ਖ਼ਰੋਜ
ਕਾਂਡ 22
1 “ਉਸ ਆਦਮੀ ਨੂੰ ਤੁਸੀਂ ਕੀ ਸਜ਼ਾ ਦਿਉਂਗੇ ਜਿਹੜਾ ਕਿਸੇ ਬਲਦ ਜਾਂ ਭੇਡ ਨੂੰ ਚੁਰਾ ਲੈਂਦਾ ਹੈ? ਜੇ ਉਹ ਆਦਮੀ ਉਸ ਜਾਨਵਰ ਨੂੰ ਮਾਰ ਦਿੰਦਾ ਹੈ ਜਾਂ ਵੇਚ ਦਿੰਦਾ ਹੈ, ਤਾਂ ਉਹ ਇਸਨੂੰ ਵਾਪਸ ਨਹੀਂ ਕਰ ਸਕਦਾ। ਇਸ ਲਈ ਉਸਨੂੰ ਚੁਰਾਏ ਹੋਏ ਬਲਦ ਬਦਲੇ ਪੰਜ ਬਲਦ ਦੇਣੇ ਪੈਣਗੇ। ਜਾਂ ਉਸਨੂੰ ਚੋਰੀ ਕੀਤੀ ਇੱਕ ਭੇਡ ਬਦਲੇ ਚਾਰ ਭੇਡਾਂ ਦੇਣੀਆਂ ਪੈਣਗੀਆਂ। ਉਸਨੂੰ ਚੋਰੀ ਕਰਨ ਦਾ ਇਵਜ਼ਾਨਾ ਦੇਣਾ ਪਵੇਗਾ।
2 ਜੇ ਉਸ ਬੰਦੇ ਕੋਲ ਕੁਝ ਵੀ ਨਹੀਂ ਤਾਂ ਉਸਨੂੰ ਗੁਲਾਮ ਦੇ ਤੌਰ ਤੇ ਵੇਚ ਦਿੱਤਾ ਜਾਵੇਗਾ। ਪਰ ਜੇ ਉਸ ਆਦਮੀ ਕੋਲ ਉਹ ਜਾਨਵਰ ਹੈ ਅਤੇ ਤੁਸੀਂ ਉਸਨੂੰ ਲੱਭ ਲਿਆ ਤਾਂ ਉਸ ਆਦਮੀ ਨੂੰ ਮਾਲਕ ਨੂੰ ਹਰ ਇੱਕ ਚੁਰਾਏ ਹੋਏ ਜਾਨਵਰ ਬਦਲੇ ਦੋ ਜਾਨਵਰ ਦੇਣੇ ਪੈਣਗੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਜਾਨਵਰ ਬਲਦ ਸੀ ਜਾਂ ਖੋਤਾ ਜਾਂ ਭੇਡ।“ਜੇ ਕੋਈ ਚੋਰ ਰਾਤ ਵੇਲੇ ਕਿਸੇ ਘਰ ਵਿੱਚ ਸਂਨ੍ਹ ਲਾਉਂਦਾ ਮਾਰਿਆ ਜਾਵੇ, ਤਾਂ ਉਸਨੂੰ ਮਾਰਨ ਲਈ ਕੋਈ ਵੀ ਦੋਸ਼ੀ ਨਹੀਂ ਹੋਵੇਗਾ। ਪਰ ਜੇ ਅਜਿਹਾ ਦਿਨ ਵੇਲੇ ਵਾਪਰਦਾ ਹੈ, ਤਾਂ ਉਹ ਬੰਦਾ ਜਿਸਨੇ ਉਸਨੂੰ ਮਾਰਿਆ, ਕਤਲ ਦਾ ਦੋਸ਼ੀ ਹੋਵੇਗਾ।
3
4
5 “ਜੇ ਕੋਈ ਬੰਦਾ ਆਪਣੇ ਜਾਨਵਰਾਂ ਨੂੰ ਚਰਨ ਲਈ ਬਾਹਰ ਖੇਤ ਜਾਂ ਅੰਗੂਰਾਂ ਦੇ ਬਾਗ ਵਿੱਚ ਛੱਡਦਾ ਹੈ ਅਤੇ ਜੇਕਰ ਉਹ ਉਨ੍ਹਾਂ ਜਾਨਵਰਾਂ ਨੂੰ ਆਪਣੇ ਗੁਆਂਢੀ ਦੇ ਖੇਤ ਜਾਂ ਅੰਗੂਰ ਦੇ ਬਾਗ ਵਿੱਚ ਧੱਕੇ ਨਾਲ ਵੜਕੇ ਚਰਨ ਦਿੰਦਾ ਹੈ, ਤਾਂ ਉਸਨੂੰ ਨੁਕਸਾਨ ਦੀ ਅਦਾਇਗੀ ਵਜੋਂ ਆਪਣੀ ਸਭ ਤੋਂ ਚੰਗੀ ਖੇਤੀ ਦੇਣੀ ਪਵੇਗੀ।
6 “ਹੋ ਸਕਦਾ ਹੈ ਕੋਈ ਬੰਦਾ ਆਪਣੇ ਖੇਤ ਵਿੱਚ ਕੰਡਿਆਲੀਆਂ ਝਾੜੀਆਂ ਨੂੰ ਸਾੜਨ ਲਈ ਅੱਗ ਬਾਲੇ। ਪਰ ਜੇ ਇਹ ਅੱਗ ਫ਼ੈਲ ਜਾਂਦੀ ਹੈ ਅਤੇ ਉਸਦੇ ਗੁਆਂਢੀ ਦੀਆਂ ਫ਼ਸਲਾਂ ਜਾਂ ਉਸਦੇ ਖੇਤ ਦੇ ਅਨਾਜ਼ ਨੂੰ ਸਾੜ ਦਿੰਦੀ ਹੈ, ਤਾਂ ਜਿਸ ਬੰਦੇ ਨੇ ਅੱਗ ਲਾਈ ਸੀ, ਉਸਨੂੰ ਉਨ੍ਹਾਂ ਸਾੜੀਆਂ ਹੋਈਆਂ ਚੀਜ਼ਾਂ ਦਾ ਇਵਜ਼ਾਨਾ ਦੇਣਾ ਪਵੇਗਾ।
7 “ਹੋ ਸਕਦਾ ਹੈ ਕੋਈ ਬੰਦਾ ਆਪਣੇ ਲਈ ਗੁਆਂਢੀ ਦੇ ਘਰ ਵਿੱਚ ਕੁਝ ਚੀਜ਼ਾਂ ਜਾਂ ਪੈਸੇ ਰੱਖਣ ਲਈ ਆਖੇ। ਜੇ ਉਹ ਪੈਸੇ ਜਾਂ ਚੀਜ਼ਾਂ ਉਸ ਗੁਆਂਢੀ ਦੇ ਘਰੋਂ ਚੋਰੀ ਹੋ ਜਾਣ ਤਾਂ ਫ਼ੇਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਹਾਨੂੰ ਚੋਰ ਨੂੰ ਫ਼ੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਤੁਸੀਂ ਚੋਰ ਨੂੰ ਫ਼ੜ ਲਵੋਂ ਤਾਂ ਉਸਨੂੰ ਉਨ੍ਹਾਂ ਚੀਜ਼ਾਂ ਦਾ ਦੁੱਗਣਾ ਅਦਾ ਕਰਨਾ ਚਾਹੀਦਾ ਹੈ।
8 ਪਰ ਜੇ ਤੁਸੀਂ ਚੋਰ ਨੂੰ ਨਾ ਫ਼ੜ ਸਕੋਂ, ਪਰਮੇਸ਼ੁਰ ਫ਼ੈਸਲਾ ਕਰੇਗਾ ਕਿ ਕੀ ਘਰ ਦਾ ਮਾਲਕ ਦੋਸ਼ੀ ਹੈ ਜਾਂ ਨਹੀਂ। ਘਰ ਦੇ ਮਾਲਕ ਨੂੰ ਨਿਆਂਕਾਰਾਂ ਦੇ ਸਾਮ੍ਹਣੇ ਜਾਣਾ ਚਾਹੀਦਾ ਹੈ, ਅਤੇ ਉਹ ਸਹੁੰ ਖਾਵੇ ਕਿ ਉਸਨੇ ਆਪਣੇ ਗੁਆਂਢੀ ਦੀਆਂ ਚੀਜ਼ਾਂ ਨਹੀਂ ਚੁਰਾਈਆਂ।
9 “ਜੇ ਦੋ ਵਿਅਕਤੀਆਂ ਵਿਚਕਾਰ ਕਿਸੇ ਬਲਦ ਜਾਂ ਖੋਤੇ ਜਾਂ ਭੇਡ ਜਾਂ ਕੱਪੜੇ ਜਾਂ ਕਿਸੇ ਗੁਆਚੀ ਹੋਈ ਚੀਜ਼ ਬਾਰੇ ਝਗੜਾ ਹੋ ਜਾਵੇ, ਜਿਥੇ ਇੱਕ ਵਿਅਕਤੀ ਆਖੇ, ‘ਇਹ ਮੇਰਾ ਹੈ’, ਅਤੇ ਦੂਸਰਾ ਆਖੇ, ‘ਨਹੀਂ, ਇਹ ਮੇਰਾ ਹੈ’, ਉਨ੍ਹਾਂ ਦੋਹਾਂ ਨੂੰ ਨਿਆਂਕਾਰਾਂ ਦੇ ਸਾਮ੍ਹਾਣੇ ਜਾਣਾ ਚਾਹੀਦਾ ਹੈ। ਜਿਸ ਵਿਅਕਤੀ ਨੂੰ ਨਿਆਂਕਾਰ ਦੋਸ਼ੀ ਘੋਸ਼ਿਤ ਕਰੇ, ਉਸਨੂੰ ਦੂਸਰੇ ਵਿਅਕਤੀ ਨੂੰ ਦੁੱਗਣਾ ਹਿੱਸਾ ਅਦਾ ਕਰਨਾ ਪਵੇਗਾ।
10 “ਹੋ ਸਕਦਾ ਹੈ ਕਿ ਕੋਈ ਬੰਦਾ ਆਪਣੇ ਗੁਆਂਢੀ ਨੂੰ ਕੁਝ ਸਮੇਂ ਲਈ ਕਿਸੇ ਜਾਨਵਰ ਦੀ ਦੇਖ-ਭਾਲ ਕਰਨ ਲਈ ਆਖੇ। ਇਹ ਖੋਤਾ ਜਾਂ ਬਲਦ ਜਾਂ ਭੇਡ ਵੀ ਹੋ ਸਕਦੀ ਹੈ। ਪਰ ਜੇ ਉਹ ਜਾਨਵਰ ਜ਼ਖਮੀ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ ਜਾਂ ਕੋਈ ਉਸ ਜਾਨਵਰ ਨੂੰ ਅਖ ਬਚਾਕੇ ਚੁਰਾ ਲੈਂਦਾ ਹੈ, ਤਾਂ ਫ਼ੇਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
11 ਉਸ ਗੁਆਂਢੀ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਉਸਨੇ ਜਾਨਵਰ ਨਹੀਂ ਚੁਰਾਇਆ। ਜੇ ਇਹ ਸਹੀ ਹੈ, ਤਾਂ ਉਹ ਗੁਆਂਢੀ ਯਹੋਵਾਹ ਅੱਗੇ ਇਕਰਾਰ ਕਰੇਗਾ ਕਿ ਉਸਨੇ ਇਸਨੂੰ ਨਹੀਂ ਚੁਰਾਇਆ। ਜਾਨਵਰ ਦੇ ਮਾਲਕ ਨੂੰ ਇਸ ਇਕਰਾਰ ਨੂੰ ਮੰਨ ਲੈਣਾ ਚਾਹੀਦਾ ਹੈ। ਗੁਆਂਢੀ ਨੂੰ ਜਾਨਵਰ ਲਈ ਮਾਲਕ ਨੂੰ ਪੈਸੇ ਦੇਣ ਦੀ ਲੋੜ ਨਹੀਂ।
12 ਪਰ ਜੇਕਰ ਜਾਨਵਰ ਉਦੋਂ ਚੋਰੀ ਹੁੰਦਾ ਹੈ ਜਦੋਂ ਉਹ ਗੁਆਂਢੀ ਦੀ ਨਿਗਰਾਨੀ ਵਿੱਚ ਸੀ, ਤਾਂ ਉਸਨੂੰ ਜਾਨਵਰ ਦੀ ਕੀਮਤ ਮਾਲਕ ਨੂੰ ਅਦਾ ਕਰਨੀ ਪਵੇਗੀ।
13 ਜੇ ਜੰਗਲੀ ਜਾਨਵਰਾਂ ਨੇ ਉਸ ਜਾਨਵਰ ਨੂੰ ਮਾਰ ਦਿੱਤਾ ਹੋਵੇ, ਤਾਂ ਗੁਆਂਢੀ ਨੂੰ ਜਾਨਵਰ ਦੀ ਲਾਸ਼ ਸਬੂਤ ਵਜੋਂ ਪੇਸ਼ ਕਰਨੀ ਪਵੇਗੀ। ਗੁਆਂਢੀ ਨੂੰ ਉਸ ਜਾਨਵਰ ਦੀ ਕੀਮਤ ਮਾਲਕ ਨੂੰ ਨਹੀਂ ਦੇਣੀ ਪਵੇਗੀ ਜਿਹੜਾ ਮਾਰਿਆ ਗਿਆ ਸੀ।
14 “ਜੇ ਕੋਈ ਆਦਮੀ ਆਪਣੇ ਗੁਆਂਢੀ ਤੋਂ ਕੋਈ ਜਾਨਵਰ ਲੈਂਦਾ ਅਤੇ ਜੇਕਰ ਉਹ ਜਾਨਵਰ ਜਦੋਂ ਮਾਲਕ ਉਥੇ ਨਹੀਂ ਸੀ ਜ਼ਖਮੀ ਹੋ ਜਾਂਦਾ ਹੈ, ਜਾਂ ਉਹ ਜਾਨਵਰ ਮਰ ਜਾਂਦਾ, ਤਾਂ ਗੁਆਂਢੀ ਨੂੰ ਇਸਦੀ ਕੀਮਤ ਮਾਲਕ ਨੂੰ ਅਦਾ ਕਰਨੀ ਚਾਹੀਦੀ ਹੈ।
15 ਪਰ ਜੇ ਮਾਲਕ ਜਾਨਵਰ ਦੇ ਨਾਲ ਸੀ, ਤਾਂ ਗੁਆਂਢੀ ਨੂੰ ਕੁਝ ਦੇਣ ਦੀ ਲੋੜ ਨਹੀਂ। ਜਾਂ, ਜੇ ਗੁਆਂਢੀ ਇਸ ਕੰਮ ਲਈ ਜਾਨਵਰ ਦੀ ਵਰਤੋਂ ਲਈ ਪੈਸੇ ਦੇ ਰਿਹਾ ਸੀ। ਤਾਂ ਉਸਨੂੰ ਕੁਝ ਨਹੀਂ ਦੇਣਾ ਪਵੇਗਾ ਜੇ ਜਾਨਵਰ ਮਰ ਜਾਂਦਾ ਹੈ ਜਾਂ ਜ਼ਖਮੀ ਹੋ ਜਾਂਦਾ ਹੈ। ਜਿਹੜਾ ਪੈਸਾ ਉਸਨੇ ਜਾਨਵਰ ਦੀ ਵਰਤੋਂ ਲਈ ਦਿੱਤਾ ਉਹ ਅਦਾਇਗੀ ਲਈ ਕਾਫ਼ੀ ਹੋਵੇਗਾ।
16 “ਜੇ ਕਿਸੇ ਬੰਦੇ ਦੇ ਕਿਸੇ ਕੁਆਰੀ ਮੁਟਿਆਰ ਨਾਲ ਜਿਨਸੀ ਸੰਬੰਧ ਹਨ, ਤਾਂ ਉਸਨੂੰ ਉਸ ਨਾਲ ਵਿਆਹ ਕਰਾਉਣਾ ਪਵੇਗਾ। ਅਤੇ ਉਸਨੂੰ ਉਸਦੇ ਪਿਤਾ ਨੂੰ ਪੂਰਾ ਦਾਜ ਦੇਣਾ ਪਵੇਗਾ।
17 ਜੇ ਪਿਤਾ ਉਸਨੂੰ ਆਪਣੀ ਧੀ ਨਾਲ ਵਿਆਹ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਵੀ ਉਸ ਆਦਮੀ ਨੂੰ ਪੈਸਾ ਦੇਣਾ ਪਵੇਗਾ। ਉਸਨੂੰ ਉਸ ਲਈ ਪੂਰਾ ਪੂਰਾ ਪੈਸਾ ਦੇਣਾ ਪਵੇਗਾ।
18 “ਜੇਕਰ ਕੋਈ ਔਰਤ ਕਾਲਾ ਜਾਦੂ ਕਰਦੀ ਹੈ, ਤੁਹਾਨੂੰ ਉਸਨੂੰ ਜਿਉਂਦਿਆਂ ਨਹੀਂ ਰਹਿਣ ਦੇਣਾ ਚਾਹੀਦਾ।
19 “ਤੁਹਾਨੂੰ ਕਿਸੇ ਬੰਦੇ ਨੂੰ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਨਹੀਂ ਰੱਖਣ ਦੇਣੇ ਚਾਹੀਦੇ। ਜੇ ਅਜਿਹਾ ਹੁੰਦਾ ਹੈ ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ।
20 “ਜੇ ਕੋਈ ਬੰਦਾ ਕਿਸੇ ਝੂਠੇ ਦੇਵਤੇ ਨੂੰ ਬਲੀ ਚੜਾਉਂਦਾ ਹੈ, ਤਾ ਉਸ ਬੰਦੇ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਇੱਕ ਯਹੋਵਾਹ ਪਰਮੇਸ਼ੁਰ ਹੀ ਹੈ ਜਿਸਨੂੰ ਤੁਹਾਨੂੰ ਬਲੀਆਂ ਚੜਾਉਣੀਆਂ ਚਾਹੀਦੀਆਂ ਹਨ।
21 “ਚੇਤੇ ਰਖੋ, ਅਤੀਤ ਵਿੱਚ ਤੁਸੀਂ ਮਿਸਰ ਦੀ ਧਰਤੀ ਉੱਤੇ ਵਿਦੇਸ਼ੀ ਸੀ। ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਕਿਸੇ ਅਜਿਹੇ ਬੰਦੇ ਨੂੰ ਧੋਖਾ ਨਾ ਦਿਓ ਜਾਂ ਨੁਕਸਾਨ ਨਾ ਪੁਚਾਓ ਜਿਹੜਾ ਤੁਹਾਡੇ ਦੇਸ਼ ਵਿੱਚ ਵਿਦੇਸ਼ੀ ਹੈ।
22 “ਤੁਹਾਨੂੰ ਕਦੇ ਵੀ ਉਨ੍ਹਾਂ ਔਰਤਾਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਪਤੀ ਮਰ ਚੁੱਕੇ ਹਨ ਜਾਂ ਉਨ੍ਹਾਂ ਬੱਚਿਆਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਹੜੇ ਯਤੀਮ ਹਨ।
23 ਜੇ ਤੁਸੀਂ ਉਨ੍ਹਾਂ ਵਿਧਵਾਵਾਂ ਜਾਂ ਯਤੀਮਾਂ ਨਾਲ ਮੰਦਾ ਕਰੋਂਗੇ, ਤਾਂ ਮੈਂ ਇਸਨੂੰ ਜਾਣ ਜਾਵਾਂਗਾ। ਮੈਂ ਉਨ੍ਹਾਂ ਦੀਆਂ ਤਕਲੀਫ਼ਾਂ ਸੁਣਾਂਗਾ।
24 ਅਤੇ ਮੈਂ ਬਹੁਤ ਕਰੋਧਵਾਨ ਹੋਵਾਂਗਾ। ਮੈਂ ਤੁਹਾਨੂੰ ਤਲਵਾਰ ਨਾਲ ਕਤਲ ਕਰ ਦਿਆਂਗਾ। ਫ਼ੇਰ ਤੁਹਾਡੀਆਂ ਪਤਨੀਆਂ ਵਿਧਵਾ ਹੋ ਜਾਣਗੀਆਂ। ਅਤੇ ਤੁਹਾਡੇ ਬੱਚੇ ਯਤੀਮ ਹੋ ਜਾਣਗੇ।
25 “ਜੇ ਮੇਰੇ ਬੰਦਿਆਂ ਵਿੱਚੋਂ ਕੋਈ ਗਰੀਬ ਹੈ, ਅਤੇ ਤੁਸੀਂ ਉਸਨੂੰ ਪੈਸਾ ਉਧਾਰ ਦਿੰਦੇ ਹੋ ਤਾਂ ਤੁਹਾਨੂੰ ਉਸ ਪੈਸੇ ਦਾ ਬਿਆਜ ਨਹੀਂ ਲੈਣਾ ਚਾਹੀਦਾ। ਅਤੇ ਤੁਹਾਨੂੰ ਚਾਹੀਦਾ ਹੈ ਕਿ ਉਸਨੂੰ ਛੇਤੀ ਪੈਸਾ ਵਾਪਸ ਕਰਨ ਲਈ ਮਜਬੂਰ ਨਾ ਕਰੋ।
26 ਹੋ ਸਕਦਾ ਹੈ ਕੋ ਕੋਈ ਬੰਦਾ ਤੁਹਾਨੂੰ ਇਸ ਇਕਰਾਰ ਵਜੋਂ ਆਪਣਾ ਕੋਟ ਦੇ ਦੇਵੇ ਕਿ ਉਹ ਤੁਹਾਡਾ ਦਿੱਤਾ ਪੈਸਾ ਵਾਪਸ ਮੋੜ ਦੇਵੇਗਾ। ਪਰ ਤੁਹਾਨੂੰ ਚਾਹੀਦਾ ਹੈ ਕਿ ਸੂਰਜ ਛੁਪਣ ਤੋਂ ਪਹਿਲਾਂ ਉਸਨੂੰ ਉਹ ਕੋਟ ਵਾਪਸ ਕਰ ਦਿਓ।
27 ਜੇ ਉਸ ਬੰਦੇ ਕੋਲ ਕੋਟ ਨਹੀਂ ਹੋਵੇਗਾ ਤਾਂ ਉਸ ਕੋਲ ਆਪਣਾ ਸ਼ਰੀਰ ਢਕਣ ਲਈ ਕੁਝ ਨਹੀਂ ਹੋਵੇਗਾ। ਉਸਨੂੰ ਸੁਤਿਆਂ ਹ੍ਹੋਇਆਂ ਸਰਦੀ ਲੱਗ ਜਾਵੇਗੀ। ਅਤੇ ਜੇ ਉਹ ਮੇਰੇ ਅੱਗੇ ਪੁਕਾਰ ਕਰੇਗਾ, ਤਾਂ ਮੈਂ ਉਸਦੀ ਪੁਕਾਰ ਸੁਣਾਂਗਾ। ਮੈਂ ਧਿਆਨ ਦੇਵਾਂਗਾ ਕਿਉਂਕਿ ਮੈਂ ਮਿਹਰਬਾਨ ਹਾਂ।
28 “ਤੁਹਾਨੂੰ ਆਪਣੇ ਲੋਕਾਂ ਦੇ ਆਗੂਆਂ ਜਾਂ ਆਪਣੇ ਨਿਆਂਕਾਰਾਂ ਨੂੰ ਕੁਝ ਗਲਤ ਨਹੀਂ ਆਖਣਾ ਚਾਹੀਦਾ।
29 “ਫ਼ਸਲ ਦੀ ਵਾਢੀ ਵੇਲੇ ਤੁਸੀਂ ਮੈਨੂੰ ਪਹਿਲਾ ਅਨਾਜ਼ ਤੇ ਆਪਣੇ ਫ਼ਲਾਂ ਦਾ ਪਹਿਲਾ ਰਸ ਜ਼ਰੂਰ ਭੇਂਟ ਕਰੋਂਗੇ। ਵਰ੍ਹੇ ਦੇ ਦੌਰਾਨ ਦੇਰੀ ਨਾ ਕਰੋ।“ਆਪਣੇ ਪਲੇਠੇ ਪੁੱਤਰ ਮੈਨੂੰ ਦਿਓ।
30 ਆਪਣੇ ਪਲੇਠੇ ਪਸ਼ੂ ਅਤੇ ਭੇਡਾਂ ਵੀ ਮੈਨੂੰ ਦਿਓ। ਪਲੇਠੀ ਸੰਤਾਨ ਨੂੰ ਸੱਤਾਂ ਦਿਨਾਂ ਤੱਕ ਆਪਣੀ ਮਾਂ ਕੋਲ ਰਹਿਣ ਦਿਓ। ਫ਼ੇਰ ਅਠਵੇਂ ਦਿਨ ਉਸਨੂੰ ਮੈਨੂੰ ਦੇ ਦੇਵੋ।
31 “ਤੁਸੀਂ ਮੇਰੇ ਖਾਸ ਲੋਕ ਹੋ, ਇਸ ਲਈ ਉਸ ਜਾਨਵਰ ਦਾ ਗੋਸ਼ਤ ਨਾ ਖਾਓ ਜੋ ਜੰਗਲੀ ਜਾਨਵਰ ਦੁਆਰਾ ਮਾਰਿਆ ਗਿਆ ਹੋਵੇ। ਤੁਹਾਨੂੰ ਇਸਨੂੰ ਕੁਤਿਆਂ ਅੱਗੇ ਸੁੱਟ ਦੇਣਾ ਚਾਹੀਦਾ ਹੈ।