ਅਹਬਾਰ
ਕਾਂਡ 7
1 “ਦੋਸ਼ ਦੀ ਭੇਟ ਦੀਆਂ ਬਿਧੀਆਂ ਇਹ ਹਨ। ਇਹ ਬਹੁਤ ਪਵਿੱਤਰ ਹੈ।
2 ਉਨ੍ਹਾਂ ਨੂੰ ਦੋਸ਼ ਦੀ ਭੇਟ ਨੂੰ ਉਸੇ ਥਾਂ ਮਾਰਨਾ ਚਾਹੀਦਾ ਹੈ ਜਿਥੋ ਹੋਮ ਦੀਆਂ ਭੇਟਾਂ ਨੂੰ ਮਾਰਿਆ ਜਾਂਦਾ। ਫ਼ੇਰ ਜਾਜਕ ਨੂੰ ਦੋਸ਼ ਦੀ ਭੇਟ ਦੇ ਖੂਨ ਨੂੰ ਜਗਵੇਦੀ ਦੇ ਸਾਰੀਂ ਪਾਸੀਂ ਡੋਲ੍ਹਣਾ ਚਾਹੀਦਾ ਹੈ।
3 “ਜਾਜਕ ਨੂੰ ਦੋਸ਼ ਦੀ ਭੇਟ ਦੀ ਸਾਰੀ ਚਰਬੀ ਭੇਟ ਕਰਨੀ ਚਾਹੀਦੀ ਹੈ। ਉਸਨੂੰ ਚਰਬੀ ਵਾਲੀ ਪੂਛ ਅਤੇ ਉਹ ਚਰਬੀ ਜਿਹੜੀ ਉਸਦੇ ਅੰਦਰਲੇ ਅੰਗਾਂ ਵਿੱਚ ਹੈ, ਭੇਟ ਕਰਨੀ ਚਾਹੀਦੀ ਹੈ।
4 ਉਸਨੂੰ ਦੋਵੇਂ ਗੁਰਦੇ ਅਤੇ ਉਨ੍ਹਾਂ ਨੂੰ ਕੱਜਣ ਵਾਲੀ ਪੁਠ ਦੇ ਹੇਠਲੇ ਪਾਸੇ ਦੀ ਚਰਬੀ ਅਤੇ ਕਲੇਜੀ ਦੇ ਚਰਬੀ ਵਾਲੇ ਹਿੱਸੇ ਨੂੰ ਵੀ ਭੇਟ ਕਰਨਾ ਚਾਹੀਦਾ ਹੈ ਜਿਸਨੂੰ ਉਹ ਗੁਰਦਿਆਂ ਦੇ ਨਾਲ ਲਾਹ ਲੈਂਦਾ ਹੈ।
5 ਜਾਜਕ ਨੂੰ ਇਹ ਸਾਰੀਆਂ ਚੀਜ਼ਾਂ ਜਗਵੇਦੀ ਉੱਤੇ ਸਾੜਨੀਆਂ ਚਾਹੀਦੀਆਂ ਹਨ। ਇਹ ਯਹੋਵਾਹ ਨੂੰ ਅਗਨੀ ਰਾਹੀਂ ਭੇਟ ਕੀਤਾ ਚੜਾਵਾ ਹੋਵੇਗਾ। ਇਹ ਦੋਸ਼ ਦੀ ਭੇਟ ਹੈ।
6 “ਜਾਜਕ ਦੇ ਪਰਿਵਾਰ ਦਾ ਕੋਈ ਵੀ ਨਰ ਬੰਦਾ ਦੋਸ਼ ਦੀ ਭੇਟ ਖਾ ਸਕਦਾ। ਇਹ ਬਹੁਤ ਪਵਿੱਤਰ ਹੈ, ਇਸ ਲਈ ਇਸਨੂੰ ਪਵਿੱਤਰ ਸਥਾਨ ਉੱਤੇ ਖਾਣਾ ਚਾਹੀਦਾ ਹੈ।
7 ਦੋਸ਼ ਦੀ ਭੇਟ ਪਾਪ ਦੀ ਭੇਟ ਵਰਗੀ ਹੀ ਹੈ। ਦੋਹਾਂ ਭੇਟਾਂ ਦੇ ਅਸੂਲ ਇੱਕੋ ਜਿਹੇ ਹਨ। ਜਿਹੜਾ ਜਾਜਕ ਬਲੀ ਚੜਾਉਂਦਾ ਹੈ ਉਹੀ ਭੋਜਨ ਲਈ ਮਾਸ ਪ੍ਰਾਪਤ ਕਰੇਗਾ।
8 ਹੁਣ ਪੂਰੀ ਹੋਮ ਦੀ ਭੇਟ ਬਾਰੇ; ਜਿਹੜਾ ਜਾਜਕ ਪੂਰੀਆਂ ਹੋਮ ਦੀਆਂ ਬਲੀਆਂ ਚੜਾਉਂਦਾ ਹੈ, ਉਸਨੂੰ ਜਾਨਵਰ ਦੀ ਖੱਲ ਵੀ ਪ੍ਰਾਪਤ ਹੋਣੀ ਚਾਹੀਦੀ ਹੈ।
9 ਹਰ ਅਨਾਜ਼ ਦੀ ਭੇਟ ਜਿਹੜੀ ਜਾਜਕ ਚੜਾਉਂਦਾ ਹੈ, ਉਸ ਇਕੱਲੇ ਦੀ ਹੋਵੇਗੀ। ਜਾਜਕ ਉਨ੍ਹਾਂ ਅਨਾਜ਼ ਦੀਆਂ ਭੇਟਾਂ ਨੂੰ ਪ੍ਰਾਪਤ ਕਰੇਗਾ ਜਿਹੜੀਆਂ ਤੰਦੂਰ ਵਿੱਚ ਜਾਂ ਪਤੀਲੇ ਵਿੱਚ ਜਾਂ ਤਵੇ ਉੱਤੇ ਪਕਾਈਆਂ ਗਈਆਂ ਸਨ।
10 ਪਰ ਹਰ ਅਨਾਜ਼ ਦੀ ਭੇਟ ਜੋ ਸੁੱਕੀ ਹੈ ਜਾਂ ਤੇਲ ਨਾਲ ਮਿਲੀ ਹੋਈ ਹਾਰੂਨ ਦੇ ਸਾਰੇ ਪੁੱਤਰਾਂ ਦੀ ਹੋਵੇਗੀ। ਉਹ ਇਸ ਭੋਜਨ ਨੂੰ ਸਾਂਝਾ ਕਰਨਗੇ।
11 “ਸੁੱਖ-ਸਾਂਦ ਦੀਆਂ ਭੇਟਾਂ ਲਈ ਇਹ ਬਿਧੀ ਹੈ ਜੋ ਕੋ ਵੀ ਵਿਅਕਤੀ ਯਹੋਵਾਹ ਲਈ ਲਿਆ ਸਕਦਾ ਹੈ;
12 ਜੇਕਰ ਉਹ ਸ਼ੁਕਰਾਨੇ ਲਈ ਸੁੱਖ-ਸਾਂਦ ਦੀ ਭੇਟ ਲਿਆਉਂਦਾ, ਉਸਨੂੰ ਤੇਲ ਨਾਲ ਮਿਲੀ ਬੇਖਮੀਰੀ ਰੋਟੀ, ਬੇਖਮੀਰੀਆਂ ਮਠੀਆਂ ਉੱਤੇ ਤੇਲ ਪਾਕੇ ਅਤੇ ਤੇਲ ਨਾਲ ਮਿਲੇ ਹੋਏ ਮੈਦੇ ਦੇ ਕੇਕ ਵੀ ਲਿਆਉਣੇ ਚਾਹੀਦੇ ਹਨ।
13 ਸ਼ੁਕਰਾਨੇ ਦੇ ਸੁੱਖ-ਸਾਂਦ ਦੀ ਭੇਟ ਦੇ ਨਾਲ, ਉਸ ਵਿਅਕਤੀ ਨੂੰ ਪਤੀਰੀ ਰੋਟੀ ਦੇ ਕੇਕ ਲਿਆਉਣੇ ਚਾਹੀਦੇ ਹਨ।
14 ਯਹੋਵਾਹ ਨੂੰ ਦਿੱਤੀਆਂ ਇਨ੍ਹਾਂ ਸੁਗਾਤਾਂ ਵਿੱਚੋਂ, ਹਰ ਤਰ੍ਹਾਂ ਦਾ ਇੱਕ ਟੁਕੜਾ ਉਸ ਜਾਜਕ ਦਾ ਹੋਵੇਗਾ ਜਿਹੜਾ ਸੁੱਖ-ਸਾਂਦ ਦੀ ਭੇਟ ਦਾ ਖੂਨ ਡੋਲ੍ਹਦਾ ਹੈ।
15 ਸੁੱਖ-ਸਾਂਦ ਦੀ ਭੇਟ ਦਾ ਮਾਸ ਜਿਹੜਾ ਸ਼ੁਕਰਾਨਾ ਜਾਹਰ ਕਰਨ ਲਈ ਦਿੱਤਾ ਗਿਆ ਹੋਵੇ, ਉਸੇ ਦਿਨ ਖਾ ਲਿਆ ਜਾਣਾ ਚਾਹੀਦਾ ਹੈ ਜਿਸ ਦਿਨ ਇਹ ਚੜਾਇਆ ਜਾਂਦਾ ਹੈ। ਮਾਸ ਦਾ ਕੋਈ ਵੀ ਹਿੱਸਾ ਅਗਲੀ ਸਵੇਰ ਲਈ ਨਹੀਂ ਬਚਣਾ ਚਾਹੀਦਾ।
16 “ਜੇਕਰ ਉਸਦੀ ਭੇਟ ਕਿਸੇ ਖਾਸ ਸਹੁੰ ਜਾਂ ਸ੍ਵੈਂ-ਇਛਿਤ ਚੜਾਵੇ ਕਾਰਣ ਹੈ, ਤਾਂ ਬਲੀ ਉਸੇ ਦਿਨ ਖਾਧੀ ਜਾਣੀ ਚਾਹੀਦੀ ਹੈ ਜਿਸ ਦਿਨ ਉਹ ਇਸਨੂੰ ਭੇਟ ਕਰਦਾ ਹੈ। ਜੇ ਇਸ ਵਿੱਚੋਂ ਕੁਝ ਬਚ ਜਾਵੇ ਤਾਂ ਇਸਨੂੰ ਅਗਲੇ ਦਿਨ ਖਾ ਲਿਆ ਜਾਵੇ।
17 ਪਰ ਜੇ ਇਸ ਬਲੀ ਦਾ ਮਾਸ ਤੀਸਰੇ ਦਿਨ ਵੀ ਬਚ ਜਾਵੇ ਤਾਂ ਇਸਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
18 ਜੇ ਕੋਈ ਬੰਦਾ ਆਪਣੀ ਸੁੱਖ-ਸਾਂਦ ਦੀ ਭੇਟ ਦਾ ਬਚਿਆ ਹੋਇਆ ਮਾਸ ਤੀਸਰੇ ਦਿਨ ਖਾਂਦਾ ਹੈ, ਉਸਦੀ ਬਲੀ ਮਂਜੂਰਸ਼ੁਦਾ ਨਹੀਂ ਸਮਝੀ ਜਾਵੇਗੀ। ਇਹ ਇੱਕ ਘਿਨਾਉਣੀ ਗੱਲ ਹੈ। ਉਹ ਆਪਣੇ ਕੀਤੇ ਲਈ ਜਿੰਮੇਵਾਰ ਹੋਵੇਗਾ।
19 “ਇਹ ਵੀ ਗੱਲ ਹੈ ਕਿ ਲੋਕਾਂ ਨੂੰ ਉਹ ਮਾਸ ਨਹੀਂ ਖਾਣਾ ਚਾਹੀਦਾ ਜਿਸਨੂੰ ਕੋਈ ਨਾਪਾਕ ਸ਼ੈਅ ਛੂਹ ਲੈਂਦੀ ਹੈ। ਉਨ੍ਹਾਂ ਨੂੰ ਇਸ ਮਾਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। ਹਰ ਉਹ ਬੰਦਾ ਜਿਹੜਾ ਪਾਕ ਹੈ ਉਹ ਸੁੱਖ-ਸਾਂਦ ਦੀ ਭੇਟ ਦਾ ਮਾਸ ਖਾ ਸਕਦਾ ਹੈ।
20 ਪਰ ਜੇ ਕੋਈ ਬੰਦਾ ਨਾਪਾਕ ਹੈ ਅਤੇ ਸੁੱਖ-ਸਾਂਦ ਦੀ ਭੇਟ ਦਾ ਉਹ ਮਾਸ ਖਾ ਲੈਂਦਾ ਹੈ ਜੋ ਯਹੋਵਾਹ ਦਾ ਹੈ, ਤਾਂ ਉਸ ਬੰਦੇ ਨੂੰ ਆਪਣੇ ਲੋਕਾਂ ਤੋਂ ਛੇਕ ਦੇਣਾ ਚਾਹੀਦਾ ਹੈ।
21 “ਜੇਕਰ ਕੋਈ ਬੰਦਾ ਨਾਪਾਕ ਹੈ, ਕਿਉਂਕਿ ਉਸਨੇ ਕਿਸੇ ਮਨੁੱਖੀ ਨਾਪਾਕਤਾ ਜਾਂ ਜਾਨਵਰ ਦੀ ਨਾਪਾਕਤਾ ਜਾਂ ਕਿਸੇ ਘਿਰਣਾਯੋਗ ਪ੍ਰਾਣੀ ਦੀ ਨਾਪਾਕਤਾ ਨੂੰ ਛੂਹ ਲਿਆ, ਅਤੇ ਜੇਕਰ ਉਹ ਯਹੋਵਾਹ ਨੂੰ ਚੜਾਈ ਸੁੱਖ-ਸਾਂਦ ਦੀ ਭੇਟ ਦਾ ਮਾਸ ਖਾ ਲੈਂਦਾ ਹੈ, ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।”
22 ਯਹੋਵਾਹ ਨੇ ਮੂਸਾ ਨੂੰ ਆਖਿਆ,
23 “ਇਸਰਾਏਲ ਦੇ ਲੋਕਾਂ ਨੂੰ ਆਖ; ਤੁਹਾਨੂੰ ਗਾਵਾਂ, ਭੇਡਾਂ ਜਾਂ ਬੱਕਰੀਆਂ ਦੀ ਚਰਬੀ ਨਹੀਂ ਖਾਣੀ ਚਾਹੀਦੀ।
24 ਤੁਸੀਂ ਕਿਸੇ ਅਜਿਹੇ ਜਾਨਵਰ ਦੀ ਚਰਬੀ ਵਰਤ ਸਕਦੇ ਹੋ ਜਿਹੜਾ ਆਪਣੇ-ਆਪ ਮਰ ਗਿਆ ਹੋਵੇ ਜਾਂ ਜਿਸਨੂੰ ਹੋਰਨਾਂ ਜਾਨਵਰਾਂ ਨੇ ਮਾਰ ਸੁਟਿਆ ਹੋਵੇ। ਪਰ ਤੁਹਾਨੂੰ ਇਸਨੂੰ ਕਦੇ ਵੀ ਖਾਣਾ ਨਹੀਂ ਚਾਹੀਦਾ।
25 ਜੇ ਕੋਈ ਬੰਦਾ ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਗਈ ਭੇਟ ਦੇ ਜਾਨਵਰ ਦੀ ਚਰਬੀ ਖਾਂਦਾ ਹੈ, ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।
26 “ਤੁਸੀਂ ਜਿਥੇ ਕਿਤੇ ਵੀ ਰਹਿੰਦੇ ਹੋਵੋਂ, ਤੁਹਾਨੂੰ ਕਿਸੇ ਵੀ ਪੰਛੀ ਜਾਂ ਜਾਨਵਰ ਦਾ ਖੂਨ ਨਹੀਂ ਖਾਣਾ ਚਾਹੀਦਾ।
27 ਜੇ ਕੋਈ ਬੰਦਾ ਖੂਨ ਖਾਂਦਾ ਹੈ ਤਾਂ ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।”
28 ਯਹੋਵਾਹ ਨੇ ਮੂਸਾ ਨੂੰ ਆਖਿਆ,
29 “ਇਸਰਾਏਲ ਦੇ ਲੋਕਾਂ ਨੂੰ ਆਖ; ਜੇ ਕੋਈ ਬੰਦਾ ਯਹੋਵਾਹ ਲਈ ਸੁੱਖ-ਸਾਂਦ ਦੀ ਭੇਟ ਲੈਕੇ ਆਵੇ, ਤਾਂ ਉਹ ਬੰਦਾ ਉਸ ਸੁਗਾਤ ਦਾ ਇੱਕ ਹਿੱਸਾ ਯਹੋਵਾਹ ਨੂੰ ਦੇਵੇ।
30 ਸੁਗਾਤ ਦਾ ਉਹ ਹਿੱਸਾ ਅੱਗ ਵਿੱਚ ਸਾੜਿਆ ਜਾਵੇਗਾ। ਉਸਨੂੰ ਸੁਗਾਤ ਦਾ ਉਹ ਹਿੱਸਾ ਆਪਣੇ ਹੱਥਾਂ ਵਿੱਚ ਫ਼ੜ ਕੇ ਲਿਆਉਣਾ ਚਾਹੀਦਾ ਹੈ। ਉਸਨੂੰ ਜਾਨਵਰ ਦਾ ਸੀਨਾ ਅਤੇ ਚਰਬੀ ਜਾਜਕ ਕੋਲ ਲਿਆਉਣੀ ਚਾਹੀਦੀ ਹੈ। ਸੀਨੇ ਨੂੰ ਯਹੋਵਾਹ ਦੇ ਸਾਮ੍ਹਣੇ ਉੱਪਰ ਉਠਾਇਆ ਜਾਵੇਗਾ। ਇਹ ਹਿਲਾਉਣ ਦੀ ਭੇਟ ਹੋਵੇਗੀ।
31 ਫ਼ੇਰ ਜਾਜਕ ਨੂੰ ਚਰਬੀ ਜਗਵੇਦੀ ਉੱਤੇ ਸਾੜਨੀ ਚਾਹੀਦੀ ਹੈ। ਪਰ ਜਾਨਵਰ ਦਾ ਸੀਨਾ ਹਾਰੂਨ ਅਤੇ ਉਸਦੇ ਪੁੱਤਰਾਂ ਦਾ ਹੋਵਗਾ।
32 ਤੁਹਾਨੂੰ ਸੁੱਖ-ਸਾਂਦ ਦੀ ਭੇਟ ਦੀ ਸੱਜੀ ਲੱਤ ਵੀ ਜਾਜਕ ਨੂੰ ਦੇਣੀ ਚਾਹੀਦੀ ਹੈ।
33 ਸੁੱਖ-ਸਾਂਦ ਦੀ ਭੇਟ ਦੀ ਸੱਜੀ ਲੱਤ ਉਸ ਜਾਜਕ ਦੀ ਹੋਵੇਗੀ ਜਿਹੜਾ ਸੁੱਖ-ਸਾਂਦ ਦੀ ਭੇਟ ਦਾ ਖੂਨ ਅਤੇ ਚਰਬੀ ਭੇਟ ਕਰਦਾ ਹੈ।
34 ਮੈਂ (ਯਹੋਵਾਹ) ਇਸਰਾਏਲ ਦੇ ਲੋਕਾਂ ਤੋਂ ਹਿਲਾਉਣ ਦੀ ਭੇਟ ਦਾ ਸੀਨਾ ਲੈ ਰਿਹਾ ਹਾਂ ਅਤੇ ਸੁੱਖ-ਸਾਂਦ ਦੀ ਭੇਟ ਦੀ ਸੱਜੀ ਲੱਤ ਲੈ ਰਿਹਾ ਹਾਂ। ਅਤੇ ਮੈਂ ਇਹ ਚੀਜ਼ਾਂ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੇ ਰਿਹਾ ਹਾਂ। ਇਸਰਾਏਲ ਦੇ ਲੋਕਾਂ ਨੂੰ ਇਹ ਨੇਮ ਹਮੇਸ਼ਾ ਮੰਨਣਾ ਚਾਹੀਦਾ ਹੈ।”
35 ਇਹ ਯਹੋਵਾਹ ਨੂੰ ਅੱਗ ਦੁਆਰਾ ਦਿੱਤੀਆਂ ਗਈਆਂ ਭੇਟਾਂ ਦੇ ਉਹ ਅੰਗ ਹਨ ਜੋ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦਿੱਤੇ ਗਏ। ਜਦੋਂ ਵੀ ਹਾਰੂਨ ਅਤੇ ਉਸਦੇ ਪੁੱਤਰ ਯਹੋਵਾਹ ਦੀ ਜਾਜਕਾਂ ਵਜੋਂ ਸੇਵਾ ਕਰਦੇ ਹਨ, ਉਹ ਬਲੀਆਂ ਦਾ ਹਿੱਸਾ ਪ੍ਰਾਪਤ ਕਰਦੇ ਹਨ।
36 ਉਸ ਸਮੇਂ ਜਦੋਂ ਯਹੋਵਾਹ ਨੇ ਜਾਜਕ ਦੀ ਚੋਣ ਕੀਤੀ ਉਸਨੇ ਇਸਰਾਏਲ ਦੇ ਲੋਕਾਂ ਨੂੰ ਉਹ ਅੰਗ ਜਾਜਕਾਂ ਨੂੰ ਦੇਣ ਦਾ ਹੁਕਮ ਕੀਤਾ ਸੀ। ਲੋਕਾਂ ਨੂੰ ਉਹ ਅੰਗ ਹਮੇਸ਼ਾ ਹੀ ਜਾਜਕਾਂ ਨੂੰ ਦੇਣੇ ਚਾਹੀਦੇ ਹਨ।
37 ਇਹ ਬਿਧੀਆਂ ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾ, ਦੋਸ਼ ਦੀਆਂ ਭੇਟਾ, ਸੁੱਖ-ਸਾਂਦ ਦੀਆਂ ਭੇਟਾਂ ਅਤੇ ਜਾਜਕਾਂ ਨੂੰ ਦੀਖਿਆ ਚੜਾਵਿਆਂ ਬਾਰੇ ਹਨ।
38 ਯਹੋਵਾਹ ਨੇ ਇਹ ਬਿਧੀਆਂ ਮੂਸਾ ਨੂੰ ਸੀਨਾਈ ਪਰਬਤ ਉੱਤੇ ਦਿੱਤੀਆਂ। ਯਹੋਵਾਹ ਨੇ ਇਹ ਬਿਧੀਆਂ ਉਸ ਦਿਨ ਦਿੱਤੀਆਂ ਜਦੋਂ ਉਸਨੇ ਇਸਰਾਏਲ ਦੇ ਲੋਕਾਂ ਨੂੰ ਸੀਨਾਈ ਮਾਰੂਥਲ ਵਿੱਚ ਆਪਣੀਆਂ ਭੇਟਾਂ ਯਹੋਵਾਹ ਲਈ ਲੈਣ ਦਾ ਹੁਕਮ ਦਿੱਤਾ ਸੀ।