ਅਹਬਾਰ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27

ਕਾਂਡ 18

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖ; ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
3 ਅਤੀਤ ਵਿੱਚ, ਤੁਸੀਂ ਮਿਸਰ ਵਿੱਚ ਰਹਿੰਦੇ ਸੀ। ਤੁਹਾਨੂੰ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਉਥੇ ਹੁੰਦੀਆਂ ਸਨ। ਮੈਂ ਤੁਹਾਨੂੰ ਕਨਾਨ ਲੈ ਜਾ ਰਿਹਾ ਹਾਂ। ਇੱਥੇ ਤੁਹਾਨੂੰ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਉਸ ਦੇਸ਼ ਵਿੱਚ ਹੁੰਦੀਆਂ ਹਨ। ਉਨ੍ਹਾਂ ਦੇ ਕਨੂਨਾਂ ਮੁਤਾਬਕ ਨਾ ਰਹੋ।
4 ਤੁਹਾਨੂੰ ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨਣਾ ਚਾਹੀਦਾ ਹੈ! ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
5 ਇਸ ਲਈ ਤੁਹਾਨੂੰ ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨਣਾ ਚਾਹੀਦਾ ਹੈ। ਜੇ ਕੋਈ ਬੰਦਾ ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨਦਾ ਹੈ, ਉਹ ਜਿਉਂਵੇਗਾ। ਮੈਂ ਯਹੋਵਾਹ ਹਾਂ।
6 “ਤੁਹਾਨੂੰ ਕਦੇ ਵੀ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਮੈਂ ਯਹੋਵਾਹ ਹਾਂ।
7 “ਤੁਹਾਨੂੰ ਕਦੇ ਵੀ ਆਪਣੇ ਪਿਤਾ ਜਾਂ ਮਾਤਾ ਨਾਲ ਜਿਨਸੀ ਸੰਬੰਧ ਨਹੀਂ ਬਨਾਉਣਾ ਚਾਹੀਦਾ। ਇਹ ਔਰਤ ਤੁਹਾਡੀ ਮਾਂ ਹੈ। ਤੁਹਾਨੂੰ ਉਸ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ।
8 ਤੁਹਾਨੂੰ ਆਪਣੇ ਪਿਤਾ ਦੀ ਪਤਨੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ, ਭਾਵੇਂ ਉਹ ਤੁਹਾਡੀ ਮਾਂ ਨਾ ਹੋਵੇ। ਕਿਉਂਕਿ ਉਹ ਤੁਹਾਡੇ ਪਿਤਾ ਨਾਲ ਸੰਬੰਧਤ ਹੈ।
9 “ਤੁਹਾਨੂੰ ਆਪਣੀ ਭੈਣ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਤੁਹਾਡੇ ਪਿਤਾ ਦੀ ਧੀ ਜਾਂ ਤੁਹਾਡੀ ਮਾਤਾ ਦੀ ਧੀ ਹੈ। ਅਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੀ ਭੈਣ ਤੁਹਾਡੇ ਘਰ ਵਿੱਚ ਜੰਮੀ ਸੀ ਜਾਂ ਕਿਸੇ ਹੋਰ ਥਾਂ ਉੱਤੇ।
10 “ਤੁਹਾਨੂੰ ਆਪਣੀ ਪੋਤੀ ਜਾਂ ਆਪਣੇ ਪੁੱਤਰ ਦੀ ਧੀ ਜਾਂ ਤੁਹਾਡੀ ਧੀ ਦੀ ਧੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡਾ ਹੀ ਇੱਕ ਹਿੱਸਾ ਹਨ।
11 “ਜੇ ਤੁਹਾਡੇ ਪਿਤਾ ਅਤੇ ਉਸਦੀ ਪਤਨੀ ਦੀ ਕੋਈ ਧੀ ਹੈ, ਤਾਂ ਉਹ ਤੁਹਾਡੇ ਭੈਣ ਹੈ। ਤੁਹਾਨੂੰ ਉਸ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ।
12 “ਤੁਹਾਨੂੰ ਆਪਣੇ ਪਿਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡੇ ਪਿਤਾ ਦੀ ਨਜ਼ਦੀਕੀ ਰਿਸ਼ਤੇਦਾਰ ਹੈ।
13 ਤੁਹਾਨੂੰ ਆਪਣੀ ਮਾਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡੀ ਮਾਤਾ ਦੀ ਨਜ਼ਦੀਕੀ ਰਿਸ਼ਤੇਦਾਰ ਹੈ।
14 ਤੁਹਾਨੂੰ ਆਪਣੇ ਚਾਚੇ ਦੀ ਵਹੁਟੀ ਨਾਲ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡੀ ਚਾਚੀ ਹੈ।
15 “ਤੁਹਾਨੂੰ ਆਪਣੀ ਨੂੰਹ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡੇ ਪੁੱਤਰ ਦੀ ਪਤਨੀ ਹੈ। ਤੁਹਾਨੂੰ ਉਸ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ।
16 “ਤੁਹਾਨੂੰ ਆਪਣੇ ਭਰਾ ਦੀ ਪਤਨੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਤੁਹਾਡੇ ਭਰਾ ਨਾਲ ਜਿਨਸੀ ਸੰਬੰਧ ਬਨਾਉਣ ਵਰਗੀ ਗੱਲ ਹੋਵੇਗੀ।
17 “ਤੁਹਾਨੂੰ ਕਿਸੇ ਮਾਂ ਤੇ ਉਸਦੀ ਧੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਤੁਹਾਨੂੰ ਇਸ ਔਰਤ ਦੀ ਪੋਤੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਇਸ ਔਰਤ ਦੇ ਪੁੱਤਰ ਦੀ ਧੀ ਹੈ ਜਾਂ ਧੀ ਦੀ ਧੀ ਹੈ। ਉਸ ਦੀਆਂ ਪੋਤੀਆਂ ਉਸ ਦੀਆਂ ਨਜ਼ਦੀਕੀ ਰਿਸ਼ਤੇਦਾਰ ਹਨ। ਉਨ੍ਹਾਂ ਨਾਲ ਜਿਨਸੀ ਸੰਬੰਧ ਬਨਾਉਣੇ ਗਲਤ ਗੱਲ ਹੈ।
18 “ਜਦੋਂ ਤੁਹਾਡੀ ਪਤਨੀ ਹਾਲੇ ਜਿਉਂਦੀ ਹੋਵੇ, ਤੁਹਾਨੂੰ ਉਸਦੀ ਭੈਣ ਨੂੰ ਦੂਸਰੀ ਬਰਾਬਰ ਦੀ ਪਤਨੀ ਵਾਂਗ ਨਹੀਂ ਲੈਣਾ ਚਾਹੀਦਾ ਅਤੇ ਉਸ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ।
19 “ਇਸਤੋਂ ਇਲਾਵਾ ਤੁਹਾਨੂੰ ਕਿਸੇ ਔਰਤ ਦੇ ਮਾਹਵਾਰੀ ਦੇ ਦਿਨਾਂ ਵਿੱਚ ਉਸਦੇ ਨੇੜੇ ਜਿਸਨੀ ਸੰਬੰਧ ਬਨਾਉਣ ਲਈ ਨਹੀਂ ਜਾਣਾ ਚਾਹੀਦਾ। ਉਹ ਇਸ ਸਮੇਂ ਦੌਰਾਨ ਪਲੀਤ ਹੁੰਦੀ ਹੈ।
20 “ਤੁਹਾਨੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਤੁਹਾਨੂੰ ਨਾਪਾਕ ਬਣਾ ਦੇਵੇਗਾ।
21 “ਤੁਹਾਨੂੰ ਆਪਣੇ ਕਿਸੇ ਵੀ ਬੱਚੇ ਦੀ ਮੋਲਕ ਨੂੰ ਬਲੀ ਵਜੋਂ ਨਹੀਂ ਚੜਾਉਣਾ ਚਾਹੀਦਾ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਆਪਣੇ ਪਰਮੇਸ਼ੁਰ ਦੇ ਨਾਂ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।
22 “ਤੁਹਾਨੂੰ ਕਿਸੇ ਮਰਦ ਨਾਲ ਔਰਤ ਵਾਂਗ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਭਿਆਨਕ ਪਾਪ ਹੈ।
23 “ਤੁਹਾਨੂੰ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਤੁਹਾਨੂੰ ਨਾਪਾਕ ਬਣਾ ਦੇਣਗੇ। ਕਿਸੇ ਔਰਤ ਨੂੰ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਕੁਦਰਤ ਦੇ ਖਿਲਾਫ਼ ਹੈ।
24 “ਇਹੋ ਜਿਹੀਆਂ ਗੱਲਾਂ ਕਰਕੇ ਆਪਣੇ-ਆਪ ਨੂੰ ਪਲੀਤ ਨਾ ਕਰੋ। ਮੈਂ ਕੌਮਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚੋਂ ਬਾਹਰ ਕਢ ਰਿਹਾ ਹਾਂ ਅਤੇ ਉਨ੍ਹਾਂ ਦੀ ਧਰਤੀ ਤੁਹਾਨੂੰ ਦੇ ਰਿਹਾ ਹਾਂ। ਕਿਉਂਕਿ ਉਨ੍ਹਾਂ ਲੋਕਾਂ ਨੇ ਭਿਆਨਕ ਪਾਪ ਕੀਤੇ ਸਨ।
25 ਉਨ੍ਹਾਂ ਨੇ ਧਰਤੀ ਨੂੰ ਨਾਪਾਕ ਬਣਾਇਆ। ਮੈਂ ਉਨ੍ਹਾਂ ਨੂੰ ਸਜ਼ਾ ਦੇਵਾਂਗਾ। ਹੁਣ ਧਰਤੀ ਇਹੋ ਜਿਹੀਆਂ ਗੱਲਾਂ ਕਾਰਣ ਹੀ ਬਿਮਾਰ ਹੈ। ਅਤੇ ਧਰਤੀ ਉਨ੍ਹਾਂ ਲੋਕਾਂ ਨੂੰ ਹੁਣ ਬਾਹਰ ਉਗਲ ਰਹੀ ਹੈ ਜਿਹੜੇ ਉਥੇ ਰਹਿੰਦੇ ਸਨ।
26 “ਇਸ ਲਈ ਤੁਹਾਨੂੰ ਮੇਰੀਆਂ ਬਿਧੀਆਂ ਅਤੇ ਨਿਆਵਾਂ ਨੂੰ ਮੰਨਣਾ ਚਾਹੀਦਾ ਹੈ। ਤੁਹਾਨੂੰ ਇਹੋ ਜਿਹੇ ਭਿਆਨਕ ਪਾਪ ਨਹੀਂ ਕਰਨੇ ਚਾਹੀਦੇ। ਇਹ ਨੇਮ ਇਸਰਾਏਲ ਦੇ ਨਾਗਰਿਕਾਂ ਲਈ ਅਤੇ ਤੁਹਾਡੇ ਦਰਮਿਆਨ ਰਹਿਣ ਵਾਲੇ ਲੋਕਾਂ ਲਈ ਹਨ।
27 ਜਿਹੜੇ ਲੋਕ ਇਸ ਧਰਤੀ ਉੱਤੇ ਤੁਹਾਡੇ ਤੋਂ ਪਹਿਲਾਂ ਰਹਿੰਦੇ ਸਨ, ਉਨ੍ਹਾਂ ਨੇ ਇਹ ਭਿਆਨਕ ਗੱਲਾਂ ਕੀਤੀਆਂ। ਇਸ ਲਈ ਧਰਤੀ ਨਾਪਾਕ ਹੋ ਗਈ।
28 ਜੇ ਤੁਸੀਂ ਇਹ ਗੱਲਾਂ ਕਰੋਂਗੇ ਤਾਂ ਤੁਸੀਂ ਇਸ ਧਰਤੀ ਨੂੰ ਨਾਪਾਕ ਕਰੋਂਗੇ। ਅਤੇ ਇਹ ਤੁਹਾਨੂੰ ਵੀ ਉਸੇ ਤਰ੍ਹਾਂ ਬਾਹਰ ਉਗਲ ਦੇਵੇਗੀ ਜਿਵੇਂ ਇਸਨੇ ਉਨ੍ਹਾਂ ਕੌਮਾਂ ਨੂੰ ਉਗਲਿਆ ਸੀ ਜੋ ਤੁਹਾਡੇ ਤੋਂ ਪਹਿਲਾਂ ਇੱਥੇ ਸਨ।
29 ਜੇ ਕੋਈ ਬੰਦਾ ਇਹੋ ਜਿਹਾ ਭਿਆਨਕ ਪਾਪ ਕਰਦਾ ਹੈ ਤਾਂ ਉਸ ਬੰਦੇ ਨੂੰ ਉਸਦੇ ਲੋਕਾਂ ਵਿੱਚੋਂ ਛੇਕ ਦੇਣਾ ਚਾਹੀਦਾ ਹੈ।
30 ਹੋਰਨਾਂ ਲੋਕਾਂ ਨੇ ਇਹ ਭਿਆਨਕ ਪਾਪ ਕੀਤੇ ਹਨ। ਪਰ ਤੁਹਾਨੂੰ ਮੇਰੀਆਂ ਬਿਧੀਆਂ ਨੂੰ ਮੰਨਣਾ ਚਾਹੀਦਾ ਹੈ। ਤੁਹਾਨੂੰ ਇਹੋ ਜਿਹਾ ਕੋਈ ਭਿਆਨਕ ਗੁਨਾਹ ਨਹੀਂ ਕਰਨਾ ਚਾਹੀਦਾ। ਆਪਣੇ-ਆਪ ਨੂੰ ਇਹੋ ਜਿਹੇ ਪਾਪਾਂ ਨਾਲ ਨਾਪਾਕ ਨਾ ਕਰੋ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”