ਖ਼ਰੋਜ
ਕਾਂਡ 33
1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਤੈਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਮਿਸਰ ਤੋਂ ਬਾਹਰ ਲਿਆਂਦਾ ਸੀ, ਇਹ ਥਾਂ ਛੱਡਣੀ ਪਵੇਗ਼ੀ। ਉਸ ਧਰਤੀ ਤੇ ਜਾਉ। ਜਿਹੜੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਦਾ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਹ ਧਰਤੀ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਦੇ ਦਿਆਂਗਾ।
2 ਇਸ ਲਈ ਮੈਂ ਤੁਹਾਡੇ ਅੱਗੇ ਇੱਕ ਦੂਤ ਭੇਜਾਂਗਾ ਅਤੇ ਮੈਂ ਕਨਾਨੀਆਂ, ਅਮੋਰੀਆਂ, ਹਿੱਤੀਆਂ, ਫ਼ਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਹਰਾ ਦਿਆਂਗਾ। ਮੈਂ ਇਨ੍ਹਾਂ ਲੋਕਾਂ ਨੂੰ ਤੁਹਾਡੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿਆਂਗਾ।
3 ਇਸ ਲਈ ਬਹੁਤ ਸਾਰੀਆਂ ਬਰਕਤਾਂ ਨਾਲ ਭਰੀ ਹੋਈ ਧਰਤੀ ਵੱਲ ਚਲੇ ਜਾਉ। ਮੈਂ ਤੁਹਾਡੇ ਨਾਲ ਜਾਵਾਂਗਾ। ਤੁਸੀਂ ਲੋਕ ਬਹੁਤ ਜ਼ਿੱਦੀ ਹੋ ਅਤੇ ਤੁਸੀਂ ਮੈਨੂੰ ਬਹੁਤ ਕਰੋਧਵਾਨ ਕਰ ਦਿੰਦੇ ਹੋ। ਜੇ ਮੈਂ ਤੁਹਾਡੇ ਨਾਲ ਜਾਵਾਂਗਾ ਤਾਂ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਰਸਤੇ ਵਿੱਚ ਤਬਾਹ ਕਰ ਦਿਆਂ।”
4 ਲੋਕਾਂ ਨੇ ਇਹ ਬੁਰੀ ਖਬਰ ਸੁਣੀ ਅਤੇ ਉਹ ਬਹੁਤ ਉਦਾਸ ਹੋ ਗਏ। ਅਤੇ ਲੋਕਾਂ ਨੇ ਗਹਿਣੇ ਪਾਉਣੇ ਛੱਡ ਦਿੱਤੇ।
5 ਕਿਉਂ? ਕਿਉਂਕਿ ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖੋ, ‘ਤੁਸੀਂ ਜ਼ਿੱਦੀ ਲੋਕ ਹੋ। ਜੇ ਮੈਂ ਤੁਹਾਡੇ ਨਾਲ-ਨਾਲ ਸਿਰਫ਼ ਥੋੜੇ ਜਿਹੇ ਰਸਤੇ ਤੇ ਹੀ ਤੁਰਿਆ ਤਾਂ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਤਬਾਹ ਕਰ ਦਿਆਂ। ਇਸ ਲਈ ਓਨਾ ਚਿਰ ਲਈ ਗਹਿਣੇ ਉਤਾਰ ਦਿਉ ਜਿੰਨਾ ਚਿਰ ਮੈਂ ਇਹ ਨਿਰਣਾ ਕਰਦਾ ਹਾਂ ਕਿ ਤੁਹਾਡੇ ਨਾਲ ਕੀ ਸਲੂਕ ਕਰਾਂ।’
6 ਇਸ ਲਈ ਇਸਰਾਏਲ ਦੇ ਲੋਕਾਂ ਨੇ ਹੇਰੋਬ ਪਰਬਤ ਉੱਤੇ ਆਪਣੇ ਗਹਿਣੇ ਪਾਉਣੇ ਛੱਡ ਦਿੱਤੇ।
7 ਮੂਸਾ ਡੇਰੇ ਤੋਂ ਥੋੜਾ ਜਿਹਾ ਬਾਹਰ ਇਸ ਤੰਬੂ ਕੋਲ ਜਾਂਦਾ ਹੁੰਦਾ ਸੀ। ਉਹ ਇਸਨੂੰ “ਮੰਡਲੀ ਵਾਲਾ ਤੰਬੂ” ਬੁਲਾਉਂਦਾ ਸੀ। ਜਿਹੜਾ ਵੀ ਬੰਦਾ ਯਹੋਵਾਹ ਤੋਂ ਕੁਝ ਪੁਛਣਾ ਚਾਹੁੰਦਾ ਸੀ ਉਹ ਡੇਰੇ ਤੋਂ ਬਾਹਰ ਇਸ ਮੰਡਲੀ ਵਾਲੇ ਤੰਬੂ ਕੋਲ ਜਾਂਦਾ ਸੀ।
8 ਕਿਸੇ ਵੀ ਵੇਲੇ ਜਦੋਂ ਮੂਸਾ ਬਾਹਰ ਆਕੇ ਤੰਬੂ ਵਿੱਚ ਜਾਂਦਾ ਸੀ, ਸਾਰੇ ਲੋਕ ਉਸਨੂੰ ਦੇਖਦੇ ਸਨ। ਲੋਕ ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖਲੋਤੇ ਰਹਿੰਦੇ ਸਨ ਅਤੇ ਮੂਸਾ ਨੂੰ ਉਦੋਂ ਤੱਕ ਦੇਖਦੇ ਰਹਿੰਦੇ ਸਨ ਜਦੋਂ ਤੱਕ ਕਿ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਨਹੀਂ ਹੋ ਜਾਂਦਾ ਸੀ।
9 ਜਦੋਂ ਵੀ ਮੂਸਾ ਇਸ ਤੰਬੂ ਵਿੱਚ ਜਾਂਦਾ ਸੀ, ਇੱਕ ਲੰਮਾ ਬੱਦਲ ਹੇਠਾ ਆਉਂਦਾ ਸੀ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਰੁਕ ਜਾਂਦਾ ਸੀ। ਅਤੇ ਯਹੋਵਾਹ ਮੂਸਾ ਨਾਲ ਗੱਲ ਕਰਦਾ ਹੁੰਦਾ ਸੀ।
10 ਇਸ ਲਈ ਜਦੋਂ ਵੀ ਲੋਕ ਤੰਬੂ ਦੇ ਦਰਵਾਜ਼ੇ ਉੱਤੇ ਬੱਦਲ ਨੂੰ ਦੇਖਦੇ ਸਨ, ਉਹ ਆਪਣੇ-ਆਪਣੇ ਤੰਬੂਆਂ ਦੇ ਦਰਵਾਜ਼ਿਆਂ ਤੇ ਜਾਂਦੇ ਸਨ ਅਤੇ ਪਰਮੇਸ਼ੁਰ ਦੀ ਉਪਾਸਨਾ ਲਈ ਮਥਾ ਟੇਕਦੇ ਸਨ।
11 ਇਸ ਤਰ੍ਹਾਂ ਨਾਲ ਯਹੋਵਾਹ ਮੂਸਾ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਸੀ। ਯਹੋਵਾਹ ਮੂਸਾ ਨਾਲ ਉਸੇ ਤਰ੍ਹਾਂ ਗੱਲ ਕਰਦਾ ਸੀ ਜਿਵੇਂ ਕੋਈ ਆਦਮੀ ਆਪਣੇ ਕਿਸੇ ਮਿੱਤਰ ਨਾਲ ਗੱਲ ਕਰਦਾ ਹੈ। ਯਹੋਵਾਹ ਨਾਲ ਗੱਲਾਂ ਕਰਨ ਤੋਂ ਮਗਰੋਂ ਮੂਸਾ ਡੇਰੇ ਅੰਦਰ ਵਾਪਸ ਆ ਜਾਂਦਾ ਸੀ। ਪਰ ਉਸਦਾ ਸਹਾਇਕ ਹਮੇਸ਼ਾ ਤੰਬੂ ਵਿੱਚ ਠਹਿਰਦਾ ਸੀ। ਇਹ ਸਹਾਇਕ ਸੀ ਨੂਨ ਦਾ ਪੁੱਤਰ ਯਹੋਸ਼ੂਆ।
12 ਮੂਸਾ ਨੇ ਯਹੋਵਾਹ ਨੂੰ ਆਖਿਆ, “ਤੁਸੀਂ ਮੈਨੂੰ ਆਖਿਆ ਸੀ ਕਿ ਮੈਂ ਇਨ੍ਹਾਂ ਲੋਕਾਂ ਦੀ ਅਗਵਾਈ ਕਰਾਂ। ਪਰ ਤੁਸੀਂ ਇਹ ਨਹੀਂ ਸੀ ਦੱਸਿਆ ਕਿ ਤੁਸੀਂ ਮੇਰੇ ਨਾਲ ਕਿਸਨੂੰ ਭੇਜੋਂਗੇ। ਤੁਸੀਂ ਮੈਨੂੰ ਆਖਿਆ ਸੀ, ‘ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਮੈਂ ਤੇਰੇ ਉੱਤੇ ਪ੍ਰਸੰਨ ਹਾਂ।’
13 ਜੇ ਮੈਂ ਸੱਚ ਮੁੱਚ ਤੁਹਾਨੂੰ ਪ੍ਰਸੰਨ ਕੀਤਾ ਹੈ, ਤਾਂ ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇਵੋ। ਮੈਂ ਤੁਹਾਨੂੰ ਜਾਨਣਾ ਚਾਹੁੰਦਾ ਹਾਂ। ਫ਼ੇਰ ਮੈਂ ਤੁਹਾਨੂੰ ਪ੍ਰਸੰਨ ਕਰਦਾ ਰਹਿ ਸਕਦਾ ਹਾਂ। ਚੇਤੇ ਰਖੋ ਕਿ ਇਹ ਸਾਰੇ ਲੋਕ ਤੁਹਾਡੇ ਲੋਕ ਹਨ।”
14 ਯਹੋਵਾਹ ਨੇ ਜਵਾਬ ਦਿੱਤਾ, “ਮੈਂ ਖੁਦ ਤੇਰੇ ਨਾਲ ਜਾਵਾਂਗਾ। ਮੈਂ ਤੇਰੀ ਅਗਵਾਈ ਕਰਾਂਗਾ।”
15 ਫ਼ੇਰ ਮੂਸਾ ਨੇ ਯਹੋਵਾਹ ਨੂੰ ਆਖਿਆ, “ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ ਤਾਂ ਸਾਨੂੰ ਇਸ ਥਾਂ ਤੋਂ ਦੂਰ ਨਾ ਭੇਜੋ।
16 ਅਤੇ ਹਾਂ, ਸਾਨੂੰ ਇਸ ਗੱਲ ਦਾ ਕਿਵੇਂ ਪਤਾ ਚੱਲੇਗਾ ਕਿ ਤੁਸੀਂ ਮੇਰੇ ਨਾਲ ਅਤੇ ਇਨ੍ਹਾਂ ਲੋਕਾਂ ਨਾਲ ਪ੍ਰਸੰਨ ਹੋ? ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ, ਤਾਂ ਸਾਨੂੰ ਪੱਕਾ ਪਤਾ ਚੱਲ ਜਾਵੇਗਾ। ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ, ਤਾਂ ਮੈਂ ਅਤੇ ਇਹ ਲੋਕ ਧਰਤੀ ਦੇ ਹੋਰਨਾਂ ਲੋਕਾਂ ਨਾਲੋਂ ਵਖਰੇ ਨਹੀਂ ਹੋਵਾਂਗੇ।”
17 ਤਾਂ ਯਹੋਵਾਹ ਨੇ ਮੂਸਾ ਨੂੰ ਅਖਿਆ, “ਮੈਂ ਉਹੀ ਕਰਾਂਗਾ ਜੋ ਤੂੰ ਆਖਦਾ ਹੈ। ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂਕਿ ਮੈਂ ਤੇਰੇ ਉੱਤੇ ਪ੍ਰਸੰਨ ਹਾਂ ਅਤੇ ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ।”
18 ਤਾਂ ਮੂਸਾ ਨੇ ਆਖਿਆ, “ਹੁਣ ਕਿਰਪਾ ਕਰਕੇ ਮੈਨੂੰ ਆਪਣਾ ਪਰਤਾਪ ਦਰਸਾਉ।”
19 ਤਾਂ ਯਹੋਵਾਹ ਨੇ ਜਵਾਬ ਦਿੱਤਾ, “ਮੈਂ ਆਪਣੀ ਮੁਕੰਮਲ ਨੇਕੀ ਨੂੰ ਤੇਰੇ ਅੱਗੇ ਭੇਜਕੇ ਆਪਣਾ ਨਾਮ “ਯਹੋਵਾਹ” ਘੋਸ਼ਿਤ ਕਰਾਂਗਾ। ਕਿਉਂਕਿ ਮੈਂ ਆਪਣੀ ਮਿਹਰ ਅਤੇ ਆਪਣਾ ਪਿਆਰ ਕਿਸੇ ਵੀ ਬੰਦੇ, ਜਿਸਨੂੰ ਮੈਂ ਚੁਣਦਾਂ ਦਰਸਾ ਸਕਦਾ ਹਾਂ।
20 ਪਰ ਤੂੰ ਮੇਰਾ ਚਿਹਰਾ ਨਹੀਂ ਦੇਖ ਸਕੇਂਗਾ। ਕੋਈ ਵੀ ਬੰਦਾ ਮੈਨੂੰ ਦੇਖਕੇ ਜਿਉਂਦਾ ਨਹੀਂ ਰਹਿ ਸਕਦਾ।
21 “ਮੇਰੇ ਨਜ਼ਦੀਕ ਇੱਕ ਥਾਂ ਤੇ ਇੱਕ ਪੱਥਰ ਹੈ। ਤੂੰ ਉਸ ਪੱਥਰ ਤੇ ਖਲੋ ਸਕਦਾ ਹੈਂ।
22 ਮੇਰਾ ਪਰਤਾਪ ਉਸ ਸਥਾਨ ਤੋਂ ਗੁਜ਼ਰੇਗਾ। ਮੈਂ ਤੈਨੂੰ ਉਸ ਪੱਥਰ ਦੀ ਇੱਕ ਵੱਡੀ ਤ੍ਰੇੜ ਵਿੱਚ ਰੱਖ ਦਿਆਂਗਾ, ਅਤੇ ਜਦੋਂ ਮੈਂ ਗੁਜ਼ਰਾਂਗਾ ਤਾਂ ਮੈਂ ਤੈਨੂੰ ਆਪਣੇ ਹੱਥ ਨਾਲ ਢਕ ਲਵਾਂਗਾ।
23 ਫ਼ੇਰ ਮੈਂ ਆਪਣਾ ਹੱਥ ਚੁੱਕ ਲਵਾਂਗਾ, ਅਤੇ ਤੂੰ ਮੇਰੀ ਪਿਠ ਦੇਖ ਸਕੇਂਗਾ। ਪਰ ਤੂੰ ਮੇਰਾ ਚਿਹਰਾ ਨਹੀਂ ਦੇਖੇਂਗਾ।”