ਗਿਣਤੀ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36

ਕਾਂਡ 21

1 ਆਰਾਦ ਦਾ ਕਨਾਨੀ ਰਜਾ ਨੇਗੇਵ ਵਿੱਚ ਰਹਿੰਦਾ ਸੀ। ਉਸਨੇ ਸੁਣਿਆ ਕਿ ਇਸਰਾਏਲ ਦੇ ਲੋਕ ਅਥਾਰੀਮ ਨੂੰ ਜਾਣ ਵਾਲੀ ਸੜਕ ਉੱਤੇ ਆ ਰਹੇ ਸਨ। ਇਸ ਲਈ ਰਾਜੇ ਨੇ ਬਾਹਰ ਆਕੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਸਨੇ ਕੁਝ ਲੋਕਾਂ ਨੂੰ ਫ਼ੜਕੇ ਬੰਦੀ ਬਣਾ ਲਿਆ।
2 ਤਾਂ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨਾਲ ਇੱਕ ਖਾਸ ਇਕਰਾਰ ਕੀਤਾ: “ਯਹੋਵਾਹ, ਇਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰ। ਜੇ ਤੂੰ ਅਜਿਹਾ ਕੀਤਾ, ਤਾਂ ਅਸੀਂ ਉਨ੍ਹਾਂ ਦੇ ਸ਼ਹਿਰ ਤੈਨੂੰ ਅਰਪਣ ਕਰ ਦਿਆਂਗੇ। ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਆਂਗੇ।”
3 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਗੱਲ ਸੁਣੀ। ਅਤੇ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਕਨਾਨੀ ਲੋਕਾਂ ਨੂੰ ਹਰਾਉਣ ਵਿੱਚ ਮਦਦ ਕੀਤੀ। ਇਸਰਾਏਲ ਦੇ ਲੋਕਾਂ ਨੇ ਕਨਾਨੀ ਲੋਕਾਂ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਉਸ ਸਥਾਨ ਦਾ ਨਾਮ ਹਾਰਮਾਹ ਰੱਖ ਦਿੱਤਾ ਗਿਆ।
4 ਇਸਰਾਏਲ ਦੇ ਲੋਕ ਹੋਰ ਪਰਬਤ ਨੂੰ ਛੱਡਕੇ ਲਾਲ ਸਾਗਰ ਵੱਲ ਜਾਂਦੀ ਸੜਕ ਉੱਤੇ ਚੱਲ ਪਏ। ਉਨ੍ਹਾਂ ਨੇ ਅਜਿਹਾ ਅਦੋਮ ਦੇ ਦੇਸ਼ ਦੇ ਆਲੇ-ਦੁਆਲੇ ਜਾਣ ਲਈ ਕੀਤਾ। ਪਰ ਲੋਕ ਅਧੀਰ ਹੋ ਉਠੇ।
5 ਲੋਕਾਂ ਨੇ ਮੂਸਾ ਅਤੇ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਖਿਆ, “ਤੁਸੀਂ ਸਾਨੂੰ ਇੱਥੇ ਮਾਰੂਥਲ ਵਿੱਚ ਮਰਨ ਵਾਸਤੇ ਮਿਸਰ ਵਿੱਚੋਂ ਬਾਹਰ ਕਿਉਂ ਲੈਕੇ ਆਏ ਹੋ? ਇੱਥੇ ਕੋਈ ਰੋਟੀ, ਕੋਈ ਪਾਣੀ ਨਹੀਂ ਹੈ ਅਤੇ ਅਸੀਂ ਇਸ ਭਿਆਨਕ ਭੋਜਨ ਨੂੰ ਨਫ਼ਰਤ ਕਰਦੇ ਹਾਂ!”
6 ਇਸ ਲਈ ਯਹੋਵਾਹ ਨੇ ਲੋਕਾਂ ਦਰਮਿਆਨ ਜ਼ਹਿਰੀਲੇ ਸੱਪ ਭੇਜ ਦਿੱਤੇ। ਸੱਪਾਂ ਨੇ ਲੋਕਾਂ ਨੂੰ ਡਸਿਆ, ਅਤੇ ਬਹੁਤ ਸਾਰੇ ਇਸਰਾਏਲੀ ਮਾਰੇ ਗਏ।
7 ਲੋਕ ਮੂਸਾ ਕੋਲ ਆਏ ਅਤੇ ਆਖਿਆ, “ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਯਹੋਵਾਹ ਦੇ ਅਤੇ ਤੇਰੇ ਵਿਰੁੱਧ ਬੋਲਿਆ ਤਾਂ ਅਸੀਂ ਪਾਪ ਕੀਤਾ। ਯਹੋਵਾਹ ਅੱਗੇ ਪ੍ਰਾਰਥਨਾ ਕਰ। ਉਸਨੂੰ ਆਖ ਕਿ ਇਨ੍ਹਾਂ ਸੱਪਾਂ ਨੂੰ ਦੂਰ ਹਟਾ ਲਵੇ।” ਇਸ ਲਈ ਮੂਸਾ ਨੇ ਲੋਕਾਂ ਲਈ ਪ੍ਰਾਰਥਨਾ ਕੀਤੀ।
8 ਯਹੋਵਾਹ ਨੇ ਮੂਸਾ ਨੂੰ ਆਖਿਆ, “ਇੱਕ ਕਾਂਸੇ ਦਾ ਸੱਪ ਬਣਾ ਅਤੇ ਇਸਨੂੰ ਸੋਟੀ ਉੱਤੇ ਟੰਗ ਦੇ। ਜੇ ਕਿਸੇ ਬੰਦੇ ਨੂੰ ਸੱਪ ਡਸ ਲਵੇ, ਤਾਂ ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਸੋਟੇ ਉੱਤੇ ਟਂਗੇ ਸੱਪ ਵੱਲ ਦੇਖੇ। ਤਾਂ ਉਹ ਬੰਦਾ ਨਹੀਂ ਮਰੇਗਾ।”
9 ਇਸ ਲਈ ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨਿਆ। ਉਸਨੇ ਕਾਂਸੇ ਦਾ ਇੱਕ ਸੱਪ ਬਣਾਇਆ ਅਤੇ ਇਸਨੂੰ ਸੋਟੀ ਉੱਤੇ ਟੰਗ ਦਿੱਤਾ। ਫ਼ੇਰ ਜਦੋਂ ਵੀ ਕਿਸੇ ਬੰਦੇ ਨੂੰ ਸੱਪ ਲੜਿਆ, ਉਸ ਵਿਅਕਤੀ ਨੇ ਸੋਟੀ ਉੱਤੇ ਟਂਗੇ ਸੱਪ ਵੱਲ ਦੇਖਿਆ ਅਤੇ ਜਿਉਂਦਾ ਰਿਹਾ।
10 ਇਸਰਾਏਲ ਦੇ ਲੋਕ ਉਥੋਂ ਚੱਲ ਪਏ ਅਤੇ ਓਬੋਥ ਵਿਖੇ ਡੇਰਾ ਲਾ ਲਿਆ।
11 ਫ਼ੇਰ ਉਨ੍ਹਾਂ ਨੇ ਓਬੋਥ ਨੂੰ ਛੱਡਕੇ ਮੋਆਬ ਦੇ ਪੂਰਬ ਵੱਲ ਮਾਰੂਥਲ ਅੰਦਰ ਆਏ ਉਨ੍ਹਾਂ ਅਬਾਰੀਮ ਵਿਖੇ ਡੇਰਾ ਲਾਇਆ।
12 ਉਨ੍ਹਾਂ ਨੇ ਉਹ ਥਾਂ ਛੱਡਕੇ ਜ਼ਰਦ ਵਾਦੀ ਅੰਦਰ ਡੇਰਾ ਲਾਇਆ।
13 ਫ਼ੇਰ ਉਨ੍ਹਾਂ ਨੇ ਉਹ ਥਾਂ ਛੱਡਕੇ ਮਾਰੂਥਲ ਵਿੱਚ ਅਰਨੋਨ ਨਦੀ ਦੇ ਪਰਲੇ ਪਾਸੇ ਡੇਰਾ ਲਾਇਆ। ਇਹ ਨਦੀ ਅਮੋਰੀਆਂ ਦੀ ਸਰਹੱਦ ਤੋਂ ਸ਼ੁਰੂ ਹੁੰਦੀ ਸੀ। ਵਾਦੀ, ਮੋਆਬ ਅਤੇ ਅਮੋਰੀਆਂ ਦੀਆਂ ਸਰਹੱਦਾਂ ਦੇ ਵਿਚਾਲੇ ਸੀ।
14 ਇਸੇ ਲਈ ਯਹੋਆਹ ਦੇ ਯੁਧਾਂ ਦੀ ਪੋਥੀ ਵਿੱਚ ਨਿਮਨਲਿਖਤ ਸ਼ਬਦ ਲਿਖੇ ਹੋਏ ਹਨ:“ਅਤੇ ਸੂਫ਼ਾਹ ਵਿਚਲੇ ਵਾਹੇਬ, ਅਤੇ ਅਰਨੋਨ ਦੀਆਂ ਵਾਦੀਆਂ,
15 ਅਤੇ ਉਹ ਪਹਾੜੀਆਂ ਅਤੇ ਵਾਦੀਆਂ ਜਿਹੜੀਆਂ ਆਰ ਸ਼ਹਿਰ ਵੱਲ ਜਾਂਦੀਆਂ ਹਨ। ਇਹ ਸਥਾਨ ਮਿਆਬ ਦੀ ਸਰਹੱਦ ਉੱਤੇ ਸਨ।”
16 ਇਸਰਾਏਲ ਦੇ ਲੋਕਾਂ ਨੇ ਉਹ ਥਾਂ ਛੱਡ ਦਿੱਤੀ ਅਤੇ ਬਏਰ ਵੱਲ ਚਲੇ ਗਏ। ਇਹ ਖੂਹ ਵਾਲੀ ਥਾਂ ਸੀ। ਇਹੀ ਉਹ ਥਾਂ ਸੀ ਜਿਥੇ ਮੂਸਾ ਨੂੰ ਯਹੋਵਾਹ ਨੇ ਆਖਿਆ ਸੀ, “ਲੋਕਾਂ ਨੂੰ ਇਕਠੇ ਕਰਕੇ ਇੱਥੇ ਲਿਆ ਅਤੇ ਮੈਂ ਉਨ੍ਹਾਂ ਨੂੰ ਪਾਣੀ ਦਿਆਂਗਾ।”
17 ਫ਼ੇਰ ਇਸਰਾਏਲ ਦੇ ਲੋਕਾਂ ਨੇ ਇਹ ਗੀਤ ਗਾਇਆ:“ਖੂਹੀਏ, ਪਾਣੀ ਨਾਲ ਭਰ ਜਾ।ਇਸ, ਲਈ ਗੀਤ ਗਾਵੋ!
18 ਮਹਾਨ ਆਦਮੀਆਂ ਨੇ ਆਪਣੀਆਂ ਸੋਟੀਆਂਅਤੇ ਸੱਬਲਾਂ ਦੀ ਮਦਦ ਨਾਲ ਉਹ ਖੂਹ ਪੁੱਟਿਆ ਸੀ।ਇਹ ਮਾਰੂਥਲ ਵਿੱਚ ਇੱਕ ਸੁਗਾਤ ਹੈ।ਇਸ ਲਈ ਲੋਕਾਂ ਨੇ ਉਸ ਖੂਹ ਨੂੰ “ਮੱਤਾਨਾਹ” ਬੁਲਾਇਆ।”
19 ਲੋਕ ਮੱਤਾਨਾਹ ਤੋਂ ਚੱਲਕੇ ਨਹਲੀਏਲ ਵੱਲ ਗਏ। ਫ਼ੇਰ ਨਹਲੀਏਲ ਤੋਂ ਚੱਲਕੇ ਬਾਮੋਥ ਵੱਲ ਗਏ।
20 ਲੋਕਾਂ ਨੇ ਬਾਥੋਮ ਛੱਡ ਦਿੱਤਾ ਅਤੇ ਮੋਆਬ ਦੇ ਖੇਤ੍ਰ ਵਿਚਲੀ ਇੱਕ ਵਾਦੀ ਵੱਲ ਗਏ। ਇਸ ਥਾਂ ਤੋਂ ਪਿਸਗਾਹ ਪਹਾੜ ਦੀ ਚੋਟੀ ਤੋਂ, ਤੁਸੀਂ ਮਾਰੂਥਲ ਵੱਲ ਵੇਖ ਸਕਦੇ ਹੋ।
21 ਇਸਰਾਏਲ ਦੇ ਲੋਕਾਂ ਨੇ ਕੁਝ ਆਦਮੀਆਂ ਨੂੰ ਸੀਹੋਨ, ਅਮੋਰੀਆਂ ਦੇ ਰਾਜੇ ਵੱਲ ਭੇਜਿਆ। ਉਨ੍ਹਾਂ ਨੇ ਰਾਜੇ ਨੂੰ ਆਖਿਆ,
22 “ਕਿਰਪਾ ਕਰਕੇ ਸਾਨੂੰ ਆਪਣੇ ਦੇਸ਼ ਵਿੱਚੋਂ ਦੀ ਲੰਘ ਲੈਣ ਦਿਉ। ਅਸੀਂ ਕਸੇ ਖੇਤ ਜਾਂ ਅੰਗੂਰਾਂ ਦੇ ਬਾਗ ਵਿੱਚੋਂ ਹੋਕੇ ਨਹੀਂ ਲੰਘਾਂਗੇ ਜਾਂ ਤੁਹਾਡੇ ਕਿਸੇ ਵੀ ਖੂਹ ਦਾ ਪਾਣੀ ਨਹੀਂ ਪੀਵਾਂਗੇ। ਅਸੀਂ ਸਿਰਫ਼ ਮੁਖ ਸੜਕ ਤੋਂ ਦੀ ਲੰਘਾਂਗੇ। ਤੁਹਾਡੇ ਦੇਸ਼ ਵਿੱਚੋਂ ਲੰਘ ਜਾਣ ਤੱਕ ਅਸੀਂ ਸੜਕ ਉਤੇ ਹੀ ਰੁਕਾਂਗੇ।”
23 ਪਰ ਰਾਜੇ ਸੀਹੋਨ ਨ ਇਸਰਾਏਲ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਨਹੀਂ ਜਾਣ ਦਿੱਤਾ। ਰਾਜੇ ਨੇ ਆਪਣੀ ਫ਼ੌਜ ਇਕਠੀ ਕੀਤੀ ਅਤੇ ਮਾਰੂਥਲ ਵੱਲ ਕੂਚ ਕਰ ਦਿੱਤਾ। ਉਹ ਇਸਰਾਏਲ ਦੇ ਲੋਕਾਂ ਵਿਰੁੱਧ ਲੜਨ ਲਈ ਪੇਸ਼ ਕਦਮੀ ਕਰ ਰਿਹਾ ਸੀ। ਯਹਸ ਦੇ ਸਥਾਨ ਉੱਤੇ ਰਾਜੇ ਦੀ ਫ਼ੌਜ ਨੇ ਇਸਰਾਏਲ ਦੇ ਲੋਕਾਂ ਵਿਰੁੱਧ ਲੜਾਈ ਕੀਤੀ।
24 ਪਰ ਇਸਰਾਏਲ ਦੇ ਲੋਕ ਅਮੋਰੀਆਂ ਨਾਲ ਲੜੇ ਅਤੇ ਅਰਨੋਨ ਨਦੀ ਤੋਂ ਲੈਕੇ ਯਬ੍ਬੋਕ ਨਦੀ ਤੱਕ, ਉਨ੍ਹਾਂ ਦੀ ਜ਼ਮੀਨ ਲੈ ਲਈ। ਉਨ੍ਹਾਂ ਨੇ ਅੰਮੋਨ ਸਰਹੱਦ ਤੱਕ ਦੀ ਜ਼ਮੀਨ ਲੈ ਲਈ। ਸਰਹੱਦ ਉੱਤੇ ਪਹੁੰਚਕੇ ਉਹ ਰੁਕ ਗਏ ਕਿਉਂ ਕਿ ਇੱਥੇ ਅੰਮੋਨੀਆ ਦਾ ਸਖਤ ਪਹਿਰਾ ਸੀ।
25 ਇਸਰਾਏਲ ਨੇ ਅਮੋਰੀਆਂ ਦੇ ਸਮੂਹ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਉਥੇ ਰਹਿਣ ਲੱਗੇ। ਉਨ੍ਹਾਂ ਨੇ ਹਸ਼ਬੋਨ ਸ਼ਹਿਰ ਅਤੇ ਉਸਦੇ ਇਰਦ-ਗਿਰਦ ਦੇ ਕਸਬਿਆਂ ਨੂੰ ਵੀ ਹਰਾ ਦਿੱਤਾ।
26 ਹਸ਼ਬੋਨ ਉਹ ਸ਼ਹਿਰ ਸੀ ਜਿਥੇ ਅਮੋਰੀਆਂ ਦਾ ਰਾਜਾ ਸੀਹੋਨ ਰਹਿੰਦਾ ਸੀ। ਅਤੀਤ ਵਿੱਚ, ਸੀਹੋਨ ਨੇ ਮੋਆਬ ਦੇ ਰਾਜੇ ਵਿਰੁੱਧ ਲੜਾਈ ਕੀਤੀ ਸੀ। ਸੀਹੋਨ ਨੇ ਅਰਨੋਨ ਨਦੀ ਤੱਕ ਦਾ ਇਲਾਕਾ ਜਿੱਤ ਲਿਆ ਸੀ।
27 ਇਹੀ ਕਾਰਣ ਹੈ ਕਿ ਗਾਇਕ, ਇਹ ਗੀਤ ਗਾਉਂਦੇ ਹਨ:ਜਾਉ, ਜਾਕੇ ਹਸ਼ਬੋਨ ਨੂੰ ਫ਼ੇਰ ਉਸਾਰੋ!ਸੀਹੋਨ ਦੇ ਸ਼ਹਿਰ ਨੂੰ ਮਜ਼ਬਤ ਬਣਾਉ।
28 ਅੱਗ ਹਸ਼ਬੋਨ ਵਿੱਚ ਲਗੀਅੱਗ ਉਸ ਸੀਹੋਨ ਦੇ ਸ਼ਹਿਰ ਅੰਦਰ ਲਗੀ ਅੱਗ ਨੇ ਆਰ,ਮੋਆਬ ਨੂੰ ਤਬਾਹ ਕੀਤਾ।ਇਸਨੇ ਅਰਨੋਨ ਨਦੀ ਦੇ ਉਤਲੀਆਂ ਪਹਾੜੀਆਂ ਸਾੜ ਦਿੱਤੀਆਂ।
29 ਤੇਰੇ ਉੱਤੇ ਹਾਏ, ਮੋਆਬ।ਤੂੰ ਕੇਮੋਸ਼ ਦੇ ਲੋਕ ਗਵਾ ਲਈ ਹਨ।ਉਸਦੇ ਪੁੱਤਰ ਭਗੌੜੇ ਹਨ।ਉਸਦੀਆਂ ਧੀਆਂ, ਅਮੋਰੀਆਂ ਦੇ ਰਾਜੇ ਸੀਹੋਨ ਦੁਆਰਾ ਕੈਦੀ ਬਣਾ ਲਈਆਂ ਗਈਆਂ ਹਨ।
30 ਪਰ ਅਸੀਂ ਉਨ੍ਹਾਂ ਅਮੋਰੀਆਂ ਨੂੰ ਹਰਾ ਦਿੱਤਾ ਅਤੇ ਹਸ਼ਬੋਨ ਤੋਂ ਦੀਬੋਨ ਤੱਕ,ਮੇਦਬਾ ਦੇ ਨੇੜੇ ਨਾਸ਼ੀਮ ਤੋਂ ਨੋਫ਼ਾਹ ਤੱਕ, ਉਨ੍ਹਾਂ ਦੇ ਨਗਰਾਂ ਨੂੰ ਤਬਾਹ ਕਰ ਦਿੱਤਾ।
31 ਇਸਰਾਏਲੀ ਅਮੋਰੀਆਂ ਦੀ ਧਰਤੀ ਅੰਦਰ ਵਸ ਗਏ।
32 ਮੂਸਾ ਨੇ ਕੁਝ ਆਦਮੀਆਂ ਨੂੰ ਯਾਜ਼ੇਰ ਦਾ ਨਗਰ ਦੇਖਣ ਲਈ ਭੇਜਿਆ। ਜਦੋਂ ਮੂਸਾ ਨੇ ਅਜਿਹਾ ਕੀਤਾ, ਇਸਰਾਏਲ ਦੇ ਲੋਕਾਂ ਨੇ ਨਗਰ ਉੱਤੇ ਕਬਜ਼ਾ ਕਰ ਲਿਆ। ਇਸਰਾਏਲ ਦੇ ਲੋਕਾਂ ਨੇ ਉਥੇ ਰਹਿਣ ਵਾਲੇ ਅਮੋਰੀ ਲੋਕਾਂ ਨੂੰ ਭਜਾ ਦਿੱਤਾ।
33 ਫ਼ੇਰ ਇਸਰਾਏਲੀ ਲੋਕ ਬਾਸ਼ਾਨ ਨੂੰ ਜਾਣ ਵਾਲੀ ਸੜਕ ਉੱਤੇ ਤੁਰ ਪਏ। ਬਾਸ਼ਾਨ ਦੇ ਰਾਜੇ ਓਗ ਨੇ ਆਪਣੀਆਂ ਫ਼ੌਜਾਂ ਇਸਰਾਏਲ ਦੇ ਲੋਕਾਂ ਉੱਤੇ ਚੜਾ ਲਿਆਂਦੀਆਂ। ਉਸਨੇ ਉਨ੍ਹਾਂ ਨਾਲ ਅੰਦਰਾਈ ਵਿਖੇ ਲੜਾਈ ਕੀਤੀ।
34 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਸ ਰਾਜੇ ਕੋਲੋਂ ਨਾ ਡਰੋ। ਉਸਨੂੰ ਹਰਾਉਣ ਲਈ ਮੈਂ ਉਸਨੂੰ ਤੁਹਾਨੂੰ ਦਿੰਦਾ ਹਾਂ। ਤੁਸੀਂ ਉਸਦੀ ਸਾਰੀ ਫ਼ੌਜ ਅਤੇ ਉਸਦੀ ਸਾਰੀ ਧਰਤੀ ਉੱਤੇ ਕਬਜ਼ਾ ਕਰ ਲਵੋਂਗੇ। ਉਸ ਨਾਲ ਉਹੀ ਸਲੂਕ ਕਰੋ ਜਿਹੜਾ ਤੁਸੀਂ ਹਸ਼ਬੋਨ ਵਿੱਚ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ ਸੀ।”
35 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਓਗ ਅਤੇ ਉਸਦੀ ਫ਼ੌਜ ਨੂੰ ਹਰਾ ਦਿੱਤਾ। ਉਨ੍ਹਾਂ ਨੇ ਉਸਨੂੰ ਅਤੇ ਉਸਦੇ ਪੁੱਤਰਾਂ ਨੂੰ ਅਤੇ ਉਸਦੀ ਸਾਰੀ ਫ਼ੌਜ ਨੂੰ ਮਾਰ ਮੁਕਾਇਆ। ਫ਼ੇਰ ਇਸਰਾਏਲ ਦੇ ਲੋਕਾਂ ਨੇ ਉਸਦੀ ਸਾਰੀ ਧਰਤੀ ਉੱਤੇ ਕਬਜ਼ਾ ਕਰ ਲਿਆ।