ਖ਼ਰੋਜ
ਕਾਂਡ 35
1 ਮੂਸਾ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕਠਿਆ ਕੀਤਾ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਉਹ ਗੱਲਾਂ ਦੱਸਾਂਗਾ ਜਿਨ੍ਹਾਂ ਬਾਰੇ ਯਹੋਵਾਹ ਨੇ ਤੁਹਾਨੂੰ ਕਰਨ ਲਈ ਹੁਕਮ ਦਿੱਤਾ ਹੈ:
2 “ਕਂਮ ਕਰਨ ਲਈ ਛੇ ਦਿਨ ਹਨ। ਪਰ ਸੱਤਵੇ ਦਿਨ ਤੁਹਾਡੇ ਲਈ ਬਹੁਤ ਅਰਾਮ ਕਰਨ ਦਾ ਖਾਸ ਦਿਨ ਹੋਵੇਗਾ। ਤੁਸੀਂ ਉਸ ਦਿਨ ਅਰਾਮ ਕਰਕੇ ਯਹੋਵਾਹ ਨੂੰ ਆਦਰ ਦਿਉਂਗੇ। ਜਿਹੜਾ ਵੀ ਬੰਦਾ ਸੱਤਵੇਂ ਦਿਨ ਕੰਮ ਕਰਦਾ ਹੈ ਉਹ ਮਾਰਿਆ ਜਾਣਾ ਚਾਹੀਦਾ ਹੈ।
3 ਸਬਤ ਦੇ ਦਿਨ ਤੁਹਾਨੂੰ ਕਿਸੇ ਵੀ ਉਸ ਥਾਂ ਅੱਗ ਨਹੀਂ ਬਾਲਣੀ ਚਾਹੀਦੀ ਜਿਥੇ ਤੁਸੀਂ ਰਹਿੰਦੇ ਹੋ।”
4 ਮੂਸਾ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖਿਆ, “ਇਹੀ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ;
5 ਯਹੋਵਾਹ ਲਈ ਖਾਸ ਸੁਗਾਤਾਂ ਇਕਠੀਆਂ ਕਰੋ। ਤੁਹਾਡੇ ਵਿੱਚੋਂ ਹਰ ਇੱਕ ਨੂੰ ਇਹ ਨਿਰਣਾ ਕਰਨਾ ਚਾਹੀਦਾ ਹੈ ਕਿ ਤੁਸੀਂ ਕੀ ਦੇਵੋਂਗੇ। ਅਤੇ ਫ਼ੇਰ ਤੁਹਾਨੂੰ ਉਹ ਸੁਗਾਤ ਯਹੋਵਾਹ ਲਈ ਲੈਕੇ ਆਉਣੀ ਚਾਹੀਦੀ ਹੈ। ਸੋਨਾ, ਚਾਂਦੀ ਅਤੇ ਪਿੱਤਲ,
6 ਨੀਲਾ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ, ਬੱਕਰੀ ਦੀ ਜੱਤ।
7 ਭੇਡੂ ਦੀਆਂ ਲਾਲ ਰੰਗ ਵਿੱਚ ਰੰਗੀਆਂ ਖੱਲਾਂ ਅਤੇ ਕੀਮਤੀ ਚਮੜਾ, ਸ਼ਿੱਟੀਮ ਦੀ ਲੱਕੜ;
8 ਦੀਵਿਆਂ ਲਈ ਤੇਲ, ਮਸਹ ਦੇ ਤੇਲ ਲਈ ਸਮਗਰੀ ਅਤੇ ਸੁਗੰਧਤ ਧੂਫ਼ ਦੀ ਸਮਗਰੀ ਲੈਕੇ ਆਉ।
9 ਅਤੇ ਏਫ਼ੋਦ ਉੱਤੇ ਅਤੇ ਸੀਨੇ-ਬੰਦ ਉੱਤੇ ਲਾਉਣ ਲਈ ਸੁਲੇਮਾਨੀ ਪੱਥਰ ਅਤੇ ਹੋਰ ਬੇਸ਼ਕੀਮਤੀ ਪੱਥਰ ਲੈਕੇ ਆਉ।
10 “ਤੁਹਾਡੇ ਵਿੱਚੋਂ ਜਿਹੜੇ ਕਾਰੀਗਰ ਹੋਣ ਉਨ੍ਹਾਂ ਨੂੰ ਉਹ ਸਾਰੀਆਂ ਚੀਜ਼ਾਂ ਬਨਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ;
11 ਪਵਿੱਤਰ ਤੰਬੂ, ਇਸਦਾ ਬਾਹਰਲਾ ਤੰਬੂ, ਅਤੇ ਇਸਦੇ ਪਰਦੇ, ਕੁੰਡੀਆਂ, ਫ਼ੱਟੀਆਂ, ਚੋਬਾਂ ਅਤੇ ਚੀਥਾਂ,
12 ਪਵਿੱਤਰ ਸੰਦੂਕ, ਇਸ ਦੀਆਂ ਚੋਬਾਂ, ਕੱਜਣ ਅਤੇ ਉਹ ਪਰਦਾ ਜਿਹੜਾ ਉਸ ਥਾਂ ਨੂੰ ਢਕਦਾ ਹੈ ਜਿਥੇ ਸੰਦੂਕ ਹੁੰਦਾ ਹੈ,
13 ਮੇਜ, ਇਸ ਦੀਆਂ ਚੋਬਾਂ, ਮੇਜ ਉਤਲੀਆਂ ਸਾਰੀਆਂ ਚੀਜ਼ਾਂ ਅਤੇ ਮੇਜ ਉੱਪਰਲੀ ਖਾਸ ਰੋਟੀ,
14 ਰੌਸ਼ਨੀ ਲਈ ਵਰਤਿਆ ਜਾਣ ਵਾਲਾ ਸ਼ਮਾਦਾਨ ਅਤੇ ਸ਼ਮਾਦਾਨ ਦੇ ਨਾਲ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਦੀਵੇ ਅਤੇ ਰੌਸ਼ਨੀ ਲਈ ਤੇਲ,
15 ਧੂਫ਼ ਧੁਖਾਉਣ ਵਾਲੀ ਜਗਵੇਦੀ, ਅਤੇ ਇਸ ਦੀਆਂ ਚੋਬਾਂ, ਮਸਹ ਵਾਲਾ ਤੇਲ, ਸੁਗੰਧਤ ਧੂਫ਼, ਉਹ ਪਰਦਾ ਜਿਹੜਾ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਹੈ,
16 ਹੋਮ ਦੀਆਂ ਭੇਟਾ ਲਈ ਜਗਵੇਦੀ ਅਤੇ ਇਸਦੀ ਪਿੱਤਲ ਦੀ ਅੰਗੀਠੀ, ਚੋਬਾਂ ਅਤੇ ਜਗਵੇਦੀ ਉੱਤੇ ਇਸਤੇਮਾਲ ਹੋਣ ਵਾਲੀਆਂ ਸਾਰੀਆਂ ਚੀਜ਼ਾਂ, ਪਿੱਤਲ ਦਾ ਤਸਲਾ ਅਤੇ ਇਸਦੀ ਚੌਂਕੀ।
17 ਵਰਾਂਡੇ ਦੇ ਆਲੇ-ਦੁਆਲੇ ਦੇ ਪਰਦੇ ਉਨ੍ਹਾਂ ਦੀਆਂ ਚੋਬਾਂ ਅਤੇ ਚੀਥਾਂ ਅਤੇ ਉਹ ਪਰਦੇ ਜਿਹੜੇ ਵਰਾਂਡੇ ਦੇ ਪ੍ਰਵੇਸ਼ ਦੁਆਰ ਨੂੰ ਕੱਜਦੇ ਹਨ,
18 ਉਹ ਕਿੱਲੀਆਂ ਜਿਹੜੀਆਂ ਤੰਬੂ ਅਤੇ ਵਿਹੜੇ ਦੇ ਆਲੇ-ਦੁਆਲੇ ਦੇ ਪਰਿਦਆਂ ਦੀ ਕੰਧ ਨੂੰ ਰੋਕਦੀਆਂ ਹਨ ਅਤੇ ਕਿੱਲੀਆਂ ਨੂੰ ਬੰਨ੍ਹਣ ਵਾਲੀਆਂ ਰਸੀਆਂ,
19 ਅਤੇ ਪਵਿੱਤਰ ਸਥਾਨ ਉੱਤੇ ਪਹਿਨਣ ਵਾਲੇ ਜਾਜਕ ਦੇ ਖਾਸ ਉਣੇ ਹੋਏ ਵਸਤਰ। ਇਹ ਜਾਜਕ ਹਾਰੂਨ ਅਤੇ ਉਸਦੇ ਪੁੱਤਰਾਂ ਦੇ ਪਹਿਨਣ ਵਾਲੇ ਖਾਸ ਵਸਤਰ ਹਨ। ਜਦੋਂ ਉਹ ਜਾਜਕ ਵਜੋਂ ਸੇਵਾ ਕਰਨਗੇ ਤਾਂ ਇਹ ਵਸਤਰ ਪਹਿਨਣਗੇ।”
20 ਫ਼ੇਰ ਇਸਰਾਏਲ ਦੇ ਸਾਰੇ ਲੋਕ ਮੂਸਾ ਕੋਲੋਂ ਚਲੇ ਗਏ।
21 ਉਹ ਸਾਰੇ ਲੋਕ ਜਿਹੜੇ ਦੇਣਾ ਚਾਹੁੰਦੇ ਸਨ, ਆਏ ਅਤੇ ਯਹੋਵਾਹ ਲਈ ਭੇਟਾਂ ਲਿਆਏ। ਇਨ੍ਹਾਂ ਸੁਗਾਤਾਂ ਦੀ ਵਰਤੋਂ ਮੰਡਲੀ ਵਾਲੇ ਤੰਬੂ, ਤੰਬੂ ਵਿਚਲੀਆਂ ਸਾਰੀਆਂ ਚੀਜ਼ਾਂ ਅਤੇ ਖਾਸ ਵਸਤਰਾਂ ਲਈ ਕੀਤੀ।
22 ਉਹ ਸਾਰੇ ਆਦਮੀ ਤੇ ਔਰਤਾਂ ਜਿਹੜੇ ਦੇਣਾ ਚਾਹੁੰਦੇ ਸਨ, ਹਰ ਕਿਸਮ ਦੇ ਸੋਨੇ ਦੇ ਗਹਿਣੇ ਲੈਕੇ ਆਏ। ਉਹ ਸੂਈਆਂ, ਕੰਨਾਂ ਦੀਆਂ ਵਾਲੀਆਂ, ਅੰਗੂਠੀਆਂ ਅਤੇ ਹੋਰ ਗਹਿਣੇ ਲੈਕੇ ਆਏ। ਉਨ੍ਹਾਂ ਨੇ ਆਪਣੇ ਸਾਰੇ ਗਹਿਣੇ ਯਹੋਵਾਹ ਨੂੰ ਭੇਂਟ ਕਰ ਦਿੱਤੇ। ਇਹ ਯਹੋਵਾਹ ਲਈ ਖਾਸ ਭੇਟਾ ਸਨ।
23 ਪਰ ਉਹ ਬੰਦਾ ਜਿਸਦੇ ਕੋਲ ਮਹੀਨ ਲਿਨਨ ਅਤੇ ਨੀਲਾ, ਬੈਂਗਣੀ ਅਤੇ ਲਾਲ ਸੂਤ ਸੀ ਉਹ ਇਸਨੂੰ ਯਹੋਵਾਹ ਲਈ ਲੈ ਆਇਆ। ਜਿਸ ਕਿਸੇ ਦੇ ਕੋਲ ਬਕਿਆਨ ਦੇ ਵਾਲ ਸਨਜਾਂ ਭੇਡੂਆਂ ਦੀਆਂ, ਲਾਲ ਰੰਗ ਵਿੱਚ ਰੰਗੀਆਂ ਹੋਈਆਂ ਖੱਲਾਂ ਸਨਜਾਂ ਕੀਮਤੀ ਚਮੜਾ ਸੀ ਉਹ ਇਸਨੂੰ ਯਹੋਵਾਹ ਲਈ ਲੈ ਆਇਆ।
24 ਹਰ ਬੰਦਾ ਜਿਹੜਾ ਚਾਂਦੀ ਜਾਂ ਪਿੱਤਲ ਦੇਣਾ ਚਾਹੁੰਦਾ ਸੀ, ਉਹ ਇਸਨੂੰ ਯਹੋਆਹ ਲਈ ਭੇਂਟ ਵਜੋਂ ਲੈਕੇ ਆਇਆ। ਹਰ ਉਹ ਬੰਦਾ ਜਿਸਦੇ ਕੋਲ ਸ਼ਿੱਟੀਮ ਦੀ ਲੱਕੜੀ ਸੀ, ਆਇਆ ਅਤੇ ਇਹ ਯਹੋਵਾਹ ਲਈ ਅਰਪਨ ਕਰ ਦਿੱਤੀ।
25 ਹਰ ਸੁਘੜ-ਸਿਆਣੀ ਨੇ ਨੀਲਾ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ ਦਾ ਧਾਗਾ ਬਣਇਆ।
26 ਅਤੇ ਉਹ ਸਾਰੀਆਂ ਔਰਤਾਂ ਜੋ ਸੁੱਘੜ ਸਨ ਅਤੇ ਸਹਾਇਤਾ ਕਰਨੀ ਚਾਹੁੰਦੀਆਂ ਸਨ ਉਨ੍ਹਾਂ ਨੇ ਬੱਕਰੀ ਦੀ ਪਸ਼ਮ ਤੋਂ ਕੱਪੜਾ ਬਣਾਇਆ।
27 ਆਗੂ ਸੁਲੇਮਾਨੀ ਪੱਥਰ ਅਤੇ ਹੋਰ ਬੇਸ਼ਕੀਮਤੀ ਪੱਥਰ ਲਿਆਏ ਜੋ ਏਫ਼ੋਦ ਉੱਤੇ ਅਤੇ ਸਿਨੇ-ਬੰਦ ਉੱਤੇ ਪਾਏ ਜਾਣ ਵਾਲੇ ਸਨ।
28 ਆਗੂ ਮਸਾਲੇ ਅਤੇ ਜੈਤੂਨ ਦਾ ਤੇਲ ਵੀ ਲੈ ਆਏ। ਇਨ੍ਹਾਂ ਚੀਜ਼ਾਂ ਦੀ ਵਰਤੋਂ ਸੁਗੰਧਤ ਧੂਫ਼, ਮਸਹ ਵਾਲੇ ਤੇਲ ਲਈ ਅਤੇ ਦੀਵਿਆਂ ਦੇ ਤੇਲ ਲਈ ਕੀਤੀ ਗਈ ਸੀ।
29 ਇਸਰਾਏਲ ਦੇ ਇਹ ਸਾਰੇ ਲੋਕ ਜਿਹੜੇ ਸਹਾਇਤਾ ਕਰਨੀ ਚਾਹੁੰਦੇ ਸਨ, ਯਹੋਵਾਹ ਲਈ ਸੁਗਾਤਾਂ ਲੈਕੇ ਆਏ। ਲੋਕਾਂ ਨੇ ਇਹ ਸੁਗਾਤਾਂ ਮੁਫ਼ਤ ਦਿੱਤੀਆਂ ਕਿਉਂਕਿ ਉਹ ਇਹੀ ਚਾਹੁੰਦੇ ਸਨ। ਇਨ੍ਹਾਂ ਸੁਗਾਤਾਂ ਦੀ ਵਰਤੋਂ ਉਨ੍ਹਾਂ ਸਾਰੀਆਂ ਚੀਜ਼ਾਂ ਬਨਾਉਣ ਲਈ ਕੀਤੀ ਗਈ ਜਿਸ ਬਾਰੇ ਯਹੋਵਾਹ ਨੇ ਮੂਸਾ ਅਤੇ ਲੋਕਾਂ ਨੂੰ ਬਨਾਉਣ ਲਈ ਆਖਿਆ ਸੀ।
30 ਫ਼ੇਰ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਦੇਖੋ, ਯਹੋਵਾਹ ਨੇ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਊਰੀ ਦੇ ਪੁੱਤਰ ਬਸਲੇਲ ਨੂੰ ਚੁਣਿਆ ਹੈ। (ਊਰੀ ਹੂਰ ਦਾ ਪੁੱਤਰ ਸੀ।)
31 ਯਹੋਵਾਹ ਨੇ ਬਸਲਏਲ ਦੇ ਅੰਦਰ ਪਰਮੇਸ਼ੁਰ ਦਾ ਆਤਮਾ ਭਰ ਦਿੱਤਾ। ਉਸਨੇ ਬਸਲਏਲ ਨੂੰ ਸਭ ਤਰ੍ਹਾਂ ਦੀਆਂ ਗੱਲਾਂ ਕਰਨ ਲਈ ਖਾਸ ਯੋਗਤਾ ਅਤੇ ਗਿਆਨ ਦਿੱਤਾ ਹੈ।
32 ਉਹ ਸੋਨੇ ਚਾਂਦੀ ਅਤੇ ਪਿੱਤਲ ਦੀਆਂ ਚੀਜ਼ਾਂ ਤਰਾਸ਼ ਸਕਦਾ ਹੈ ਤੇ ਬਣਾ ਸਕਦਾ ਹੈ।
33 ਉਹ ਕੀਮਤੀ-ਪੱਥਰ ਅਤੇ ਹੀਰੇ ਤਰਾਸ਼ ਸਕਦਾ ਹੈ ਅਤੇ ਉਨ੍ਹਾਂ ਨੂੰ ਜੜ ਸਕਦਾ ਹੈ। ਬਸਲਏਲ ਲੱਕੜ ਦਾ ਕੰਮ ਕਰ ਸਕਦਾ ਹੈ ਅਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਬਣਾ ਸਕਦਾ ਹੈ।
34 ਯਹੋਵਾਹ ਨੇ ਬਸਲਏਲ ਅਤੇ ਆਹਾਲੀਆਬ ਨੂੰ ਹੋਰਨਾਂ ਲੋਕਾਂ ਨੂੰ ਸਿਖਿਆ ਦੇਣ ਦੀ ਯੋਗਤਾ ਦਿੱਤੀ ਹੈ। (ਆਹਾਲੀਆਬ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਅਹੀਸਾਮਾਕ ਦਾ ਪੁੱਤਰ ਸੀ।)
35 ਯਹੋਵਾਹ ਨੇ ਇਨ੍ਹਾਂ ਦੋਹਾਂ ਬੰਦਿਆਂ ਨੂੰ ਹਰ ਤਰ੍ਹਾਂ ਦਾ ਕੰਮ ਕਰਨ ਦੀ ਖਾਸ ਯੋਗਤਾ ਦਿੱਤੀ ਹੈ। ਉਹ ਤਰਖਾਣਾਂ ਅਤੇ ਠਠੇਰਿਆਂ ਦਾ ਕੰਮ ਕਰਨ ਦੇ ਯੋਗ ਹਨ। ਉਹ ਕੱਪੜਾ ਬੁਣ ਸਕਦੇ ਹਨ ਅਤੇ ਇਸ ਉੱਪਰ ਨੀਲੇ ਬੈਂਗਣੀ ਅਤੇ ਲਾਲ ਸੂਤ ਦੇ ਨਮੂਨੇ ਬਣਾ ਸਕਦੇ ਹਨ ਅਤੇ ਮਹੀਨ ਲਿਨਨ ਬੁਣ ਸਕਦੇ ਹਨ। ਅਤੇ ਉਹ ਉੱਨ ਦੀਆਂ ਚੀਜ਼ਾਂ ਬੁਣ ਸਕਦੇ ਹਨ।