ਖ਼ਰੋਜ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40

ਕਾਂਡ 37

1 ਬਸਲਏਲ ਨੇ ਪਵਿੱਤਰ ਸੰਦੂਕ ਸ਼ਿੱਟੀਮ ਦੀ ਲੱਕੜ ਤੋਂ ਬਣਾਇਆ। ਸੰਦੂਕ ਢਾਈ ਹੱਥ ਲੰਮਾ, ਡੇਢ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ।
2 ਉਸਨੇ ਸੰਦੂਕ ਦੇ ਅੰਦਰ ਤੇ ਬਾਹਰ ਨੂੰ ਸ਼ੁਧ ਸੋਨੇ ਨਾਲ ਢਕ ਦਿੱਤਾ। ਫ਼ੇਰ ਉਸਨੇ ਸੰਦੂਕ ਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾਈ।
3 ਉਸਨੇ ਸੋਨੇ ਦੇ ਚਾਰ ਕੜੇ ਬਣਾਏ ਅਤੇ ਉਨ੍ਹਾਂ ਚਾਰਾਂ ਕੋਨਿਆਂ ਉੱਤੇ ਲਾ ਦਿੱਤਾ। ਇਹ ਕੜੇ ਸੰਦੂਕ ਨੂੰ ਚੁੱਕਣ ਲਈ ਵਰਤੇ ਜਾਂਦੇ ਸਨ। ਹਰੇਕ ਪਾਸੇ ਦੋ ਕੜੇ ਸਨ।
4 ਫ਼ੇਰ ਉਸਨੇ ਸੰਦੂਕ ਨੂੰ ਚੁੱਕਣ ਲਈ ਚੋਬਾਂ ਬਣਾਈਆਂ। ਉਸਨੇ ਸ਼ਿੱਟੀਮ ਦੀ ਲੱਕੜ ਵਰਤੀ ਅਤੇ ਉਨ੍ਹਾਂ ਨੂੰ ਸ਼ੁਧ ਸੋਨੇ ਨਾਲ ਢਕ ਦਿੱਤਾ।
5 ਉਸਨੇ ਸੰਦੂਕ ਦੇ ਹਰੇਕ ਪਾਸੇ ਦੇ ਕੜਿਆਂ ਵਿੱਚੋਂ ਚੋਬਾਂ ਗੁਜ਼ਾਰ ਦਿੱਤੀਆਂ।
6 ਫ਼ੇਰ ਉਸਨੇ ਸ਼ੁਧ ਸੋਨੇ ਦਾ ਢੱਕਣ ਬਣਾਇਆ। ਇਹ ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ ਸੀ।
7 ਫ਼ੇਰ ਬਸਲਏਲ ਨੇ ਸੋਨੇ ਨੂੰ ਚਂਡਕੇ ਦੋ ਕਰੂਬੀ ਫ਼ਰਿਸ਼ਤੇ ਬਣਾਏ ਅਤੇ ਢੱਕਣ ਦੇ ਹਰੇਕ ਪਾਸੇ ਉੱਤੇ ਉਨ੍ਹਾਂ ਨੂੰ ਚਿਪਕਾ ਦਿੱਤਾ।
8 ਉਸਨੇ ਢੱਕਣ ਦੇ ਇੱਕ ਸਿਰੇ ਉੱਤੇ ਇੱਕ ਕਰੂਬੀ ਫ਼ਰਿਸ਼ਤਾ ਚਿਪਕਾਇਆ ਅਤੇ ਦੂਸਰੇ ਨੂੰ ਦੂਸਰੇ ਸਿਰੇ ਉੱਤੇ।
9 ਦੂਤਾਂ ਦੇ ਖੰਭ ਅਕਾਸ਼ ਵੱਲ ਫ਼ੈਲੇ ਹੋਏ ਸਨ। ਦੂਤਾਂ ਨੇ ਆਪਣੇ ਖੰਭਾਂ ਨਾਲ ਸੰਦੂਕ ਨੂੰ ਢਕਿਆ ਹੋਇਆ ਸੀ। ਦੂਤਾਂ ਦਾ ਮੂੰਹ ਢੱਕਣ ਵੱਲ ਦੇਖਦੇ ਹੋਏ ਇੱਕ ਦੂਸਰੇ ਵੱਲ ਸੀ।
10 ਫ਼ੇਰ ਉਸਨੇ ਸ਼ਿੱਟੀਮ ਦੀ ਲੱਕੜ ਦਾ ਖਾਸ ਮੇਜ ਬਣਾਇਆ। ਮੇਜ ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ।
11 ਉਸਨੇ ਮੇਜ ਨੂੰ ਸ਼ੁਧ ਸੋਨੇ ਨਾਲ ਢਕਿਆ। ਉਸਨੇ ਮੇਜ ਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾਈ।
12 ਫ਼ੇਰ ਉਸਨੇ ਮੇਜ ਦੇ ਆਲੇ-ਦੁਆਲੇ ਇੱਕ ਕਿਊਬਿਟ ਚੌੜਾ ਇੱਕ ਫ਼ਰੇਮ ਬਣਾਇਆ। ਉਸਨੇ ਫ਼ਰੇਮ ਦੇ ਦੁਆਲੇ ਸੋਨੇ ਦੀ ਕਿਨਾਰੀ ਬਣਾਈ।
13 ਫ਼ੇਰ ਉਸਨੇ ਸੋਨੇ ਦੇ ਚਾਰੇ ਕੜੇ ਬਣਾਏ ਅਤੇ ਉਨ੍ਹਾਂ ਚਾਰਾਂ ਲੱਤਾਂ ਵਾਲੀ ਥਾਂ ਤੇ ਚਾਰਾਂ ਕੋਨਿਆਂ ਉੱਤੇ ਰੱਖ ਦਿੱਤਾ।
14 ਉਸਨੇ ਕੜਿਆਂ ਨੂੰ ਮੇਜ ਦੇ ਟਾਪ ਦੇ ਚਾਰੇ ਪਾਸੇ ਤਖਤੀ ਦੇ ਨੇੜੇ ਕਰਕੇ ਰੱਖ ਦਿੱਤਾ। ਇਨ੍ਹਾਂ ਕੜਿਆਂ ਵਿੱਚ ਚੋਬਾਂ ਫ਼ਸਾਈਆਂ ਜਾਣੀਆਂ ਸਨ ਜਿਨ੍ਹਾਂ ਨੂੰ ਮੇਜ ਚੁੱਕਣ ਲਈ ਵਰਤਿਆ ਜਾਂਦਾ ਸੀ।
15 ਫ਼ੇਰ ਉਸਨੇ ਮੇਜ ਨੂੰ ਚੁੱਕਣ ਲਈ ਸ਼ਿੱਟੀਮ ਦੀ ਲੱਕੜ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੂੰ ਸ਼ੁਧ ਸੋਨੇ ਨਾਲ ਮੜ ਦਿੱਤਾ।
16 ਫ਼ੇਰ ਉਸਨੇ ਉਹ ਸਾਰੀਆਂ ਚੀਜ਼ਾਂ ਬਣਾਈਆਂ ਜਿਹੜੀਆਂ ਮੇਜ ਉੱਤੇ ਇਸਤੇਮਾਲ ਹੁੰਦੀਆਂ ਸਨ। ਉਸਨੇ ਸ਼ੁਧ ਸੋਨੇ ਦੀਆਂ ਪਲੇਟਾਂ, ਚਮਚੇ, ਪਿਆਲੇ ਅਤੇ ਸੁਰਾਹੀਆਂ ਬਣਾਈਆਂ। ਪਿਆਲਿਆਂ ਅਤੇ ਸੁਰਾਹੀਆਂ ਦੀ ਵਰਤੋਂ ਪੀਣ ਦੀਆਂ ਭੇਟਾਂ ਲਈ ਕੀਤੀ ਜਾਂਦੀ ਹੈ।
17 ਫ਼ੇਰ ਉਸਨੇ ਸੋਨੇ ਦਾ ਸ਼ਮਾਦਾਨ ਬਣਾਇਆ। ਉਸਨੇ ਸ਼ੁਧ ਸੋਨੇ ਨੂੰ ਕੁਟਕੇ ਇੱਕ ਚੀਥੀ, ਇੱਕ ਡੰਡੀ ਅਤੇ ਟਹਿਣੀਆਂ ਬਣਾਈਆਂ। ਫ਼ੇਰ ਉਸਨੇ ਫ਼ੁੱਲ ਕਲੀਆਂ ਅਤੇ ਪੱਤੀਆਂ ਬਣਾਈਆਂ। ਉਸਨੇ ਇਹ ਸਭ ਕੁਝ ਸੋਨੇ ਦੇ ਉਸ ਟੁਕੜੇ ਤੋਂ ਬਣਾਇਆ।
18 ਸ਼ਮਾਦਾਨ ਦੀਆਂ ਛੇ ਸ਼ਾਖਾਵਾਂ ਸਨ - ਤਿੰਨ ਸ਼ਾਖਾਵਾਂ ਇੱਕ ਪਾਸੇ ਅਤੇ ਤਿੰਨ ਸ਼ਾਖਾਵਾਂ ਦੂਸਰੇ ਪਾਸੇ।
19 ਹਰੇਕ ਸ਼ਾਖ ਉੱਤੇ ਤਿੰਨ ਫ਼ੁੱਲ ਸਨ। ਇਨ੍ਹਾਂ ਫ਼ੁੱਲਾਂ ਨੂੰ ਬਦਾਮਾਂ ਦੇ ਫ਼ੁੱਲਾਂ ਵਾਂਗ, ਕਲੀਆਂ ਅਤੇ ਪੱਤੀਆਂ ਸਮੇਤ, ਬਣਾਇਆ ਗਿਆ ਸੀ।
20 ਸ਼ਮਾਦਾਨ ਦੀ ਡੰਡੀ ਉੱਤੇ ਚਾਰ ਹੋਰ ਫ਼ੁੱਲ ਸਨ। ਇਨ੍ਹਾਂ ਨੂੰ ਵੀ ਕਲੀਆਂ ਅਤੇ ਪੱਤੀਆਂ ਸਮੇਤ ਬਦਾਮਾਂ ਦੇ ਫ਼ੁੱਲਾਂ ਵਾਂਗ ਬਣਾਇਆ ਗਿਆ ਸੀ।
21 ਉਥੇ ਛੇ ਸ਼ਾਖਾਵਾਂ ਸਨ - ਹਰੇਕ ਪਾਸਿਓ ਆਉਂਦੀਆਂ ਹੋਈਆਂ ਤਿੰਨ ਸ਼ਾਖਾਵਾਂ। ਓਥੇ ਇਨ੍ਹਾਂ ਤਿੰਨਾਂ ਥਾਵਾਂ ਵਿੱਚ ਹਰੇਕ ਦੇ ਹੇਠਾਂ ਇੱਕ ਬਦਾਮ ਦੀ ਪੱਤੀ ਸੀ। ਜਿਥੇ ਟਹਿਣੀਆਂ ਡੰਡੀ ਨਾਲ ਮਿਲਦੀਆਂ ਸਨ।
22 ਸਾਰਾ ਸ਼ਮਾਦਾਨ ਫ਼ੁੱਲਾਂ ਤੇ ਟਹਿਣੀਆਂ ਸਮੇਤ, ਸ਼ੁਧ ਸੋਨੇ ਦਾ ਬਣਿਆ ਹੋਇਆ ਸੀ। ਇਹ ਸਾਰਾ ਕੁਝ ਕੁੱਟੇ ਹੋਏ ਸੋਨੇ ਦੇ ਇੱਕ ਟੁਕੜੇ ਤੋਂ ਬਣਾਇਆ ਗਿਆ ਸੀ।
23 ਉਸਨੇ ਇਸ ਸ਼ਮਾਦਾਨ ਲਈ ਸੱਤ ਦੀਵੇ ਬਣਾਏ। ਫ਼ੇਰ ਉਸਨੇ ਬੱਤੀ ਸੀਖਣ ਵਾਲੇ ਟ੍ਰਿਮਰ ਅਤੇ ਟ੍ਰੇਆਂ ਵੀ ਸ਼ੁਧ ਸੋਨੇ ਦੀਆਂ ਬਣਾਈਆਂ।
24 ਉਸਨੇ ਸ਼ਮਾਦਾਨ ਅਤੇ ਇਸਦੇ ਨਾਲ ਵਰਤੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ 75 ਪੌਂਡ ਦੀਆਂ ਬਣਾਈਆਂ।
25 ਉਸਨੇ ਧੂਫ਼ ਧੁਖਾਉਣ ਲਈ ਜਗਵੇਦੀ ਬਣਾਈ। ਉਸਨੇ ਇਹ ਸ਼ਿੱਟੀਮ ਦੀ ਲੱਕੜ ਤੋਂ ਬਣਾਈ। ਜਗਵੇਦੀ ਚੌਰਸ ਸੀ। ਇਹ ਇੱਕ ਹੱਥ ਲੰਮੀ ਇੱਕ ਹੱਥ ਚੌੜੀ ਤੇ ਦੋ ਹੱਥ ਉੱਚੀ ਸੀ। ਜਗਵੇਦੀ ਉੱਤੇ ਚਾਰ ਸਿੰਗ ਸਨ। ਹਰੇਕ ਕੋਨੇ ਉੱਤੇ ਇੱਕ ਸਿੰਗ ਸੀ। ਇਨ੍ਹਾਂ ਸਿੰਗਾਂ ਨੂੰ ਇੱਕ ਦੂਜੇ ਨਾਲ ਅਤੇ ਜਗਵੇਦੀ ਨਾਲ ਜੋੜਕੇ ਇੱਕ ਮਿਕ ਕਰ ਦਿੱਤਾ ਗਿਆ ਸੀ।
26 ਉਸਨੇ ਉੱਪਰਲਾ ਹਿੱਸਾ ਅਤੇ ਸਿੰਗਾਂ ਦੇ ਸਾਰੇ ਪਾਸੇ ਸ਼ੁਧ ਸੋਨੇ ਨਾਲ ਢਕ ਦਿੱਤੇ। ਫ਼ੇਰ ਉਸਨੇ ਜਗਵੇਦੀ ਦੇ ਆਲੇ-ਦੁਆਲੇ ਦੀ ਕਿਨਾਰੀ ਬਣਾਈ।
27 ਉਸਨੇ ਜਗਵੇਦੀ ਲਈ ਸੋਨੇ ਦੇ ਦੋ ਕੜੇ ਬਣਾਏ। ਉਸਨੇ ਜਗਵੇਦੀ ਦੇ ਹਰੇਕ ਪਾਸੇ ਕਿਨਾਰੀ ਦੇ ਹੇਠਾਂ ਕੜੇ ਪਾ ਦਿੱਤੇ। ਇਹ ਸੋਨੇ ਦੇ ਕੜੇ ਜਗਵੇਦੀ ਨੂੰ ਚੁੱਕਣ ਵਾਲੀਆਂ ਚੋਬਾਂ ਨੂੰ ਫ਼ੜੀ ਰਖਦੇ ਸਨ।
28 ਉਸਨੇ ਸ਼ਿੱਟੀਮ ਦੀ ਲੱਕੜ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ ਦਿੱਤਾ।
29 ਫ਼ੇਰ ਉਸਨੇ ਮਸਹ ਵਾਲਾ ਪਵਿੱਤਰ ਤੇਲ ਬਣਾਇਆ। ਉਸਨੇ ਸ਼ੁਧ ਸੁਗੰਧਤ ਧੂਫ਼ ਵੀ ਬਣਾਈ। ਇਹ ਚੀਜ਼ਾਂ ਉਸੇ ਤਰ੍ਹਾਂ ਬਣਾਈਆਂ ਗਈਆਂ ਸਨ ਜਿਵੇਂ ਕੋਈ ਅਤਰ ਬਨਾਉਣ ਵਾਲਾ ਉਨ੍ਹਾਂ ਨੂੰ ਬਣਾਉਂਦਾ ਹੈ।