ਅੱਯੂਬ
ਕਾਂਡ 28
1 "ਅਜਿਹੀਆਂ ਖਾਨਾਂ ਹਨ ਜਿੱਥੋਂ ਲੋਕ ਚਾਂਦੀ ਪ੍ਰਾਪਤ ਕਰਦੇ ਹਨ ਅਤੇ ਅਜਿਹੀਆਂ ਥਾਵਾਂ ਹਨ ਜਿੱਥੋਂ ਲੋਕ ਸੋਨੇ ਨੂੰ ਸ਼ੁਧ ਕਰਨ ਲਈ ਪਿਘਲਾਉਂਦੇ ਹਨ।
2 ਲੋਕੀਂ ਧਰਤੀ ਵਿੱਚੋਂ ਲੋਹਾ ਕੱਢਦੇ ਨੇ। ਪੱਥਰ ਤੋਂ ਤਾਂਬਾ ਪਿਘਲਾਇਆ ਜਾਂਦਾ ਹੈ।
3 ਕਾਮੇ ਰੋਸ਼ਨੀਆਂ ਗੁਫ਼ਾਵਾਂ ਅੰਦਰ ਲੈ ਜਾਂਦੇ ਨੇ। ਉਹ ਡੂੰਘੀਆਂ ਗੁਫਾਵਾਂ ਅੰਦਰ ਖੋਜਦੇ ਨੇ। ਡੂੰਘੇ ਹਨੇਰੇ ਵਿੱਚ, ਉਹ ਚੱਟਾਨਾਂ ਨੂੰ ਖੋਜਦੇ ਨੇ।
4 ਮਜ਼ਦੂਰ ਕੱਚੀ ਧਾਤ ਦੀਆਂ ਨੜਾਂ ਦੇ ਪਿੱਛੇ ਚੱਲਕੇ ਧਰਤੀ ਦੀ ਡੂੰਘਾਈ ਤੀਕ ਖੁਦਾਈ ਕਰਦੇ ਹਨ। ਉਹ ਧਰਤੀ ਵਿੱਚ ਡੂੰਘੇ ਜਾਂਦੇ ਨੇ, ਉਨ੍ਹਾਂ ਥਾਵਾਂ ਤੋਂ ਬਹੁਤ ਦੂਰ ਜਿੱਥੇ ਲੋਕ ਰਹਿੰਦੇ ਨੇ, ਹੇਠਾਂ ਤੱਕ ਜਿੱਥੇ ਕੋਈ ਵੀ ਪਹਿਲਾਂ ਨਹੀਂ ਗਿਆ ਉਹ ਰੱਸਿਆਂ ਨਾਲ ਬਹੁਤ ਹੇਠਾਂ ਧਰਤੀ ਦੇ ਹੋਰਾਂ ਲੋਕਾਂ ਤੋਂ ਬਹੁਤ ਦੂਰ ਲਟਕਦੇ ਨੇ।
5 ਭੋਜਨ ਧਰਤੀ ਦੇ ਉੱਪਰ ਉਤਾਂਹ ਵੱਲ ਉੱਗਦਾ ਹੈ। ਪਰ ਧਰਤੀ ਦੇ ਹੇਠਾਂ ਵੱਖਰੀ ਗੱਲ ਹੁੰਦੀ ਹੈ। ਜਿਵੇਂ ਅੱਗ ਨਾਲ ਹਰ ਸ਼ੈਅ ਪਿਘਲੀ ਹੋਵੇ।
6 ਨੀਲਮ ਧਰਤੀ ਦੇ ਹੇਠਾਂ ਲੱਭਦੇ ਹਨ ਅਤੇ ਸੋਨੇ ਕਣ ਵੀ ਧੂੜ ਵਿੱਚ ਹਨ।
7 ਜੰਗਲੀ ਪੰਛੀਆਂ ਨੂੰ ਵੀ ਧਰਤੀ ਦੇ ਹੇਠਲੇ ਰਾਹਾਂ ਦਾ ਨਹੀਂ ਪਤਾ ਹੁੰਦਾ। ਕਿਸੇ ਵੀ ਬਾਜ਼ ਨੇ ਉਨ੍ਹਾਂ ਹਨੇਰੇ ਰਾਹਾਂ ਨੂੰ ਨਹੀਂ ਦੇਖਿਆ।
8 ਜੰਗਲੀ ਜਾਨਵਰ ਕਦੇ ਉਨ੍ਹਾਂ ਰਾਹਾਂ ਉੱਤੇ ਨਹੀਂ ਤੁਰੇ, ਕਦੇ ਸ਼ੇਰ ਵੀ ਉਨ੍ਹਾਂ ਰਾਹਾਂ ਉੱਤੇ ਨਹੀਂ ਘੁੰਮੇ।
9 ਮਜ਼ਦੂਰ ਸਭ ਤੋਂ ਸਖਤ ਚੱਟਾਨ ਨੂੰ ਖੋਦਦੇ ਨੇ। ਉਹ ਪਰਬਤਾਂ ਦੇ ਬਲ੍ਲੇ ਖੁਦਾਈ ਕਰਦੇ ਨੇ।
10 ਮਜ਼ਦੂਰ ਚੱਟਾਨਾਂ ਦੇ ਵਿੱਚੋਂ ਦੀ ਸੁਰਂਗਾਂ ਖੋਦਦੇ ਨੇ। ਉਹ ਚੱਟਾਨ ਦੇ ਸਾਰੇ ਖਜ਼ਾਨਿਆਂ ਨੂੰ ਤੱਕਦੇ ਨੇ।
11 ਕਾਮੇ ਪਾਣੀ ਨੂੰ ਰੋਕਣ ਲਈ ਬੰਨ੍ਹ ਉਸਾਰਦੇ ਨੇ। ਉਹ ਛੁਪੀਆਂ ਚੀਜ਼ਾਂ ਨੂੰ ਰੋਸ਼ਨੀ ਵਿੱਚ ਲਿਆਉਂਦੇ ਨੇ।
12 "ਪਰ ਬੰਦਾ ਸਿਆਣਪ ਕਿੱਥੋ ਲੱਭ ਸਕਦਾ ਹੈ? ਅਸੀਂ ਕਿੱਥੋ ਜਾਕੇ ਸਮਝ ਨੂੰ ਲੱਭ ਸਕਦੇ ਹਾਂ।
13 ਆਦਮੀ ਨਹੀਂ ਜਾਣਦਾ ਸਿਆਣਪ ਕਿੱਥੋ ਹੈ? ਇਹ ਓਥੇ ਨਹੀਂ ਲੱਭਦੀ ਜਿੱਥੇ ਲੋਕ ਰਹਿੰਦੇ ਹਨ।
14 ਗਹਿਰਾ ਸਮੁੰਦਰ ਆਖਦਾ ਹੈ, 'ਮੇਰੇ ਕੋਲ ਇੱਥੇ ਸਿਆਣਪ ਨਹੀਂ ਹੈ।' ਸਾਗਰ ਆਖਦਾ ਹੈ, 'ਮੇਰੇ ਕੋਲ ਇੱਥੇ ਸਿਆਣਪ ਨਹੀਂ ਹੈ।'
15 ਤੁਸੀਂ ਸਿਆਣਪ ਨੂੰ ਸਭ ਤੋਂ ਚੰਗੇ ਸੋਨੇ ਨਾਲ ਵੀ ਨਹੀਂ ਖਰੀਦ ਸਕਦੇ। ਸਿਆਣਪ ਖਰੀਦਣ ਵਾਸਤੇ ਦੁਨੀਆਂ ਅੰਦਰ ਕਾਫ਼ੀ ਚਾਂਦੀ ਨਹੀਂ ਹੈ।
16 ਤੁਸੀਂ ਸਿਆਣਪ ਨੂੰ ਉਫੀਰ ਦੇ ਸੋਨੇ ਨਾਲ ਜਾਂ ਕੀਮਤੀ ਸੁਲੇਮਾਨੀ ਜਾਂ ਨੀਲਮ ਨਾਲ ਨਹੀਂ ਖਰੀਦ ਸਕਦੇ ।
17 ਸਿਆਣਪ ਸੋਨੇ ਜਾਂ ਬਿਲੌਰ ਤੋਂ ਵਧੇਰੇ ਮੁੱਲਵਾਨ ਹੈ। ਸੋਨੇ ਵਿੱਚ ਜੜੇ ਕੀਮਤੀ ਹੀਰੇ ਸਿਆਣਪ ਨੂੰ ਨਹੀਂ ਖਰੀਦ ਸਕਦੇ।
18 ਸਿਆਣਪ ਮੂਂਗੇ ਜਾਂ ਜੈਸਪਰ ਤੋਂ ਵਧੇਰੇ ਕੀਮਤੀ ਹੈ। ਸਿਆਣਪ ਮਨਕਿਆਂ ਨਾਲੋਂ ਵਧੇਰੇ ਕੀਮਤੀ ਹੈ।
19 ਇਬੋਪੀਆ ਦੇਸ ਦਾ ਪੁਖਰਾਜ ਵੀ ਇੰਨਾ ਕੀਮਤੀ ਨਹੀਂ ਜਿੰਨੀ ਸਿਆਣਪ ਹੈ। ਤੁਸੀਂ ਸਿਆਣਪ ਸ਼ੁਧ ਸੋਨੇ ਨਾਲ ਵੀ ਨਹੀਂ ਖਰੀਦ ਸਕਦੇ।
20 ਇਸ ਲਈ ਸਿਆਣਪ ਕਿਬੋਁ ਆਉਂਦੀ ਹੈ? ਅਸੀਂ ਸਮਝ ਨੂੰ ਕਿੱਥੋ ਲੱਭ ਸਕਦੇ ਹਾਂ?
21 ਸਿਆਣਪ ਧਰਤੀ ਦੀ ਹਰ ਜਿਉਂਦੀ ਸ਼ੈਅ ਪਾਸੋਂ ਛੁਪੀ ਹੋਈ ਹੈ। ਅਕਾਸ਼ ਦੇ ਪੰਛੀ ਵੀ ਸਿਆਣਪ ਨੂੰ ਨਹੀਂ ਦੇਖ ਸਕਦੇ।
22 ਮੌਤ ਅਤੇ ਤਬਾਹੀ ਆਖਦੀ ਹੈ। 'ਅਸੀਂ ਸਿਆਣਪ ਨਹੀਂ ਲੱਭੀ,ਅਜੇ ਅਸੀਂ ਇਸ ਬਾਰੇ ਸਿਰਫ਼ ਅਫ਼ਵਾਹਾਂ ਹੀ ਸੁਣੀਆਂ ਨੇ।'
23 ਸਿਰਫ਼ ਪਰਮੇਸ਼ੁਰ ਸਿਆਣਪ ਦਾ ਰਾਹ ਜਾਣਦਾ ਹੈ। ਸਿਰਫ਼ ਪਰਮੇਸ਼ੁਰ ਜਾਣਦਾ ਹੈ ਕਿ ਸਿਆਣਪ ਕਿੱਥੋ ਹੈ।
24 ਪਰਮੇਸ਼ੁਰ ਧਰਤੀ ਦੇ ਅੰਤਾਂ ਨੂੰ ਦੇਖ ਸਕਦਾ ਹੈ। ਪਰਮੇਸ਼ੁਰ ਅਕਾਸ਼ ਹੇਠਲੀ ਹਰ ਸ਼ੈਅ ਨੂੰ ਦੇਖਦਾ ਹੈ।
25 ਪਰਮੇਸ਼ੁਰ ਨੇ ਹਵਾ ਨੂੰ ਇਸ ਦੀ ਸ਼ਕਤੀ ਦਿੱਤੀ। ਪਰਮੇਸ਼ੁਰ ਨੇ ਨਿਰਣਾ ਕੀਤਾ ਕਿ ਸਮੁੰਦਰ ਕਿੰਨੇ ਵੱਡੇ ਬਣਾਏ ਜਾਣ।
26 ਪਰਮੇਸ਼ੁਰ ਨੇ ਨਿਰਣਾ ਕੀਤਾ ਕਿ ਬਾਰਿਸ਼ ਕਿੱਥੋ ਭੇਜੀ ਜਾਵੇ, ਤੇ ਕੜਕਦੇ ਤੂਫ਼ਾਨਾਂ ਨੂੰ ਕਿੱਥੋ ਜਾਣਾ ਚਾਹੀਦਾ ਹੈ।
27 ਉਸ ਵੇਲੇ ਪਰਮੇਸ਼ੁਰ ਨੇ ਸਿਆਣਪ ਦੇਖੀ ਤੇ ਇਸ ਬਾਰੇ ਸੋਚਿਆ। ਪਰਮੇਸ਼ੁਰ ਨੇ ਵੇਖਿਆ ਕਿ ਸਿਆਣਪ ਕਿੰਨੀ ਮੁੱਲਵਾਨ ਸੀ ਅਤੇ ਸਿਆਣਪ ਨੂੰ ਮਨਜ਼ੂਰੀ ਦਿੱਤੀ।"
28 ਤੇ ਪਰਮੇਸ਼ੁਰ ਨੇ ਲੋਕਾਂ ਨੂੰ ਆਖਿਆ, "ਡਰੋ ਤੇ ਯਹੋਵਾਹ ਦਾ ਆਦਰ ਕਰੋ ਇਹੀ ਸਿਆਣਪ ਹੈ। ਬੁਰੀਆਂ ਗੱਲਾਂ ਨਾ ਕਰੋ ਇਹੀ ਸਮਝ ਹੈ।"