ਗਿਣਤੀ
ਕਾਂਡ 27
1 ਸਲਾਫ਼ਹਾਦ ਹੇਫ਼ਰ ਦਾ ਪੁੱਤਰ ਸੀ। ਹੇਫ਼ਰ ਗਿਲਆਦ ਦਾ ਪੁੱਤਰ ਸੀ। ਗਿਲਆਦ ਮਾਕੀਰ ਦਾ ਪੁੱਤਰ ਸੀ। ਮਾਕੀਰ ਮਨਸ਼ਹ ਦਾ ਪੁੱਤਰ ਸੀ। ਮਨਸ਼ਹ ਯੂਸੁਫ਼ ਦਾ ਪੁੱਤਰ ਸੀ। ਸਲਾਫ਼ਹਾਦ ਦੀਆਂ ਪੰਜ ਧੀਆਂ ਸਨ। ਉਨ੍ਹਾਂ ਦੇ ਨਾਮ ਸਨ: ਮਾਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।
2 ਇਹ ਪੰਜੇ ਔਰਤਾਂ, ਮੰਡਲੀ ਵਾਲੇ ਤੰਬੂ ਵੱਲ ਗਈਆਂ ਅਤੇ ਮੂਸਾ, ਜਾਜਕ ਅਲਆਜ਼ਾਰ, ਆਗੂਆ ਅਤੇ ਇਸਰਾਏਲ ਦੇ ਸਮੂਹ ਲੋਕਾਂ ਸਾਮ੍ਹਣੇ ਖਲੋ ਗਈਆਂ।ਪੰਜਾਂ ਧੀਆਂ ਨੇ ਆਖਿਆ,
3 “ਜਦੋਂ ਅਸੀਂ ਮਾਰੂਥਲ ਵਿੱਚ ਸਫ਼ਰ ਕਰ ਰਹੀਆਂ ਸਾਂ ਤਾਂ ਸਾਡੇ ਪਿਤਾ ਦਾ ਦੇਹਾਂਤ ਹੋ ਗਿਆ। ਸਾਡੇ ਪਿਤਾ ਦੀ ਮੌਤ ਕੁਦਰਤੀ ਤੌਰ ਤੇ ਹੋਈ ਸੀ। ਉਹ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਹੜੇ ਕੋਰਹ ਦੇ ਸਮੂਹ ਵਿੱਚ ਸ਼ਾਮਿਲ ਹੋ ਗਏ ਸਨ। (ਕੋਰਹ ਉਹ ਬੰਦਾ ਸੀ ਜਿਹੜਾ ਯਹੋਵਾਹ ਦੇ ਖਿਲਾਫ਼ ਹੋ ਗਿਆ ਸੀ।) ਪਰ ਸਾਡੇ ਪਿਤਾ ਦਾ ਕੋਈ ਪੁੱਤਰ ਨਹੀਂ ਸੀ।
4 ਨਤੀਜਤਨ, ਸਾਡੇ ਪਿਤਾ ਦਾ ਨਾਮ ਹਟਾ ਦਿੱਤਾ ਜਾਵੇਗਾ ਕਿਉਂਕਿ ਉਸਦੇ ਕੋਈ ਪੁੱਤਰ ਨਹੀਂ ਸਨ। ਇਹ ਉਚਿਤ ਨਹੀਂ ਕਿ ਸਾਡੇ ਪਿਤਾ ਦਾ ਨਾਮ ਜਾਰੀ ਨਾ ਰਹੇ। ਇਸ ਲਈ ਅਸੀਂ ਤੁਹਾਡੇ ਕੋਲੋਂ ਉਸ ਜ਼ਮੀਨ ਦਾ ਕੁਝ ਹਿੱਸਾ ਮੰਗਦੀਆਂ ਹਾਂ ਜਿਹੜੀ ਸਾਡੇ ਪਿਤਾ ਦੇ ਭਰਾਵਾਂ ਨੂੰ ਮਿਲੇਗੀ।”
5 ਇਸ ਲਈ ਮੂਸਾ ਨੇ ਯਹੋਵਾਹ ਨੂੰ ਪੁਛਿਆ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ।
6 ਯਹੋਵਾਹ ਨੇ ਉਸਨੂੰ ਆਖਿਆ,
7 “ਸਲਾਫ਼ਹਾਦ ਦੀਆਂ ਧੀਆਂ ਠੀਕ ਆਖਦੀਆਂ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਦੀ ਜ਼ਮੀਨ ਦਾ ਹਿੱਸਾ ਮਿਲਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਉਹ ਜ਼ਮੀਨ ਦੇ ਦਿਉ ਜਿਹੜੀ ਤੁਸੀਂ ਉਨ੍ਹਾ ਦੇ ਪਿਤਾ ਨੂੰ ਦੇਣੀ ਸੀ।”
8 “ਇਸ ਲਈ ਇਸਰਾਏਲ ਦੇ ਲੋਕਾਂ ਲਈ ਇਹ, ਬਿਧੀ ਬਣਾ ਦਿਉ, ‘ਜੇ ਕਿਸੇ ਬੰਦੇ ਦੇ ਕੋਈ ਪੁੱਤਰ ਨਾ ਹੋਵੇ ਅਤੇ ਉਹ ਮਰ ਜਾਵੇ, ਉਸਦੀ ਹਰ ਚੀਜ਼ ਉਸ ਦੀਆਂ ਧੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।
9 ਜੇ ਉਸਦੀ ਕੋਈ ਧੀ ਨਾ ਹੋਵੇ ਤਾਂ ਉਸਦੀ ਹਰ ਸ਼ੈਅ ਉਸਦੇ ਭਰਾਵਾ ਨੂੰ ਦਿੱਤੀ ਜਾਣੀ ਚਾਹੀਦੀ ਹੈ।
10 ਜੇ ਉਸਦੇ ਭਰਾ ਨਾ ਹੋਣ ਤਾਂ ਉਸਦੀ ਹਰ ਸ਼ੈਅ ਉਸਦੇ ਪਿਤਾ ਦੇ ਭਰਾਵਾ ਨੂੰ ਦਿੱਤੀ ਜਾਣੀ ਚਾਹੀਦੀ ਹੈ।
11 ਜੇ ਉਸਦੇ ਪਿਤਾ ਦਾ ਕੋਈ ਭਰਾ ਨਹੀਂ ਤਾਂ ਉਸਦੀ ਹਰ ਸ਼ੈਅ ਉਸਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਹ ਇਸਰਾਏਲ ਦੇ ਲੋਕਾਂ ਲਈ ਬਿਧੀ ਹੋਣੀ ਚਾਹੀਦੀ ਹੈ। ਯਹੋਵਾਹ, ਮੂਸਾ ਨੂੰ ਇਹ ਆਦੇਸ਼ ਦਿੰਦਾ ਹੈ।’”
12 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਯਰਦਨ ਨਦੀ ਦੇ ਪੂਰਬ ਵੱਲ ਦੇ ਮਾਰੂਥਲ ਵਿਚਲੇ ਇੱਕ ਪਰਬਤ ਉੱਤੇ ਜਾ। ਉਥੇ ਤੂੰ ਉਹ ਧਰਤੀ ਦੇਖੇਂਗਾ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦੇ ਰਿਹਾ ਹਾਂ।
13 ਜਦੋਂ ਤੂੰ ਉਹ ਧਰਤੀ ਦੇਖ ਲਵੇਂਗਾ ਤਾਂ ਤੂੰ ਵੀ ਆਪਣੇ ਭਰਾ ਹਾਰੂਨ ਵਾਂਗ ਮਰ ਜਾਵੇਂਗਾ।
14 ਚੇਤੇ ਕਰ, ਜਦੋਂ ਲੋਕ ਸੀਨਈ ਦੇ ਮਾਰੂਥਲ ਵਿੱਚ ਪਾਣੀ ਲਈ ਗੁੱਸੇ ਹੋ ਰਹੇ ਸਨ, ਹਾਰੂਨ ਅਤੇ ਤੂੰ ਦੋਵਾਂ ਨੇ ਮੇਰੇ ਆਦੇਸ਼ਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਤੂੰ ਮੇਰਾ ਆਦਰ ਨਹੀਂ ਕੀਤਾ ਅਤੇ ਲੋਕਾਂ ਨੂੰ ਨਹੀਂ ਦੱਸਿਆ ਕਿ ਮੈਂ ਪਵਿੱਤਰ ਹਾਂ।” (ਇਹ ਸੀਨ ਮਾਰੂਥਲ ਵਿੱਚ, ਕਾਦੇਸ਼ ਦੇ ਨੇੜੇ ਮਰੀਬਾਹ ਦੇ ਪਾਣੀ ਵਿਖੇ ਸੀ।)
15 ਮੂਸਾ ਨੇ ਯਹੋਵਾਹ ਨੂੰ ਆਖਿਆ,
16 “ਯਹੋਵਾਹ ਹੀ ਉਹ ਪਰਮੇਸ਼ੁਰ ਹੈ ਜਿਹੜਾ ਇਹ ਜਾਣਦਾ ਹੈ ਕਿ ਲੋਕ ਕੀ ਸੋਚ ਰਹੇ ਹਨ। ਯਹੋਵਾਹ, ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਇਨ੍ਹਾਂ ਲੋਕਾਂ ਦਾ ਆਗੂ ਜ਼ਰੂਰ ਚੁਣੋਗੇ।
17 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਅਜਿਹਾ ਆਗੂ ਚੁਣੇ ਜਿਹੜਾ ਇਨ੍ਹਾਂ ਲੋਕਾਂ ਦੀ ਯੁਧ ਵਿੱਚ ਅਗਵਾਈ ਕਰੇਗਾ। ਫ਼ੇਰ ਯਹੋਵਾਹ ਦੇ ਲੋਕ ਬਿਨ ਅਯਾਲੀ ਦੀਆਂ ਭੇਡਾਂ ਵਰਗੇ ਨਹੀਂ ਹੋਣਗੇ।”
18 ਇਸ ਲਈ ਯਹੋਵਾਹ ਨੇ ਮੂਸਾ ਨੂੰ ਆਖਿਆ, “ਨੂਨ ਦਾ ਪੁੱਤਰ ਯਹੋਸ਼ੁਆ ਨਵਾਂ ਆਗੂ ਹੋਵੇਗਾ। ਉਹ ਬਹੁਤ ਸਿਆਣਾ ਹੈ। ਉਸਨੂੰ ਨਵਾਂ ਆਗੂ ਬਣਾ ਦੇ।
19 ਉਸਨੂੰ ਆਖ ਕਿ ਉਹ ਜਾਜਲ ਅਲਆਜ਼ਾਰ ਅਤੇ ਹੋਰ ਸਾਰੇ ਲੋਕਾਂ ਸਾਮ੍ਹਣੇ ਖਲੋਵੋ। ਫ਼ੇਰ ਉਸਨੂੰ ਨਵਾਂ ਆਗੂ ਬਣਾ ਦੇਵੀ।
20 “ਲੋਕਾਂ ਨੂੰ ਇਹ ਦਰਸਾ ਕਿ ਤੂੰ ਉਸਨੂੰ ਆਗੂ ਥਾਪ ਰਿਹਾ ਹੈ, ਫ਼ੇਰ ਸਾਰੇ ਲੋਕ ਉਸਦਾ ਆਦੇਸ਼ ਮੰਨਣਗੇ।
21 ਜੇ ਯਹੋਸ਼ੁਆ ਨੂੰ ਕੋਈ ਨਿਰਣਾ ਕਰਨ ਦੀ ਲੋੜ ਪਵੇ, ਤਾਂ ਉਹ ਜਾਜਕ ਅਲਆਜ਼ਾਰ ਵੱਲ ਜਾਵੇਗਾ। ਅਲਆਜ਼ਾਰ ਊਰੀਮ ਦੀ ਵਰਤੋਂ ਕਰਕੇ ਯਹੋਵਾਹ ਦਾ ਉੱਤਰ ਜਾਣੇਗਾ। ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਮੂਹ ਲੋਕ ਉਹੀ ਗੱਲ ਕਰਨਗੇ ਜੋ ਪਰਮੇਸ਼ੁਰ ਆਖਦਾ ਹੈ। ਜੇ ਉਹ ਆਖੇ, ‘ਯੁਧ ਕਰੋ’, ਤਾਂ ਉਹ ਯੁਧ ਕਰਨਗੇ। ਅਤੇ ਜੇ ਉਹ ਆਖੇ ‘ਘਰ ਜਾਉ’ ਤਾਂ ਉਹ ਘਰ ਚਲੇ ਜਾਣਗੇ।”
22 ਮੂਸਾ ਨੇ ਯਹੋਵਾਹ ਦਾ ਹੁਕਮ ਪ੍ਰਵਾਨ ਕਰ ਲਿਆ। ਮੂਸਾ ਨੇ ਯਹੋਸ਼ੁਆ ਨੂੰ ਜਾਜਕ ਅਲਆਜ਼ਾਰ ਅਤੇ ਇਸਰਾਏਲ ਦੇ ਸਮੂਹ ਲੋਕਾਂ ਦੇ ਸਾਮ੍ਹਣੇ ਖੜੇ ਹੋਣ ਲਈ ਆਖਿਆ।
23 ਫ਼ੇਰ ਮੂਸਾ ਨੇ ਇਹ ਦਰਸਾਉਣ ਲਈ ਉਸ ਉੱਤੇ ਆਪਣੇ ਹੱਥ ਰਖੇ, ਕਿ ਉਹੀ ਨਵਾਂ ਆਗੂ ਸੀ। ਜਿਵੇਂ ਯਹੋਵਾਹ ਚਾਹੁੰਦਾ ਸੀ ਕਿ ਉਹ ਕਰੇ।