ਅਹਬਾਰ
ਕਾਂਡ 11
1 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖੋ; ਇਹ ਉਹ ਜਾਨਵਰ ਹਨ ਜਿਨ੍ਹਾਂ ਨੂੰ ਤੁਸੀਂ ਖਾ ਸਕਦੇ ਹੋ;
3 ਜੇ ਕਿਸੇ ਜਾਨਵਰ ਦੇ ਖੁਰ ਦੋ ਹਿਸਿਆਂ ਵਿੱਚ ਪਾਟੇ ਹੋਏ ਹਨ ਅਤੇ ਜੇ ਉਹ ਜਾਨਵਰ ਜੁਗਾਲੀ ਵੀ ਕਰਦਾ ਹੈ ਤਾਂ ਤੁਸੀਂ ਉਸ ਜਾਨਵਰ ਦਾ ਮਾਸ ਖਾ ਸਕਦੇ ਹੋ।
4 “ਕੁਝ ਜਾਨਵਰ ਜੁਗਾਲੀ ਕਰਦੇ ਹਨ, ਪਰ ਉਨ੍ਹਾਂ ਦੇ ਖੁਰ ਪਾਟੇ ਹੋਏ ਨਹੀਂ ਹੁੰਦੇ। ਉਨ੍ਹਾਂ ਨੂੰ ਨਾ ਖਾਉ। ਊਠ, ਪਹਾੜੀ ਬਿਜੂ ਅਤੇ ਖਰਗੋਸ਼ ਇਸੇ ਤਰ੍ਹਾਂ ਦੇ ਹਨ, ਇਸ ਲਈ ਉਹ ਤੁਹਾਡੇ ਲਈ ਨਾਪਾਕ ਹਨ।
5
6
7 ਸੂਰਾਂ ਦੇ ਖੁਰ ਹੁੰਦੇ ਹਨ ਜੋ ਦੋ ਹਿਸਿਆਂ ਵਿੱਚ ਵੰਡੇ ਹੋਏ ਹੁੰਦੇ ਹਨ, ਪਰ ਉਹ ਜੁਗਾਲੀ ਨਹੀਂ ਕਰਦੇ ਇਸ ਲਈ ਉਹ ਤੁਹਾਡੇ ਲਈ ਨਾਪਾਕ ਹਨ।
8 ਉਨ੍ਹਾਂ ਜਾਨਵਰਾਂ ਦਾ ਮਾਸ ਨਾ ਖਾਉ। ਉਨ੍ਹਾਂ ਦੇ ਮੁਰਦਾ ਸ਼ਰੀਰਾਂ ਨੂੰ ਛੂਹੋ ਵੀ ਨਾ। ਉਹ ਤੁਹਾਡੇ ਲਈ ਨਾਪਾਕ ਹਨ।
9 “ਜੇ ਕੋਈ ਜਾਨਵਰ ਸਮੁੰਦਰ ਵਿੱਚ ਜਾਂ ਨਦੀ ਵਿੱਚ ਰਹਿੰਦਾ ਹੈ ਅਤੇ ਜੇ ਉਹ ਜਾਨਵਰ ਦੇ ਖੰਭ ਅਤੇ ਛਿਲਕੇ ਹੋਣ, ਤਾਂ ਤੁਸੀਂ ਉਸ ਜਾਨਵਰ ਨੂੰ ਖਾ ਸਕਦੇ ਹੋ।
10 ਪਰ ਜੇ ਕੋਈ ਵੀ ਜਾਨਵਰ ਜਾਂ ਕੋਈ ਹੋਰ ਜਿਉਂਦਾ ਪ੍ਰਾਣੀ ਜੋ ਸਮੁੰਦਰ ਵਿੱਚ ਜਾਂ ਨਦੀ ਵਿੱਚ ਰਹਿੰਦਾ ਹੈ ਜਿਨ੍ਹਾਂ ਦੇ ਖੰਭ ਅਤੇ ਚਾਨੇ ਨਾ ਹੋਣ, ਤੁਹਾਨੂੰ ਉਨ੍ਹਾਂ ਜਾਨਵਰਾਂ ਨੂੰ ਨਹੀਂ ਖਾਣਾ ਚਾਹੀਦਾ। ਇਨ੍ਹਾਂ ਜਾਨਵਰਾਂ ਦੇ ਮੁਰਦਾ ਸ਼ਰੀਰਾਂ ਨੂੰ ਵੀ ਨਾ ਛੂਹੋ। ਤੁਹਾਨੂੰ ਉਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਨੀ ਚਾਹੀਦੀ ਹੈ।
11
12 ਤੁਹਾਨੂੰ ਚਾਹੀਦਾ ਹੈ ਕਿ ਪਾਣੀ ਦੇ ਕਿਸੇ ਵੀ ਉਸ ਜਾਨਵਰ ਨੂੰ ਜਿਸਦੇ ਖੰਭ ਤੇ ਛਿਲਕੇ ਨਾ ਹੋਣ, ਅਜਿਹਾ ਜਾਨਵਰ ਸਮਝੋਂ ਜਿਨ੍ਹਾਂ ਨੂੰ ਖਾਣਾ, ਪਰਮੇਸ਼ੁਰ ਬੁਰਾ ਆਖਦਾ ਹੈ।
13 “ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਪੰਛੀਆਂ ਨੂੰ ਪਰਮੇਸ਼ੁਰ ਦੇ ਆਖੇ ਅਨੁਸਾਰ ਖਾਣ ਲਈ ਬੁਰਾ ਜਾਨਵਰ ਸਮਝੋ। ਇਨ੍ਹਾਂ ਵਿੱਚੋਂ ਕਿਸੇ ਵੀ ਪੰਛੀ ਨੂੰ ਨਾ ਖਾਉ। ਉਕਾਬ, ਗਿਰਝਾਂ, ਮੱਛੀਮਾਰ,
14 ਇਲਾਂ ਅਤੇ ਹਰ ਕਿਸਮ ਦੇ ਬਾਜ,
15 ਹਰ ਤਰ੍ਹਾਂ ਦੇ ਕਾਂ,
16 ਸ਼ਤਰ ਮੁਰਗ, ਕਲਪੇਚਕ, ਜਲਕਾਉਂ ਅਤੇ ਹਰ ਤਰ੍ਹਾਂ ਦੇ ਸ਼ਿਕਰੇ,
17 ਉੱਲੂ, ਚੁਗਲ, ਬੋਜਾ,
18 ਰਾਜ ਹਂਸ, ਹਵਾਸਿਲ, ਆਰਗਲ,
19 ਲਮ ਢੀਂਗ ਅਤੇ ਹਰ ਤਰ੍ਹਾਂ ਦੇ ਬਗਲੇ, ਟਟੀਹਰੀ ਅਤੇ ਚਾਮਚੜਿਕਾਂ।
20 “ਤੁਹਾਨੂੰ ਕਿਸੇ ਵੀ ਉਸ ਮਕੌੜੇ ਨੂੰ ਨਫ਼ਰਤ ਕਰਨੀ ਚਾਹੀਦੀ ਹੈ ਜੋ ਉੱਡਦਾ ਜਾਂ ਲੱਤਾਂ ਉੱਤੇ ਰੀਂਗਦਾ ਹੈ।
21 ਪਰ ਤੁਸੀਂ ਉਨ੍ਹਾਂ ਜਾਨਵਰਾਂ ਨੂੰ ਖਾ ਸਕਦੇ ਹੋ ਜੇ ਉਨ੍ਹਾਂ ਦੇ ਪੈਰਾਂ ਦੇ ਉੱਪਰ ਵੱਲ ਜੋੜਾਂ ਵਾਲੀਆਂ ਲੱਤਾਂ ਹਨ ਤਾਂ ਜੋ ਉਹ ਉੱਛਲ ਸਕਦੇ ਹਨ।
22 ਤੁਸੀਂ ਹਰ ਤਰ੍ਹਾਂ ਦੀਆਂ ਟਿੱਡੀਆਂ, ਪਰਾਂ ਵਾਲੀਆਂ ਟਿੱਡੀਆਂ, ਝੀਂਗਰ ਅਤੇ ਟਿੱਡੇ ਖਾ ਸਕਦੇ ਹੋ।
23 “ਪਰ ਹੋਰ ਸਾਰੇ ਮਕੌੜੇ ਜੋ ਉਡਦੇ ਹਨ ਜਾਂ ਚਾਰ ਲੱਤਾਂ ਵਾਲੇ ਹਨ ਤੁਹਾਡੇ ਲਈ ਘ੍ਰਿਣਾਯੋਗ ਹੋਣੇ ਚਾਹੀਦੇ ਹਨ।
24 ਉਹ ਮਕੌੜੇ ਤੁਹਾਨੂੰ ਨਾਪਾਕ ਬਣਾ ਦੇਣਗੇ। ਜਿਹੜਾ ਵੀ ਬੰਦਾ ਇਨ੍ਹਾਂ ਮਕੌੜਿਆਂ ਦੇ ਮੁਰਦਾ ਸ਼ਰੀਰਾਂ ਨੂੰ ਹੱਥ ਲਾਉਂਦਾ ਹੈ ਉਹ ਸ਼ਾਮ ਤੱਕ ਨਾਪਾਕ ਰਹੇਗਾ।
25 ਜੇ ਕੋਈ ਬੰਦਾ ਇਨ੍ਹਾਂ ਮਰੇ ਹੋਏ ਮਕੌੜਿਆਂ ਵਿੱਚੋਂ ਕਿਸੇ ਨੂੰ ਚੁੱਕਦਾ ਹੈ, ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਉਹ ਸ਼ਾਮ ਤੱਕ ਨਾਪਾਕ ਰਹੇਗਾ।
26 “ਕੁਝ ਜਾਨਵਰਾਂ ਦੇ ਖੁਰ ਤਾਂ ਪਾਟੇ ਹੁੰਦੇ ਹਨ ਪਰ ਪੂਰੀ ਤਰ੍ਹਾਂ ਦੋ ਹਿਸਿਆਂ ਵਿੱਚ ਨਹੀਂ ਪਾਟੇ ਹੁੰਦੇ। ਕੁਝ ਜਾਨਵਰ ਜੁਗਾਲੀ ਨਹੀਂ ਕਰਦੇ।
27 ਕੋਈ ਵੀ ਚੌਹਾਂ ਲੱਤਾਂ ਵਾਲਾ ਜਾਨਵਰ ਜੋ ਆਪਣੇ ਪੰਜਿਆਂ ਉੱਤੇ ਚੱਲਦਾ ਹੈ ਤੁਹਾਡੇ ਲਈ ਨਾਪਾਕ ਹੋਣਾ ਚਾਹੀਦਾ ਹੈ। ਕੋਈ ਵੀ ਬੰਦਾ ਜਿਹੜਾ ਇਨ੍ਹਾਂ ਜਾਨਵਰਾਂ ਦੇ ਮੁਰਦਾ ਸ਼ਰੀਰਾਂ ਨੂੰ ਛੂਹੇਗਾ ਨਾਪਾਕ ਹੋ ਜਾਵੇਗਾ। ਉਹ ਬੰਦਾ ਸ਼ਾਮ ਤੀਕ ਨਾਪਾਕ ਰਹੇਗਾ।
28 ਜੇ ਕੋਈ ਬੰਦਾ ਉਨ੍ਹਾਂ ਦੀਆਂ ਲਾਸ਼ਾਂ ਨੂੰ ਚੁੱਕਦਾ ਹੈ, ਤਾਂ ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਬੰਦਾ ਸ਼ਾਮ ਤੱਕ ਨਾਪਾਕ ਰਹੇਗਾ। ਉਹ ਜਾਨਵਰ ਤੁਹਾਡੇ ਲਈ ਨਾਪਾਕ ਹਨ।
29 “ਇਹ ਘਿਸਰਨ ਵਾਲੇ ਜਾਨਵਰ ਤੁਹਾਡੇ ਲਈ ਨਾਪਾਕ ਹਨ; ਚਕੂਂਦਰ, ਚੂਹੇ ਅਤੇ ਹਰ ਤਰ੍ਹਾਂ ਦੀਆਂ ਕਿਰਲੀਆਂ,
30 ਵਰਲ, ਮਗਰਮਛ, ਕੋਹੜਕਿਰਲੇ ਅਤੇ ਰੇਤੇ ਦੇ ਸੱਪ ਅਤੇ ਗਿਰਗਿਟ।
31 ਇਹ ਘਿਸਰਨ ਵਾਲੇ ਜਾਨਵਰ ਤੁਹਾਡੇ ਲਈ ਨਾਪਾਕ ਹਨ। ਜਿਹੜਾ ਵੀ ਬੰਦਾ ਇਨ੍ਹਾਂ ਦੀਆਂ ਲਾਸ਼ਾਂ ਨੂੰ ਛੂਹ ਲਵੇਗਾ ਉਹ ਸ਼ਾਮ ਤੱਕ ਨਾਪਾਕ ਰਹੇਗਾ।
32 “ਜੇ ਇਨ੍ਹਾਂ ਵਿੱਚੋਂ ਕੋਈ ਵੀ ਨਾਪਾਕ ਜਾਨਵਰ ਮਰਕੇ ਕਿਸੇ ਚੀਜ਼ ਉੱਤੇ ਡਿੱਗ ਪਵੇ, ਤਾਂ ਉਹ ਵੀ ਨਾਪਾਕ ਹੋ ਜਾਵੇਗੀ। ਇਹ ਕੋਈ ਲੱਕੜੀ, ਕੱਪੜਾ, ਚਮੜਾ, ਬੋਰੇ ਜਾਂ ਕੋਈ ਔਜ਼ਾਰ ਹੋ ਸਕਦਾ ਹੈ। ਭਾਵੇਂ ਇਹ ਜੋ ਵੀ ਹੈ, ਇਸਨੂੰ ਪਾਣੀ ਨਾਲ ਧੋਤਾ ਜਾਣਾ ਚਾਹੀਦਾ। ਇਹ ਸ਼ਾਮ ਤੱਕ ਨਾਪਾਕ ਬਣੀ ਰਹੇਗੀ ਅਤੇ ਮਗਰੋਂ ਇਹ ਫ਼ੇਰ ਤੋਂ ਪਾਕ ਹੋ ਜਾਵੇਗੀ।
33 ਜੇ ਇਨ੍ਹਾਂ ਜਾਨਵਰਾਂ ਵਿੱਚੋਂ ਕੋਈ ਵੀ ਮਰਕੇ ਕਿਸੇ ਮਿੱਟੀ ਦੇ ਘੜੇ ਵਿੱਚ ਡਿੱਗ ਪੈਂਦਾ ਹੈ ਤਾਂ ਉਸ ਘੜੇ ਵਿੱਚ ਦਾ ਸਭ ਕੁਝ ਨਾਪਾਕ ਹੋ ਜਾਵੇਗਾ। ਅਤੇ ਤੁਹਾਨੂੰ ਉਹ ਘੜਾ ਤੋੜ ਦੇਣਾ ਚਾਹੀਦਾ ਹੈ।
34 ਜੇ ਉਸ ਨਾਪਾਕ ਘੜੇ ਦਾ ਪਾਣੀ ਕਿਸੇ ਭੋਜਨ ਤੇ ਡਿੱਗਦਾ ਹੈ, ਉਹ ਭੋਜਨ ਨਾਪਾਕ ਹੋ ਜਾਵੇਗਾ ਅਤੇ ਕੋਈ ਵੀ ਪੇਯ ਜੇ ਅਜਿਹੇ ਬਰਤਨ ਵਿੱਚ ਸੀ, ਨਾਪਾਕ ਹੋ ਜਾਵੇਗਾ।
35 ਜੇ ਕਿਸੇ ਵੀ ਮਰੇ ਹੋਏ ਨਾਪਾਕ ਜਾਨਵਰ ਦਾ ਕੋਈ ਅੰਗ ਕਿਸੇ ਚੀਜ਼ ਉੱਤੇ ਡਿੱਗ ਪਵੇ, ਤਾਂ ਉਹ ਚੀਜ਼ ਨਾਪਾਕ ਹੈ। ਇਹ ਮਿੱਟੀ ਦਾ ਤੰਦੂਰ ਜਾਂ ਭੋਜਨ ਪਕਾਉਣ ਵਾਲੀ ਭਠੀ ਵੀ ਹੋ ਸਕਦੀ ਹੈ ਅਤੇ ਇਸਨੂੰ ਭੰਨ ਦੇਣਾ ਚਾਹੀਦਾ ਹੈ। ਇਹ ਚੀਜ਼ਾਂ ਫ਼ੇਰ ਕਦੇ ਵੀ ਪਾਕ ਨਹੀਂ ਹੋਣਗੀਆਂ। ਉਹ ਹਮੇਸ਼ਾ ਤੁਹਾਡੇ ਲਈ ਨਾਪਾਕ ਹੋਣਗੀਆਂ।
36 “ਕੋਈ ਵੀ ਚਸ਼ਮਾ ਜਾਂ ਖੂਹ ਜਿਸ ਵਿੱਚ ਪਾਣੀ ਜਮ੍ਹਾਂ ਹੁੰਦਾ ਹੈ ਪਾਕ ਰਹੇਗਾ। ਪਰ ਜੇ ਕੋਈ ਬੰਦਾ ਕਿਸੇ ਨਾਪਾਕ ਜਾਨਵਰ ਦੀ ਲਾਸ਼ ਨੂੰ ਛੂਹ ਲੈਂਦਾ ਹੈ, ਉਹ ਵਿਅਕਤੀ ਨਾਪਾਕ ਹੋ ਜਾਂਦਾ।
37 ਜੇ ਉਨ੍ਹਾਂ ਮਰੇ ਹੋਏ ਨਾਪਾਕ ਜਾਨਵਰਾਂ ਦਾ ਕੋਈ ਅੰਗ ਕਿਸੇ ਬੀਜਣ ਵਾਲੇ ਬੀਜ ਉੱਤੇ ਡਿੱਗ ਪੈਂਦਾ ਹੈ ਤਾਂ ਉਹ ਬੀਜ ਹਾਲੇ ਵੀ ਪਾਕ ਹੈ।
38 ਪਰ ਜੇ ਤੁਸੀਂ ਬੀਜਾਂ ਉੱਤੇ ਪਾਣੀ ਪਾ ਦਿੰਦੇ ਹੋ ਅਤੇ ਜੇ ਉਨ੍ਹਾਂ ਮਰੇ ਹੋਏ ਜਾਨਵਰਾਂ ਦਾ ਕੋਈ ਅੰਗ ਇਨ੍ਹਾ ਬੀਜਾਂ ਉੱਤੇ ਡਿੱਗ ਪੈਂਦਾ ਹੈ, ਤਾਂ ਉਹ ਬੀਜ ਤੁਹਾਡੇ ਲਈ ਨਾਪਾਕ ਹਨ।
39 “ਇਸ ਤੋਂ ਇਲਾਵਾ, ਜੇ ਕੋਈ ਅਜਿਹਾ ਜਾਨਵਰ ਜਿਸਨੂੰ ਤੁਸੀਂ ਭੋਜਨ ਲਈ ਵਰਤਦੇ ਹੋ ਮਰ ਜਾਂਦਾ ਹੈ, ਤਾਂ ਜਿਹੜਾ ਬੰਦਾ ਉਸਦੀ ਲਾਸ਼ ਨੂੰ ਛੂਹੇਗਾ ਸ਼ਾਮ ਤੱਕ ਨਾਪਾਕ ਰਹੇਗਾ।
40 ਉਹ ਬੰਦਾ ਜਿਹੜਾ ਇਸ ਜਾਨਵਰ ਦਾ ਮਾਸ ਖਾਂਦਾ ਹੈ ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੱਕ ਨਾਪਾਕ ਰਹੇਗਾ। ਜਿਹੜਾ ਬੰਦਾ ਜਾਨਵਰ ਦੇ ਮੁਰਦਾ ਸ਼ਰੀਰ ਨੂੰ ਚੁੱਕਦਾ ਹੈ ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੀਕ ਨਾਪਾਕ ਰਹੇਗਾ।
41 “ਹਰ ਉਹ ਜਾਨਵਰ ਜਿਹੜਾ ਧਰਤੀ ਉੱਤੇ ਘਿਸਰਦਾ ਹੈ ਉਨ੍ਹਾਂ ਜਾਨਵਰਾਂ ਵਿੱਚੋਂ ਹੈ ਜਿਨ੍ਹਾਂ ਨੂੰ ਖਾਣਾ ਯਹੋਵਾਹ ਨੇ ਮਨ੍ਹਾ ਕੀਤਾ ਹੈ।
42 ਤੁਹਾਨੂੰ ਉਹ ਜਾਨਵਰ ਨਹੀਂ ਖਾਣੇ ਚਾਹੀਦੇ ਜਿਹੜੇ ਧਰਤੀ ਤੇ ਰੀਂਗਦੇ ਹਨ; ਉਹ ਜਿਹੜੇ ਆਪਣੇ ਢਿੱਡ ਭਾਰ ਰੀਂਗਦੇ ਹਨ, ਉਹ ਜਿਨ੍ਹਾਂ ਦੀਆਂ ਚਾਰ ਲੱਤਾਂ ਹਨ ਜਾਂ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਲੱਤਾਂ ਹੋਣ। ਇਹ ਜਾਨਵਰ ਤੁਹਾਡੇ ਲਈ ਘ੍ਰਿਣਾਯੋਗ ਹੋਣੇ ਚਾਹੀਦੇ ਹਨ।
43 ਇਨ੍ਹਾਂ ਰੀਂਗਣ ਵਾਲੇ ਜੀਵਾਂ ਜਾਂ ਸੱਪਾਂ ਕਾਰਣ ਆਪਣੇ-ਆਪ ਨੂੰ ਘ੍ਰਿਣਾਯੋਗ ਨਾ ਬਣਾਉ। ਤੁਹਾਨੂੰ ਇਨ੍ਹਾਂ ਨਾਲ ਆਪਣੇ-ਆਪ ਨੂੰ ਗੰਦਾ ਨਹੀਂ ਬਨਾਉਣਾ ਚਾਹੀਦਾ, ਨਹੀਂ ਤਾਂ ਤੁਸੀਂ ਨਾਪਾਕ ਹੋ ਜਾਵੋਂਗੇ।
44 ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਪਵਿੱਤਰ ਹਾਂ, ਇਸ ਲਈ ਤੁਹਾਨੂੰ ਆਪਣੇ-ਆਪ ਨੂੰ ਪਵਿੱਤਰ ਰੱਖਣਾ ਚਾਹੀਦਾ ਹੈ। ਇਨ੍ਹਾਂ ਘਿਸਰਨ ਵਾਲਿਆਂ ਸ਼ੈਆਂ ਨਾਲ ਆਪਣੇ-ਆਪ ਨੂੰ ਪਲੀਤ ਨਾ ਬਣਾਉ।
45 ਮੈਂ ਯਹੋਵਾਹ ਹਾਂ ਜੋ ਤੁਹਾਨੂੰ ਮਿਸਰ ਦੀ ਧਰਤੀ ਵਿੱਚੋਂ ਬਾਹਰ ਲਿਆਇਆ ਤਾਂ ਜੋ ਮੈਂ ਤੁਹਾਡਾ ਪਰਮੇਸ਼ੁਰ ਹੋ ਸਕਾਂ। ਤੁਹਾਨੂੰ ਉਵੇਂ ਹੀ ਪਵਿੱਤਰ ਹੋਣਾ ਚਾਹੀਦਾ ਹੈ ਜਿਵੇਂ ਮੈਂ ਪਵਿੱਤਰ ਹਾਂ।”
46 ਇਹ ਨੇਮ ਸਾਰੇ ਪਾਲਤੂ ਜਾਨਵਰਾਂ, ਪੰਛੀਆਂ ਅਤੇ ਧਰਤੀ ਦੇ ਹੋਰ ਜਾਨਵਰਾਂ ਬਾਰੇ ਹਨ। ਇਹ ਨੇਮ ਸਮੁੰਦਰ ਦੇ ਸਾਰੇ ਜਾਨਵਰਾਂ, ਅਤੇ ਉਨ੍ਹਾਂ ਸਾਰੇ ਜਾਨਵਰਾਂ ਬਾਰੇ ਹਨ ਜਿਹੜੇ ਧਰਤੀ ਉੱਤੇ ਘਿਸਰਦੇ ਹਨ।
47 ਇਹ ਸਿਖਿਆਵਾਂ ਇਸ ਲਈ ਹਨ ਤਾਂ ਜੋ ਲੋਕ ਪਲੀਤ ਜਾਨਵਰਾਂ ਨੂੰ ਪਾਕ ਜਾਨਵਰਾਂ ਨਾਲੋਂ ਨਿਖੇੜ ਸਕਣ। ਤਾਂ ਜੋ ਲੋਕ ਜਾਣ ਸਕਣ ਕਿ ਕਿਨ੍ਹਾਂ ਜਾਨਵਰਾਂ ਨੂੰ ਉਹ ਖਾ ਸਕਦੇ ਹਨ ਅਤੇ ਕਿਨ੍ਹਾਂ ਨੂੰ ਉਹ ਨਹੀਂ ਖਾ ਸਕਦੇ।