ਅੱਯੂਬ
ਕਾਂਡ 41
1 "ਅੱਯੂਬ, ਕੀ ਤੂੰ ਲਿਵਯਾਬਾਨ ਨੂੰ ਮੱਛੀ ਵਾਲੇ ਕੰਡੇ ਨਾਲ ਫ਼ੜ ਸਕਦਾ ਹੈਂ? ਕੀ ਤੂੰ ਰੱਸੇ ਨਾਲ ਉਸ ਦੀ ਜ਼ਬਾਨ ਬੰਨ੍ਹ ਸਕਦਾ ਹੈਂ?
2 ਕੀ ਤੂੰ ਉਸ ਦੇ ਨਕੇਲ ਜਾਂ ਉਸਦੇ ਜਬਾੜੇ ਅੰਦਰ ਹੁੱਕ ਪਾ ਸਕਦਾ ਹੈਂ।
3 ਕੀ ਲਿਵਯਾਬਾਨ ਤੇਰੇ ਅੱਗੇ ਬੇਨਤੀ ਕਰੇਗਾ ਕਿ ਤੂੰ ਉਸ ਨੂੰ ਆਜ਼ਾਦ ਕਰ ਦੇਵੇਂ? ਕੀ ਉਹ ਤੇਰੇ ਨਾਲ ਕੋਮਲ ਸ਼ਬਦਾਂ ਵਿੱਚ ਗੱਲ ਕਰੇਗਾ?
4 ਕੀ ਲਿਵਯਾਬਾਨ ਤੇਰੇ ਨਾਲ ਇਕਰਾਨਾਮਾ ਰੱਖੇਗਾ ਤੇ ਸਦਾ ਲਈ ਤੇਰੀ ਸੇਵਾ ਕਰੇਗਾ?
5 ਕੀ ਤੂੰ ਲਿਵਯਾਬਾਨ ਨਾਲ ਖੇਡੇਂਗਾ ਜਿਵੇਂ ਤੂੰ ਕਿਸੇ ਪੰਛੀ ਨਾਲ ਖੇਡਦਾ ਹੈਂ? ਕੀ ਤੂੰ ਉਸ ਦੇ ਉੱਤੇ ਰੱਸਾ ਪਾ ਲਵੇਂਗਾ ਤਾਂ ਜੋ ਤੇਰੀਆਂ ਦਾਸੀਆਂ ਉਸ ਦੇ ਨਾਲ ਖੇਡ ਸਕਣ।
6 ਕੀ ਮਛੇਰੇ ਲਿਵਯਾਬਾਨ ਨੂੰ ਤੈਥੋਂ ਖਰੀਦਣ ਦੀ ਕੋਸ਼ਿਸ਼ ਕਰਨਗੇ? ਕੀ ਉਹ ਉਸ ਦੇ ਟੁਕੜੇ ਕਰ ਦੇਣਗੇ ਤੇ ਉਨ੍ਹਾਂ ਨੂੰ ਵਪਾਰੀਆਂ ਨੂੰ ਵੇਚ ਦੇਣਗੇ।
7 "ਕੀ ਤੂੰ ਲਿਵਯਾਬਾਨ ਦੀ ਚਮੜੀ ਅੰਦਰ ਜਾਂ ਉਸ ਦੇ ਸਿਰ ਅੰਦਰ ਨੇਜੇ ਮਾਰ ਸਕਦਾ ਹੈਂ।
8 ਅੱਯੂਬ, ਜੇ ਤੂੰ ਕਦੇ ਆਪਣਾ ਹੱਥ ਲਿਵਯਾਬਾਨ ਉੱਤੇ ਧਰਿਆ, ਤੂੰ ਫੇਰ ਕਦੇ ਅਜਿਹਾ ਕਰਨ ਦੇ ਯੋਗ ਨਹੀਂ ਹੋਵੇਂਗਾ। ਜ਼ਰਾ ਉਸ ਜੰਗ ਬਾਰੇ ਸੋਚ, ਜਿਹੜੀ ਹੋਵੇਗੀ।
9 ਤੇਰਾ ਕੀ ਖਿਆਲ ਹੈ ਕਿ ਤੂੰ ਲਿਵਯਾਬਾਨ ਨੂੰ ਹਰਾ ਸਕਦਾ ਹੈਂ। ਛੱਡ, ਇਸ ਨੂੰ ਭੁੱਲ ਜਾ। ਕੋਈ ਉਮੀਦ ਨਹੀਂ। ਸਿਰਫ਼ ਦੇਖ ਕੇ ਹੀ ਤੂੰ ਉਸ ਤੋਂ ਡਰ ਜਾਵੇਂਗਾ।
10 ਕੋਈ ਵੀ ਬੰਦਾ ਇੰਨਾ ਬਹਾਦਰ ਨਹੀਂ ਕਿ ਉਸ ਨੂੰ ਜਗਾ ਸਕੇ ਤੇ ਗੁੱਸੇ ਵਿੱਚ ਲਿਆ ਸਕੇ। ਅੱਛਾ, ਕੀ ਕੋਈ ਵਿਅਕਤੀ ਮੇਰੇ ਖਿਲਾਫ਼ ਖੜਾ ਹੋ ਸਕਦਾ ਹੈ!
11 ਮੈਂ, ਪਰਮੇਸ਼ੁਰ ਕਿਸੇ ਦਾ ਵੀ ਕੁਝ ਦੇਣਦਾਰ ਨਹੀਂ। ਅਕਾਸ਼ ਹੇਠਲੀ ਹਰ ਸ਼ੈਅ ਮੇਰੀ ਹੈ।
12 ਅੱਯੂਬ, ਮੈਂ ਤੈਨੂੰ ਲਿਵਯਾਬਾਨ ਦੀਆਂ ਲੱਤਾਂ ਬਾਰੇ, ਅਤੇ ਉਸਦੀ ਤਾਕਤ ਅਤੇ ਸੁਹੱਪਣ ਬਾਰੇ ਦੱਸਾਂਗਾ।
13 ਕੋਈ ਵੀ ਬੰਦਾ ਉਸਦੀ ਚਮੜੀ ਨੂੰ ਨਹੀਂ ਚੀਰ ਸਕਦਾ। ਉਸਦੀ ਚਮੜੀ ਕਵਚ ਵਰਗੀ ਹੈ।
14 ਕੋਈ ਬੰਦਾ ਜ਼ੋਰੀ ਉਸਦੇ ਜਬਾੜੇ ਨਹੀਂ ਖੁਲ੍ਹਵਾ ਸਕਦਾ। ਉਸਦੇ ਮੂੰਹ ਵਿਚਲੇ ਦੰਦ ਲੋਕਾਂ ਨੂੰ ਭੈਭੀਤ ਕਰਦੇ ਨੇ।
15 ਲਿਵਯਾਬਾਨ ਦੀ ਪਿੱਠ ਉੱਤੇ, ਪੱਕੀ ਤਰ੍ਹਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ, ਢਾਲਾਂ ਦੀਆਂ ਕਤਾਰਾਂ ਹਨ।
16 ਇਹ ਢਾਲਾਂ ਇੱਕ ਦੂਸਰੇ ਦੇ ਇੰਨੀਆਂ ਨੇੜੇ-ਨੇੜੇ ਹਨ ਕਿ ਇਨ੍ਹਾਂ ਦੇ ਵਿਚਾਲਿਉਂ ਹਵਾ ਵੀ ਨਹੀਂ ਲੰਘ ਸਕਦੀ।
17 ਢਾਲਾਂ ਇੱਕ ਦੂਜੀ ਨਾਲ ਜੁੜੀਆਂ ਹੋਇਆਂ ਹਨ। ਉਹ ਇੱਕ ਦੂਜੀ ਨਾਲ ਇਸ ਤਰ੍ਹਾਂ ਜੁੜੀਆਂ ਹਨ ਕਿ ਖਿੱਚਕੇ ਵੱਖ ਨਹੀਂ ਕੀਤੀਆਂ ਜਾ ਸਕਦੀਆਂ।
18 ਜਦੋਂ ਲਿਵਯਾਬਾਨ ਛਿੱਕਾਂ ਮਾਰਦਾ ਹੈ, ਜਿਵੇਂ ਬਿਜਲੀ ਜਿਹੀ ਚਮਕਦੀ ਹੈ। ਉਸ ਦੀਆਂ ਅੱਖਾਂ ਸਵੇਰ ਦੀ ਲੋਅ ਵਾਂਗ ਚਮਕਦੀਆਂ ਨੇ।
19 ਉਸ ਦੇ ਮੂੰਹ ਵਿੱਚੋਂ ਬਲਦੀਆਂ ਹੋਈਆਂ ਮਸ਼ਾਲਾਂ ਨਿਕਲਦੀਆਂ ਨੇ, ਅੱਗ ਦੇ ਚੰਗਿਆੜੇ ਬਾਹਰ ਨਿਕਲਦੇ ਨੇ।
20 ਲਿਵਯਾਬਾਨ ਦੇ ਨੱਕ ਵਿੱਚੋਂ ਧੂੰਆਂ ਨਿਕਲਦਾ ਹੈ, ਜਿਵੇਂ ਉਬਲਦੇ ਪਤੀਲੇ ਹੇਠਾਂ ਕਾਹੀ ਬਲ ਰਹੀ ਹੋਵੇ।
21 ਲਿਵਯਾਬਾਨ ਦਾ ਸਾਹ ਕੋਲਿਆਂ ਨੂੰ ਵੀ ਸਾੜ ਦਿੰਦਾ ਹੈ ਅਤੇ ਉਸਦੇ ਮੂੰਹ ਵਿੱਚੋਂ ਲਾਟਾਂ ਨਿਕਲਦੀਆਂ ਨੇ।
22 ਲਿਵਯਾਬਾਨ ਦੀ ਗਰਦਨ ਬਹੁਤ ਤਾਕਤਵਰ ਹੁੰਦੀ ਹੈ, ਲੋਕ ਡਰਦੇ ਨੇ ਤੇ ਉਸ ਕੋਲੋਂ ਦੂਰ ਭੱਜਦੇ ਨੇ।
23 ਉਸਦੀ ਚਮੜੀ ਤੇ ਕੋਈ ਵੀ ਨਰਮ ਥਾਂ ਨਹੀਂ। ਇਹ ਲੋਹੇ ਵਾਂਗ ਸਖਤ ਹੁੰਦੀ ਹੈ।
24 ਲਿਵਯਾਬਾਨ ਦਾ ਦਿਲ ਪੱਥਰ ਵਰਗਾ ਹੈ, ਉਸਨੂੰ ਕੋਈ ਭੈ ਨਹੀਂ ਇਹ ਚੱਕੀ ਦੇ ਹੇਠਲੇ ਪੁੜ ਵਰਗਾ ਸਖਤ ਹੁੰਦਾ ਹੈ।
25 ਜਦੋਂ ਲਿਵਯਾਬਾਨ ਉਠਦਾ ਹੈ ਤਾਕਤਵਰ ਲੋਕ ਵੀ ਭੈਭੀਤ ਹੋ ਜਾਂਦੇ ਨੇ। ਉਹ ਦੂਰ ਭੱਜ ਜਾਂਦੇ ਨੇ ਜਦੋਂ ਲਿਵਯਾਬਾਨ ਆਪਣੀ ਪੂਛ ਹਿਲਾਉਂਦਾ ਹੈ।
26 ਤਲਵਾਰਾਂ, ਨੇਜ਼ੇ ਅਤੇ ਤੀਰ ਲਿਵਯਾਬਾਨ ਨੂੰ ਲਗਦੇ ਨੇ, ਪਰ ਉਹ ਬੁੜਕ ਜਾਂਦੇ ਹਨ। ਇਹ ਹਬਿਆਰ ਉਸਨੂੰ ਜ਼ਰਾ ਵੀ ਜ਼ਖਮੀ ਨਹੀਂ ਕਰਦੇ।
27 ਲਿਵਯਾਬਾਨ ਲੋਹੇ ਨੂੰ ਤਿਨਕੇ ਜਿੰਨੀ ਅਸਾਨੀ ਨਾਲ ਤੋੜ ਦਿੰਦਾ ਹੈ। ਉਹ ਕਾਂਸੀ ਨੂੰ ਗਲੀ ਹੋਈ ਲੱਕੜ ਵਾਂਗ ਤੋੜ ਦਿੰਦਾ ਹੈ।
28 ਤੀਰ ਲਿਵਯਾਬਾਨ ਨੂੰ ਨਹੀਂ ਭਜਾਉਂਦਾ। ਪੱਥਰ ਉਸ ਉੱਤੋਂ ਬੁੜਕ ਜਾਂਦੇ ਨੇ, ਜਿਵੇਂ ਤਿਨਕੇ ਹੋਣ।
29 ਜਦੋਂ ਲਿਵਯਾਬਾਨ ਉੱਤੇ ਲੱਕੜ ਦਾ ਗਦਾ ਵੱਜਦਾ ਹੈ, ਇਹ ਉਸ ਨੂੰ ਤਿਣਕੇ ਵਾਂਗ ਲੱਗਦਾ ਹੈ। ਉਹ ਹੱਸਦਾ ਹੈ ਜਦੋਂ ਲੋਕ ਉਸ ਉੱਤੇ ਨੇਜ਼ੇ ਸੁੱਟਦੇ ਨੇ।
30 ਲਿਵਯਾਬਾਨ ਦੇ ਢਿੱਡ ਉਤਲੀ ਚਮੜੀ ਮਿੱਟੀ ਦੇ ਟੁਟਿਆਂ ਭਾਂਡਿਆਂ ਵਾਂਗ ਹੈ। ਉਹ ਗਾਰੇ ਉੱਤੇ ਛੜਨ ਵਾਲੇ ਫ਼ੱਟੇ ਵਾਂਗ ਨਿਸ਼ਾਨ ਛੱਡਦਾ ਹੈ।
31 ਲਿਵਯਾਬਾਨ ਪਾਣੀ ਨੂੰ ਉਬਲਦੇ ਭਾਂਡੇ ਵਾਂਗ ਹਿਲਾ ਦਿੰਦਾ ਹੈ। ਉਹ ਇਸ ਨੂੰ ਬੁਲਬੁਲੇ ਛੱਡਦੇ, ਉਬਲਦੇ ਤੇਲ ਤੇ ਭਾਂਡੇ ਵਾਂਗ ਬਟਾ ਦਿੰਦਾ ਹੈ।
32 ਲਿਵਯਾਬਾਨ ਜਦੋਂ ਤੈਰਦਾ ਹੈ, ਉਹ ਆਪਣੇ ਪਿੱਛੇ ਰਾਹ ਛੱਡਦਾ ਜਾਂਦਾ ਹੈ। ਉਹ ਪਾਣੀ ਵਿੱਚ ਹਲਚਲ ਮਚਾਉਂਦਾ ਹੈ, ਤੇ ਪਿੱਛੇ ਸਫ਼ੇਦ ਝੱਗ ਛੱਡ ਜਾਂਦਾ ਹੈ।
33 ਧਰਤੀ ਦਾ ਕੋਈ ਜਾਨਵਰ ਲਿਵਯਾਬਾਨ ਵਰਗਾ ਨਹੀਂ। ਉਹ ਅਜਿਹਾ ਜਾਨਵਰ ਹੈ ਜਿਸ ਨੂੰ ਨਿਡਰ ਬਣਾਇਆ ਗਿਆ।
34 ਲਿਵਯਾਬਾਨ ਹੇਠਾਂ ਸਾਰੇ ਹਂਕਾਰੀ ਜਾਨਵਰਾਂ ਉੱਤੇ ਵੇਖਦਾ ਹੈ। ਉਹ ਸਾਰੇ ਜੰਗਲੀ ਜਾਨਵਰਾਂ ਦਾ ਰਾਜਾ ਹੈ।"