ਅਹਬਾਰ
ਕਾਂਡ 22
1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਆਖ; ਇਸਰਾਏਲ ਦੇ ਲੋਕ ਮੈਨੂੰ ਸੁਗਾਤਾਂ ਚੜਾਉਣਗੇ। ਉਹ ਚੀਜ਼ਾਂ ਪਵਿੱਤਰ ਹੋ ਜਾਣਗੀਆਂ ਅਤੇ ਮੇਰੀਆਂ ਹੋਣਗੀਆਂ। ਇਸ ਲਈ ਤੁਹਾਨੂੰ, ਜਾਜਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਕਿ ਤੁਸੀਂ ਕਿਵੇਂ ਉਨ੍ਹਾਂ ਚੀਜ਼ਾਂ ਨਾਲ ਪੇਸ਼ ਆਉਂਦੇ ਹੋ। ਜੇ ਤੁਸੀਂ ਉਨ੍ਹਾਂ ਚੀਜ਼ਾਂ ਦਾ ਗਲਤ ਇਸਤੇਮਾਲ ਕਰੋਂਗੇ ਤਾਂ ਤੁਸੀਂ ਮੇਰੇ ਪਵਿੱਤਰ ਨਾਂ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।
3 ਜੇਕਰ ਤੁਹਾਡੇ ਉੱਤਰਾਧਿਕਾਰੀਆਂ ਵਿੱਚੋਂ ਕੋਈ ਇਨ੍ਹਾਂ ਚੀਜ਼ਾਂ ਨੂੰ ਛੂਹਦਾ, ਜਦੋਂ ਉਹ ਪਲੀਤ ਹੋਵੇ, ਉਸਨੂੰ ਮੈਥੋਂ ਅਲੱਗ ਕਰ ਦਿੱਤਾ ਜਾਵੇ। ਇਸਰਾਏਲ ਦੇ ਲੋਕਾਂ ਨੇ ਉਹ ਚੀਜ਼ਾਂ ਮੈਨੂੰ ਦਿੱਤੀਆਂ ਹਨ। ਮੈਂ ਯਹੋਵਾਹ ਹਾਂ।
4 “ਜੇ ਹਾਰੂਨ ਦੇ ਕਿਸੇ ਉੱਤਰਾਧਿਕਾਰੀ ਨੂੰ ਚਮੜੀ ਦਾ ਭੈੜਾ ਰੋਗ ਜਾਂ ਪ੍ਰਮੇਹ ਹੈ ਉਹ ਜਿੰਨਾ ਚਿਰ ਪਾਕ ਨਹੀਂ ਹੋ ਜਾਂਦਾ ਪਵਿੱਤਰ ਭੋਜਨ ਨਹੀਂ ਖਾ ਸਕਦਾ। ਇਹ ਨੇਮ ਹਰ ਉਸ ਜਾਜਕ ਲਈ ਹੈ ਜਿਹੜਾ ਪਲੀਤ ਹੋ ਜਾਂਦਾ ਹੈ। ਉਹ ਜਾਜਕ ਕਿਸੇ ਮੁਰਦਾ ਸ਼ਰੀਰ ਨਾਲ ਵੀ ਪਲੀਤ ਹੋ ਸਕਦਾ ਹੈ, ਜਾਂ ਆਪਣੇ ਹੀ ਵੀਰਜ ਨਾਲ ਵੀ।
5 ਜੇ ਉਹ ਕਿਸੇ ਰੀਂਗਣ ਵਾਲੇ ਨਾਪਾਕ ਜਾਨਵਰ ਨੂੰ ਜਾ ਕਿਸੇ ਕਾਰਣ ਹੋਏ ਪਲੀਤ ਵਿਅਕਤੀ ਨੂੰ ਛੂਹ ਲੈਂਦਾ ਹੈ।
6 ਉਹ ਸ਼ਾਮ ਤੀਕ ਪਲੀਤ ਰਹੇਗਾ। ਉਸਨੂੰ ਉਨਾ ਚਿਰ ਕੋਈ ਵੀ ਪਵਿੱਤਰ ਭੋਜਨ ਨਹੀਂ ਖਾਣਾ ਚਾਹੀਦਾ ਜਿੰਨਾ ਚਿਰ ਉਹ ਆਪਣੇ-ਆਪ ਨੂੰ ਪਾਣੀ ਨਾਲ ਧੋ ਨਹੀਂ ਲੈਂਦਾ।
7 ਉਹ ਸੂਰਜ ਛੁਪ ਜਾਣ ਤੋਂ ਬਾਦ ਪਾਕ ਹੋ ਜਾਵੇਗਾ। ਫ਼ੇਰ ਉਹ ਪਵਿੱਤਰ ਭੋਜਨ ਖਾ ਸਕਦਾ ਹੈ ਕਿਉਂਕਿ ਉਹ ਭੋਜਨ ਉਸਦਾ ਹੈ।
8 “ਜਾਜਕ ਨੂੰ ਕੋਈ ਵੀ ਅਜਿਹਾ ਜਾਨਵਰ ਨਹੀਂ ਖਾਣਾ ਚਾਹੀਦਾ ਜੋ ਆਪਣੇ-ਆਪ ਮਰਿਆ ਸੀ ਜਾਂ ਜੋ ਹੋਰਨਾਂ ਜਾਨਵਰਾਂ ਦੁਆਰਾ ਮਾਰਿਆ ਗਿਆ ਸੀ। ਜੇ ਉਹ ਉਸ ਮੁਰਦਾ ਜਾਨਵਰ ਨੂੰ ਖਾਂਦਾ ਹੈ, ਉਹ ਪਲੀਤ ਹੋ ਜਾਵੇਗਾ। ਮੈਂ ਯਹੋਵਾਹ ਹਾਂ।
9 “ਉਨ੍ਹਾਂ ਨੂੰ ਧਿਆਨ ਨਾਲ ਮੇਰੀਆਂ ਹਿਦਾਇਤਾਂ ਨੂੰ ਮੰਨਣਾ ਚਾਹੀਦਾ ਹੈ ਤਾਂ ਜੋ ਉਹ ਦੋਸ਼ੀ ਨਾ ਹੋ ਜਾਣ ਅਤੇ ਪਵਿੱਤਰ ਚੀਜ਼ਾਂ ਨੂੰ ਅਪਵਿੱਤਰ ਕਰਨ ਕਾਰਣ ਮਾਰੇ ਨਾ ਜਾਣ। ਮੈਂ, ਯਹੋਵਾਹ, ਨੇ ਉਨ੍ਹਾਂ ਨੂੰ ਇਸ ਖਾਸ ਕੰਮ ਲਈ ਵੱਖ ਕੀਤਾ ਹੈ।
10 ਸਿਰਫ਼ ਜਾਜਕ ਦੇ ਪਰਿਵਾਰ ਦੇ ਲੋਕ ਪਵਿੱਤਰ ਭੋਜਨ ਨੂੰ ਖਾ ਸਕਦੇ ਹਨ। ਜਾਜਕ ਕੋਲ ਠਹਿਰਿਆ ਹੋਇਆ ਕੋਈ ਪ੍ਰਹੁਣਾ ਜਾਂ ਭਾੜੇ ਦਾ ਨੌਕਰ ਵੀ ਪਵਿੱਤਰ ਭੋਜਨ ਨਹੀਂ ਖਾ ਸਕਦਾ।
11 ਪਰ ਜੇ ਕੋਈ ਜਾਜਕ ਆਪਣੇ ਪੈਸੇ ਨਾਲ ਕਿਸੇ ਨੂੰ ਗੁਲਾਮ ਵਜੋਂ ਖਰੀਦੇ, ਉਹ ਗੁਲਾਮ ਪਵਿੱਤਰ ਭੋਜਨ ਖਾ ਸਕਦਾ ਹੈ। ਜਾਜਕ ਦੇ ਘਰ ਵਿੱਚ ਪੈਦਾ ਹੋਏ ਗੁਲਾਮ ਵੀ ਉਹ ਭੋਜਨ ਖਾ ਸਕਦੇ ਹਨ।
12 ਹੋ ਸਕਦਾ ਹੈ ਕਿਸੇ ਜਾਜਕ ਦੀ ਧੀ ਕਿਸੇ ਅਜਿਹੇ ਬੰਦੇ ਨਾਲ ਸ਼ਾਦੀ ਕਰ ਲਵੇ ਜਿਹੜਾ ਜਾਜਕ ਨਹੀਂ ਹੈ। ਜੇ ਉਹ ਅਜਿਹਾ ਕਰਦੀ ਹੈ ਤਾਂ ਪਵਿੱਤਰ ਭੇਟਾਂ ਵਿੱਚੋਂ ਕੁਝ ਨਹੀਂ ਖਾ ਸਕਦੀ।
13 ਕਿਸੇ ਜਾਜਕ ਦੀ ਧੀ ਵਿਧਵਾ ਜਾਂ ਤਲਾਕਸ਼ੁਦਾ ਔਰਤ ਹੋ ਸਕਦੀ ਹੈ। ਜੇ ਉਸਨੂੰ ਸਹਾਰਾ ਦੇਣ ਲਈ ਉਸਦੇ ਬੱਚੇ ਨਹੀਂ ਹਨ ਅਤੇ ਉਹ ਆਪਣੇ ਪਿਤਾ ਦੇ ਘਰ ਵਾਪਸ ਚਲੀ ਜਾਂਦੀ ਹੈ ਜਿਥੇ ਉਹ ਬਚਪਨ ਤੋਂ ਰਹਿੰਦੀ ਸੀ ਉਹ ਆਪਣੇ ਪਿਉ ਦਾ ਭੋਜਨ ਖਾ ਸਕਦੀ ਹੈ। ਪਰ ਜਾਜਕ ਦੇ ਪਰਿਵਾਰ ਤੋਂ ਬਾਹਰਲਾ ਵਿਅਕਤੀ ਇਸ ਭੋਜਨ ਨੂੰ ਨਹੀਂ ਖਾ ਸਕਦਾ।
14 “ਹੋ ਸਕਦਾ ਹੈ ਕੋਈ ਬੰਦਾ ਗਲਤੀ ਨਾਲ ਪਵਿੱਤਰ ਭੋਜਨ ਵਿੱਚੋਂ ਕੁਝ ਖਾ ਲਵੇ। ਉਸ ਬੰਦੇ ਨੂੰ ਉਨੀ ਮਿਕਦਾਰ ਜਾਜਕ ਨੂੰ ਦੇਣੀ ਚਾਹੀਦੀ ਹੈ, ਅਤੇ ਉਸਨੂੰ ਉਸ ਭੋਜਨ ਦਾ ਪੰਜਵਾਂ ਹਿੱਸਾ ਕੀਮਤ ਹੋਰ ਦੇਣੀ ਚਾਹੀਦੀ ਹੈ।
15 “ਇਸ ਲਈ ਉਹ ਲੋਕ (ਜੋ ਜਾਜਕ ਨਾ ਹੋਣ) ਇਸਰਾਏਲ ਦੇ ਲੋਕਾਂ ਦੁਆਰਾ ਯਹੋਵਾਹ ਨੂੰ ਚੜਾਈਆਂ ਗਈਆਂ ਚੀਜ਼ਾਂ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ।
16 ਅਤੇ ਉਹ ਦੋਸ਼ੀ ਹੋਣਗੇ ਅਤੇ ਪਵਿੱਤਰ ਭੋਜਨ ਖਾਂਦੇ ਸਮੇਂ ਆਪਣੇ ਪਾਪਾਂ ਦੀ ਜ਼ਿੰਮੇਵਾਰੀ ਸਹਾਰਨਗੇ।’ ਮੈਂ ਯਹੋਵਾਹ ਹਾਂ ਜੋ, ਉਨ੍ਹਾਂ ਨੂੰ ਪਵਿੱਤਰ ਬਣਾਉਂਦਾ ਹਾਂ।”
17 ਯਹੋਵਾਹ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ,
18 “ਹਾਰੂਨ, ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖ; ਹੋ ਸਕਦਾ ਹੈ ਕਿ ਇਸਰਾਏਲ ਦਾ ਕੋਈ ਨਾਗਰਿਕ ਜਾਂ ਇਸਰਾਏਲ ਵਿੱਚ ਰਹਿੰਦਾ ਕੋਈ ਵੀ ਵਿਦੇਸ਼ੀ ਹੋਮ ਦੀ ਭੇਟ ਲਿਆਉਣਾ ਚਾਹੇ। ਇਹ ਉਸ ਬੰਦੇ ਦੀ ਖਾਸ ਸੁੱਖਣਾ ਜਾਂ ਕੋਈ ਖਾਸ ਭੇਟ ਹੋਵੇ ਜੋ ਉਹ ਲਿਆਉਣ ਚਾਹੁੰਦਾ ਸੀ।
19 ਇਹ ਸੁਗਾਤਾਂ ਹਨ ਜਿਹੜੀਆਂ ਤੁਸੀਂ ਲਿਆ ਸਕਦੇ ਹੋ; ਇੱਕ ਬਲਦ, ਭੇਡੂ ਜਾਂ ਬਕਰਾ। ਤੁਹਾਨੂੰ ਕਿਸੇ ਨੁਕਸ ਵਾਲਾ ਜਾਨਵਰ ਨਹੀਂ ਲਿਆਉਣਾ ਚਾਹੀਦਾ ਕਿਉਂਕਿ ਪਰਮੇਸ਼ੁਰ ਇਸਨੂੰ ਪ੍ਰਵਾਨ ਨਹੀਂ ਕਰੇਗਾ।
20
21 “ਕੋਈ ਬੰਦਾ ਯਹੋਵਾਹ ਲਈ ਸੁੱਖ-ਸਾਂਦ ਦੀ ਭੇਟ ਲਿਆ ਸਕਦਾ ਹੈ। ਉਹ ਸੁੱਖ-ਸਾਂਦ ਦੀ ਭੇਟ, ਉਸ ਬੰਦੇ ਦੀ ਖਾਸ ਸੁੱਖਣਾ ਦੀ ਅਦਾਇਗੀ ਹੋ ਸਕਦੀ ਹੈ। ਜਾਂ ਇਹ ਉਹ ਖਾਸ ਸੁਗਾਤ ਹੋ ਸਕਦੀ ਹੈ ਜਿਹੜੀ ਉਹ ਯਹੋਵਾਹ ਨੂੰ ਚੜਾਉਣੀ ਚਾਹੁੰਦਾ ਹੋਵੇ। ਇਹ ਵਗ੍ਗ ਜਾਂ ਇੱਜੜ ਤੋਂ ਹੋ ਸਕਦੀ ਹੈ ਪਰ ਇਸਨੂੰ ਪ੍ਰਵਾਨ ਹੋਣ ਲਈ ਬੇਨੁਕਸ ਹੋਣਾ ਚਾਹੀਦਾ ਹੈ।
22 ਤੁਹਾਨੂੰ ਅੰਨ੍ਹੇ, ਜ਼ਖਮੀ ਹੋਏ, ਅਪਂਗ, ਜਿਸਨੂੰ ਪ੍ਰਮੇਹ ਹੋਵੇ ਜਾਂ ਜਿਸਨੂੰ ਕੋਈ ਚਮੜੀ ਦਾ ਰੋਗ ਹੋਵੇ ਅਜਿਹਾ ਜਾਨਵਰ ਨਹੀਂ ਚੜਾਉਣਾ ਚਾਹੀਦਾ। ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਯਹੋਵਾਹ ਦੀ ਜਗਵੇਦੀ ਦੀ ਅੱਗੇ ਤੇ ਨਹੀਂ ਸਾੜਨਾ ਚਾਹੀਦਾ।
23 “ਤੁਸੀਂ ਕੋਈ ਅਜਿਹਾ ਬਲਦ ਜਾਂ ਭੇਡ ਨਹੀਂ ਚੜਾਵੋਂਗੇ ਜੋ ਵਿਕਲਾਂਗ ਹੋਵੇ ਜਾਂ ਜੋ ਸਾਧਾਰਨ ਹੋਣ ਤੋਂ ਛੋਟੇ ਹੋਣ। ਤੁਸੀਂ ਇਨ੍ਹਾਂ ਨੂੰ ਖਾਸ ਸੁਗਾਤ ਵਜੋਂ ਯਹੋਵਾਹ ਨੂੰ ਚੜਾ ਸਕਦੇ ਹੋਂ, ਪਰ ਇਸਨੂੰ ਕਿਸੇ ਖਾਸ ਸੁੱਖਣਾ ਦੀ ਅਦਾਇਗੀ ਵਜੋਂ ਪ੍ਰਵਾਨ ਨਹੀਂ ਕੀਤਾ ਜਾਵੇਗਾ।
24 “ਜੇ ਕਿਸੇ ਜਾਨਵਰ ਦੇ ਅੰਡਕੋਸ਼ ਉੱਤੇ ਝਰੀਟ ਹੈ, ਕੁਚਲਿਆ ਹੋਇਆ, ਪਾਟਿਆ ਹੋਇਆ ਜਾਂ ਵਢਿਆ ਹੋਇਆ ਤਾਂ ਤੁਹਾਨੂੰ ਉਹ ਜਾਨਵਰ ਯਹੋਵਾਹ ਨੂੰ ਭੇਟ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੀ ਧਰਤੀ ਤੇ ਇਹ ਨਹੀਂ ਕਰਨਾ ਚਾਹੀਦਾ।
25 “ਤੁਹਾਨੂੰ ਆਪਣੇ ਪਰਮੇਸ਼ੁਰ ਨੂੰ ਬਲੀ ਚੜਾਉਣ ਲਈ ਵਿਦੇਸ਼ੀਆਂ ਕੋਲੋਂ ਅਜਿਹੇ ਜਾਨਵਰ ਨਹੀਂ ਲੈਣੇ ਚਾਹੀਦੇ। ਕਿਉਂਕਿ ਉਨ੍ਹਾਂ ਵਿੱਚ ਸ਼ਰੀਰਕ ਖਰਾਬੀ ਹੈ ਅਤੇ ਪਰਮੇਸ਼ੁਰ ਦੁਆਰਾ ਪ੍ਰਵਾਨ ਨਹੀਂ ਕੀਤੇ ਜਾਣਗੇ।”
26 ਯਹੋਵਾਹ ਨੇ ਮੂਸਾ ਨੂੰ ਆਖਿਆ,
27 “ਜਦੋਂ ਕੋਈ ਵੱਛਾ, ਭੇਡ ਜਾਂ ਬੱਕਰੀ ਪੈਦਾ ਹੁੰਦੀ ਹੈ, ਇਸਨੂੰ ਸੱਤਾਂ ਦਿਨਾਂ ਤੱਕ ਇਸਦੀ ਮਾਂ ਦੇ ਕੋਲ ਰਹਿਣ ਦੇਣਾ ਚਾਹੀਦਾ ਹੈ। ਫ਼ੇਰ ਅਠਵੇਂ ਦਿਨ ਜਾਂ ਉਸਤੋਂ ਮਗਰੋਂ, ਇਸਨੂੰ ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਬਲੀ ਵਜੋਂ ਪ੍ਰਵਾਨ ਕੀਤਾ ਜਾ ਸਕਦਾ ਹੈ।
28 ਪਰ ਤੁਹਾਨੂੰ ਉਸੇ ਦਿਨ ਉਸ ਜਾਨਵਰ ਨੂੰ ਅਤੇ ਉਸਦੀ ਮਾਂ ਨੂੰ ਨਹੀਂ ਮਾਰਨਾ ਚਾਹੀਦਾ। ਇਹ ਨੇਮ ਗਾਵਾਂ ਅਤੇ ਭੇਡਾਂ ਲਈ ਇੱਕੋ ਜਿਹਾ ਹੈ।
29 “ਜੇ ਤੁਸੀਂ ਯਹੋਵਾਹ ਨੂੰ ਸ਼ੁਕਰਾਨੇ ਦੀ ਕੋਈ ਖਾਸ ਭੇਟ ਚੜਾਉਣੀ ਚਾਹੁੰਦੇ ਹੋ, ਤੁਹਾਨੂੰ ਇਸਨੂੰ ਪ੍ਰਵਾਨ ਕੀਤੇ ਜਾਣ ਲਈ ਇੰਝ ਕਰਨਾ ਚਾਹੀਦਾ।
30 ਤੁਹਾਨੂੰ ਇਸਨੂੰ ਉਸੇ ਦਿਨ ਹੀ ਖਾਣਾ ਚਾਹੀਦਾ ਹੈ। ਤੁਹਾਨੂੰ ਅਗਲੀ ਸਵੇਰ ਲਈ ਕੋਈ ਮਾਸ ਨਹੀਂ ਛੱਡਣਾ ਚਾਹੀਦਾ। ਮੈਂ ਯਹੋਵਾਹ ਹਾਂ।
31 “ਮੇਰੇ ਹੁਕਮਾਂ ਨੂੰ ਚੇਤੇ ਰੱਖੋ, ਅਤੇ ਉਨ੍ਹਾਂ ਨੂੰ ਮੰਨੋ। ਮੈਂ ਯਹੋਵਾਹ ਹਾਂ।
32 ਮੇਰੇ ਪਵਿੱਤਰ ਨਾਮ ਦਾ ਨਿਰਾਦਰ ਨਾ ਕਰੋ। ਇਸਰਾਏਲ ਦੇ ਲੋਕਾਂ ਦਰਮਿਆਨ, ਮੇਰੇ ਨਾਲ ਪਵਿੱਤਰਤਾ ਦਾ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਮੈਂ, ਯਹੋਵਾਹ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।
33 ਮੈਂ ਤੁਹਾਡਾ ਪਰਮੇਸ਼ੁਰ ਬਣਨ ਲਈ ਤੁਹਾਨੂੰ ਮਿਸਰ ਤੋਂ ਬਾਹਰ ਲਿਆਂਦਾ ਹੈ। ਮੈਂ ਯਹੋਵਾਹ ਹਾਂ।”