ਅਹਬਾਰ
ਕਾਂਡ 26
1 “ਆਪਣੇ ਲਈ ਬੁੱਤ ਨਾ ਬਣਾਉ। ਆਪਣੀ ਧਰਤੀ ਉੱਤੇ ਬੁੱਤਾਂ, ਧਾਰਮਿਕ ਥਂਮਾਂ ਜਾਂ ਤਰਾਸੇ ਹੋਏ ਪੱਥਰਾਂ ਨੂੰ ਨਾ ਉਸਾਰੋ। ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
2 “ਮੇਰੀ ਛੁੱਟੀ ਦੇ ਖਾਸ ਦਿਨਾਂ ਨੂੰ ਚੇਤੇ ਰੱਖੋ ਅਤੇ ਮੇਰੇ ਪਵਿੱਤਰ ਸਥਾਨ ਦਾ ਆਦਰ ਕਰੋ। ਮੈਂ ਯਹੋਵਾਹ ਹਾਂ।
3 “ਜੇ ਤੁਸੀਂ ਮੇਰੇ ਕਾਨੂੰਨਾਂ ਨੂੰ ਚੇਤੇ ਕਰਕੇ ਅਤੇ ਉਨ੍ਹਾਂ ਦੀ ਪਾਲਣਾ ਕਰਕੇ, ਮੇਰੀਆਂ ਹਿਦਾਇਤਾਂ ਅਨੁਸਾਰ ਰਹੋਂਗੇ,
4 ਮੈਂ ਤੁਹਾਨੂੰ ਉਸ ਵੇਲੇ ਮੀਂਹ ਦਿਆਂਗਾ ਜਦੋਂ ਇਸ ਦੀ ਜ਼ਰੂਰਤ ਹੋਵੇਗੀ। ਧਰਤੀ ਫ਼ਸਲਾਂ ਉਗਾਵੇਗੀ ਅਤੇ ਖੇਤਾਂ ਦੇ ਰੁਖ ਆਪਣੇ ਫ਼ਲ ਉੱਗਣਗੇ।
5 ਤੁਹਾਡੀ ਗਹਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਕਿ ਅੰਗੂਰ ਸਾਂਭਣ ਦਾ ਸਮਾਂ ਨਹੀਂ ਆ ਜਾਂਦਾ। ਅਤੇ ਤੁਹਾਡਾ ਅੰਗੂਰ ਸਾਂਭਣਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਬੀਜਣ ਦਾ ਸਮਾਂ ਨਹੀਂ ਹੋ ਜਾਂਦਾ। ਫ਼ੇਰ ਤੁਹਾਡੇ ਕੋਲ ਖਾਣ ਲਈ ਕਾਫ਼ੀ ਹੋਵੇਗਾ। ਅਤੇ ਤੁਸੀਂ ਆਪਣੀ ਧਰਤੀ ਉੱਤੇ ਸੁਰਖਿਅਤ ਰਹੋਂਗੇ।
6 ਮੈਂ ਤੁਹਾਡੇ ਦੇਸ਼ ਨੂੰ ਅਮਨ ਦਿਆਂਗਾ। ਤੁਸੀਂ ਅਮਨ ਚੈਨ ਨਾਲ ਲੇਟੋਂਗੇ। ਕੋਈ ਵੀ ਬੰਦਾ ਤੁਹਾਨੂੰ ਡਰਾਉਣ ਲਈ ਨਹੀਂ ਆਵੇਗਾ। ਮੈਂ ਖਤਰਨਾਕ ਜਾਨਵਰਾਂ ਨੂੰ ਤੁਹਾਡੇ ਦੇਸ਼ ਤੋਂ ਬਾਹਰ ਰੱਖਾਂਗਾ। ਅਤੇ ਫ਼ੌਜਾਂ ਤੁਹਾਡੇ ਦੇਸ਼ ਵਿੱਚੋਂ ਨਹੀਂ ਗੁਜ਼ਰਨਗੀਆਂ।
7 “ਤੁਸੀਂ ਆਪਣੇ ਦੁਸ਼ਮਣਾਂ ਨੂੰ ਭਜਾਉਂਗੇ ਅਤੇ ਉਨ੍ਹਾਂ ਨੂੰ ਹਰਾ ਦਿਉਂਗੇ। ਤੁਸੀਂ ਉਨ੍ਹਾਂ ਨੂੰ ਆਪਣੀ ਤਲਵਾਰ ਨਾਲ ਕਤਲ ਕਰ ਦਿਉਂਗੇ।
8 ਤੁਹਾਡੇ ਪੰਜ ਆਦਮੀ ਸੌ ਆਦਮੀਆਂ ਨੂੰ ਭਜਾ ਦੇਣਗੇ ਅਤੇ ਤੁਹਾਡੇ ਸੌ ਆਦਮੀ ਹਜ਼ਾਰਾਂ ਆਦਮੀਆਂ ਨੂੰ ਭਜਾ ਦੇਣਗੇ। ਤੁਸੀਂ ਆਪਣੇ ਦੁਸ਼ਮਨਾਂ ਨੂੰ ਹਰਾ ਦਿਉਂਗੇ ਅਤੇ ਤਲਵਾਰ ਨਾਲ ਉਨ੍ਹਾਂ ਨੂੰ ਮਾਰ ਦਿਉਂਗੇ।
9 “ਫ਼ੇਰ ਮੈਂ ਤੁਹਾਡੇ ਵੱਲ ਮੁੜਾਂਗਾ। ਮੈਂ ਤੁਹਾਨੂੰ ਬਹੁਤ ਸਾਰੀ ਔਲਾਦ ਦਿਆਂਗਾ। ਮੈਂ ਤੁਹਾਡੇ ਨਾਲ ਆਪਣਾ ਇਕਰਾਰਨਾਮਾ ਨਿਭਾਵਾਂਗਾ।
10 ਤੁਹਾਡੇ ਕੋਲ ਸਾਲ ਭਰ ਤੋਂ ਵਧ ਸਮੇਂ ਲਈ ਕਾਫ਼ੀ ਫ਼ਸਲਾਂ ਹੋਣਗੀਆਂ। ਤੁਸੀਂ ਨਵੀਆਂ ਫ਼ਸਲਾਂ ਵਢੋਂਗ਼ੇ ਪਰ ਫ਼ੇਰ ਤੁਹਾਨੂੰ ਆਪਣੀਆਂ ਨਵੀਆਂ ਫ਼ਸਲਾਂ ਲਈ ਥਾਂ ਬਨਾਉਣ ਵਾਸਤੇ ਪੁਰਾਣੀਆਂ ਫ਼ਸਲਾਂ ਬਾਹਰ ਸੁੱਟਣੀਆਂ ਪੈਣਗੀਆਂ।
11 ਇਸਤੋਂ ਇਲਾਵਾ, ਮੈਂ ਆਪਣਾ ਪਵਿੱਤਰ ਤੰਬੂ ਤੁਹਾਡੇ ਦਰਮਿਆਨ ਸਥਾਪਿਤ ਕਰਾਂਗਾ। ਮੈਂ ਤੁਹਾਡੇ ਕੋਲੋਂ ਮੂੰਹ ਨਹੀਂ ਮੋੜਾਂਗਾ।
12 ਮੈਂ ਤੁਹਾਡੇ ਨਾਲ ਤੁਰਾਂਗਾ ਅਤੇ ਤੁਹਾਡਾ ਪਰਮੇਸ਼ੁਰ ਹੋਵਾਂਗਾ। ਅਤੇ ਤੁਸੀਂ ਮੇਰੇ ਬੰਦੇ ਹੋਵੋਂਗੇ।
13 ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਤੁਸੀਂ ਮਿਸਰ ਵਿੱਚ ਗੁਲਾਮ ਸੀ। ਪਰ ਮੈਂ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਤੁਸੀਂ ਉਸ ਭਾਰੀ ਬੋਝ ਨਾਲ ਦਬ੍ਬੇ ਹੋਏ ਸੀ ਜਿਹੜਾ ਤੁਸੀਂ ਗੁਲਾਮਾਂ ਦੇ ਤੌਰ ਤੇ ਚੁਕਿਆ ਹੋਇਆ ਸੀ। ਪਰ ਮੈਂ ਉਹ ਬੱਲੀਆਂ ਤੋੜ ਦਿੱਤੀਆਂ ਜਿਹੜੀਆਂ ਤੁਹਾਡੇ ਮੋਢਿਆਂ ਉੱਤੇ ਰੱਖੀਆਂ ਹੋਈਆਂ ਸਨ। ਮੈਂ ਤੁਹਾਨੂੰ ਫ਼ੇਰ ਇੱਕ ਵਾਰੀ ਸਿਰ ਉੱਚਾ ਚੁੱਕ ਕੇ ਤੁਰਨ ਦਿੱਤਾ।
14 “ਜੇ ਤੁਸੀਂ ਮੇਰੀ ਤੇ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਨਹੀਂ ਕਰੋਂਗੇ।
15 ਜੇ ਤੁਸੀਂ ਮੇਰੀਆਂ ਬਿਧੀਆਂ ਨੂੰ ਨਾਮਂਜ਼ੂਰ ਕਰੋਂਗੇ ਅਤੇ ਮੇਰੇ ਆਦੇਸ਼ਾਂ ਤੋਂ ਉਲਟ ਜਾਵੋਂਗੇ ਅਤੇ ਉਨ੍ਹਾਂ ਦਾ ਅਨੁਸਰਣ ਨਹੀਂ ਕਰੋਂਗੇ, ਤੁਸੀਂ ਮੇਰਾ ਇਕਰਾਰਨਾਮਾ ਤੋੜ ਦਿੱਤਾ ਹੈ।
16 ਤਾਂ ਇਹੀ ਹੈ ਜੋ ਮੈਂ ਤੁਹਾਡੇ ਨਾਲ ਕਰਾਂਗਾ; ਮੈਂ ਤੁਹਾਨੂੰ ਬਿਮਾਰੀ ਅਤੇ ਬੁਖਾਰ ਦਿਆਂਗਾ ਜੋ ਤੁਹਾਡੀਆਂ ਅਖਾਂ ਨਸ਼ਟ ਕਰ ਦੇਣਗੇ ਅਤੇ ਤੁਹਾਡੀ ਜਾਨ ਕੱਢ ਲੈਣਗੇ। ਜਦੋਂ ਵੀ ਤੁਸੀਂ ਬੀਜ ਬੀਜੋਂਗੇ, ਤੁਹਾਨੂੰ ਸਫ਼ਲਤਾ ਨਹੀਂ ਮਿਲੇਗੀ ਅਤੇ ਤੁਹਾਡੇ ਦੁਸ਼ਮਣ ਤੁਹਾਡੀਆਂ ਫ਼ਸਲਾਂ ਖਾ ਜਾਣਗੇ।
17 ਮੈਂ ਤੁਹਾਡੇ ਵਿਰੁੱਧ ਹੋਵਾਂਗਾ, ਇਸ ਲਈ ਤੁਹਾਡੇ ਦੁਸ਼ਮਣ ਤੁਹਾਨੂੰ ਹਰਾ ਦੇਣਗੇ। ਉਹ ਦੁਸ਼ਮਣ ਤੁਹਾਨੂੰ ਨਫ਼ਰਤ ਕਰਦੇ ਹਨ ਅਤੇ ਉਹ ਤੁਹਾਡੇ ਉੱਤੇ ਰਾਜ ਕਰਨਗੇ। ਤੁਸੀਂ ਭੱਜ ਜਾਵੋਂਗੇ ਜਦ ਕਿ ਕੋਈ ਵੀ ਤੁਹਾਡਾ ਪਿੱਛਾ ਨਹੀਂ ਕਰ ਰਿਹਾ ਹੋਵੇਗਾ।
18 “ਇਨ੍ਹਾਂ ਗੱਲਾਂ ਤੋਂ ਬਾਦ ਜੇ ਤੁਸੀਂ ਫ਼ੇਰ ਵੀ ਮੇਰੀ ਪਾਲਣਾ ਨਾ ਕੀਤੀ। ਮੈਂ ਤੁਹਾਨੂੰ ਤੁਹਾਡੇ ਪਾਪਾਂ ਦੀ ਸੱਤ ਗੁਣਾ ਵਧੇਰੇ ਸਜ਼ਾ ਦੇਵਾਂਗਾ।
19 ਮੈਂ ਉਨ੍ਹਾਂ ਮਹਾਨ ਸ਼ਹਿਰਾਂ ਨੂੰ ਵੀ ਤਬਾਹ ਕਰ ਦਿਆਂਗਾ ਜਿਹੜੇ ਤੁਹਾਨੂੰ ਗੁਮਾਨੀ ਬਣਾਉਂਦੇ ਹਨ। ਅਕਾਸ਼ ਮੀਂਹ ਨਹੀਂ ਵਰ੍ਹਾਉਣਗੇ ਅਤੇ ਧਰਤੀ ਫ਼ਸਲਾਂ ਨਹੀਂ ਉਗਾਏਗੀ।
20 ਤੁਸੀਂ ਸਖਤ ਮਿਹਨਤ ਕਰੋਂਗੇ ਪਰ ਇਸਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਤੁਹਾਡੀ ਜ਼ਮੀਨ ਕੋਈ ਫ਼ਸਲ ਨਹੀਂ ਦੇਵੇਗੀ ਅਤੇ ਤੁਹਾਡੇ ਰੁਖ ਆਪਣੇ ਫ਼ਲ ਨਹੀਂ ਉਗਾਉਣਗੇ।
21 “ਫ਼ੇਰ ਵੀ, ਜੇ ਤੁਸੀਂ ਮੇਰੇ ਖਿਲਾਫ਼ ਹੋਵੋਂਗੇ ਅਤੇ ਮੈਨੂੰ ਮੰਨਣ ਤੋਂ ਇਨਕਾਰ ਕਰੋਂਗੇ, ਮੈਂ ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਗੁਣੇ ਜ਼ਿਆਦਾ ਸਜ਼ਾ ਦਿਆਂਗਾ।
22 ਮੈਂ ਤੁਹਾਡੇ ਖਿਲਾਫ਼ ਜੰਗਲੀ ਜਾਨਵਰ ਘੱਲਾਂਗਾ। ਉਹ ਤੁਹਾਡੇ ਕੋਲੋਂ ਤੁਹਾਡੇ ਬੱਚਿਆਂ ਨੂੰ ਚੁੱਕ ਲਿਜਾਣਗੇ ਅਤੇ ਤੁਹਾਡੇ ਜਾਨਵਰਾਂ ਨੂੰ ਨਸ਼ਟ ਕਰ ਦੇਣਗੇ। ਉਹ ਤੁਹਾਡੇ ਬਹੁਤ ਸਾਰੇ ਲੋਕਾਂ ਨੂੰ ਮਾਰ ਦੇਣਗੇ। ਤੁਹਾਡੀਆਂ ਸੜਕਾਂ ਖਾਲੀ ਹੋ ਜਾਣਗੀਆਂ।
23 “ਜੇ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਦ ਵੀ ਤੁਸੀਂ ਸਬਕ ਨਾ ਸਿੱਖਿਆ, ਅਤੇ ਜੇ ਤੁਸੀਂ ਫ਼ੇਰ ਵੀ ਮੇਰੇ ਵਿਰੁੱਧ ਹੋਵੋਂਗੇ,
24 ਤਾਂ ਮੈਂ ਵੀ ਤੁਹਾਡੇ ਵਿਰੁੱਧ ਹੋ ਜਾਵਾਂਗਾ। ਮੈਂ - ਮੈਂ ਯਹੋਵਾਹ ਹਾਂ - ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਵਾਰੀ ਸਜ਼ਾ ਦਿਆਂਗਾ।
25 ਤੁਸੀਂ ਮੇਰਾ ਇਕਰਾਰਨਾਮਾ ਤੋੜਿਆ ਹੋਵੇਗਾ, ਇਸ ਲਈ ਮੈਂ ਤੁਹਾਨੂੰ ਸਜ਼ਾ ਦਿਆਂਗਾ। ਮੈਂ ਤੁਹਾਡੇ ਖਿਲਾਫ਼ ਫ਼ੌਜਾਂ ਲਿਆਵਾਂਗਾ। ਤੁਸੀਂ ਸੁਰਖਿਆ ਲਈ ਆਪਣੇ ਸ਼ਹਿਰਾਂ ਅੰਦਰ ਵੜ ਜਾਵੋਂਗੇ। ਪਰ ਮੈਂ ਤੁਹਾਡੇ ਅੰਦਰ ਬਿਮਾਰੀਆਂ ਫ਼ੈਲਾਵਾਂਗਾ। ਅਤੇ ਤੁਹਾਡੇ ਦੁਸ਼ਮਣ ਤੁਹਾਨੂੰ ਹਰਾ ਦੇਣਗੇ।
26 ਜਦੋਂ ਮੈਂ ਤੁਹਾਡੀ ਭੋਜਨ ਪੂਰਤੀ ਬੰਦ ਕਰ ਦਿਆਂਗਾ, ਦਸ ਔਰਤਾਂ ਇੱਕੋ ਤੰਦੂਰ ਉੱਤੇ ਆਪਣੀ ਰੋਟੀ ਪਕਾ ਸਕਣਗੀਆਂ। ਉਹ ਹਰ ਰੋਟੀ ਨੂੰ ਧਿਆਨ ਨਾਲ ਨਾਪਣਗੀਆਂ। ਤੁਸੀਂ ਖਾਵੋਂਗੇ ਪਰ ਫ਼ੇਰ ਵੀ ਭੁਖੇ ਰਹੋਂਗੇ।
27 “ਜੇ ਤੁਸੀਂ ਫ਼ੇਰ ਵੀ ਮੇਰੀ ਗੱਲ ਵੱਲ ਧਿਆਨ ਨਹੀਂ ਦਿਉਂਗੇ ਅਤੇ ਜੇ ਤੁਸੀਂ ਮੇਰੇ ਖਿਲਾਫ਼ ਹੋ ਜਾਵੋਂਗੇ,
28 ਤਾਂ ਮੈਂ ਸੱਚਮੁੱਚ ਆਪਣਾ ਕਰੋਧ ਦਰਸਾਵਾਂਗਾ। ਮੈਂ - ਮੈਂ ਯਹੋਵਾਹ ਹਾਂ - ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਗੁਣਾ ਸਜ਼ਾ ਦਿਆਂਗਾ।
29 ਤੁਸੀਂ ਇੰਨੇ ਭੁੱਖੇ ਹੋ ਜਾਉਂਗੇ ਕਿ ਤੁਸੀਂ ਆਪਣੇ ਪੁੱਤਰਾਂ, ਧੀਆਂ ਦੇ ਸ਼ਰੀਰਾਂ ਨੂੰ ਖਾ ਜਾਉਂਗੇ।
30 ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨਸ਼ਟ ਕਰ ਦਿਆਂਗਾ ਅਤੇ ਤੁਹਾਡੀਆਂ ਧੂਪ ਦੀਆਂ ਜਗਵੇਦੀਆਂ ਚੀਰ ਸੁੱਟਾਂਗਾ। ਮੈਂ ਤੁਹਾਡੀਆਂ ਲਾਸ਼ਾਂ ਨੂੰ ਤੁਹਾਡੇ ਬੁੱਤਾਂ ਦੀਆਂ ਲਾਸ਼ਾਂ ਉੱਤੇ ਸੁੱਟ ਦਿਆਂਗਾ। ਤੁਸੀਂ ਮੇਰੇ ਲਈ ਬਹੁਤ ਘਿਰਣਾਯੋਗ ਹੋਵੋਂਗੇ।
31 ਮੈਂ ਤੁਹਾਡੇ ਸ਼ਹਿਰ ਤਬਾਹ ਕਰ ਦਿਆਂਗਾ। ਮੈਂ ਤੁਹਾਡੇ ਪਵਿੱਤਰ ਸਥਾਨਾਂ ਨੂੰ ਸਖਣੇ ਕਰ ਦਿਆਂਗਾ। ਮੈਂ ਤੁਹਾਡੀ ਭੇਟ ਦੀ ਸੁਗੰਧੀ ਲੈਣੀ ਬੰਦ ਕਰ ਦਿਆਂਗਾ।
32 ਮੈਂ ਤੁਹਾਡੀ ਧਰਤੀ ਖਾਲੀ ਕਰ ਦਿਆਂਗਾ ਅਤੇ ਤੁਹਾਡੇ ਦੁਸ਼ਮਣ ਉੱਥੇ ਆਕੇ ਰਹਿਣਗੇ, ਉਹ ਹੈਰਾਨ ਹੋ ਜਾਣਗੇ।
33 ਮੈਂ ਤੁਹਾਨੂੰ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਮੈਂ ਆਪਣੀ ਤਲਵਾਰ ਨੂੰ ਮਿਆਨੋ ਖਿੱਚਾਂਗਾ ਅਤੇ ਤੁਹਾਨੂੰ ਨਸ਼ਟ ਕਰ ਦਿਆਂਗਾ। ਤੁਹਾਡੀ ਧਰਤੀ ਖਾਲੀ ਹੋ ਜਾਵੇਗੀ ਅਤੇ ਤੁਹਾਡੇ ਸ਼ਹਿਰ ਬਰਬਾਦ ਹੋ ਜਾਣਗੇ।
34 “ਤੁਹਾਨੂੰ ਤੁਹਾਡੇ ਦੁਸ਼ਮਣ ਦੇ ਦੇਸ਼ ਲਿਜਾਇਆ ਜਾਵੇਗਾ। ਤੁਹਾਡਾ ਦੇਸ਼ ਸਖਣਾ ਹੋ ਜਾਵੇਗਾ। ਇਸ ਤਰ੍ਹਾਂ ਤੁਹਾਡੀ ਧਰਤੀ ਆਖਰਕਾਰ ਆਪਣਾ ਆਰਾਮ ਹਾਸਲ ਕਰੇਗੀ। ਧਰਤੀ ਆਪਣੇ ਆਰਾਮ ਦੇ ਸਮੇਂ ਨੂੰ ਮਾਣੇਗੀ।
35 ਉਸ ਸਮੇਂ ਦੌਰਾਨ, ਜਦੋਂ ਧਰਤੀ ਖਾਲੀ ਹੋਵੇਗੀ, ਇਸਨੂੰ ਆਪਣੇ ਅਰਾਮ ਦਾ ਸਮਾਂ ਮਿਲੇਗਾ ਜਿਹੜੀ ਤੁਸੀਂ ਉਥੇ ਰਹਿਂਦਿਆਂ ਹੋਇਆਂ ਇਸਨੂੰ ਨਹੀਂ ਦਿੱਤਾ ਸੀ।
36 ਬਚੇ ਹੋਏ ਲੋਕ ਆਪਣੇ ਦੁਸ਼ਮਣਾਂ ਦੀ ਧਰਤੀ ਤੇ ਆਪਣੀ ਆਤਮ ਵਿਸ਼ਵਾਸ ਹਾਰ ਜਾਣਗੇ ਅਤੇ ਉਹ ਹਰ ਚੀਜ਼ ਤੋਂ ਡਰਨਗੇ। ਹਵਾ ਦੁਆਰਾ ਉਡਾਏ ਹੋਏ ਪੱਤੇ ਦੀ ਅਵਾਜ਼ ਵੀ ਉਨ੍ਹਾਂ ਨੂੰ ਡਰਾ ਦੇਵੇਗੀ। ਉਹ ਭੱਜਣਗੇ ਅਤੇ ਡਿੱਗ ਪੈਣਗੇ ਜਿਵੇਂ ਕੋਈ ਤਲਵਾਰ ਲੈਕੇ ਉਨ੍ਹਾਂ ਦੇ ਪਿੱਛੇ ਪਿਆ ਹੋਵੇ ਭਾਵੇਂ ਕੋਈ ਵੀ ਉਨ੍ਹਾਂ ਨੂੰ ਨਹੀਂ ਭਜਾ ਰਿਹਾ ਹੋਵੇਗਾ।
37 ਉਹ ਇੱਕ ਦੂਜੇ ਉੱਤੇ ਡਿੱਗਣਗੇ ਜਿਵੇਂ ਕਿ ਤਲਵਾਰ ਤੋਂ ਬਚ ਰਹੇ ਹੋਣ - ਭਾਵੇਂ ਕੋਈ ਵੀ ਉਨ੍ਹਾਂ ਨੂੰ ਨਹੀਂ ਭਜਾ ਰਿਹਾ ਹੋਵੇਗਾ।“ਤੁਸੀਂ ਆਪਣੇ ਦੁਸ਼ਮਣਾਂ ਦੇ ਵਿਰੁੱਧ ਖਲੋ ਸਕਣ ਜਿੰਨੇ ਵੀ ਤਾਕਤਵਰ ਨਹੀਂ ਹੋਵੋਂਗੇ।
38 ਤੁਸੀਂ ਦੂਸਰੀਆਂ ਕੌਮਾਂ ਵਿੱਚ ਗੁਆਚ ਜਾਵੋਂਗੇ। ਤੁਸੀਂ ਆਪਣੇ ਦੁਸ਼ਮਣਾਂ ਦੀ ਧਰਤੀ ਅੰਦਰ ਗਾਇਬ ਹੋ ਜਾਵੋਂਗੇ।
39 ਬਚੇ ਹੋਏ ਲੋਕ ਆਪਣੇ ਦੁਸ਼ਮਣਾਂ ਦੇ ਦੇਸ਼ਾਂ ਅੰਦਰ ਆਪਣੇ ਪਾਪਾਂ ਕਾਰਣ ਸੜ ਜਾਣਗੇ। ਉਹ ਆਪਣੇ ਪੁਰਖਿਆਂ ਦੇ ਪਾਪਾਂ ਕਾਰਣ ਸੜ ਜਾਣਗੇ।
40 “ਪਰ ਹੋ ਸਕਦਾ ਹੈ ਕਿ ਲੋਕ ਆਪਣੇ ਪਾਪਾਂ ਦਾ ਇਕਬਾਲ ਕਰ ਲੈਣ। ਅਤੇ ਹੋ ਸਕਦਾ ਹੈ ਕਿ ਉਹ ਆਪਣੇ ਪੁਰਖਿਆਂ ਦੇ ਪਾਪਾਂ ਨੂੰ ਵੀ ਕਬੂਲ ਲੈਣ ਕਿ ਉਹ ਮੇਰੇ ਵੱਲ ਬੇਵਫ਼ਾ ਸਨ ਅਤੇ ਹੋ ਸਕਦਾ ਹੈ ਕਿ ਉਹ ਮੰਨ ਲੈਣ ਕਿ ਉਹ ਮੇਰੇ ਖਿਲਾਫ਼ ਸਨ।
41 ਹੋ ਸਕਦਾ ਹੈ ਕਿ ਉਹ ਮੰਨ ਲੈਣ ਕਿ ਮੈਂ ਉਨ੍ਹਾਂ ਦੇ ਵਿਰੁੱਧ ਹੋ ਗਿਆ ਸਾਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੀ ਧਰਤੀ ਅੰਦਰ ਲੈ ਆਇਆ ਸਾਂ। ਪਰ ਹੋ ਸਕਦਾ ਹੈ ਕਿ ਉਹ ਨਿਮਾਣੇ ਬਣ ਜਾਣ ਅਤੇ ਆਪਣੇ ਪਾਪਾਂ ਦੀ ਸਜ਼ਾ ਨੂੰ ਪ੍ਰਵਾਨ ਕਰ ਲੈਣ।
42 ਜੇ ਉਹ ਅਜਿਹਾ ਕਰਨਗੇ, ਮੈਂ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ, ਇਸਹਾਕ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਅਤੇ ਅਬਰਾਹਾਮ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਚੇਤੇ ਕਰਾਂਗਾ। ਅਤੇ ਮੈਂ ਧਰਤੀ ਨੂੰ ਚੇਤੇ ਕਰਾਂਗਾ।
43 “ਧਰਤੀ ਉਨ੍ਹਾਂ (ਲੋਕਾਂ) ਤੋਂ ਖਾਲੀ ਹੋਵੇਗੀ ਅਤੇ ਧਰਤੀ ਆਪਣੇ ਆਰਾਮ ਦੇ ਸਮੇਂ ਨੂੰ ਮਾਣੇਗੀ। ਫ਼ੇਰ ਬਚੇ ਹੋਏ ਲੋਕ ਆਪਣੇ ਪਾਪਾਂ ਦੀ ਸਜ਼ਾ ਪ੍ਰਵਾਨ ਕਰ ਲੈਣਗੇ। ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੂੰ ਇਸ ਲਈ ਸਜ਼ਾ ਮਿਲੀ ਸੀ ਕਿਉਂਕਿ ਉਨ੍ਹਾਂ ਨੇ ਮੇਰੇ ਕਨੂੰਨਾਂ ਨੂੰ ਨਫ਼ਰਤ ਕੀਤੀ ਸੀ ਅਤੇ ਮੇਰੀਆਂ ਬਿਧੀਆਂ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ।
44 ਪਰ ਉਨ੍ਹਾਂ ਨੇ ਇਹ ਸਭ ਕਰਨ ਤੋਂ ਬਾਦ ਵੀ, ਜਦੋਂ ਉਹ ਆਪਣੇ ਦੁਸ਼ਮਣ ਦੀ ਧਰਤੀ ਵਿੱਚ ਹੋਣਗੇ, ਮੈਂ ਉਨ੍ਹਾਂ ਨੂੰ ਨਾਮਂਜ਼ੂਰ ਨਹੀਂ ਕਰਾਂਗਾ। ਮੈਂ ਉਨ੍ਹਾਂ ਨੂੰ ਨਫ਼ਰਤ ਨਹੀਂ ਕਰਾਂਗਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਸ਼ਟ ਨਹੀਂ ਕਰਾਂਗਾ। ਮੈਂ ਉਨ੍ਹਾਂ ਨਾਲ ਆਪਣਾ ਇਕਰਾਰਨਾਮਾ ਨਹੀਂ ਤੋੜਾਂਗਾ। ਕਿਉਂਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ।
45 ਉਨ੍ਹਾਂ ਲਈ, ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਇਕਰਾਰਨਾਮਾ ਚੇਤੇ ਕਰਾਂਗਾ। ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲੈਕੇ ਆਇਆ ਤਾਂ ਜੋ ਉਨ੍ਹਾਂ ਦਾ ਪਰਮੇਸ਼ੁਰ ਬਣ ਸਕਾਂ। ਹੋਰਨਾਂ ਕੌਮਾਂ ਨੇ ਇਹ ਚੀਜ਼ਾਂ ਦੇਖੀਆਂ। ਮੈਂ ਯਹੋਵਾਹ ਹਾਂ।”
46 ਇਹ ਉਹ ਬਿਧੀਆਂ, ਨਿਆਵਾਂ ਅਤੇ ਬਿਵਸਥਾ ਹਨ ਜਿਹੜੀਆਂ ਯਹੋਵਾਹ ਨੇ ਆਪਣੇ ਅਤੇ ਇਸਰਾਏਲ ਦੇ ਲੋਕਾਂ ਦਰਮਿਆਨ ਸਥਾਪਿਤ ਕੀਤੀਆਂ। ਯਹੋਵਾਹ ਨੇ ਇਹ ਬਿਧੀਆਂ ਮੂਸਾ ਨੂੰ ਸੀਨਈ ਪਰਬਤ ਉੱਤੇ ਦਿੱਤੀਆਂ ਅਤੇ ਮੂਸਾ ਨੇ ਇਨ੍ਹਾਂ ਨੂੰ ਲੋਕਾਂ ਨੂੰ ਦਿੱਤਾ।