ਖ਼ਰੋਜ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40

ਕਾਂਡ 27

1 “ਸ਼ਿੱਟੀਮ ਦੀ ਲੱਕੜ ਦੀ ਵਰਤੋਂ ਕਰਕੇ ਇੱਕ ਜਗਵੇਦੀ ਬਣਾਉ। ਜਗਵੇਦੀ ਚੌਰਸ ਹੋਣੀ ਚਾਹੀਦੀ ਹੈ। ਇਹ ਪੰਜ ਕਿਊਬਿਟ ਲੰਮੀ, ਪੰਜ ਕਿਊਬਿਟ ਚੌੜੀ ਅਤੇ ਤਿੰਨ ਕਿਊਬਿਟ ਉੱਚੀ ਹੋਣੀ ਚਾਹੀਦੀ ਹੈ।
2 ਜਗਵੇਦੀ ਦੇ ਚੌਹਾਂ ਕੋਨਿਆਂ ਚੋਂ ਹਰੇਕ ਉੱਤੇ ਇੱਕ ਸਿੰਗ ਬਣਾਈ। ਇਸਦੇ ਸਿੰਗ ਉਸੇ ਪਦਾਰਥ ਦੇ ਬਣੇ ਹੋਣੇ ਚਾਹੀਦੇ ਹਨ ਜਿਸਤੋਂ ਜਗਵੇਦੀ ਬਣੀ ਹੈ। ਫ਼ੇਰ ਜਗਵੇਦੀ ਉੱਤੇ ਪਿੱਤਲ ਚੜਾਵੀਂ।
3 “ਜਗਵੇਦੀ ਉੱਤੇ ਵਰਤੇ ਜਾਣ ਵਾਲੇ ਸਾਰੇ ਸੰਦ ਅਤੇ ਪਲੇਟਾਂ ਪਿੱਤਲ ਦੀਆਂ ਬਣਾਈ। ਪਤੀਲੇ, ਕੜਛੇ, ਕੌਲੇ, ਚਿਮਟੇ ਅਤੇ ਤਸਲੇ ਬਣਾਈ। ਇਨ੍ਹਾਂ ਦੀ ਵਰਤੋਂ ਜਗਵੇਦੀ ਉੱਤੋਂ ਰਾਖ ਸਾਫ਼ ਕਰਨ ਲਈ ਕੀਤੀ ਜਾਵੇਗੀ।
4 ਜਗਵੇਦੀ ਲਈ ਜਾਲ ਦੀ ਸ਼ਕਲ ਦੀ ਇੱਕ ਕਾਂਸੀ ਦੀ ਜਾਲੀ ਬਣਾਵੀਂ। ਅਤੇ ਜਾਲੀ ਦੇ ਚੌਹਾਂ ਕੋਨਿਆਂ ਲਈ ਇੱਕ-ਇੱਕ ਕਾਂਸੀ ਦਾ ਕੜਾ ਬਣਾਵੀਂ।
5 ਜਾਲੀ ਨੂੰ ਜਗਵੇਦੀ ਦੇ ਹੇਠਾਂ ਕਰਕੇ ਥੜੇ ਉੱਤੇ ਟਿਕਾ ਦੇਵੀਂ। ਜਾਲੀ ਜਗਵੇਦੀ ਦੇ ਹੇਠਾਂ ਤੋਂ ਉੱਪਰ ਵੱਲ ਅਧ ਤੱਕ ਜਾਵੇਗੀ।
6 “ਜਗਵੇਦੀ ਲਈ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈ ਅਤੇ ਉਨ੍ਹਾਂ ਉੱਤੇ ਪਿੱਤਲ ਮਢ਼ ਦੇਵੀਂ।
7 ਜਗਵੇਦੀ ਦੇ ਦੋਹਾਂ ਪਾਸਿਆਂ ਉੱਤੇ ਲੱਗੇ ਕੜਿਆਂ ਵਿੱਚੋਂ ਚੋਬਾਂ ਨੂੰ ਗੁਜਾਰ ਦੇਵੀਂ। ਇਨ੍ਹਾਂ ਚੋਬਾਂ ਦੀ ਵਰਤੋਂ ਜਗਵੇਦੀ ਨੂੰ ਚੁੱਕਣ ਲਈ ਹੋਵੇਗੀ।
8 ਜਗਵੇਦੀ ਨੂੰ ਇੱਕ ਅਜਿਹੇ ਖਾਲੀ ਬਕਸੇ ਵਾਂਗ ਬਣਾਈ ਜਿਸਦੇ ਆਸੇ-ਪਾਸੇ ਫ਼ੱਟੀਆਂ ਲੱਗੀਆਂ ਹੋਣ। ਜਗਵੇਦੀ ਨੂੰ ਬਿਲਕੁਲ ਉਵੇਂ ਹੀ ਬਣਾਵੀਂ ਜਿਵੇਂ ਮੈਂ ਪਰਬਤ ਉੱਤੇ ਤੈਨੂੰ ਦਰਸਾਇਆ ਸੀ।
9 “ਪਵਿੱਤਰ ਤੰਬੂ ਲਈ ਇੱਕ ਵਿਹੜਾ ਬਣਾਈ। ਦਖਣ ਵਾਲੇ ਪਾਸੇ ਸੌ ਹੱਥ ਲੰਮੇ ਪਰਦਿਆਂ ਦੀ ਕੰਧ ਹੋਣੀ ਚਾਹੀਦੀ ਹੈ। ਇਹ ਪਰਦੇ ਮਹੀਨ ਲਿਨਨ ਦੇ ਬਣੇ ਹੋਣੇ ਚਾਹੀਦੇ ਹਨ।
10 ਵੀਹ ਚੋਬਾਂ ਅਤੇ ਉਨ੍ਹਾਂ ਚੋਬਾਂ ਦੇ ਹੇਠਾਂ ਪਿੱਤਲ ਦੀਆਂ ਵੀਹ ਚੀਥੀਆਂ ਵਰਤੀਂ। ਚੋਬਾਂ ਅਤੇ ਪਰਦਿਆਂ ਦੀਆਂ ਲੱਕੜਾਂ ਲਈ ਕੁੰਡਿਆਂ ਚਾਂਦੀ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਹਨ।
11 ਉਤਰ ਵਾਲੇ ਪਾਸੇ ਵੀ ਸੌ ਹੱਥ ਲੰਮੇ ਪਰਦਿਆਂ ਦੀ ਕੰਧ ਹੋਣੀ ਚਾਹੀਦੀ ਹੈ। ਇਸ ਦੀਆਂ ਵੀ ਵੀਹ ਚੋਬਾਂ ਅਤੇ ਵੀਹ ਪਿੱਤਲ ਦੀਆਂ ਚੀਥੀਆਂ ਹੋਣੀਆਂ ਚਾਹੀਦੀਆਂ ਹਨ। ਚੋਬਾਂ ਅਤੇ ਪਰਦਿਆਂ ਦੀ ਲੱਕੜ ਦੀਆਂ ਕੁਡੀਆਂ ਚਾਂਦੀ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਹਨ।
12 “ਵਿਹੜੇ ਦੇ ਪਛਮ ਵਾਲੇ ਪਾਸੇ 50 ਕਿਊਬਿਟ ਲੰਮੇ ਪਰਦਿਆਂ ਦੀ ਕੰਧ ਹੋਣੀ ਚਾਹੀਦੀ ਹੈ। ਇੱਥੇ 10 ਚੋਬਾਂ ਅਤੇ 10 ਚੀਥੀਆਂ ਹੋਣੀਆਂ ਚਾਹੀਦੀਆਂ ਹਨ।
13 ਵਿਹੜੇ ਦਾ ਪੂਰਬ ਵਾਲਾ ਪਾਸਾ ਵੀ 50 ਹੱਥ ਲੰਬਾ ਹੋਣਾ ਚਾਹੀਦਾ ਹੈ।
14 ਇਹ ਪੂਰਬ ਵਾਲਾ ਪਾਸਾ ਵਿਹੜੇ ਦਾ ਲਾਂਘਾ ਹੈ। ਲਾਂਘੇ ਦੇ ਇੱਕ ਪਾਸੇ 15 ਹੱਥ ਲੰਬੇ ਪਰਦੇ ਹੋਣੇ ਚਾਹੀਦੇ ਹਨ। ਇਸ ਪਾਸੇ ਉੱਤੇ ਤਿੰਨ ਚੋਬਾਂ ਅਤੇ ਤਿੰਨ ਚੀਥੀਆਂ ਹੋਣੀਆਂ ਚਾਹੀਦੀਆਂ ਹਨ।
15 ਦੂਸਰੇ ਪਾਸੇ ਵੀ ਹੱਥ ਲੰਮੇ ਪਰਦੇ ਹੋਣੇ ਚਾਹੀਦੇ ਹਨ। ਇਸ ਪਾਸੇ ਉੱਤੇ ਵੀ ਤਿੰਨ ਚੋਬਾਂ ਅਤੇ ਤਿੰਨ ਚੀਥੀਆਂ ਹੋਣੀਆਂ ਚਾਹੀਦੀਆਂ ਹਨ।
16 “ਵਿਹੜੇ ਦੇ ਲਾਂਘੇ ਨੂੰ ਢਕਣ ਲਈ 20 ਹੱਥ ਲੰਮਾ ਪਰਦਾ ਬਣਾਈਂ। ਇਹ ਪਰਦਾ ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਅਤੇ ਲਾਲ ਧਾਗੇ ਦਾ ਬਣਿਆ ਹੋਣਾ ਚਾਹੀਦਾ ਹੈ। ਉਸ ਪਰਦੇ ਉੱਤੇ ਕਸੀਦਾਕਾਰੀ ਕਰੀਂ। ਉਸ ਪਰਦੇ ਲਈ ਚਾਰ ਚੋਬਾਂ ਅਤੇ ਚਾਰ ਚੀਥੀਆਂ ਹੋਣੀਆਂ ਚਾਹੀਦੀਆਂ ਹਨ।
17 ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਚੋਬਾਂ ਪਰਦੇ ਦੀਆਂ ਲੱਕੜਾਂ ਚਾਂਦੀ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ ਹਨ। ਚੋਬਾਂ ਦੀਆਂ ਕੁੰਡੀਆਂ ਚਾਂਦੀ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਚੋਬਾਂ ਦੀਆਂ ਚੀਥੀਆਂ ਪਿੱਤਲ ਦੀਆਂ ਹੋਣੀਆਂ ਚਾਹੀਦੀਆਂ ਹਨ।
18 ਗੁੰਦੇ ਹੋਏ ਮਹੀਨ ਲਿਨਨ ਦੇ ਪੰਜ ਕਿਊਬਿਟ ਉੱਚੇ ਪਰਦਿਆਂ ਦੇ ਨਾਲ ਵਿਹੜਾ 100 ਕਿਊਬਿਟ ਲੰਮਾ ਅਤੇ 50 ਕਿਊਬਿਟ ਚੌੜਾ ਹੋਣਾ ਚਾਹੀਦਾ ਹੈ। ਚੋਬਾਂ ਦੇ ਹੇਠਾਂ ਚੀਥੀਆਂ ਪਿੱਤਲ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਹਨ।
19 ਪਵਿੱਤਰ ਤੰਬੂ ਵਿੱਚ ਵਰਤੇ ਜਾਣ ਵਾਲੇ ਸਾਰੇ ਔਜ਼ਾਰ ਕਿੱਲੀਆਂ ਅਤੇ ਹੋਰ ਸਾਜ਼-ਸਮਾਨ ਪਿੱਤਲ ਦਾ ਹੋਣਾ ਚਾਹੀਦਾ ਹੈ। (ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਲਈ ਸਾਰੀਆਂ ਕਿੱਲੀਆਂ ਪਿੱਤਲ ਦੀਆਂ ਹੋਣੀਆਂ ਚਾਹੀਦੀਆਂ ਹਨ।
20 “ਇਸਰਾਏਲ ਦੇ ਲੋਕਾਂ ਨੂੰ ਆਦੇਸ਼ ਦਿਉ ਕਿ ਉਹ ਰੌਸ਼ਨੀ ਲਈ ਦੀਵੇ ਨੂੰ ਹਮੇਸ਼ਾ ਬਲਦਾ ਰੱਖਣ ਲਈ ਸਭ ਤੋਂ ਵਧੀਆ ਜੈਤੂਨ ਦਾ ਤੇਲ ਲੈਕੇ ਆਉਣ।
21 ਹਾਰੂਨ ਅਤੇ ਉਸਦੇ ਪੁੱਤਰਾਂ ਦੇ ਜ਼ਿਂਮੇ ਦੀਵੇ ਦੀ ਦੇਖ-ਭਾਲ ਕਰਨ ਦਾ ਕੰਮ ਹੋਵੇਗਾ। ਉਹ ਮੰਡਲੀ ਵਾਲੇ ਤੰਬੂ ਦੇ ਪਹਿਲੇ ਕਮਰੇ ਵਿੱਚ ਜਾਣਗੇ। ਇਹ ਉਸ ਕਮਰੇ ਦੇ ਬਾਹਰ ਵਾਲਾ ਕਮਰਾ ਹੈ ਜਿਸਦੇ ਅੰਦਰ ਪਰਦੇ ਪਿਛੇ ਇਕਰਾਰਨਾਮਾ ਹੈ। (ਉਹ ਪਰਦਾ ਜਿਹੜਾ ਦੋਹਾਂ ਕਮਰਿਆਂ ਨੂੰ ਵੱਖ ਕਰਦਾ ਹੈ।) ਇਸ ਥਾਂ ਉੱਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਯਹੋਵਾਹ ਦੇ ਸਨਮੁਖ ਦੀਵਾ ਸ਼ਾਮ ਤੋਂ ਸਵੇਰ ਤੱਕ ਲਗਾਤਾਰ ਬਲਦਾ ਰਹੇ। ਇਸਰਾਏਲ ਦੇ ਲੋਕਾਂ ਅਤੇ ਉਨ੍ਹਾਂ ਦੇ ਉਤਰਾਧਿਕਾਰੀਆਂ ਨੂੰ ਇਸ ਨੇਮ ਦੀ ਪਾਲਣਾ ਹਮੇਸ਼ਾ ਲਈ ਕਰਨੀ ਚਾਹੀਦੀ ਹੈ।”