ਖ਼ਰੋਜ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40

ਕਾਂਡ 6

1 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਤੂੰ ਦੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਦਾ ਹਾਂ। ਮੈਂ ਉਸਦੇ ਖਿਲਾਫ਼ ਆਪਣੀ ਮਹਾਨ ਸ਼ਕਤੀ ਵਰਤਾਂਗਾ, ਅਤੇ ਉਹ ਮੇਰੇ ਬੰਦਿਆਂ ਨੂੰ ਜਾਣ ਦੇਵੇਗਾ। ਉਹ ਉਨ੍ਹਾਂ ਦੇ ਜਾਣ ਲਈ ਇੰਨਾ ਤਿਆਰ ਹੋਵੇਗਾ ਕਿ ਉਹ ਉਨ੍ਹਾਂ ਨੂੰ ਜਾਣ ਲਈ ਮਜ਼ਬੂਰ ਕਰ ਦੇਵੇਗਾ।”
2 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਮੈਂ ਯਹੋਵਾਹ ਹਾਂ।
3 ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਪ੍ਰਗਟ ਹੋਇਆ। ਉਨ੍ਹਾਂ ਨੇ ਮੈਨੂੰ ਅਲ ਸ਼ੱਦਾਈ ਬੁਲਾਇਆ, ਪਰ ਮੈਂ ਆਪਣੇ ਨਾਮ, ਯਾਹਵੇਹ ਤੋਂ ਉਨ੍ਹਾਂ ਨੂੰ ਜਾਣੂ ਨਹੀਂ ਕਰਵਾਇਆ।
4 ਮੈਂ ਉਨ੍ਹਾਂ ਨਾਲ ਇੱਕ ਇਕਰਾਰਨਾਮਾ ਕੀਤਾ। ਮੈਂ ਉਨ੍ਹਾਂ ਨੂੰ ਕਨਾਨ ਦੀ ਧਰਤੀ ਦੇਣ ਦਾ ਇਕਰਾਰ ਕੀਤਾ। ਉਹ ਇਸ ਧਰਤੀ ਤੇ ਰਹਿੰਦੇ ਸਨ ਪਰ ਇਹ ਉਨ੍ਹਾਂ ਦੀ ਧਰਤੀ ਨਹੀਂ ਸੀ।
5 ਹੁਣ, ਮੈਂ ਇਸਰਾਏਲ ਦੇ ਲੋਕਾਂ ਦੀਆਂ ਚੀਕਾਂ ਸੁਣ ਲਈਆਂ ਹਨ ਕਿਉਂਕਿ ਮਿਸਰੀਆਂ ਨੇ ਉਨ੍ਹਾਂ ਨੂੰ ਗੁਲਾਮ ਬਣਾ ਲਿਆ ਹੈ ਅਤੇ ਮੈਨੂੰ ਹਾਲੇ ਆਪਣਾ ਇਕਰਾਰਨਾਮਾ ਚੇਤੇ ਹੈ।
6 ਇਸ ਲਈ ਇਸਰਾਏਲ ਦੇ ਲੋਕਾਂ ਨੂੰ ਦੱਸੋ ਕਿ ਮੈਂ ਉਨ੍ਹਾਂ ਨੂੰ ਆਖਦਾ ਹਾਂ, ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਉਨ੍ਹਾਂ ਕਸ਼ਟਾਂ ਤੋਂ ਬਚਾਵਾਂਗਾ ਜੋ ਮਿਸਰੀਆਂ ਨੇ ਤੁਹਾਡੇ ਉੱਪਰ ਪਾਏ ਹਨ। ਮੈਂ ਤੁਹਾਨੂੰ ਅਜ਼ਾਦ ਕਰਾਂਗਾ। ਤੁਸੀਂ ਹੁਣ ਮਿਸਰੀਆਂ ਦੇ ਗੁਲਾਮ ਨਹੀਂ ਰਹੋਂਗੇ। ਮੈਂ ਆਪਣੀ ਮਹਾਨ ਸ਼ਕਤੀ ਵਰਤਾਂਗਾ ਅਤੇ ਮਿਸਰੀਆਂ ਨੂੰ ਭਿਆਨਕ ਸਜ਼ਾ ਦੇਵਾਂਗਾ। ਫ਼ੇਰ ਮੈਂ ਤੁਹਾਨੂੰ ਬਚਾਵਾਂਗਾ।
7 ਤੁਸੀਂ ਮੇਰੇ ਲੋਕ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ। ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਤੁਹਾਡਾ ਯਹੋਵਾਹ ਪਰਮੇਸ਼ੁਰ ਹਾਂ, ਜਿਸਨੇ ਤੁਹਾਨੂੰ ਮਿਸਰ ਦੇ ਕਸ਼ਟਾਂ ਤੋਂ ਅਜ਼ਾਦ ਕਰਵਾਇਆ।
8 ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਮਹਾਨ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨੂੰ ਇੱਕ ਖਾਸ ਧਰਤੀ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਮੈਂ ਉਸ ਧਰਤੀ ਵੱਲ ਤੁਹਾਡੀ ਅਗਵਾਈ ਕਰਾਂਗਾ। ਮੈਂ ਤੁਹਾਨੂੰ ਉਹ ਧਰਤੀ ਦੇ ਦੇਵਾਂਗਾ। ਇਹ ਤੁਹਾਡੀ ਹੋਵੇਗੀ। ਮੈਂ ਯਹੋਵਾਹ ਹਾਂ।”
9 ਇਸ ਲਈ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਆਖਿਆ, ਪਰ ਉਨ੍ਹਾਂ ਕੋਲ ਮੂਸਾ ਦੇ ਇਕਰਾਰਾਂ ਨੂੰ ਸੁਣਨ ਦਾ ਸਬਰ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਸੀ।
10 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ,
11 “ਜਾਹ, ਜਾਕੇ ਫ਼ਿਰਊਨ ਨੂੰ ਆਖ ਕਿ ਉਹ ਇਸਰਾਏਲ ਦੇ ਲੋਕਾਂ ਨੂੰ ਉਸਦੀ ਧਰਤੀ ਛੱਡ ਜਾਣ ਦੇਵੇ।”
12 ਪਰ ਮੂਸਾ ਨੇ ਜਵਾਬ ਦਿੱਤਾ, “ਇਸਰਾਏਲ ਦੇ ਲੋਕ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦੇ ਹਨ। ਇਸ ਲਈ ਪੱਕੀ ਗੱਲ ਹੈ ਕਿ ਫ਼ਿਰਊਨ ਵੀ ਮੇਰੀ ਗੱਲ ਨਹੀਂ ਸੁਣੇਗਾ। ਮੇਰੇ ਕਥਨ ਵਿੱਚ ਰੁਕਾਵਟ ਹੁੰਦੀ ਹੈ ਅਤੇ ਇਹ ਅਸਪਸ਼ਟ ਹੁੰਦਾ ਹੈ।”
13 ਪਰ ਯਹੋਵਾਹ ਨੇ ਮੂਸਾ ਤੇ ਹਾਰੂਨ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਾਕੇ ਇਸਰਾਏਲ ਦੇ ਲੋਕਾਂ ਨਾਲ ਗੱਲ ਕਰਨ। ਉਸਨੇ ਉਨ੍ਹਾਂ ਨੂੰ ਫ਼ਿਰਊਨ ਕੋਲ ਜਾਕੇ ਵੀ ਗੱਲ ਕਰਨ ਦਾ ਹੁਕਮ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਇਸਰਾਏਲ ਦੇ ਲੋਕਾਂ ਦੀ, ਮਿਸਰ ਦੀ ਧਰਤੀ ਤੋਂ ਬਾਹਰ ਜਾਣ ਵਿੱਚ, ਅਗਵਾਈ ਕਰਨ।
14 ਇਸਰਾਏਲ ਦੇ ਪਰਿਵਾਰਾਂ ਦੇ ਆਗੂਆਂ ਦੇ ਨਾਮ ਇਹ ਹਨ;
15 ਸ਼ਿਮਓਨ ਦੇ ਪੁੱਤਰ ਸਨ, ਯਮੂਏਲ, ਯਾਮੀਨ, ਓਹਦ, ਯਾਕੀਨ, ਸੋਹਰ ਅਤੇ ਸ਼ਾਊਲ। (ਸ਼ਾਊਲ ਕਨਾਨੀ ਔਰਤ ਦਾ ਪੁੱਤਰ ਸੀ।)
16 ਲੇਵੀ 137 ਵਰ੍ਹੇ ਜੀਵਿਆ। ਲੇਵੀ ਦੇ ਪੁੱਤਰ ਸਨ, ਗੇਰਸ਼ੋਨ, ਕਹਾਥ ਅਤੇ ਮਰਾਰੀ।
17 ਗੇਰਸ਼ੋਨ ਦੇ ਦੋ ਪੁੱਤਰ ਸਨ, ਲਿਬਨੀ ਅਤੇ ਸ਼ਮਈ।
18 ਕਹਾਥ 133 ਵਰ੍ਹੇ ਜੀਵਿਆ। ਕਹਾਥ ਦੇ ਪੁੱਤਰ ਸਨ ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀਏਲ।
19 ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੂਸ਼ੀ।ਇਹ ਸਾਰੇ ਪਰਿਵਾਰ ਇਸਰਾਏਲ ਦੇ ਪੁੱਤਰ ਲੇਵੀ ਤੋਂ ਸਨ।
20 ਅਮਰਾਮ 137 ਵਰ੍ਹੇ ਜੀਵਿਆ। ਅਮਰਾਮ ਨੇ ਆਪਣੇ ਪਿਤਾ ਦੀ ਭੈਣ ਯੋਕਬਦ ਨਾਲ ਵਿਆਹ ਕਰਾਇਆ। ਅਮਰਾਮ ਅਤੇ ਯੋਕਬਦ ਨੇ ਹਾਰੂਨ ਦੇ ਅਤੇ ਮੂਸਾ ਨੂੰ ਜਨਮ ਦਿੱਤਾ।
21 ਯਿਸਹਾਰ ਦੇ ਪੁੱਤਰ ਸਨ ਕੋਰਹ, ਨਫ਼ਗ ਅਤੇ ਜ਼ਿਕਰੀ।
22 ਉਜ਼ੀਏਲ ਦੇ ਪੁੱਤਰ ਸਨ ਮੀਸ਼ਾਏਲ, ਅਲਸਾਫ਼ਾਨ ਅਤੇ ਸਿਤਰੀ।
23 ਹਾਰੂਨ ਨੇ ਅਲੀਸਬਾ ਨਾਲ ਵਿਆਹ ਕਰਾਇਆ। (ਅਲੀਸ਼ਬਾ ਅਮੀਨਾਦਾਬ ਦੀ ਧੀ ਸੀ, ਅਤੇ ਨਹਸੋਨ ਦੀ ਭੈਣ ਸੀ।) ਹਾਰੂਨ ਅਤੇ ਅਲੀਸ਼ਬਾ ਨੇ ਨਾਦਾਬ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਜਨਮ ਦਿੱਤਾ।
24 ਕੋਰਹ ਦੇ ਪੁੱਤਰ, ਕੋਰਾਹੀਆਂ ਦੇ ਪੁਰਖੇ ਸਨ; ਅਸੀਰ, ਅਲਕਾਨਾਹ ਅਤੇ ਅਬੀਅਸਾਫ਼।
25 ਹਾਰੂਨ ਦੇ ਪੁੱਤਰ ਅਲਆਜ਼ਾਰ ਨੇ ਫ਼ੂਟੀਏਲ ਦੀ ਧੀ ਨਾਲ ਵਿਆਹ ਕਰਾਇਆ। ਅਤੇ ਉਸਨੇ ਫ਼ੀਨਹਾਸ ਨੂੰ ਜਨਮ ਦਿੱਤਾ।ਇਹ ਸਾਰੇ ਲੋਕ ਇਸਰਾਏਲ ਦੇ ਪੁੱਤਰ, ਲੇਵੀ ਤੋਂ ਸਨ।
26 ਇਹ ਉਹੀ ਹਾਰੂਨ ਅਤੇ ਮੂਸਾ ਸਨ ਜਿਨ੍ਹਾਂ ਨਾਲ ਪਰਮੇਸ਼ੁਰ ਨੇ ਗੱਲ ਕਰਕੇ ਆਖਿਆ, “ਮੇਰੇ ਲੋਕਾਂ ਨੂੰ ਉਨ੍ਹਾਂ ਦੇ ਟੋਲਿਆਂ ਵਿੱਚ ਮਿਸਰ ਤੋਂ ਬਾਹਰ ਲੈ ਚੱਲੋ।”
27 ਹਾਰੂਨ ਅਤੇ ਮੂਸਾ ਹੀ ਉਹ ਆਦਮੀ ਸਨ ਜਿਨ੍ਹਾਂ ਨੇ ਮਿਸਰ ਦੇ ਰਾਜੇ ਫ਼ਿਰਊਨ ਨਾਲ ਗੱਲ ਕੀਤੀ। ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ ਕਿ ਉਹ ਇਸਰਾਏਲ ਨੂੰ ਮਿਸਰ ਛੱਡ ਜਾਣ ਦੇਵੇ।
28 ਮਿਸਰ ਦੀ ਧਰਤੀ ਉੱਤੇ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ।
29 ਉਸਨੇ ਆਖਿਆ, “ਮੈਂ ਯਹੋਵਾਹ ਹਾਂ। ਮਿਸਰ ਦੇ ਰਾਜੇ ਨੂੰ ਉਹ ਹਰ ਗੱਲ ਆਖੀ ਜੋ ਮੈਂ ਤੈਨੂੰ ਆਖਦਾ ਹਾਂ।”
30 ਪਰ ਮੂਸਾ ਨੇ ਜਵਾਬ ਦਿੱਤਾ, “ਮੈਂ ਬਿਨ ਅੜਕਿਆਂ ਨਹੀਂ ਬੋਲ ਸਕਦਾ। ਫ਼ਿਰਊਨ ਮੇਰੀ ਗੱਲ ਨੂੰ ਨਹੀਂ ਸੁਣੇਗਾ।”