ਅਹਬਾਰ
ਕਾਂਡ 1
1 ਯਹੋਵਾਹ ਪਰਮੇਸ਼ੁਰ ਨੇ ਮੂਸਾ ਨੂੰ ਬੁਲਾਇਆ ਅਤੇ ਮੰਡਲੀ ਵਾਲੇ ਤੰਬੂ ਵਿੱਚੋਂ ਉਸ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖ; ਜਦੋਂ ਤੁਸੀਂ ਯਹੋਵਾਹ ਲਈ ਕੋਈ ਭੇਟ ਲੈਕੇ ਆਵੋਂ, ਇਹ ਭੇਟ ਤੁਹਾਡੇ ਪਾਲਤੂ ਪਸ਼ੂਆਂ ਵਿੱਚੋਂ ਇੱਕ ਹੋਣੀ ਚਾਹੀਦੀ ਹੈ - ਇਹ ਗਾਂ ਵੀ ਹੋ ਸਕਦੀ ਹੈ, ਭੇਡ ਵੀ ਤੇ ਬੱਕਰੀ ਵੀ।
3 “ਜਦੋਂ ਕੋਈ ਬੰਦਾ ਆਪਣੀਆਂ ਗਾਵਾਂ ਵਿੱਚੋਂ ਕਿਸੇ ਇੱਕ ਨੂੰ ਹੋਮ ਦੀ ਭੇਟ ਵਜੋਂ ਪੇਸ਼ ਕਰਦਾ ਹੈ, ਉਹ ਪਸ਼ੂ ਬੇਨੁਕਸ ਨਰ ਹੋਣਾ ਚਾਹੀਦਾ ਹੈ। ਉਸ ਬੰਦੇ ਨੂੰ ਉਸ ਜਾਨਵਰ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣਾ ਚਾਹੀਦਾ ਹੈ। ਤਾਂ ਜੋ ਯਹੋਵਾਹ ਉਸ ਭੇਟ ਨੂੰ ਪ੍ਰਵਾਨ ਕਰੇਗਾ।
4 ਉਸਨੂੰ ਆਪਣੇ ਹੱਥ ਉਸ ਜਾਨਵਰ ਉੱਪਰ ਰੱਖਣੇ ਚਾਹੀਦੇ ਹਨ। ਯਹੋਵਾਹ ਉਸ ਹੋਮ ਦੀ ਭੇਟ ਨੂੰ ਉਸ ਵਿਅਕਤੀ ਦੇ ਪਰਾਸਚਿਤ ਵਜੋਂ ਕਬੂਲ ਕਰੇਗਾ।
5 “ਉਸ ਬੰਦੇ ਨੂੰ ਬਲਦ ਨੂੰ ਯਹੋਵਾਹ ਦੇ ਸਾਮ੍ਹਣੇ ਮਾਰਨਾ ਚਾਹੀਦਾ। ਫ਼ੇਰ ਹਾਰੂਨ ਦੇ ਪੁੱਤਰਾਂ, ਜਾਜਕਾ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨੇੜੇ ਜਗਵੇਦੀ ਉੱਤੇ ਖੂਨ ਲੈਕੇ ਆਉਣਾ ਚਾਹੀਦਾ ਹੈ, ਅਤੇ ਇਸਨੂੰ ਸਾਰੀ ਜਗਵੇਦੀ ਉੱਤੇ ਡੋਲ੍ਹਣਾ ਚਾਹੀਦਾ ਹੈ।
6 ਜਾਜਕ ਨੂੰ ਜਾਨਵਰ ਦੀ ਖੱਲ ਲਾਹ ਲੈਣੀ ਚਾਹੀਦੀ ਹੈ ਅਤੇ ਜਾਨਵਰ ਨੂੰ ਟੁਕੜਿਆਂ ਵਿੱਚ ਕੱਟ ਦੇਣਾ ਚਾਹੀਦਾ ਹੈ।
7 ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਜਗਵੇਦੀ ਉੱਤੇ ਅੱਗ ਬਾਲਣ ਅਤੇ ਫ਼ੇਰ ਅੱਗ ਉੱਤੇ ਲੱਕੜਾਂ ਚਿਣਨ।
8 ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਜਗਵੇਦੀ ਉੱਪਰ ਬਲਦੀ ਹੋਈ ਲੱਕੜੀ ਉੱਤੇ ਟੁਕੜੇ (ਸਿਰੀ ਅਤੇ ਚਰਬੀ) ਰੱਖ ਦੇਣ।
9 ਜਾਜਕਾਂ ਨੂੰ ਚਾਹੀਦਾ ਹੈ ਕਿ ਜਾਨਵਰ ਦੀਆਂ ਲੱਤਾਂ ਅਤੇ ਉਸਦੇ ਅੰਦਰਲੇ ਹਿਸਿਆਂ ਨੂੰ ਪਾਣੀ ਨਾਲ ਧੋ ਲਵੇ। ਫ਼ੇਰ ਜਾਜਕ ਨੂੰ ਜਾਨਵਰ ਦੇ ਸਾਰੇ ਅੰਗ ਭੇਟ ਕਰ ਦੇਣੇ ਚਾਹੀਦੇ ਹਨ ਉਸਨੂੰ ਚਾਹੀਦਾ ਹੈ ਕਿ ਜਾਨਵਰ ਦੇ ਸਾਰੇ ਹਿਸਿਆਂ ਨੂੰ ਜਗਵੇਦੀ ਉੱਤੇ ਸਾੜ ਦੇਵੇ। ਇਹ ਹੋਮ ਦੀ ਭੇਟਾ ਹੈ, ਅੱਗ ਨਾਲ ਦਿੱਤੀ ਹੋਈ ਆਹੂਤੀ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।
10 “ਜਦੋਂ ਕੋਈ ਬੰਦਾ ਭੇਡ ਜਾਂ ਬੱਕਰੀ ਨੂੰ ਹੋਮ ਦੀ ਭੇਟ ਵਜੋਂ ਚੜਾਉਂਦਾ ਹੈ, ਤਾਂ ਉਹ ਜਾਨਵਰ ਬੇਨੁਕਸ ਨਰ ਹੋਣਾ ਚਾਹੀਦਾ ਹੈ।
11 ਉਸਨੂੰ ਜਗਵੇਦੀ ਦੇ ਉੱਤਰ ਵਾਲੇ ਪਾਸੇ ਯਹੋਵਾਹ ਦੇ ਸਾਮ੍ਹਣੇ ਉਸ ਜਾਨਵਰ ਨੂੰ ਮਾਰਨਾ ਚਾਹੀਦਾ ਹੈ। ਫ਼ੇਰ ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਖੂਨ, ਸਾਰੀ ਜਗਵੇਦੀ ਉੱਤੇ ਡੋਲ੍ਹਣਾ ਚਾਹੀਦਾ ਹੈ।
12 ਫ਼ੇਰ ਜਾਜਕਾਂ ਨੂੰ ਜਾਨਵਰ ਦੇ ਟੁਕੜੇ ਕਰ ਦੇਣੇ ਚਾਹੀਦੇ ਹਨ। ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਟੁਕੜਿਆਂ (ਸਿਰੀ ਅਤੇ ਚਰਬੀ) ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਰੱਖ ਦੇਵੇ।
13 ਜਾਜਕਾਂ ਨੂੰ ਜਾਨਵਰ ਦੀਆਂ ਲੱਤਾਂ ਅਤੇ ਉਸਦੇ ਅੰਦਰੂਨੀ ਹਿਸਿਆਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਫ਼ੇਰ ਜਾਜਕ ਨੂੰ ਜਾਨਵਰ ਦੇ ਸਾਰੇ ਅੰਗ ਭੇਟ ਕਰ ਦੇਣੇ ਚਾਹੀਦੇ ਹਨ। ਉਸਨੂੰ ਜਗਵੇਦੀ ਉੱਤੇ ਜਾਨਵਰ ਨੂੰ ਸਾੜ ਦੇਣਾ ਚਾਹੀਦਾ ਹੈ। ਇਹ ਹੋਮ ਦੀ ਭੇਟਾ ਹੈ, ਅੱਗ ਨਾਲ ਦਿੱਤੀ ਹੋਈ ਬਲੀ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।
14 “ਜਦੋਂ ਕੋਈ ਵਿਅਕਤੀ ਯਹੋਵਾਹ ਨੂੰ ਹੋਮ ਦੀ ਭੇਟ ਵਜੋਂ ਇੱਕ ਪੰਛੀ ਨੂੰ ਚੜਾਉਂਦਾ ਹੈ, ਤਾਂ ਉਹ ਪੰਛੀ ਇੱਕ ਘੁੱਗੀ ਜਾਂ ਛੋਟਾ ਕਬੂਤਰ ਹੋਣਾ ਚਾਹੀਦਾ ਹੈ।
15 ਜਾਜਕ ਨੂੰ ਭੇਟ ਜਗਵੇਦੀ ਦੇ ਕੋਲ ਲਿਆਉਣੀ ਚਾਹੀਦੀ ਹੈ। ਉਸਨੂੰ ਪੰਛੀ ਦਾ ਸਿਰ ਉਖਾੜ ਦੇਣਾ ਚਾਹੀਦਾ ਅਤੇ ਇਸਨੂੰ ਜਗਵੇਦੀ ਉੱਤੇ ਸਾੜ ਦੇਣਾ ਚਾਹੀਦਾ ਹੈ। ਪੰਛੀ ਦੇ ਖੂਨ ਨੂੰ ਜਗਵੇਦੀ ਦੇ ਇੱਕ ਪਾਸੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ।
16 ਉਸਨੂੰ ਪੰਛੀ ਦੇ ਗਲ ਦੀ ਥੈਲੀ ਅਤੇ ਖੰਭਾਂ ਨੂੰ ਕੱਢ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਜਗਵੇਦੀ ਦੇ ਪੂਰਬ ਵਾਲੇ ਪਾਸੇ ਸੁੱਟ ਦੇਣਾ ਚਾਹੀਦਾ, ਜਿਥੇ ਉਹ ਜਗਵੇਦੀ ਤੋਂ ਰਾਖ ਪਾਉਂਦੇ ਹਨ।
17 ਫ਼ੇਰ ਉਸਨੂੰ ਪੰਛੀ ਨੂੰ ਇਸ ਦੇ ਪਰਾਂ ਤੋਂ ਫ਼ੜਕੇ ਪਾੜ ਦੇਣ ਚਾਹੀਦਾ ਹੈ, ਪਰ ਉਸਨੂੰ ਪੰਛੀ ਨੂੰ ਦੋ ਹਿਸਿਆਂ ਵਿੱਚ ਨਹੀਂ ਵੰਡਣਾ ਚਾਹੀਦਾ। ਉਸਨੂੰ ਪੰਛੀ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਤੇ ਸਾੜ ਦੇਣਾ ਚਾਹੀਦਾ। ਇਹ ਹੋਮ ਦੀ ਭੇਟ ਹੈ। ਅੱਗ ਦੁਆਰਾ ਚੜਾਇਆ ਗਿਆ ਚੜਾਵਾ ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।