ਅਹਬਾਰ
ਕਾਂਡ 24
1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਹੁਕਮ ਦੇ ਕਿ ਉਹ ਜ਼ੈਤੂਨ ਵਿੱਚੋਂ ਪੀੜਿਆ ਹੋਇਆ ਸ਼ੁਧ ਤੇਲ ਲੈਕੇ ਆਉਣ। ਇਹ ਤੇਲ ਦੀਵਿਆਂ ਲਈ ਹੈ। ਇਹ ਦੀਵੇ ਬਿਨਾ ਬੁਝੇ ਬਲਣੇ ਚਾਹੀਦੇ ਹਨ।
3 ਹਾਰੂਨ ਮੰਡਲੀ ਵਾਲੇ ਤੰਬੂ ਵਿੱਚ ਯਹੋਵਾਹ ਦੇ ਸਾਮ੍ਹਣੇ ਸ਼ਾਮ ਤੋਂ ਸਵੇਰ ਤੱਕ ਰੌਸ਼ਨੀ ਜਗਦੀ ਰੱਖੇਗਾ। ਇਹ ਰੌਸ਼ਨੀ ਉਸ ਪਰਦੇ ਦੇ ਬਾਹਰ ਹੋਵੇਗੀ ਜਿਹੜਾ ਇਕਰਾਰਨਾਮੇ ਦੇ ਸੰਦੂਕ ਦੇ ਸਾਮ੍ਹਣੇ ਟਂਗਿਆ ਹੋਇਆ ਹੈ। ਇਹ ਨੇਮ ਹਮੇਸ਼ਾ ਜਾਰੀ ਰਹੇਗਾ।
4 ਹਾਰੂਨ ਨੂੰ ਦੀਵਿਆਂ ਨੂੰ ਹਮੇਸ਼ਾ ਯਹੋਵਾਹ ਦੇ ਅੱਗੇ ਬਲਦੇ ਰਹਿਣ ਲਈ ਸ਼ੁਧ ਸੋਨੇ ਦੇ ਲੈਂਪ ਸਟੈਂਡ ਉੱਤੇ ਰੱਖਣਾ ਚਾਹੀਦਾ ਹੈ।
5 “ਮੈਦਾ ਲਵੋ ਅਤੇ ਉਸ ਦੀਆਂ 12 ਰੋਟੀਆਂ ਪਕਾਉ। ਹਰੇਕ ਰੋਟੀ ਲਈ 16 ਕੱਪ ਮੈਦਾ ਵਰਤੋਂ।
6 ਇਨ੍ਹਾਂ ਨੂੰ ਦੋ ਕਤਾਰਾਂ ਵਿੱਚ ਯਹੋਵਾਹ ਦੇ ਸਾਮ੍ਹਣੇ ਸੁਨਿਹਰੀ ਮੇਜ ਉੱਤੇ ਰੱਖੋ। ਹਰੇਕ ਕਤਾਰ ਵਿੱਚ 6 ਰੋਟੀਆਂ ਹੋਣਗੀਆਂ।
7 ਰੋਟੀ ਦੀ ਹਰ ਕਤਾਰ ਦੇ ਨਾਲ ਸ਼ੁਧ ਲੁਬਾਨ ਰੱਖੋ। ਇਹ ਰੋਟੀ ਲਈ ਯਾਦਗਾਰੀ ਹਿੱਸਾ ਅਤੇ ਯਹੋਵਾਹ ਨੂੰ ਅੱਗ ਦੁਆਰਾ ਚੜਾਵਾ ਹੋਵੇਗਾ।
8 ਹਰ ਸਬਤ ਦੇ ਦਿਨ, ਜਾਜਕ ਯਹੋਵਾਹ ਦੇ ਸਾਮ੍ਹਣੇ ਕਤਾਰ ਵਿੱਚ ਹਮੇਸ਼ਾ ਨਵੀਆਂ ਰੋਟੀਆਂ ਰੱਖੇਗਾ। ਇਹ ਇਕਰਾਰਨਾਮਾ ਇਸਰਾਏਲ ਦੇ ਲੋਕਾਂ ਲਈ ਸਦਾ ਜਾਰੀ ਰਹੇਗਾ।
9 ਇਹ ਰੋਟੀ ਹਾਰੂਨ ਅਤੇ ਉਸਦੇ ਪੁੱਤਰਾਂ ਦੀ ਹੋਵੇਗੀ। ਉਹ ਇਸ ਰੋਟੀ ਨੂੰ ਕਿਸੇ ਪਵਿੱਤਰ ਸਥਾਨ ਤੇ ਖਾਣਗੇ। ਕਿਉਂਕਿ ਯਹੋਵਾਹ ਨੂੰ ਅੱਗ ਦੁਆਰਾ ਚੜਾਏ ਗਏ ਚੜਾਵਿਆਂ ਵਿੱਚੋਂ ਸਭ ਤੋਂ ਪਵਿੱਤਰ ਰੋਟੀ ਹਮੇਸ਼ਾ ਲਈ ਹਾਰੂਨ ਦੀ ਹੈ।
10 ਕਿਸੇ ਇਸਰਾਏਲੀ ਮਾਤਾ ਅਤੇ ਮਿਸਰੀ ਪਿਤਾ ਦੇ ਇੱਕ ਪੁੱਤਰ ਨੇ, ਇਸਰਾਏਲੀ ਲੋਕਾਂ ਦਰਮਿਆਨ ਤੁਰਿਆ ਜਾਂਦਿਆਂ ਡੇਰੇ ਅੰਦਰ ਇੱਕ ਇਸਰਾਏਲੀ ਆਦਮੀ ਨਾਲ ਲੜਨਾ ਸ਼ੁਰੂ ਕਰ ਦਿੱਤਾ।
11 ਇਸਰਾਏਲੀ ਔਰਤ ਦੇ ਪੁੱਤਰ ਨੇ ਗਾਲ੍ਹਾਂ ਕਢੀਆਂ ਤੇ ਯਹੋਵਾਹ ਦੇ ਨਾਮ ਨੂੰ ਕਲੰਕਤ ਕਰ ਦਿੱਤਾ, ਇਸ ਲਈ ਲੋਕ ਇਸ ਆਦਮੀ ਨੂੰ ਮੂਸਾ ਕੋਲ ਲੈ ਆਏ। (ਉਸਦੀ ਮਾਂ ਦਾ ਨਾਮ ਸ਼ਲੂਮੀਥ ਸੀ ਜਿਹੜੀ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਦਿਬਰੀ ਦੀ ਧੀ ਸੀ।)
12 ਲੋਕਾਂ ਨੇ ਉਸ ਆਦਮੀ ਨੂੰ ਕੈਦੀ ਬਣਾ ਲਿਆ ਅਤੇ ਯਹੋਵਾਹ ਦੇ ਹੁਕਮ ਨੂੰ ਉਨ੍ਹਾਂ ਸਾਮ੍ਹਣੇ ਸਾਫ਼ ਹੋ ਜਾਣ ਦਾ ਇੰਤਜ਼ਾਰ ਕਰਨ ਲੱਗੇ।
13 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ,
14 “ਉਸ ਆਦਮੀ ਨੂੰ, ਜਿਸਨੇ ਸਰਾਪਿਆ ਸੀ, ਡੇਰੇ ਤੋਂ ਬਾਹਰ ਲੈ ਜਾਉ। ਫ਼ੇਰ ਉਨ੍ਹਾਂ ਸਾਰੇ ਲੋਕਾਂ ਨੂੰ ਇਕੱਤਰ ਕਰੋ ਜਿਨ੍ਹਾਂ ਨੇ ਉਸਨੂੰ ਗਾਲ੍ਹਾਂ ਕਢਦਿਆਂ ਸੁਣਿਆ ਸੀ। ਉਨ੍ਹਾਂ ਨੂੰ ਆਪਣੇ ਹੱਥ ਉਸਦੇ ਸਿਰ ਤੇ ਰੱਖਣੇ ਚਾਹੀਦੇ ਹਨ ਅਤੇ ਫ਼ੇਰ ਸਾਰੇ ਲੋਕਾਂ ਨੂੰ ਉਸ ਉੱਤੇ ਪੱਥਰ ਸੁੱਟਕੇ ਉਸਨੂੰ ਮਾਰ ਦੇਣਾ ਚਾਹੀਦਾ ਹੈ।
15 ਤੈਨੂੰ ਇਸਰਾਏਲ ਦੇ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਹੈ; ਜੇ ਕੋਈ ਬੰਦਾ ਆਪਣੇ ਪਰਮੇਸ਼ੁਰ ਨੂੰ ਗਾਲ੍ਹ ਕਢਦਾ ਹੈ ਤਾਂ ਉਸਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ।
16 ਕੋਈ ਵੀ ਬੰਦਾ, ਜਿਹੜਾ ਯਹੋਵਾਹ ਦੇ ਨਾਮ ਦੇ ਵਿਰੁੱਧ ਬੋਲਦਾ ਹੈ, ਮਾਰ ਮੁਕਾਇਆ ਜਾਣਾ ਚਾਹੀਦਾ ਹੈ। ਸਾਰੇ ਲੋਕਾਂ ਨੂੰ ਉਸਨੂੰ ਪੱਥਰ ਮਾਰਨੇ ਚਾਹੀਦੇ ਹਨ। ਪਰਦੇਸੀਆਂ ਨੂੰ ਵੀ ਉਸੇ ਤਰ੍ਹਾਂ ਦੀ ਸਜ਼ਾ ਦੇਣੀ ਚਾਹੀਦੀ ਹੈ ਜਿਹੋ ਜਿਹੀ ਇਸਰਾਏਲ ਵਿੱਚ ਜੰਮੇ ਬੰਦੇ ਨੂੰ ਦਿੱਤੀ ਗਈ। ਜੇ ਕੋਈ ਬੰਦਾ ਯਹੋਵਾਹ ਦੇ ਨਾਮ ਨੂੰ ਸਰਾਪਦਾ ਹੈ ਉਸਨੂੰ ਮਾਰ ਸੁੱਟਣਾ ਚਾਹੀਦਾ ਹੈ।
17 “ਅਤੇ ਜੇ ਕੋਈ ਬੰਦਾ ਕਿਸੇ ਹੋਰ ਬੰਦੇ ਨੂੰ ਮਾਰ ਦਿੰਦਾ ਹੈ ਤਾਂ ਉਸਨੂੰ ਮਾਰ ਦੇਣਾ ਚਾਹੀਦਾ ਹੈ।
18 ਜਿਹੜਾ ਬੰਦਾ ਕਿਸੇ ਜਾਨਵਰ ਨੂੰ ਮਾਰ ਦਿੰਦਾ ਹੈ ਜਿਹੜਾ ਕਿਸੇ ਹੋਰ ਬੰਦੇ ਦਾ ਹੈ ਤਾਂ ਉਸਨੂੰ ਉਸਦੀ ਥਾਵੇਂ ਹੋਰ ਜਾਨਵਰ ਦੇਣਾ ਚਾਹੀਦਾ ਹੈ।
19 “ਅਤੇ ਜੇ ਕੋਈ ਬੰਦਾ ਆਪਣੇ ਗੁਆਂਢੀ ਨੂੰ ਜ਼ਖਮ ਦਿੰਦਾ ਹੈ ਤਾਂ ਉਸੇ ਤਰ੍ਹਾਂ ਦਾ ਜ਼ਖਮ ਉਸ ਬੰਦੇ ਨੂੰ ਦੇਣਾ ਚਾਹੀਦਾ ਹੈ।
20 ਟੁੱਟੀ ਹੱਡੀ ਬਦਲੇ ਟੁੱਟੀ ਹੱਡੀ, ਅਖ ਬਦਲੇ ਅੱਖ ਦੰਦ ਬਦਲੇ ਦੰਦ। ਜਿਸ ਕਿਸਮ ਦਾ ਜ਼ਖਮ ਕੋਈ ਬੰਦਾ ਕਿਸੇ ਦੂਸਰੇ ਨੂੰ ਦਿੰਦਾ ਹੈ ਉਸ ਬੰਦੇ ਨੂੰ ਵੀ ਉਸੇ ਤਰ੍ਹਾਂ ਦਾ ਜ਼ਖਮ ਦੇਣਾ ਚਾਹੀਦਾ ਹੈ।
21 ਇਸ ਲਈ ਜੇ ਕੋਈ ਬੰਦਾ ਕਿਸੇ ਜਾਨਵਰ ਨੂੰ ਮਾਰ ਦਿੰਦਾ ਹੈ ਤਾਂ ਉਸ ਬੰਦੇ ਨੂੰ ਜਾਨਵਰ ਦੀ ਕੀਮਤ ਦੇਣੀ ਚਾਹੀਦੀ ਹੈ। ਪਰ ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਮਾਰ ਦਿੰਦਾ ਹੈ ਤਾਂ ਉਸਨੂੰ ਮਾਰ ਦੇਣਾ ਚਾਹੀਦਾ ਹੈ।
22 “ਇਹ ਕਾਨੂੰਨ ਬੇਲਾਗ ਹੋਵੇਗਾ - ਇਹ ਪਰਦੇਸੀਆਂ ਲਈ ਵੀ ਹੈ ਅਤੇ ਤੁਹਾਡੇ ਆਪਣੇ ਦੇਸ਼ ਦੇ ਲੋਕਾਂ ਲਈ ਵੀ। ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
23 ਫ਼ੇਰ ਮੂਸਾ ਨੇ ਇਸਰਾਏਲ ਦੇ ਲੋਕਾਂ ਨਾਲ ਗੱਲ ਕੀਤੀ, ਅਤੇ ਉਨ੍ਹਾਂ ਨੇ ਉਸ ਬੰਦੇ ਨੂੰ, ਡੇਰੇ ਤੋਂ ਬਾਹਰ ਲਿਆਂਦਾ, ਜਿਸਨੇ ਸਰਾਪਿਆ ਸੀ। ਫ਼ੇਰ ਉਨ੍ਹਾਂ ਨੇ ਉਸਨੂੰ ਪੱਥਰਾਂ ਨਾਲ ਮਾਰ ਦਿੱਤਾ। ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਬਿਲਕੁਲ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।