ਗਿਣਤੀ
ਕਾਂਡ 34
1 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸਨੇ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਇਹ ਆਦੇਸ਼ ਦੇ: ਤੁਸੀਂ ਕਨਾਨ ਦੀ ਧਰਤੀ ਉੱਤੇ ਆ ਰਹੇ ਹੋ। ਤੁਸੀਂ ਇਸ ਦੇਸ਼ ਨੂੰ ਹਰਾ ਦੇਵੋਂਗੇ। ਤੁਸੀਂ ਸਾਰੇ ਕਨਾਨ ਦੇਸ਼ ਉੱਤੇ ਕਬਜ਼ਾ ਕਰ ਲਵੋਂਗੇ।
3 ਦਖਣ ਵੱਲ, ਤੁਹਾਨੂੰ ਅਦੋਮ ਨੇੜੇ ਸੀਨਈ ਮਾਰੂਥਲ ਦਾ ਇੱਕ ਹਿੱਸਾ ਮਿਲੇਗਾ। ਤੁਹਾਡੀ ਦਖਣੀ ਸਰਹੱਦ ਸਲੂਣੇ ਸਮੁੰਦਰ ਦੇ ਦਖਣੀ ਸਿਰੇ ਤੋਂ ਸ਼ੁਰੂ ਹੋਵੇਗੀ।
4 ਇਹ ਬਿਛੂ ਦਰ੍ਰੇ ਦੇ ਦੱਖਣ ਵੱਲ ਪਾਰ ਜਾਵੇਗੀ। ਇਹ ਸੀਨਈ ਮਾਰੂਥਲ ਹੁੰਦੀ ਹੋਈ ਕਾਦੇਸ਼ ਬਰਨੇਆ ਜਾਵੇਗੀ ਅਤੇ ਫ਼ੇਰ ਹਸਰ-ਅਦਾਰ ਨੂੰ ਅਤੇ ਫ਼ੇਰ ਅਸਮੋਨ ਨੂੰ ਪਾਰ ਕਰੇਗੀ।
5 ਅਸਮੋਨ ਤੋਂ, ਸਰਹੱਦ ਮਿਸਰ ਦੀ ਨਦੀ ਤੱਕ ਜਾਵੇਗੀ ਅਤੇ ਇਹ ਮਹਾ ਸਮੁੰਦਰ ਉੱਤੇ ਜਾਕੇ ਮੁੱਕੇਗੀ।
6 ਤੁਹਾਡੀ ਪਛਮੀ ਸਰਹੱਦ ਮਹਾ ਸਮੁੰਦਰ ਹੋਵੇਗੀ।
7 ਤੁਹਾਡੀ ਧੁਰ ਉੱਤਰੀ ਸਰਹੱਦ ਮਹਾ ਸਮੁੰਦਰ ਤੋਂ ਸ਼ੁਰੂ ਹੋਵੇਗੀ ਅਤੇ ਲਿਬਨਾਨ ਵਿੱਚ ਹੋਰ ਪਰਬਤ ਤੱਕ ਜਾਵੇਗੀ।
8 ਹੋਰ ਪਰਬਤ ਤੋਂ ਇਹ ਹਮਾਥ ਨੂੰ ਜਾਵੇਗੀ ਅਤੇ ਫ਼ੇਰ ਜ਼ੇਦਾਦ ਨੂੰ।
9 ਫ਼ੇਰ ਸਰਹੱਦ ਜ਼ਿਫ਼ਰੋਨ ਨੂੰ ਜਾਵੇਗੀ ਅਤੇ ਇਹ ਹਸਰ ਏਨਾਨ ਉੱਤੇ ਜਾ ਮੁੱਕੇਗੀ। ਇਸ ਤਰ੍ਹਾਂ ਇਹ ਤੁਹਾਡੀ ਉੱਤਰੀ ਸਰਹੱਦ ਹੋਵੇਗੀ।
10 ਤੁਹਾਡੀ ਪੂਰਬੀ ਸਰਹੱਦ ਏਨਾਨ ਤੋਂ ਸ਼ੁਰੂ ਹੋਵੇਗੀ ਅਤੇ ਇਹ ਸ਼ਫ਼ਾਮ ਤੱਕ ਜਾਵੇਗੀ।
11 ਸ਼ਫ਼ਾਮ ਤੋਂ, ਸਰਹੱਦ ਆਯਿਨ ਰਿਬਲਾਹ ਦੇ ਪੂਰਬ ਵੱਲ ਜਾਵੇਗੀ। ਸਰਹੱਦ ਕਿਨਰਥ ਝੀਲ ਦੇ ਨੇੜੇ ਪਹਾੜੀਆਂ ਦੇ ਨਾਲ-ਨਾਲ ਜਾਵੇਗੀ।
12 ਫ਼ੇਰ ਸਰਹੱਦ ਯਰਦਨ ਨਦੀ ਦੇ ਨਾਲ-ਨਾਲ ਚੱਲੇਗੀ ਅਤੇ ਇਸਦਾ ਅੰਤ ਸਲੂਣੇ ਸਮੁੰਦਰ ਵਿਖੇ ਹੋਵੇਗਾ। ਇਹ ਤੁਹਾਡੇ ਦੇਸ਼ ਦੀਆਂ ਸਰਹੱਦਾਂ ਹਨ।”
13 ਇਸ ਲਈ ਮੂਸਾ ਨੇ ਇਹ ਹੁਕਮ ਇਸਰਾਏਲ ਦੇ ਲੋਕਾਂ ਨੂੰ ਦਿੱਤਾ, “ਇਹੀ ਉਹ ਜ਼ਮੀਨ ਹੈ ਜਿਹੜੀ ਤੁਹਾਨੂੰ ਮਿਲੇਗੀ। ਤੁਸੀਂ ਜ਼ਮੀਨ ਨੂੰ ਪਰਿਵਾਰ-ਸਮੂਹਾਂ ਅਤੇ ਮਨਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿਚਕਾਰ ਵੰਡਣ ਲਈ ਪਰਚੀਆਂ ਪਾਵੋਂਗੇ।
14 ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਅਤੇ ਮਨਸ਼ਹ ਦਾ ਅਧਾ ਪਰਿਵਾਰ-ਸਮੂਹ ਪਹਿਲਾਂ ਹੀ ਆਪਣੀ ਜ਼ਮੀਨ ਲੈ ਚੁੱਕੇ ਹਨ।
15 ਇਨ੍ਹਾਂ ਢਾਈ ਪਰਿਵਾਰ-ਸਮੂਹਾਂ ਨੇ, ਯਰੀਹੋ ਤੋਂ ਪਾਰ ਯਰਦਨ ਨਦੀ ਦੇ ਪੂਰਬ ਤੀਕ ਜ਼ਮੀਨ ਲੈ ਲਈ।”
16 ਫ਼ੇਰ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸਨੇ ਆਖਿਆ,
17 “ਇਹ ਉਨ੍ਹਾਂ ਆਦਮੀਆਂ ਦੇ ਨਾਮ ਹਨ ਜਿਹੜੇ ਜ਼ਮੀਨ ਵੰਡਣ ਵਿੱਚ ਤੇਰੀ ਸਹਾਇਤਾ ਕਰਨਗੇ: ਜਾਜਕ ਅਲਆਜ਼ਾਰ, ਨੂਨ ਦਾ ਪੁੱਤਰ ਯਹੋਸ਼ੁਆ,
18 ਅਤੇ ਸਮੂਹ ਪਰਿਵਾਰ-ਸਮੂਹਾਂ ਦੇ ਆਗੂ। ਹਰੇਕ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਗੂ ਹੋਵੇਗਾ। ਉਹ ਆਦਮੀ ਜ਼ਮੀਨ ਦੀ ਵੰਡ ਕਰਨਗੇ।
19 ਆਗੂਆਂ ਨੇ ਨਾਮ ਇਹ ਹਨ:
20 ਸ਼ਿਮਓਨੀਆਂ ਦੇ ਪਰਿਵਾਰ-ਸਮੂਹ ਵਿੱਚੋਂ - ਅੰਮੀਹੂਦ ਦਾ ਪੁੱਤਰ ਸ਼ਮੂਏਲ;
21 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ - ਕਿਸਲੋਨ ਦਾ ਪੁੱਤਰ ਅਲੀਦਾਦ;
22 ਦਾਨ ਦੇ ਪਰਿਵਾਰ-ਸਮੂਹ ਵਿੱਚੋਂ - ਯਾਗਲੀ ਦਾ ਪੁੱਤਰ ਬੁੱਕੀ;
23 ਯੂਸੁਫ਼ ਦੇ ਉੱਤਰਾਧਿਕਾਰੀਆਂ ਲਈ: ਮਨਸ਼ਹ ਦੇ ਪਰਿਵਾਰ-ਸਮੂਹ ਵਿੱਚੋਂ - ਹਂਨੀਏਲ ਦਾ ਪੁੱਤਰ ਏਫ਼ੋਦ;
24 ਅਤੇ ਅਫ਼ਰਈਮ ਦੇ ਪਰਿਵਾਰ-ਸਮੂਹ ਵਿੱਚੋਂ - ਸ਼ਿਫ਼ਟਾਨ ਦਾ ਪੁੱਤਰ ਕਮੂਏਲ;
25 ਜ਼ਬੂਲੁਨੀਆਂ ਦੇ ਪਰਿਵਾਰ-ਸਮੂਹ ਵਿੱਚੋਂ - ਪਰਨਾਕ ਦਾ ਪੁੱਤਰ ਅਲੀਸਾਫ਼ਾਨ;
26 ਯਿੱਸਾਕਾਰੀਆਂ ਦੇ ਪਰਿਵਾਰ-ਸਮੂਹ ਵਿੱਚੋਂ - ਅਜ਼ਾਨ ਦਾ ਪੁੱਤਰ ਪਲਟੀਏਲ;
27 ਆਸ਼ੇਰੀਆਂ ਦੇ ਪਰਿਵਾਰ-ਸਮੂਹ ਵਿੱਚੋਂ - ਸ਼ਲੋਮੀ ਦਾ ਪੁੱਤਰ ਅਹੀਹੂਦ;
28 ਨਫ਼ਤਾਲੀ ਦੇ ਪਰਿਵਾਰ-ਸਮੂਹ ਵਿੱਚੋਂ - ਅੰਮੀਹੂਦ ਦਾ ਪੁੱਤਰ ਪਦਹੇਲ।”
29 ਯਹੋਵਾਹ ਨੇ ਇਸਰਾਏਲੀਆਂ ਦੇ ਦਰਮਿਆਨ ਕਨਾਨ ਦੀ ਧਰਤੀ ਵੰਡਣ ਲਈ ਇਨ੍ਹਾਂ ਆਦਮੀਆਂ ਦੀ ਚੋਣ ਕੀਤੀ।