ਖ਼ਰੋਜ
ਕਾਂਡ 18
1 ਮੂਸਾ ਦਾ ਸਹੁਰਾ, ਯਿਥਰੋ, ਮਿਦਯਾਨ ਦਾ ਜਾਜਕ ਸੀ। ਉਸ ਨੇ ਉਸ ਸਭ ਕਾਸੇ ਬਾਰੇ ਸੁਣਿਆ ਜੋ ਯਹੋਵਾਹ ਨੇ ਮੂਸਾ ਅਤੇ ਇਸਰਾਏਲ ਦੇ ਲੋਕਾਂ ਲਈ ਕੀਤਾ ਸੀ ਅਤੇ ਕਿਵੇਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਵੱਲ ਅਗਵਾਈ ਕੀਤੀ।
2 ਇਸ ਲਈ ਯਿਥਰੋ ਮੂਸਾ ਕੋਲ ਗਿਆ ਜਦੋਂ ਕਿ ਮੂਸਾ ਨੇ ਪਰਮੇਸ਼ੁਰ ਦੇ ਪਰਬਤ ਨੇੜੇ ਡੇਰਾ ਲਾਇਆ ਹੋਇਆ ਸੀ। ਯਿਥਰੋ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਆਪਣੇ ਨਾਲ ਲਿਆਇਆ। (ਸਿੱਪੋਰਾਹ ਮੂਸਾ ਦੇ ਨਾਲ ਨਹੀਂ ਸੀ ਕਿਉਂਕਿ ਮੂਸਾ ਨੇ ਉਸਨੂੰ ਉਸਦੇ ਘਰ ਭੇਜ ਦਿੱਤਾ ਸੀ।)
3 ਯਿਥਰੋ ਆਪਣੇ ਨਾਲ ਮੂਸਾ ਦੇ ਦੋ ਪੁੱਤਰਾਂ ਨੂੰ ਵੀ ਲਿਆਇਆ। ਪਹਿਲੇ ਪੁੱਤਰ ਦਾ ਨਾਮ ਗੇਰਸ਼ੋਨ ਸੀ, ਕਿਉਂਕਿ ਜਦੋਂ ਉਹ ਜੰਮਿਆ ਸੀ, ਮੂਸਾ ਨੇ ਆਖਿਆ ਸੀ, “ਮੈਂ ਪ੍ਰਦੇਸ਼ ਵਿੱਚ ਇੱਕ ਅਜਨਬੀ ਹਾਂ।”
4 ਦੂਸਰੇ ਪੁੱਤਰ ਦਾ ਨਾਮ ਅਲੀਅਜ਼ਰ ਸੀ, ਕਿਉਂਕਿ ਜਦੋਂ ਉਹ ਜੰਮਿਆ ਸੀ ਤਾਂ ਮੂਸਾ ਨੇ ਆਖਿਆ ਸੀ, “ਮੇਰੇ ਪਿਤਾ ਦੇ ਪਰਮੇਸ਼ੁਰ ਨੇ ਮੇਰੀ ਸਹਾਇਤਾ ਕੀਤੀ ਅਤੇ ਮੈਨੂੰ ਮਿਸਰ ਦੇ ਰਾਜੇ ਤੋਂ ਬਚਾਇਆ।”
5 ਇਸ ਲਈ ਯਿਥਰੋ ਮੂਸਾ ਕੋਲ ਗਿਆ ਜਦੋਂ ਮੂਸਾ ਨੇ ਪਰਮੇਸ਼ੁਰ ਦੇ ਪਰਬਤ (ਸੀਨਈ ਪਰਬਤ) ਨੇੜੇ ਮਾਰੂਥਲ ਵਿੱਚ ਡੇਰਾ ਲਾਇਆ ਹੋਇਆ ਸੀ। ਮੂਸਾ ਦੀ ਪਤਨੀ ਅਤੇ ਉਸਦੇ ਦੋਵੇਂ ਪੁੱਤਰ ਯਿਥਰੋ ਦੇ ਨਾਲ ਸਨ।
6 ਯਿਥਰੋ ਨੇ ਮੂਸਾ ਨੂੰ ਸੁਨੇਹਾ ਭੇਜਿਆ। ਯਿਥਰੋ ਨੇ ਆਖਿਆ, “ਇਹ ਮੈਂ, ਤੇਰਾ ਸਹੁਰਾ ਯਿਥਰੋ ਹਾਂ। ਮੈਂ ਤੇਰੀ ਪਤਨੀ ਤੇ ਦੋਹਾਂ ਪੁੱਤਰਾਂ ਨੂੰ ਤੇਰੇ ਕੋਲ ਲਿਆ ਰਿਹਾ ਹਾਂ।”
7 ਇਸ ਲਈ ਮੂਸਾ ਆਪਣੇ ਸਹੁਰੇ ਨੂੰ ਮਿਲਣ ਲਈ ਬਾਹਰ ਆਇਆ। ਮੂਸਾ ਨੇ ਉਸਨੂੰ ਮੱਥਾ ਟੇਕਿਆ ਅਤੇ ਉਸਨੂੰ ਚੁੰਮਿਆ। ਦੋਹਾਂ ਨੇ ਇੱਕ ਦੂਸਰੇ ਦੀ ਖਬਰ ਸਾਰ ਪੁਛੀ। ਫ਼ੇਰ ਉਹ ਹੋਰ ਗੱਲਾਂ ਕਰਨ ਲਈ ਮੂਸਾ ਦੇ ਤੰਬੂ ਵਿੱਚ ਚਲੇ ਗਏ।
8 ਮੂਸਾ ਨੇ ਯਿਥਰੋ ਨੂੰ ਹਰ ਉਹ ਗੱਲ ਦਸੀ ਜਿਹੜੀ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤੀ ਸੀ। ਮੂਸਾ ਨੇ ਉਹ ਗੱਲਾਂ ਦਸੀਆਂ ਜਿਹੜੀਆਂ ਯਹੋਵਾਹ ਨੇ ਫ਼ਿਰਊਨ ਤੇ ਮਿਸਰ ਦੇ ਲੋਕਾਂ ਨਾਲ ਕੀਤੀਆਂ ਸਨ। ਮੂਸਾ ਨੇ ਉਨ੍ਹਾਂ ਸਾਰੀਆਂ ਸਮਸਿਆਵਾਂ ਬਾਰੇ ਦੱਸਿਆ ਜਿਹੜੀਆਂ ਉਨ੍ਹਾਂ ਨੂੰ ਰਸਤੇ ਵਿੱਚ ਪੇਸ਼ ਆਈਆਂ। ਅਤੇ ਮੂਸਾ ਨੇ ਆਪਣੇ ਸਹੁਰੇ ਨੂੰ ਦੱਸਿਆ ਕਿ ਕਿਵੇਂ ਯਹੋਵਾਹ ਨੇ ਹਰ ਸਮੇਂ ਇਸਰਾਏਲ ਦੇ ਲੋਕਾਂ ਨੂੰ ਮੁਸੀਬਤ ਤੋਂ ਬਚਾਇਆ।
9 ਜਦੋਂ ਯਿਥਰੋ ਨੇ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸੁਣਿਆ ਜੋ ਯਹੋਵਾਹ ਨੇ ਇਸਰਾਏਲ ਲਈ ਕੀਤੀਆਂ ਤਾਂ ਉਹ ਪ੍ਰਸੰਨ ਹੋਇਆ। ਉਹ ਖੁਸ਼ ਸੀ ਕਿ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰੀਆਂ ਤੋਂ ਅਜ਼ਾਦ ਕਰਾਇਆ ਸੀ।
10 ਯਿਥਰੋ ਨੇ ਆਖਿਆ,“ਯਹੋਵਾਹ ਦੀ ਉਸਤਤਿ ਕਰੋ।ਉਸਨੇ ਤੁਹਾਨੂੰ ਮਿਸਰ ਦੀ ਤਾਕਤ ਤੋਂ ਅਜ਼ਾਦ ਕੀਤਾ।ਯਹੋਵਾਹ ਨੇ ਤੁਹਾਨੂੰ ਫ਼ਿਰਊਨ ਤੋਂ ਬਚਾਇਆ।
11 ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਸਾਰੇ ਦੇਵਤਿਆਂ ਤੋਂ ਮਹਾਨ ਹੈ।ਉਹ ਸੋਚਦੇ ਸਨ ਕਿ ਉਨ੍ਹਾਂ ਦਾ ਅਧਿਕਾਰ ਸੀ ਪਰ ਦੇਖੋ ਪਰਮੇਸ਼ੁਰ ਨੇ ਕੀ ਕੀਤਾ।”
12 ਯਿਥਰੋ ਪਰਮੇਸ਼ੁਰ ਦੇ ਆਦਰ ਲਈ ਕੁਝ ਬਲੀਆਂ ਤੇ ਭੇਟਾ ਲੈਕੇ ਆਇਆ। ਫ਼ੇਰ ਹਾਰੂਨ ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਯਹੋਵਾਹ ਦੇ ਸਾਮ੍ਹਣੇ ਮੂਸਾ ਦੇ ਸਹੁਰੇ ਯਿਥਰੋ ਕੋਲ ਰੋਟੀ ਖਾਣ ਲਈ ਇਕਠੇ ਹੋਕੇ ਆਏ।
13 ਅਗਲੇ ਦਿਨ, ਮੂਸਾ ਕੋਲ ਲੋਕਾਂ ਦਾ ਨਿਰਣਾ ਕਰਨ ਦਾ ਖਾਸ ਕੰਮ ਸੀ। ਓਥੇ ਬਹੁਤ ਸਾਰੇ ਲੋਕ ਸਨ, ਇਸ ਲਈ ਲੋਕਾਂ ਨੂੰ ਸਾਰਾ ਦਿਨ ਮੂਸਾ ਦੇ ਸਾਮ੍ਹਣੇ ਖੜਾ ਹੋਣਾ ਪਿਆ।
14 ਯਿਥਰੋ ਨੇ ਮੂਸਾ ਨੂੰ ਲੋਕਾਂ ਦਾ ਨਿਰਣਾ ਕਰਦਿਆਂ ਦੇਖਿਆ। ਉਸਨੇ ਪੁੱਛਿਆ, “ਤੂੰ ਇਹ ਕਿਉਂ ਕਰ ਰਿਹਾ ਹੈਂ? ਤੂੰ ਇਕੱਲਾ ਹੀ ਨਿਆਂਕਾਰ ਕਿਉਂ ਹੈਂ? ਅਤੇ ਸਾਰਾ ਦਿਨ ਲੋਕ ਤੇਰੇ ਕੋਲ ਕਿਉਂ ਆਉਂਦੇ ਹਨ?”
15 ਤਾਂ ਮੂਸਾ ਨੇ ਆਪਣੇ ਸਹੁਰੇ ਨੂੰ ਆਖਿਆ, “ਲੋਕ ਮੇਰੇ ਕੋਲ ਆਉਂਦੇ ਹਨ ਅਤੇ ਮੈਨੂੰ ਆਖਦੇ ਹਨ ਕਿ ਮੈਂ ਉਨ੍ਹਾਂ ਦੀਆਂ ਸਮਸਿਆਵਾਂ ਬਾਰੇ ਪਰਮੇਸ਼ੁਰ ਦਾ ਨਿਰਣਾ ਪੁਛਾਂ।
16 ਜੇ ਲੋਕਾਂ ਦਾ ਕੋਈ ਝਗੜਾ ਹੁੰਦਾ ਹੈ, ਉਹ ਮੇਰੇ ਕੋਲ ਆਉਂਦੇ ਹਨ। ਮੈਂ ਨਿਰਣਾ ਕਰਦਾ ਹਾਂ ਕਿ ਕਿਹੜਾ ਬੰਦਾ ਸਹੀ ਹੈ। ਇਸ ਤਰ੍ਹਾਂ ਮੈਂ ਲੋਕਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਬਿਵਸਥਾ ਦੀ ਸਿਖਿਆ ਦਿੰਦਾ ਹਾਂ।”
17 ਪਰ ਮੂਸਾ ਦੇ ਸਹੁਰੇ ਨੇ ਉਸਨੂੰ ਆਖਿਆ, “ਅਜਿਹਾ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ।
18 ਇਹ ਤੇਰੇ ਇਕੱਲੇ ਲਈ ਬਹੁਤ ਔਖਾ ਕੰਮ ਹੈ। ਤੂੰ ਇਹ ਕੰਮ ਇਕਲਿਆਂ ਖੁਦ ਨਹੀਂ ਕਰ ਸਕਦਾ। ਇਹ ਤੈਨੂੰ ਥਕਾ ਦਿੰਦਾ ਹੈ। ਅਤੇ ਇਹ ਲੋਕਾਂ ਨੂੰ ਵੀ ਥਕਾਉਂਦਾ ਹੈ।
19 ਹੁਣ, ਮੇਰੀ ਗੱਲ ਸੁਣ। ਮੈਂ ਤੈਨੂੰ ਇੱਕ ਸਲਾਹ ਦਿੰਦਾ ਹਾਂ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੇਰੇ ਅੰਗ-ਸੰਗ ਹੋਵੇ। ਤੈਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਅਤੇ ਤੈਨੂੰ ਇਨ੍ਹਾਂ ਗੱਲਾਂ ਬਾਰੇ ਪਰਮੇਸ਼ੁਰ ਨਾਲ ਗੱਲ ਕਰਨੀ ਜਾਰੀ ਰਖਣੀ ਚਾਹੀਦੀ ਹੈ।
20 ਤੈਨੂੰ ਲੋਕਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਬਿਵਸਥਾ ਦੀ ਸਿਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਚਿਤਾਵਨੀ ਦੇ ਕਿ ਉਹ ਬਿਧੀ ਨਾ ਤੋੜਨ। ਉਨ੍ਹਾਂ ਨੂੰ ਜਿਉਣ ਦਾ ਸਹੀ ਢੰਗ ਦੱਸ। ਉਨ੍ਹਾਂ ਨੂੰ ਦੱਸ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।
21 ਪਰ ਤੈਨੂੰ ਕੁਝ ਚੰਗੇ ਲੋਕਾਂ ਨੂੰ ਨਿਆਂਕਾਰ ਤੇ ਆਗੂ ਵੀ ਚੁਣਨਾ ਚਾਹੀਦਾ ਹੈ।“ਉਨ੍ਹਾਂ ਨੇਕ ਆਦਮੀਆਂ ਨੂੰ ਚੁਣ ਜਿਨ੍ਹਾਂ ਉੱਤੇ ਤੂੰ ਭਰੋਸਾ ਕਰ ਸਕਦਾ ਹੈਂ - ਉਹ ਆਦਮੀ ਜਿਹੜੇ ਪਰਮੇਸ਼ੁਰ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਚੁਣ ਜਿਹੜੇ ਪੈਸੇ ਖਾਤਰ ਆਪਣੇ ਫ਼ੈਸਲੇ ਨਾ ਬਦਲਣ। ਅਤੇ ਇਨ੍ਹਾਂ ਆਦਮੀਆਂ ਨੂੰ ਲੋਕਾਂ ਦੇ ਹਾਕਮ ਬਣਾ। ਇੱਕ ਹਜ਼ਾਰ ਆਦਮੀਆਂ, ਸੌ ਆਦਮੀਆਂ, ਪੰਜਾਹ ਆਦਮੀਆਂ ਅਤੇ ਦਸ ਆਦਮੀਆਂ ਉੱਪਰ ਵੀ ਹਾਕਮ ਹੋਣੇ ਚਾਹੀਦੇ ਹਨ।
22 ਇਨ੍ਹਾਂ ਹਾਕਮਾਂ ਨੂੰ ਲੋਕਾਂ ਦੇ ਨਿਰਣੇ ਕਰਨ ਦੇ। ਜੇ ਕੋਈ ਬਹੁਤ ਮਹੱਤਵਪੂਰਣ ਮਾਮਲਾ ਹੋਵੇ ਤਾਂ ਉਹ ਤੇਰੇ ਕੋਲ ਆ ਸਕਦੇ ਹਨ ਅਤੇ ਤੈਨੂੰ ਨਿਰਣਾ ਕਰਨ ਦੇਣ। ਪਰ ਦੂਸਰੇ ਮਾਮਲੇ ਉਹ ਖੁਦ ਨਿਪਟਾ ਸਕਦੇ ਹਨ। ਇਸ ਤਰ੍ਹਾਂ ਇਹ ਆਦਮੀ ਤੇਰੇ ਨਾਲ ਕੰਮ ਸਾਂਝਾ ਕਰ ਸਕਦੇ ਹਨ ਅਤੇ ਤੇਰੇ ਲਈ ਲੋਕਾਂ ਦੀ ਅਗਵਾਈ ਕਰਨੀ ਸੌਖੀ ਹੋਵੇਗੀ।
23 ਜੇ ਤੂੰ ਇਹ ਗੱਲਾਂ ਕਰੇਗਾ, ਤੂੰ ਆਪਣਾ ਕੰਮ ਕਰਨ ਦੇ ਲਾਇਕ ਹੋਵੇਂਗਾ ਜਿਵੇਂ ਯਹੋਵਾਹ ਨੇ ਤੈਨੂੰ ਕਰਨ ਦਾ ਹੁਕਮ ਦਿੱਤਾ ਸੀ। ਉਸੇ ਵੇਲੇ, ਇਹ ਲੋਕ ਆਪਣੀਆਂ ਸੁਲਝੀਆਂ ਹੋਈਆਂ ਸਮਸਿਆਵਾਂ ਨਾਲ ਘਰ ਜਾ ਸਕਦੇ ਹਨ।”
24 ਇਸ ਲਈ ਮੂਸਾ ਨੇ ਉਹੀ ਕੀਤਾ ਜੋ ਯਿਥਰੋ ਨੇ ਉਸਨੂੰ ਆਖਿਆ ਸੀ।
25 ਮੂਸਾ ਨੇ ਇਸਰਾਏਲ ਦੇ ਲੋਕਾਂ ਵਿੱਚੋਂ ਨੇਕ ਆਦਮੀ ਚੁਣੇ। ਮੂਸਾ ਨੇ ਇਨ੍ਹਾਂ ਲੋਕਾਂ ਨੂੰ ਆਗੂ ਬਣਾਇਆ। 1000 ਆਦਮੀਆਂ, 100 ਆਦਮੀਆਂ, 50 ਆਦਮੀਆਂ ਅਤੇ 10 ਆਦਮੀਆਂ ਉੱਪਰ ਹਾਕਮ ਸਨ।
26 ਇਹ ਹਾਕਮ ਲੋਕਾਂ ਲਈ ਨਿਆਂਕਾਰ ਸਨ। ਲੋਕ ਹਮੇਸ਼ਾ ਆਪਣੇ ਝਗੜੇ ਇਨ੍ਹਾਂ ਹਾਕਮਾ ਸਾਮ੍ਹਣੇ ਲਿਆ ਸਕਦੇ ਸਨ। ਅਤੇ ਮੂਸਾ ਨੇ ਸਿਰਫ਼ ਬਹੁਤ ਜ਼ਰੂਰ ਮਾਮਲਿਆਂ ਦਾ ਨਿਰਣਾ ਕਰਨਾ ਸੀ।
27 ਕੁਝ ਸਮੇਂ ਬਾਦ ਮੂਸਾ ਨੇ ਆਪਣੇ ਸਹੁਰੇ, ਯਿਥਰੋ ਨੂੰ ਅਲਵਿਦਾ ਆਖੀ। ਅਤੇ ਯਿਥਰੋ ਆਪਣੇ ਘਰ ਵਾਪਸ ਚਲਾ ਗਿਆ।