਅਤੇ ਪਰਮੇਸ਼ੁਰ ਉਸ ਵਿਅਕਤੀ ਨੂੰ ਮੁਆਫ਼ ਕਰ ਦੇਵੇਗਾ।