ਖ਼ਰੋਜ
ਕਾਂਡ 40
1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਪਹਿਲੇ ਮਹੀਨੇ ਦੇ ਪਹਿਲੇ ਦਿਨ ਪਵਿੱਤਰ ਤੰਬੂ, ਅਰਥਾਤ ਮੰਡਲੀ ਵਾਲੇ ਤੰਬੂ ਨੂੰ ਸਥਾਪਿਤ ਕਰੀਂ।
3 ਇਕਰਾਰਨਾਮੇ ਵਾਲੇ ਸੰਦੂਕ ਨੂੰ ਪਵਿੱਤਰ ਤੰਬੂ ਵਿੱਚ ਰੱਖ ਦੇਵੀਂ। ਸੰਦੂਕ ਨੂੰ ਪਰਦੇ ਨਾਲ ਢਕ ਦੇਵੀ।
4 ਫ਼ੇਰ ਮੇਜ ਲਿਆਵੀਂ। ਉਹ ਸਾਰੀਆਂ ਚੀਜ਼ਾਂ ਮੇਜ ਉੱਪਰ ਰੱਖ ਦੇਵੀਂ ਜਿਹੜੀਆਂ ਉਥੇ ਹੋਣੀਆਂ ਚਾਹੀਦੀਆਂ ਹਨ। ਫ਼ੇਰ ਸ਼ਮਾਦਾਨ ਨੂੰ ਤੰਬੂ ਵਿੱਚ ਰੱਖੀਂ। ਸ਼ਮਾਦਾਨ ਨੂੰ ਸਹੀ ਥਾਵਾਂ ਉੱਤੇ ਦੀਵੇ ਰੱਖੀਂ।
5 ਤੰਬੂ ਵਿੱਚ ਧੂਫ਼ ਧੁਖਾਉਣ ਲਈ ਇਕਰਾਰਨਾਮੇ ਵਲੇ ਸੰਦੂਕ ਦੇ ਸਾਮ੍ਹਣੇ ਸੁਨਿਹਰੀ ਜਗਵੇਦੀ ਰੱਖੀਂ। ਫ਼ੇਰ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਤੇ ਪਰਦਾ ਟੰਗੀ।
6 “ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਸਾਮ੍ਹਣੇ ਹੋਮ ਦੀਆਂ ਭੇਟਾਂ ਦੀ ਜਗਵੇਦੀ ਸਥਾਪਿਤ ਕਰੀਂ।
7 ਤਸਲੇ ਨੂੰ ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰਖੀਂ। ਤਸਲੇ ਵਿੱਚ ਪਾਣੀ ਰਖੀਂ।
8 ਵਿਹੜੇ ਦੇ ਆਲੇ-ਦੁਆਲੇ ਪਰਦਿਆਂ ਦੀ ਕੰਧ ਉਸਾਰੀ। ਫ਼ੇਰ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਲਾਵੀਂ।
9 “ਮਸਹ ਵਾਲਾ ਤੇਲ ਲੈਕੇ ਇਸਨੂੰ ਪਵਿੱਤਰ ਤੰਬੂ ਦੀ ਹਰ ਸੈਅ ਉੱਪਰ ਛਿੜਕ ਦੇਵੀਂ। ਜਦੋਂ ਤੂੰ ਇਨ੍ਹਾਂ ਚੀਜ਼ਾਂ ਉੱਪਰ ਤੇਲ ਛਿੜਕੇਂਗਾ ਤਾਂ ਤੂੰ ਇਨ੍ਹਾਂ ਨੂੰ ਪਵਿੱਤਰ ਬਣਾ ਦੇਵੇਂਗਾ।
10 ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਉੱਤੇ ਤੇਲ ਛਿੜਕੀਂ। ਜਗਵੇਦੀ ਦੀ ਹਰ ਚੀਜ਼ ਉੱਤੇ ਤੇਲ ਛਿੜਕੀਂ। ਤੂੰ ਜਗਵੇਦੀ ਨੂੰ ਪਵਿੱਤਰ ਬਣਾ ਦੇਵੇਂਗਾ। ਇਹ ਬਹੁਤ ਪਵਿੱਤਰ ਹੋਵੇਗੀ।
11 ਫ਼ੇਰ ਤੂੰ ਤਸਲੇ ਨੂੰ ਅਤੇ ਇਸਦੀ ਚੌਂਕੀ ਉੱਤੇ ਤੇਲ ਛਿੜਕੀਂ। ਇਨ੍ਹਾਂ ਚੀਜ਼ਾਂ ਨੂੰ ਪਵਿੱਤਰ ਬਨਾਉਣ ਲਈ ਅਜਿਹਾ ਕਰੀਂ।
12 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਕੋਲ ਲੈ ਆਵੀਂ। ਉਨ੍ਹਾਂ ਦਾ ਪਾਣੀ ਨਾਲ ਇਸਨਾਨ ਕਰਾਵੀਂ।
13 ਫ਼ੇਰ ਹਾਰੂਨ ਨੂੰ ਖਾਸ ਵਸਤਰ ਪਹਿਨਾਵੀਂ। ਉਸ ਉੱਪਰ ਤੇਲ ਛਿੜਕੀਂ ਤੇ ਉਸਨੂੰ ਪਵਿੱਤਰ ਬਣਾ ਦੇਵੀਂ। ਫ਼ੇਰ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕਦਾ ਹੈ।
14 ਫ਼ੇਰ ਉਸਦੇ ਪੁੱਤਰਾਂ ਨੂੰ ਵਸਤਰ ਪਹਿਨਾਵੀਂ।
15 ਉਸਦੇ ਪੁੱਤਰਾਂ ਉੱਤੇ ਵੀ ਓਸੇ ਤਰ੍ਹਾਂ ਤੇਲ ਛਿੜਕੀਂ ਜਿਵੇਂ ਤੂੰ ਉਨ੍ਹਾਂ ਦੇ ਪਿਤਾ ਉੱਤੇ ਛਿੜਕਿਆ ਸੀ। ਫ਼ੇਰ ਉਹ ਵੀ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣਗੇ। ਜਦੋਂ ਤੂੰ ਉਨ੍ਹਾਂ ਨੂੰ ਮਸਹ ਕਰੇਂਗਾ ਤਾਂ ਉਹ ਜਾਜਕ ਬਣ ਜਾਣਗੇ। ਉਹ ਪਰਿਵਾਰ ਸਾਰੇ ਸਮਿਆਂ ਲਈ ਜਾਜਕਾਂ ਦਾ ਬਣਿਆ ਰਹੇਗਾ।”
16 ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਉਸਨੇ ਹਰ ਉਹ ਗੱਲ ਕੀਤੀ ਜਿਸਦਾ ਯਹੋਵਾਹ ਨੇ ਉਸਨੂੰ ਹੁਕਮ ਦਿੱਤਾ ਸੀ।
17 ਇਸ ਲਈ ਠੀਕ ਸਮੇਂ ਪਵਿੱਤਰ ਤੰਬੂ ਸਥਾਪਿਤ ਕੀਤਾ ਗਿਆ। ਇਹ ਉਸ ਸਮੇਂ ਤੋਂ ਜਦੋਂ ਉਨ੍ਹਾਂ ਨੇ ਮਿਸਰ ਛੱਡਿਆ ਸੀ ਦੂਸਰੇ ਵਰ੍ਹੇ ਦੌਰਾਨ ਪਹਿਲੇ ਮਹੀਨੇ ਦਾ ਪਹਿਲਾ ਦਿਨ ਸੀ।
18 ਮੂਸਾ ਨੇ ਪਵਿੱਤਰ ਤੰਬੂ ਨੂੰ ਉਸੇ ਤਰ੍ਹਾਂ ਸਥਾਪਿਤ ਕੀਤਾ ਜਿਵੇਂ ਯਹੋਆਹ ਨੇ ਆਖਿਆ ਸੀ। ਸਭ ਤੋਂ ਪਹਿਲਾਂ, ਉਸਨੇ ਚੀਥੀਆਂ ਰੱਖੀਆਂ ਅਤੇ ਫ਼ੇਰ ਚੀਥੀਆਂ ਉੱਤੇ ਫ਼ੱਟੀਆਂ ਰੱਖੀਆਂ। ਫ਼ੇਰ ਉਸਨੇ ਬਰੇਸਾਂ ਲਾਕੇ ਚੋਬਾਂ ਲਾਈਆਂ।
19 ਇਸਤੋਂ ਮਗਰੋਂ ਪਵਿੱਤਰ ਤੰਬੂ ਉੱਤੇ ਬਾਹਰਲਾ ਤੰਬੂ ਲਾਇਆ। ਫ਼ੇਰ ਉਸਨੇ ਬਾਹਰਲੇ ਤੰਬੂ ਉੱਤੇ ਕੱਜਣ ਪਾਇਆ। ਉਸਨੇ ਇਹ ਚੀਜ਼ਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ।
20 ਮੂਸਾ ਨੇ ਇਕਰਾਰਨਮਾ ਲਿਆ ਅਤੇ ਇਸਨੂੰ ਪਵਿੱਤਰ ਸੰਦੂਕ ਵਿੱਚ ਰੱਖ ਦਿੱਤਾ। ਮੂਸਾ ਨੇ ਸੰਦੂਕ ਉੱਤੇ ਚੋਬਾਂ ਰੱਖੀਆਂ। ਫ਼ੇਰ ਉਸਨੇ ਸੰਦੂਕ ਉੱਪਰ ਕੱਜਣ ਪਾ ਦਿੱਤਾ।
21 ਫ਼ੇਰ ਮੂਸਾ ਨੇ ਪਵਿੱਤਰ ਸੰਦੂਕ ਨੂੰ ਪਵਿੱਤਰ ਤੰਬੂ ਦੇ ਅੰਦਰ ਰੱਖ ਦਿੱਤਾ। ਉਸਨੇ ਇਸਦੀ ਰੱਖਿਆ ਲਈ ਠੀਕ ਥਾਂ ਉੱਤੇ ਪਰਦਾ ਟੰਗ ਦਿੱਤਾ। ਇਸ ਤਰ੍ਹਾਂ ਉਸਨੇ ਇਕਰਾਰਨਾਮੇ ਦੇ ਸੰਦੂਕ ਨੂੰ ਪਰਦੇ ਦੇ ਪਿਛੇ ਸੁਰਖਿਅਤ ਕਰ ਦਿੱਤਾ, ਜਿਵੇਂ ਕਿ ਯਹੋਵਾਹ ਨੇ ਉਸਨੂੰ ਹੁਕਮ ਦਿੱਤਾ ਸੀ।
22 ਫ਼ੇਰ ਮੂਸਾ ਨੇ ਮੰਡਲੀ ਵਾਲੇ ਤੰਬੂ ਵਿੱਚ ਮੇਜ ਨੂੰ ਸਥਾਪਿਤ ਕੀਤਾ। ਉਸਨੇ ਇਸਨੂੰ ਪਵਿੱਤਰ ਤੰਬੂ ਦੇ ਉੱਤਰ ਵਾਲੇ ਪਾਸੇ ਪਵਿੱਤਰ ਸਥਾਨ ਦੇ ਅੰਦਰ ਪਰਦੇ ਦੇ ਸਾਮ੍ਹਣੇ ਰੱਖਿਆ।
23 ਫ਼ੇਰ ਉਸਨੇ ਯਹੋਵਾਹ ਦੇ ਸਾਮ੍ਹਣੇ ਮੇਜ ਉੱਪਰ ਰੋਟੀ ਰੱਖ ਦਿੱਤੀ ਉਸਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਹੁਕਮ ਕੀਤਾ ਸੀ।
24 ਫ਼ੇਰ ਮੂਸਾ ਨੇ ਸ਼ਮਾਦਾਨ ਨੂੰ ਮੰਡਲੀ ਵਾਲੇ ਤੰਬੂ ਦੇ ਦਖਣ ਵਾਲੇ ਪਾਸੇ, ਮੇਜ ਦੇ ਵਿਪਰੀਤ ਸਥਾਪਿਤ ਕੀਤਾ।
25 ਫ਼ੇਰ ਮੁਸਾ ਨੇ ਯਹੋਵਾਹ ਦੇ ਸਾਮ੍ਹਣੇ ਸ਼ਮਾਦਾਨ ਉੱਤੇ ਦੀਵੇ ਰੱਖ ਦਿੱਤੇ। ਉਸਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਹੁਕਮ ਕੀਤਾ ਸੀ।
26 ਫ਼ੇਰ ਮੂਸਾ ਨੇ ਮੰਡਲੀ ਵਾਲੇ ਤੰਬੂ ਵਿੱਚ ਸੁਨਿਹਰੀ ਜਗਵੇਦੀ ਸਥਾਪਿਤ ਕੀਤੀ। ਉਸਨੇ ਜਗਵੇਦੀ ਨੂੰ ਪਰਦੇ ਦੇ ਸਾਮ੍ਹਣੇ ਰੱਖ ਦਿੱਤਾ।
27 ਫ਼ੇਰ ਉਸਨੇ ਜਗਵੇਦੀ ਉੱਤੇ ਸੁਗੰਧਤ ਧੂਫ਼ ਧੁਖਾਈ। ਉਸਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਹੁਕਮ ਦਿੱਤਾ ਸੀ।
28 ਫ਼ੇਰ ਮੂਸਾ ਨੇ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਟੰਗ ਦਿੱਤਾ।
29 ਮੂਸਾ ਨੇ ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਹੋਮ ਦੀਆਂ ਭੇਟਾਂ ਲਈ ਜਗਵੇਦੀ ਸਥਾਪਿਤ ਕਰ ਦਿੱਤੀ। ਫ਼ੇਰ ਮੂਸਾ ਨੇ ਉਸ ਜਗਵੇਦੀ ਉੱਤੇ ਹੋਮ ਦੀ ਭੇਟ ਅਰਪਨ ਕੀਤੀ। ਉਸਨੇ ਯਹੋਵਾਹ ਨੂੰ ਅਨਾਜ਼ ਦੀ ਭੇਟ ਵੀ ਚੜਾਈ। ਉਸਨੇ ਇਹ ਗੱਲਾਂ ਉਸੇ ਤਰ੍ਹਾਂ ਕੀਤੀਆਂ ਜਿਸ ਤਰ੍ਹਾਂ ਯਹੋਵਾਹ ਨੇ ਉਸਨੂੰ ਹੁਕਮ ਕੀਤਾ ਸੀ।
30 ਫ਼ੇਰ ਮੂਸਾ ਨੇ ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਤਸਲਾ ਰੱਖ ਦਿੱਤਾ। ਮੂਸਾ ਨੇ ਤਸਲੇ ਵਿੱਚ ਹੱਥ-ਪੈਰ ਧੋਣ ਲਈ ਪਾਣੀ ਰੱਖ ਦਿੱਤਾ।
31 ਮੂਸਾ, ਹਾਰੂਨ ਅਤੇ ਹਾਰੂਨ ਦੇ ਪੁੱਤਰਾਂ ਨੇ ਇਸ ਤਸਲੇ ਨੂੰ ਆਪਣੇ ਹੱਥ ਪੈਰ ਧੋਣ ਲਈ ਵਰਤਿਆ।
32 ਹਰ ਵਾਰੀ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੁੰਦੇ ਸਨ, ਉਹ ਆਪਣੇ ਹੱਥ ਪੈਰ ਧੋਂਦੇ ਸਨ। ਹਰ ਵਾਰੀ ਜਦੋਂ ਉਹ ਜਗਵੇਦੀ ਦੇ ਨੇੜੇ ਜਾਂਦੇ ਸਨ ਤਾਂ ਵੀ ਉਹ ਹੱਥ ਪੈਰ ਧੋਂਦੇ ਸਨ। ਉਨ੍ਹਾਂ ਨੇ ਇਹ ਗੱਲਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ।
33 ਫ਼ੇਰ ਮੂਸਾ ਨੇ ਪਵਿੱਤਰ ਤੰਬੂ ਦੇ ਵਿਹੜੇ ਦੇ ਆਲੇ-ਦੁਆਲੇ ਪਰਦੇ ਸਥਾਪਿਤ ਕਰ ਦਿੱਤੇ। ਮੂਸਾ ਨੇ ਜਗਵੇਦੀ ਦਾ ਵਿਹੜਾ ਵੀ ਸਥਾਪਿਤ ਕੀਤਾ। ਫ਼ੇਰ ਉਸਨੇ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਟੰਗ ਦਿੱਤਾ। ਇਸ ਤਰ੍ਹਾਂ ਮੂਸਾ ਨੇ ਇਹ ਸਾਰਾ ਕੰਮ ਮੁਕਾ ਲਿਆ ਜਿਹੜਾ ਯਹੋਵਾਹ ਨੇ ਉਸਨੂੰ ਕਰਨ ਲਈ ਦਿੱਤਾ ਸੀ।
34 ਫ਼ੇਰ ਮੰਡਲੀ ਵਾਲੇ ਤੰਬੂ ਉੱਪਰ ਬੱਦਲ ਛਾ ਗਿਆ। ਅਤੇ ਯਹੋਵਾਹ ਦੇ ਪਰਤਾਪ ਨੇ ਪਵਿੱਤਰ ਤੰਬੂ ਨੂੰ ਭਰ ਦਿੱਤਾ।
35 ਮੂਸਾ ਮੰਡਲੀ ਵਾਲੇ ਤੰਬੂ ਵਿੱਚ ਨਹੀਂ ਜਾ ਸਕਦਾ ਸੀ ਕਿਉਂਕਿ ਇਸ ਉੱਤੇ ਬੱਦਲ ਠਹਿਰ ਗਿਆ ਸੀ ਅਤੇ ਯਹੋਵਾਹ ਦੇ ਪਰਤਾਪ ਨੇ ਪਵਿੱਤਰ ਤੰਬੂ ਨੂੰ ਭਰ ਦਿੱਤਾ ਸੀ।
36 ਇਹ ਉਹੀ ਬੱਦਲ ਸੀ ਜਿਹੜਾ ਲੋਕਾਂ ਨੂੰ ਇਹ ਦਰਸਾਉਂਦਾ ਸੀ ਕਿ ਉਨ੍ਹਾਂ ਨੇ ਕਦੋਂ ਕੂਚ ਕਰਨਾ ਹੈ। ਜਦੋਂ ਬੱਦਲ ਪਵਿੱਤਰ ਤੰਬੂ ਤੋਂ ਉੱਪਰ ਉਠਦਾ, ਇਸਰਾਏਲ ਦੇ ਲੋਕ ਸਫ਼ਰ ਸ਼ੁਰੂ ਕਰ ਦਿੰਦੇ।
37 ਪਰ ਜਦੋਂ ਬੱਦਲ ਪਵਿੱਤਰ ਤੰਬੂ ਉੱਪਰ ਠਹਿਰਿਆ ਹੁੰਦਾ, ਲੋਕ ਜਾਣ ਦੀ ਕੋਸ਼ਿਸ਼ ਨਾ ਕਰਦੇ। ਉਹ ਓਨੀ ਦੇਰ ਉਸੇ ਥਾਂ ਟਿਕੇ ਰਹਿੰਦੇ ਜਦੋਂ ਤੱਕ ਕਿ ਬੱਦਲ ਉੱਪਰ ਨਹੀਂ ਉਠ ਜਾਂਦਾ ਸੀ।
38 ਇਸ ਤਰ੍ਹਾ ਯਹੋਵਾਹ ਦਾ ਬੱਦਲ ਦਿਨ ਵੇਲੇ ਪਵਿੱਤਰ ਤੰਬੂ ਦੇ ਉੱਪਰ ਟਿਕਿਆ ਹੋਇਆ ਸੀ। ਅਤੇ ਰਾਤ ਵੇਲੇ ਬੱਦਲ ਵਿੱਚ ਅੱਗ ਹੁੰਦੀ ਸੀ। ਇਸ ਲਈ ਇਸਰਾਏਲ ਦੇ ਸਾਰੇ ਲੋਕ ਸਫ਼ਰ ਕਰਦੇ ਸਮੇਂ ਬੱਦਲ ਨੂੰ ਦੇਖ ਸਕਦੇ ਸਨ।