ਖ਼ਰੋਜ
ਕਾਂਡ 31
1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਮੈਂ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਆਦਮੀ ਨੂੰ ਆਪਣੇ ਲਈ ਕੁਝ ਖਾਸ ਕੰਮ ਕਰਨ ਲਈ ਚੁਣਿਆ ਹੈ। ਉਸਦਾ ਨਾਮ ਬਸਲਏਲ ਹੈ ਜੋ ਊਰੀ ਦਾ ਪੁੱਤਰ ਹੈ ਅਤੇ ਊਰੀ ਹੂਰ ਦਾ ਪੁੱਤਰ ਸੀ।
3 ਮੈਂ ਬਸਲਏਲ ਵਿੱਚ ਪਰਮੇਸ਼ੁਰ ਦਾ ਆਤਮਾ ਭਰ ਦਿੱਤਾ ਹੈ - ਮੈਂ ਉਸਨੂੰ ਹਰ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਗਿਆਨ ਅਤੇ ਯੋਗਤਾ ਦਿੱਤੀ ਹੈ।
4 ਬਸਲਏਲ ਬਹੁਤ ਚੰਗਾ ਕਾਰੀਗਰ ਹੈ। ਅਤੇ ਉਹ ਸੋਨੇ, ਚਾਂਦੀ ਅਤੇ ਪਿੱਤਲ ਦੀਆਂ ਚੀਜ਼ਾਂ ਬਣਾ ਸਕਦਾ ਹੈ।
5 ਬਸਲਏਲ ਖੂਬਸੂਰਤ ਪੱਥਰਾਂ ਦਾ ਅਤੇ ਲੱਕੜ ਦਾ ਕੰਮ ਕਰ ਸਕਦਾ ਹੈ। ਉਹ ਹਰ ਤਰ੍ਹਾਂ ਦਾ ਕੰਮ ਕਰ ਸਕਦਾ ਹੈ।
6 ਮੈਂ ਆਹਾਲੀਆਬ ਨੂੰ ਵੀ ਉਸਦੇ ਨਾਲ ਕੰਮ ਕਰਨ ਵਾਸਤੇ ਚੁਣਿਆ ਹੈ। ਆਹਾਲੀਆਬ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਅਹੀਸਾਮਾਕ ਦਾ ਪੁੱਤਰ ਹੈ। ਅਤੇ ਮੈਂ ਹੋਰ ਸਾਰੇ ਕਾਰੀਗਰਾਂ ਨੂੰ ਵੀ ਹੁਨਰ ਦਿੱਤੇ ਹਨ। ਇਸ ਲਈ ਉਹ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਣਾ ਸਕਦੇ ਹਨ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ;
7 ਮੰਡਲੀ ਵਾਲਾ ਤੰਬੂ,
8 ਮੇਜ ਅਤੇ ਉਸ ਉਤਲੀ ਹਰ ਚੀਜ਼,
9 ਹੋਮ ਦੀਆਂ ਭੇਟਾ ਵਾਲੀ ਜਗਵੇਦੀ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਗਵੇਦੀ ਉੱਤੇ ਇਸਤੇਮਾਲ ਹੁੰਦੀਆਂ ਹਨ।
10 ਹਾਰੂਨ ਜਾਜਕ ਲਈ ਖਾਸ ਵਸਤਰ,
11 ਸੁਗੰਧਤ ਮਸਹ ਵਾਲਾ ਤੇਲ,ਕਾਰੀਗਰਾਂ ਨੂੰ ਇਹ ਸਾਰੀਆਂ ਚੀਜ਼ਾਂ ਉਵੇਂ ਹੀ ਬਨਾਉਣੀਆਂ ਚਾਹੀਦੀਆਂ ਹਨ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ।
12 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
13 “ਇਸਰਾਏਲ ਦੇ ਲੋਕਾਂ ਨੂੰ ਇਹ ਆਖੀਂ; ‘ਤੁਹਾਨੂੰ ਮੇਰੇ ਆਰਾਮ ਦੇ ਖਾਸ ਦਿਨਾਂ ਦੀਆਂ ਬਿਧੀਆਂ ਦੀ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਗੱਲ ਇਸ ਲਈ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਤੁਹਾਡੇ ਅਤੇ ਮੇਰੇ ਵਿਚਕਾਰ ਸਾਰੀਆਂ ਪੀੜੀਆਂ ਲਈ ਇੱਕ ਸੰਕੇਤ ਹੋਣਗੇ। ਇਹ ਤੁਹਾਨੂੰ ਦਰਸਾਉਣਗੇ ਕਿ ਮੈਂ, ਯਹੋਵਾਹ ਨੇ, ਤੁਹਾਨੂੰ ਆਪਣੇ ਖਾਸ ਬੰਦੇ ਬਣਾਇਆ ਹੈ।
14 “‘ਸਬਤ ਨੂੰ ਇੱਕ ਖਾਸ ਦਿਹਾੜਾ ਬਣਾਉ। ਜੇ ਕੋਈ ਬੰਦਾ ਸਬਤ ਨੂੰ ਕਿਸੇ ਵੀ ਹੋਰ ਦਿਨ ਵਾਂਗ ਲੈਂਦਾ ਹੈ, ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ। ਜਿਹੜਾ ਵੀ ਬੰਦਾ ਸਬਤ ਦੇ ਦਿਨ ਕੰਮ ਕਰਦਾ ਹੈ ਉਸਨੂੰ ਆਪਣੇ ਲੋਕਾਂ ਵਿੱਚੋਂ ਛੇਕ ਦੇਣਾ ਚਾਹੀਦਾ ਹੈ।
15 ਹਫ਼ਤੇ ਵਿੱਚ ਕੰਮ ਕਰਨ ਲਈ ਛੇ ਦਿਨ ਹੋਰ ਹਨ। ਪਰ ਸੱਤਵਾਂ ਦਿਨ ਅਰਾਮ ਦਾ ਖਾਸ ਦਿਨ ਹੈ। ਉਹ ਖਾਸ ਦਿਨ ਯਹੋਵਾਹ ਦਾ ਆਦਰ ਕਰਨ ਲਈ ਹੈ। ਜਿਹੜਾ ਵੀ ਬੰਦਾ ਸਬਤ ਦੇ ਦਿਨ ਕੰਮ ਕਰਦਾ ਹੈ ਉਸਨੂੰ ਮਾਰ ਦੇਣਾ ਚਾਹੀਦਾ ਹੈ।
16 ਇਸਰਾਏਲ ਦੇ ਲੋਕਾਂ ਨੂੰ ਸਬੂਤ ਨੂੰ ਅਵੱਸ਼ ਚੇਤੇ ਰਖਣਾ ਚਾਹੀਦਾ ਹੈ ਅਤੇ ਇਸਨੂੰ ਖਾਸ ਦਿਹਾੜਾ ਬਨਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਅਜਿਹਾ ਹਮੇਸ਼ਾ ਲਈ ਕਰਦੇ ਰਹਿਣਾ ਚਾਹੀਦਾ ਹੈ। ਇਹ ਉਨ੍ਹਾਂ ਦੇ ਅਤੇ ਮੇਰੇ ਵਿਚਕਾਰ ਇਕਰਾਰਨਮਾ ਹੈ ਜਿਹੜਾ ਹਮੇਸ਼ਾ ਜਾਰੀ ਰਹੇਗਾ।
17 ਸਬਤ ਮੇਰੇ ਅਤੇ ਇਸਰਾਏਲ ਦੇ ਲੋਕਾਂ ਵਿਚਕਾਰ ਸਦਾ ਲਈ ਇੱਕ ਸੰਕੇਤ ਰਹੇਗਾ। ਯਹੋਵਾਹ ਨੇ ਛੇ ਦਿਨ ਤੱਕ ਕੰਮ ਕੀਤਾ ਅਤੇ ਅਕਾਸ਼ ਤੇ ਧਰਤੀ ਨੂੰ ਸਾਜਿਆ। ਅਤੇ ਸੱਤਵੇਂ ਦਿਨ ਉਸਨੇ ਛੁੱਟੀ ਕੀਤੀ ਅਤੇ ਅਰਾਮ ਕੀਤਾ।’”
18 ਇਸ ਤਰ੍ਹਾਂ ਯਹੋਵਾਹ ਨੇ ਸੀਨਈ ਪਰਬਤ ਉੱਤੇ ਮੂਸਾ ਨਾਲ ਗੱਲ ਖਤਮ ਕੀਤੀ। ਫ਼ੇਰ ਯਹੋਵਹ ਨੇ ਉਸਨੂੰ ਪੱਥਰ ਦੀਆਂ ਦੋ ਤਖਤੀਆਂ ਦਿੱਤੀਆਂ ਜਿਨ੍ਹਾਂ ਉੱਤੇ ਇਕਰਾਰਨਾਮਾ ਸੀ। ਪਰਮੇਸ਼ੁਰ ਨੇ ਪੱਥਰ ਉੱਤੇ ਲਿਖਣ ਲਈ ਆਪਣੀ ਉਂਗਲੀ ਦੀ ਵਰਤੋਂ ਕੀਤੀ।