ਖ਼ਰੋਜ
ਕਾਂਡ 10
1 ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਕੋਲ ਜਾਹ। ਮੈਂ ਉਸਨੂੰ ਅਤੇ ਉਸਦੇ ਅਧਿਕਾਰੀਆਂ ਨੂੰ ਜ਼ਿੱਦੀ ਬਣਾਇਆ ਹੈ। ਮੈਂ ਅਜਿਹਾ ਇਸ ਲਈ ਕੀਤਾ ਤਾਂ ਜੋ ਮੈਂ ਉਨ੍ਹਾਂ ਨੂੰ ਆਪਣੇ ਤਾਕਤਵਰ ਕਰਿਸ਼ਮੇ ਦਿਖਾ ਸਕਾਂ।
2 ਅਜਿਹਾ ਮੈਂ ਇਸ ਲਈ ਵੀ ਕੀਤਾ ਤਾਂ ਜੋ ਤੁਸੀਂ ਆਪਣੇ ਪੁੱਤਾਂ-ਪੋਤਿਆਂ ਨੂੰ ਉਨ੍ਹਾਂ ਕਰਿਸ਼ਮਿਆਂ ਅਤੇ ਕਾਰਨਾਮਿਆਂ ਬਾਰੇ ਦੱਸ ਸਕੋਂ ਜੋ ਮੈਂ ਮਿਸਰ ਵਿੱਚ ਕੀਤੇ ਹਨ। ਫ਼ੇਰ ਤੁਸੀਂ ਸਾਰੇ ਜਾਣ ਜਾਵੋਂਗੇ ਕਿ ਮੈਂ ਯਹੋਵਾਹ ਹਾਂ।”
3 ਇਸ ਲਈ ਮੂਸਾ ਤੇ ਹਾਰੂਨ ਫ਼ਿਰਊਨ ਵੱਲ ਗਏ। ਉਨ੍ਹਾਂ ਨੇ ਉਸਨੂੰ ਆਖਿਆ, “ਇਬਰਾਨੀ ਲੋਕਾਂ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਕਿੰਨਾ ਚਿਰ ਤੱਕ ਤੁਸੀਂ ਮੇਰਾ ਹੁਕਮ ਮੰਨਣ ਤੋਂ ਇਨਕਾਰ ਕਰੋਂਗੇ? ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਜਾਣ ਦਿਉ।
4 ਜੇ ਤੁਸੀਂ ਮੇਰੇ ਲੋਕਾਂ ਨੂੰ ਨਹੀਂ ਜਾਣ ਦਿਉਂਗੇ ਤਾਂ ਮੈਂ ਕਲ ਨੂੰ ਤੁਹਾਡੇ ਦੇਸ਼ ਉੱਤੇ ਟਿੱਡੀ ਦਲ ਛੱਡਾਂਗਾ।
5 ਟਿੱਡੀਆਂ ਸਾਰੀ ਧਰਤੀ ਤੇ ਫ਼ੈਲ ਜਾਣਗੀਆਂ। ਟਿੱਡੀਆਂ ਇੰਨੀਆਂ ਹੋਣਗੀਆਂ ਕਿ ਤੁਹਾਨੂੰ ਜ਼ਮੀਨ ਨਜ਼ਰ ਨਹੀਂ ਆਵੇਗੀ। ਜੋ ਕੁਝ ਵੀ ਗੜੇਮਾਰ ਤੋਂ ਬਚ ਗਿਆ ਸੀ ਉਸਨੂੰ ਟਿੱਡੀਆਂ ਖਾ ਜਾਣਗੀਆਂ। ਟਿੱਡੀਆਂ ਖੇਤਾਂ ਵਿਚਲੇ ਹਰ ਰੁਖ ਦੇ ਪੱਤੇ ਖਾ ਜਾਣਗੀਆਂ।
6 ਟਿੱਡੀਆਂ ਤੁਹਾਡੇ ਘਰਾਂ, ਤੁਹਾਡੇ ਅਧਿਕਾਰੀਆਂ ਦੇ ਘਰਾਂ, ਅਤੇ ਮਿਸਰ ਦੇ ਸਾਰੇ ਘਰਾਂ ਵਿੱਚ ਹੋਣਗੀਆਂ। ਉਹ ਇੰਨੀਆਂ ਜ਼ਿਆਦਾ ਹੋਣਗੀਆਂ ਕਿ ਤੁਹਾਡੇ ਪਿਉ-ਦਾਦਿਆਂ ਨੇ ਕਦੇ ਵੀ ਟਿੱਡੀਆਂ ਦੀ ਇੰਨੀ ਵੱਡੀ ਤੌਣ ਨਹੀਂ ਵੇਖੀ ਹੋਵੇਗੀ ਜਦੋਂ ਤੋਂ ਕਿ ਮਿਸਰੀ ਇੱਥੇ ਵਸੇ ਹਨ।’” ਫ਼ੇਰ ਮੂਸਾ ਫ਼ਿਰਊਨ ਤੋਂ ਪਰ੍ਹਾਂ ਮੁੜਿਆ ਅਤੇ ਚਲਾ ਗਿਆ।
7 ਤਾਂ ਅਧਿਕਾਰੀਆਂ ਨੇ ਫ਼ਿਰਊਨ ਨੂੰ ਪੁਛਿਆ, “ਕਿੰਨਾ ਕੁ ਚਿਰ ਤੱਕ ਅਸੀਂ ਇਨ੍ਹਾਂ ਲੋਕਾਂ ਦੇ ਜਾਲ ਵਿੱਚ ਫ਼ਸੇ ਰਹਾਂਗੇ। ਇਨ੍ਹਾਂ ਆਦਮੀਆਂ ਨੂੰ ਜਾਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਨ ਦਿਓ। ਜੇ ਤੁਸੀਂ ਉਨ੍ਹਾਂ ਨੂੰ ਨਹੀਂ ਜਾਣ ਦਿਉਂਗੇ ਤਾਂ ਤੁਹਾਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਮਿਸਰ ਤਬਾਹ ਹੋ ਜਾਵੇਗਾ।”
8 ਇਸ ਲਈ ਫ਼ਿਰਊਨ ਨੇ ਆਪਣੇ ਅਧਿਕਾਰੀਆਂ ਨੂੰ ਮੂਸਾ ਤੇ ਹਾਰੂਨ ਨੂੰ ਆਪਣੇ ਕੋਲ ਵਾਪਸ ਲਿਆਉਣ ਲਈ ਆਖਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਜਾਓ ਜਾਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ। ਪਰ ਮੈਨੂੰ ਇਹ ਦੱਸੋ ਕਿ ਕੌਣ-ਕੌਣ ਜਾ ਰਿਹਾ ਹੈ?”
9 ਮੂਸਾ ਨੇ ਜਵਾਬ ਦਿੱਤਾ, “ਸਾਡੇ ਸਾਰੇ ਲੋਕ, ਜੁਆਨ ਤੇ ਬੁਢੇ, ਜਾਣਗੇ। ਅਤੇ ਆਪਣੇ ਪੁੱਤਾਂ-ਧੀਆਂ ਅਤੇ ਆਪਣੀਆਂ ਭੇਡਾਂ ਤੇ ਪਸ਼ੂਆਂ ਨੂੰ ਨਾਲ ਲੈ ਜਾਣਗੇ। ਅਸੀਂ ਸਾਰੇ ਹੀ ਜਾਵਾਂਗੇ ਕਿਉਂਕਿ ਯਹੋਵਾਹ ਦੀ ਦਾਵਤ ਸਾਡੇ ਸਾਰਿਆਂ ਵਾਸਤੇ ਹੈ।”
10 ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਨੂੰ ਸੱਚਮੁਚ ਤੁਹਾਡੇ ਅੰਗ-ਸੰਗ ਹੋਣਾ ਪਵੇਗਾ, ਇਸਤੋਂ ਪਹਿਲਾਂ ਕਿ ਮੈਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਮਿਸਰ ਛੱਡ ਜਾਣ ਦੀ ਇਜਾਜ਼ਤ ਦਿਆਂ। ਤੁਸੀਂ ਕਿਸੇ ਦੁਸ਼ਟ ਗੱਲ ਦੀ ਯੋਜਨਾ ਬਣਾ ਰਹੇ ਲੱਗਦੇ ਹੋ।
11 ਆਦਮੀ ਜਾਕੇ ਯਹੋਵਾਹ ਦੀ ਉਪਾਸਨਾ ਕਰ ਸਕਦੇ ਹਨ। ਇਹੀ ਸੀ ਜੋ ਤੁਸੀਂ ਸ਼ੁਰੂ ਵਿੱਚ ਮੰਗਿਆ ਸੀ। ਪਰ ਤੁਹਾਡੇ ਸਾਰੇ ਲੋਕ ਨਹੀਂ ਜਾ ਸਕਦੇ।” ਫ਼ੇਰ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਵਾਪਸ ਤੋਰ ਦਿੱਤਾ।
12 ਯਹੋਵਾਹ ਨੇ ਮੂਸਾ ਨੂੰ ਆਖਿਆ, “ਮਿਸਰ ਦੀ ਧਰਤੀ ਉੱਪਰ ਆਪਣਾ ਹੱਥ ਉਠਾ ਅਤੇ ਟਿੱਡੀ ਦਲ ਆ ਜਾਵੇਗਾ। ਟਿੱਡੀਆਂ ਮਿਸਰ ਦੀ ਧਰਤੀ ਉੱਤੇ ਫ਼ੈਲ ਜਾਣਗੀਆਂ। ਟਿੱਡੀਆਂ ਉਹ ਸਾਰੇ ਪੌਦੇ ਖਾ ਜਾਣਗੀਆਂ ਜਿਹੜੇ ਗੜਿਆਂ ਨੇ ਤਬਾਹ ਕੀਤੇ ਸਨ।”
13 ਇਸ ਲਈ ਮੂਸਾ ਨੇ ਆਪਣੀ ਸੋਟੀ ਮਿਸਰ ਦੀ ਧਰਤੀ ਉੱਪਰ ਉਠਾਈ ਅਤੇ ਯਹੋਵਾਹ ਨੇ ਪੂਰਬ ਵੱਲੋਂ ਤੇਜ਼ ਹਵਾ ਵਗਾਈ। ਹਵਾ ਸਾਰਾ ਦਿਨ ਤੇ ਸਾਰੀ ਰਾਤ ਵਗਦੀ ਰਹੀ। ਜਦੋਂ ਸਵੇਰ ਹੋਈ ਹਵਾ ਮਿਸਰ ਦੀ ਧਰਤੀ ਉੱਪਰ ਟਿੱਡੀਆਂ ਲੈ ਆਈ।
14 ਟਿੱਡੀਆਂ ਉੱਡਕੇ ਮਿਸਰ ਦੇ ਦੇਸ਼ ਵਿੱਚ ਆ ਗਈਆਂ ਅਤੇ ਧਰਤੀ ਤੇ ਬੈਠ ਗਈਆਂ। ਇੰਨੀਆਂ ਟਿੱਡੀਆਂ ਮਿਸਰ ਵਿੱਚ ਕਦੇ ਨਹੀਂ ਦੇਖੀਆਂ ਗਈਆਂ ਸਨ। ਅਤੇ ਇੰਨੀਆਂ ਟਿੱਡੀਆਂ ਫ਼ੇਰ ਕਦੇ ਵੀ ਨਹੀਂ ਹੋਣਗੀਆਂ।
15 ਟਿੱਡੀਆਂ ਨੇ ਸਾਰੀ ਜ਼ਮੀਨ ਢਕ ਦਿੱਤੀ ਅਤੇ ਸਾਰੇ ਦੇਸ਼ ਅੰਦਰ ਹਨੇਰਾ ਛਾ ਗਿਆ। ਟਿੱਡੀਆਂ ਨੇ ਧਰਤੀ ਦਾ ਹਰ ਪੌਦਾ ਅਤੇ ਰੁਖਾਂ ਦਾ ਹਰ ਉਹ ਫ਼ਲ ਖਾ ਲਿਆ ਜਿਹੜਾ ਗੜਿਆਂ ਨੇ ਤਬਾਹ ਨਹੀਂ ਕੀਤਾ ਸੀ। ਮਿਸਰ ਵਿੱਚ ਕਿਧਰੇ ਵੀ ਰੁਖਾਂ ਜਾਂ ਪੌਦਿਆਂ ਉੱਤੇ ਪੱਤੇ ਨਹੀਂ ਬਚੇ।
16 ਫ਼ਿਰਊਨ ਨੇ ਛੇਤੀ ਨਾਲ ਮੂਸਾ ਅਤੇ ਹਾਰੂਨ ਨੂੰ ਬੁਲਾਇਆ। ਫ਼ਿਰਊਨ ਨੇ ਆਖਿਆ, “ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਅਤੇ ਤੁਹਾਡੇ ਖਿਲਾਫ਼ ਪਾਪ ਕੀਤਾ ਹੈ।
17 ਹੁਣ ਇਸ ਵਾਰੀ ਮੈਨੂੰ ਮੇਰੇ ਪਾਪਾਂ ਲਈ ਮਾਫ਼ੀ ਦਿਓ। ਯਹੋਵਾਹ ਨੂੰ ਆਖੋ ਕਿ ਇਸ ਮੌਤ (ਟਿੱਡੀ ਦਲ) ਨੂੰ ਮੇਰੇ ਕੋਲੋਂ ਦੂਰ ਕਰ ਦੇਵੇ।”
18 ਮੂਸਾ ਫ਼ਿਰਊਨ ਕੋਲੋਂ ਚਲਾ ਗਿਆ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ।
19 ਇਸ ਲਈ ਯਹੋਵਾਹ ਨੇ ਹਵਾ ਦਾ ਰੁਖ ਮੋੜ ਦਿੱਤਾ। ਯਹੋਵਾਹ ਨੇ ਪਛਮ ਵੱਲੋਂ ਬਹੁਤ ਤੇਜ਼ ਹਵਾ ਵਗਾਈ ਅਤੇ ਇਹ ਟਿੱਡੀਆਂ ਨੂੰ ਮਿਸਰ ਤੋਂ ਉਡਾਕੇ ਲਾਲ ਸਾਗਰ ਵਿੱਚ ਲੈ ਗਈ। ਮਿਸਰ ਵਿੱਚ ਇੱਕ ਵੀ ਟਿੱਡੀ ਨਹੀਂ ਬਚੀ।
20 ਪਰ ਯਹੋਵਾਹ ਨੇ ਫ਼ਿਰਊਨ ਨੂੰ ਫ਼ੇਰ ਜ਼ਿੱਦੀ ਬਣਾ ਦਿੱਤਾ। ਅਤੇ ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਨੂੰ ਜਾਣ ਨਹੀਂ ਦਿੱਤਾ।
21 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਹਵਾ ਵਿੱਚ ਉਠਾ ਅਤੇ ਮਿਸਰ ਵਿੱਚ ਹਨੇਰਾ ਛਾ ਜਾਵੇਗਾ। ਇਹ ਇੰਨਾ ਘੁੱਪ ਹਨੇਰਾ ਹੋਵੇਗਾ ਕਿ ਤੁਸੀਂ ਇਸਨੂੰ ਮਹਿਸੂਸ ਕਰ ਸਕੋਂਗੇ।”
22 ਇਸ ਲਈ ਮੂਸਾ ਨੇ ਹਵਾ ਵਿੱਚ ਆਪਣਾ ਹੱਥ ਉਠਾਇਆ ਅਤੇ ਹਨੇਰੇ ਦੇ ਇੱਕ ਬੱਦਲ ਨੇ ਮਿਸਰ ਨੂੰ ਢਕ ਲਿਆ। ਹਨੇਰਾ ਮਿਸਰ ਵਿੱਚ ਤਿੰਨ ਦਿਨ ਰਿਹਾ।
23 ਕੋਈ ਵੀ ਬੰਦਾ ਇੱਕ ਦੂਜੇ ਨੂੰ ਨਹੀਂ ਦੇਖ ਸਕਦਾ ਸੀ। ਅਤੇ ਕੋਈ ਵੀ ਤਿੰਨ ਦਿਨਾਂ ਤੱਕ ਉਠਕੇ ਕਿਸੇ ਥਾਂ ਨਹੀਂ ਗਿਆ। ਪਰ ਜਿਨ੍ਹਾਂ ਥਾਵਾਂ ਉੱਤੇ ਇਸਰਾਏਲ ਦੇ ਲੋਕ ਰਹਿੰਦੇ ਸਨ ਓਥੇ ਰੌਸ਼ਨੀ ਸੀ।
24 ਫ਼ਿਰਊਨ ਨੇ ਮੂਸਾ ਨੂੰ ਫ਼ੇਰ ਬੁਲਾਇਆ। ਫ਼ਿਰਊਨ ਨੇ ਆਖਿਆ, “ਜਾਓ ਅਤੇ ਆਪਣੇ ਯਹੋਵਾਹ ਦੀ ਉਪਾਸਨਾ ਕਰੋ। ਤੁਸੀਂ ਆਪਣੇ ਬੱਚੇ ਆਪਣੇ ਨਾਲ ਲਿਜਾ ਸਕਦੇ ਹੋ। ਪਰ ਤੁਹਾਨੂੰ ਆਪਣੀਆਂ ਭੇਡਾਂ ਤੇ ਪਸ਼ੂ ਇੱਥੇ ਹੀ ਛੱਡਣੇ ਪੈਣਗੇ।”
25 ਮੂਸਾ ਨੇ ਆਖਿਆ, “ਨਾ ਸਿਰਫ਼ ਅਸੀਂ ਆਪਣੀਆਂ ਭੇਡਾਂ ਅਤੇ ਪਸ਼ੂ ਹੀ ਆਪਣੇ ਨਾਲ ਲੈ ਜਾਵਾਂਗੇ, ਸਗੋਂ ਜਦੋਂ ਅਸੀਂ ਜਾਵਾਂਗੇ, ਤੁਸੀਂ ਸਾਨੂੰ ਭੇਟਾ ਤੇ ਬਲੀਆਂ ਵੀ ਦੇਵੋਂਗੇ।
26 ਹਾਂ, ਅਸੀਂ ਆਪਣੇ ਯਹੋਵਾਹ ਦੀ ਉਪਾਸਨਾ ਲਈ ਆਪਣੇ ਪਸ਼ੂ ਆਪਣੇ ਨਾਲ ਲੈ ਜਾਵਾਂਗੇ। ਕੋਈ ਖੁਰ ਵੀ ਪਿਛੇ ਨਹੀਂ ਛੱਡਿਆ ਜਾਵੇਗਾ। ਹਾਲੇ ਤੱਕ ਸਾਨੂੰ ਪੱਕਾ ਪਤਾ ਨਹੀਂ ਕਿ ਯਹੋਵਾਹ ਦੀ ਉਪਾਸਨਾ ਲਈ ਸਾਨੂੰ ਕੀ ਕੁਝ ਚਾਹੀਦਾ ਹੋਵੇਗਾ। ਇਸਦਾ ਸਾਨੂੰ ਉਦੋਂ ਹੀ ਪਤਾ ਚੱਲੇਗਾ ਜਦੋਂ ਅਸੀਂ ਉਥੇ ਜਾਵਾਂਗੇ ਜਿਥੇ ਅਸੀਂ ਜਾ ਰਹੇ ਹਾਂ। ਇਸ ਲਈ ਸਾਨੂੰ ਇਹ ਸਾਰੀਆਂ ਚੀਜ਼ਾਂ ਆਪਣੇ ਲਈ ਲਿਜਾਣੀਆਂ ਪੈਣਗੀਆਂ।”
27 ਯਹੋਵਾਹ ਨੇ ਫ਼ਿਰਊਨ ਨੂੰ ਫ਼ੇਰ ਜ਼ਿੱਦੀ ਬਣਾ ਦਿੱਤਾ। ਇਸ ਲਈ ਫ਼ਿਰਊਨ ਨੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ।
28 ਤਾਂ ਫ਼ਿਰਊਨ ਨੇ ਮੂਸਾ ਨੂੰ ਆਖਿਆ, “ਇਥੋਂ ਚਲਿਆ ਜਾਹ। ਮੈਂ ਨਹੀਂ ਚਾਹੁੰਦਾ ਕਿ ਤੂੰ ਫ਼ੇਰ ਇੱਥੇ ਆਵੇਂ। ਅਗਲੀ ਵਾਰ ਜਦੋਂ ਤੂੰ ਮਿਲਣ ਆਵੇਂਗਾ, ਤੂੰ ਮਾਰਿਆ ਜਾਵੇਂਗਾ।”
29 ਤਾਂ ਮੂਸਾ ਨੇ ਫ਼ਿਰਊਨ ਨੂੰ ਆਖਿਆ, “ਤੂੰ ਇੱਕ ਗੱਲ ਬਾਰੇ ਬਿਲਕੁਲ ਠੀਕ ਹੈਂ। ਮੈਂ ਦੋਬਾਰਾ ਤੈਨੂੰ ਮਿਲਣ ਨਹੀਂ ਆਵਾਂਗਾ।”