ਗਿਣਤੀ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36

ਕਾਂਡ 32

1 ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਕੋਲ ਬਹੁਤ ਸਾਰੀਆਂ ਗਾਵਾਂ ਸਨ। ਉਨ੍ਹਾਂ ਲੋਕਾਂ ਨੇ ਯਾਜ਼ੇਰ ਅਤੇ ਗਿਲਆਦ ਦੇ ਨੇੜੇ ਦੀ ਜ਼ਮੀਨ ਵੱਲ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਇਹ ਧਰਤੀ ਉਨ੍ਹਾਂ ਦੀਆਂ ਗਾਵਾਂ ਲਈ ਚੰਗੀ ਸੀ।
2 ਇਸ ਲਈ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹ ਦੇ ਲੋਕ ਮੂਸਾ ਕੋਲ ਆਏ। ਉਨ੍ਹਾਂ ਨੇ ਮੂਸਾ, ਜਾਜਕ ਅਲਆਜ਼ਾਰ ਅਤੇ ਲੋਕਾਂ ਦੇ ਆਗੂਆਂ ਨਾਲ ਗੱਲ ਕੀਤੀ,
3 ਉਨ੍ਹਾਂ ਨੇ ਆਖਿਆ, “ਸਾਡੇ, ਤੁਹਾਡੇ ਸੇਵਕਾਂ ਕੋਲ, ਬਹੁਤ ਸਾਰੀਆਂ ਗਊਆਂ ਹਨ। ਅਤੇ ਉਹ ਜ਼ਮੀਨ ਜਿਸ ਲਈ ਅਸੀਂ ਲੜਾਈ ਕੀਤੀ ਉਹ ਸਾਡੇ ਲਈ ਚੰਗੀ ਹੈ। ਇਸ ਜ਼ਮੀਨ ਵਿੱਚ ਅਟਾਰੋਥ, ਦੀਬੋਨ, ਯਾਜ਼ੇਰ, ਨਿਮਰਾਹ, ਹਸ਼ਬੋਨ, ਅਲਾਲੇਹ, ਸਬਾਮ, ਨਬੋ ਅਤੇ ਬਓਨ ਦਾ ਇਲਾਕਾ ਸ਼ਾਮਿਲ ਹੈ।
4
5 ਜੇ ਇਸ ਵਿੱਚ ਤੁਹਾਡੀ ਖੁਸ਼ੀ ਹੋਵੇ ਤਾਂ ਅਸੀਂ ਚਾਹੁੰਦੇ ਹਾਂ ਕਿ ਇਹ ਜ਼ਮੀਨ ਸਾਨੂੰ ਦਿੱਤੀ ਜਾਵੇ। ਸਾਨੂੰ ਯਰਦਨ ਨਦੀ ਦੇ ਪਰਲੇ ਪਾਸੇ ਨਾ ਲਿਜਾਉ।”
6 ਮੂਸਾ ਨੇ ਰਊਬੇਨ ਅਤੇ ਗਾਦ ਪਰਿਵਾਰ-ਸਮੂਹਾਂ ਦੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਆਪਣੇ ਭਰਾਵਾਂ ਨੂੰ ਜਾਕੇ ਲੜਨ ਦੇਵੋਂਗੇ ਜਦੋਂ ਕਿ ਤੁਸੀਂ ਇੱਥੇ ਟਿਕੇ ਰਹੋ?
7 ਤੁਸੀਂ ਇਸਰਾਏਲ ਦੇ ਲੋਕਾਂ ਦਾ ਹੌਂਸਲਾ ਢਾਹੁਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਤੁਸੀਂ ਉਨ੍ਹਾਂ ਦੀ ਨਦੀ ਪਾਰ ਕਰਨ ਦੀ ਇਛਾ ਵਿੱਚ ਰੋਕ ਪਾ ਦਿਉਂਗੇ ਅਤੇ ਉਸ ਜ਼ਮੀਨ ਨੂੰ ਹਾਸਿਲ ਕਰਨ ਵਿੱਚ ਰੁਕਾਵਟ ਬਣੋਂਗੇ ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਦਿੱਤੀ ਹੈ।
8 ਤੁਹਾਡੇ ਪੁਰਖਿਆ ਨੇ ਮੇਰੇ ਨਾਲ ਵੀ ਅਜਿਹਾ ਹੀ ਕੀਤਾ ਸੀ। ਕਾਦੇਸ਼ ਬਰਨੇਆ ਵਿੱਚ ਮੈਂ ਧਰਤੀ ਦੇਖਣ ਲਈ ਜਾਸੂਸ ਭੇਜੇ।
9 ਉਹ ਲੋਕ ਅਸ਼ਕੋਲ ਵਾਦੀ ਤੀਕ ਗਏ। ਉਨ੍ਹਾਂ ਨੇ ਜ਼ਮੀਨ ਦੇਖੀ ਅਤੇ ਇਸਰਾਏਲ ਦੇ ਲੋਕਾਂ ਦਾ ਹੌਂਸਲਾ ਤੋੜ ਦਿੱਤਾ। ਉਨ੍ਹਾਂ ਨੇ ਉਸ ਧਰਤੀ ਉਤੇ ਜਾਣ ਦੀ ਉਨ੍ਹਾਂ ਦੀ ਇਛਾ ਵਿੱਚ ਰੁਕਾਵਟ ਪਾ ਦਿੱਤੀ, ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਦਿੱਤੀ ਸੀ।
10 ਯਹੋਵਾਹ ਉਨ੍ਹਾਂ ਲੋਕਾਂ ਨਾਲ ਬਹੁਤ ਨਾਰਾਜ਼ ਹੋ ਗਿਆ ਯਹੋਵਾਹ ਨੇ ਇਹ ਇਕਰਾਰ ਕੀਤੇ:
11 ‘ਲੋਕਾਂ ਦਰਮਿਆਨ ਆਦਮੀਆਂ ਵਿੱਚੋਂ, ਕਿਸੇ ਨੂੰ ਵੀ, ਜੋ 20 ਸਾਲ ਜਾਂ ਇਸ ਨਾਲੋਂ ਵਡੇਰੇ ਹਨ ਇਸ ਧਰਤੀ ਨੂੰ ਦੇਖਣ ਦੀ ਆਗਿਆ ਨਹੀਂ ਮਿਲੇਗੀ। ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਇਕਰਾਰ ਕੀਤਾ ਸੀ ਕਿ ਮੈਂ ਇਹ ਜ਼ਮੀਨ ਇਨ੍ਹਾਂ ਲੋਕਾਂ ਨੂੰ ਦੇਵਾਂਗਾ ਪਰ ਉਹ ਮੇਰੇ ਸੱਚੇ ਅਨੁਯਾਈ ਨਹੀਂ ਬਣੇ।
12 ਸਿਰਫ਼ ਕਨਿਜ਼ੀਆ ਦੇ ਯਫ਼ੁੰਨਹ ਦਾ ਪੁੱਤਰ ਕਾਲੇਬ, ਅਤੇ ਨੂਨ ਦਾ ਪੁੱਤਰ ਯਹੋਸ਼ੁਆ ਹੀ ਯਹੋਵਾਹ ਦੇ ਸੱਚੇ ਅਨੁਯਾਈ ਬਣੇ।’
13 “ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਬਹੁਤ ਨਾਰਾਜ਼ ਸੀ। ਇਸ ਲਈ ਯਹੋਵਾਹ ਨੇ ਲੋਕਾਂ ਨੂੰ 40 ਵਰ੍ਹੇ ਤੀਕ ਮਾਰੂਥਲ ਵਿੱਚ ਰਹਿਣ ਲਈ ਮਜ਼ਬੂਰ ਕੀਤਾ, ਜਦੋਂ ਤੱਕ ਕਿ ਉਹ ਸਾਰੇ ਲੋਕ ਮਰ ਨਹੀਂ ਗਏ ਜਿਨ੍ਹਾਂ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ ਸੀ।
14 ਹੁਣ ਤੁਸੀਂ ਵੀ ਉਹੀ ਕੁਝ ਕਰ ਰਹੇ ਹੋ ਜੋ ਤੁਹਾਡੇ ਪੁਰਖਿਆਂ ਨੇ ਕੀਤਾ ਸੀ। ਤੁਸੀਂ ਪਾਪੀ ਲੋਕ, ਇਸਰਾਏਲ ਦੇ ਖਿਲਾਫ਼ ਯਹੋਵਾਹ ਦੇ ਗੁੱਸੇ ਨੂੰ ਭੜਕਾ ਰਹੇ ਹੋ।
15 ਜੇ ਤੁਸੀਂ ਯਹੋਵਾਹ ਦੇ ਅਨੁਯਾਈ ਬਨਣਾ ਛੱਡ ਦਿਉਂਗੇ, ਤਾਂ ਯਹੋਵਾਹ ਇਸਰਾਏਲ ਨੂੰ ਹੋਰ ਵੀ ਵਧੇਰੇ ਸਮਾਂ ਮਾਰੂਥਲ ਵਿੱਚ ਰਖੇਗਾ। ਫ਼ੇਰ ਤੁਸੀਂ ਇਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ।”
16 ਪਰ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਦੇ ਲੋਕ, ਮੂਸਾ ਕੋਲ ਗਏ। ਉਨ੍ਹਾਂ ਨੇ ਆਖਿਆ, “ਅਸੀਂ ਆਪਣੇ ਬੱਚਿਆਂ ਲਈ ਇੱਥੇ ਸ਼ਹਿਰ ਉਸਾਰਾਂਗੇ ਅਤੇ ਆਪਣੇ ਪਸ਼ੂਆਂ ਲਈ ਵਾੜੇ।
17 ਤਾਂ ਸਾਡੇ ਬੱਚੇ ਉਨ੍ਹਾਂ ਲੋਕਾਂ ਤੋਂ ਸੁਰਖਿਅਤ ਹੋ ਜਾਣਗੇ ਜਿਹੜੇ ਇਸ ਧਰਤੀ ਉੱਤੇ ਰਹਿੰਦੇ ਹਨ। ਪਰ ਅਸੀਂ ਖੁਸ਼ੀ ਨਾਲ ਇਸਰਾਏਲ ਦੇ ਹੋਰਨਾਂ ਲੋਕਾਂ ਦੀ ਆਕੇ ਸਹਾਇਤ ਕਰਾਂਗੇ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਉੱਤੇ ਲੈ ਜਾਵਾਂਗੇ।
18 ਅਸੀਂ ਉਦੋਂ ਤੀਕ ਘਰ ਵਾਪਸ ਨਹੀਂ ਆਵਾਂਗੇ ਜਦੋਂ ਤੀਕ ਕਿ ਇਸਰਾਏਲ ਦੇ ਹਰ ਬੰਦੇ ਨੂੰ ਉਸਦੀ ਜ਼ਮੀਨ ਨਹੀਂ ਮਿਲ ਜਾਂਦੀ।
19 ਅਸੀਂ ਯਰਦਨ ਨਦੀ ਪਛਮ ਵੱਲ ਕੋਈ ਜ਼ਮੀਨ ਨਹੀਂ ਲਵਾਂਗੇ। ਨਹੀਂ! ਸਾਡੇ ਹਿੱਸੇ ਦੀ ਜ਼ਮੀਨ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਹੀ ਹੈ।”
20 ਇਸ ਲਈ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਜੇ ਤੁਸੀਂ ਇਹ ਸਾਰੀਆਂ ਗੱਲਾਂ ਕਰੋਂਗੇ, ਤਾਂ ਇਹ ਜ਼ਮੀਨ ਤੁਹਾਡੀ ਹੋਵੇਗੀ। ਪਰ ਤੁਹਾਡੇ ਸਿਪਾਹਿਆਂ ਨੂੰ ਯਹੋਵਾਹ ਦੇ ਸਾਮ੍ਹਣੇ ਜੰਗ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ।
21 ਤੁਹਾਡੇ ਸਿਪਾਹੀਆਂ ਨੂੰ ਯਹੋਵਾਹ ਦੇ ਸਾਮ੍ਹਣੇ ਯਰਦਨ ਨਦੀ ਪਾਰ ਕਰਨੀ ਚਾਹੀਦੀ ਹੈ ਅਤੇ ਦੁਸ਼ਮਣ ਨੂੰ ਇਸ ਦੇਸ਼ ਵਿੱਚੋਂ ਬਾਹਰ ਕਢ ਦੇਣਾ ਚਾਹੀਦਾ ਹੈ।
22 ਜਦੋਂ ਯਹੋਵਾਹ ਸਾਡੀ ਸਾਰਿਆਂ ਦੀ ਸਹਾਇਤਾ ਜ਼ਮੀਨ ਹਾਸਿਲ ਕਰਨ ਵਿੱਚ ਕਰ ਦੇਵੇ ਤਾਂ ਤੁਸੀਂ ਘਰ ਵਾਪਸ ਜਾ ਸਕੋਂਗੇ। ਤਾਂ ਯਹੋਵਾਹ ਅਤੇ ਇਸਰਾਏਲ ਇਹ ਨਹੀਂ ਸੋਚਣਗੇ ਕਿ ਤੁਸੀਂ ਦੋਸ਼ੀ ਹੋ। ਫ਼ੇਰ ਯਹੋਵਾਹ ਤੁਹਾਨੂੰ ਇਹ ਜ਼ਮੀਨ ਲੈਣ ਦੇਵੇਗਾ।
23 ਪਰ ਜੇ ਤੁਸੀਂ ਇਹ ਗੱਲਾਂ ਨਹੀਂ ਕਰੋਂਗੇ, ਤਾਂ ਤੁਸੀਂ ਯਹੋਵਾਹ ਦੇ ਖਿਲਾਫ਼ ਪਾਪ ਕਰ ਰਹੇ ਹੋਵੋਂਗੇ। ਅਤੇ ਇਹ ਗੱਲ ਪੱਕੀ ਤਰ੍ਹਾਂ ਜਾਣ ਲਵੋ ਕਿ ਤੁਹਾਨੂੰ ਤੁਹਾਡੇ ਪਾਪ ਦੀ ਸਜ਼ਾ ਮਿਲੇਗੀ।
24 ਆਪਣੇ ਬੱਚਿਆਂ ਲਈ ਸ਼ਹਿਰ ਅਤੇ ਪਸ਼ੁਆਂ ਲਈ ਵਾੜੇ ਉਸਾਰ ਲਵੋ। ਪਰ ਫ਼ੇਰ ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਜਿਸਦਾ ਤੁਸੀਂ ਇਕਰਾਰ ਕੀਤਾ ਹੈ।”
25 ਫ਼ੇਰ ਗਾਦ ਅਤੇ ਰਊਬੇਨ ਦੇ ਪਰਿਵਾਰ-ਸਮੂਹਾਂ ਦੇ ਲੋਕਾਂ ਨੇ ਮੂਸਾ ਨੂੰ ਆਖਿਆ, “ਅਸੀਂ ਤੁਹਾਡੇ ਸੇਵਾਦਾਰ ਹਾਂ। ਤੁਸੀਂ ਸਾਡੇ ਮਾਲਕ ਹੋ। ਇਸ ਲਈ ਅਸੀਂ ਉਹੀ ਕਰਾਂਗੇ ਜੋ ਤੁਸੀਂ ਆਖਦੇ ਹੋਂ।
26 ਸਾਡੀਆਂ ਪਤਨੀਆਂ, ਬੱਚੇ ਅਤੇ ਸਾਡੇ ਪਸ਼ੂ ਗਿਲਆਦ ਦੇ ਸ਼ਹਿਰਾਂ ਵਿੱਚ ਰਹਿਣਗੇ।
27 ਪਰ ਅਸੀਂ, ਤੁਹਾਡੇ ਸੇਵਕ, ਯਰਦਨ ਨਦੀ ਨੂੰ ਪਾਰ ਕਰਾਂਗੇ। ਅਸੀਂ ਯਹੋਵਾਹ ਦੇ ਸਾਮ੍ਹਣੇ ਜੰਗ ਵਿੱਚ ਜਾਵਾਂਗੇ ਜਿਵੇਂ ਸਾਡਾ ਸੁਆਮੀ ਸਾਨੂੰ ਆਖਦਾ ਹੈ।”
28 ਇਸ ਲਈ ਮੂਸਾ ਨੇ ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨੂੰ ਉਨ੍ਹਾਂ ਬਾਰੇ ਹੁਕਮ ਦਿੱਤੇ।
29 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਗਾਦ ਅਤੇ ਰਊਬੇਨ ਦੇ ਆਦਮੀ ਤੁਹਾਡੇ ਨਾਲ ਯਰਦਨ ਨਦੀ ਪਾਰ ਕਰਨਗੇ। ਉਹ ਯਹੋਵਾਹ ਦੇ ਸਾਮ੍ਹਣੇ ਲੜਾਈ ਲਈ ਜਾਣਗੇ ਅਤੇ ਜ਼ਮੀਨ ਹਾਸਿਲ ਕਰਨ ਵਿੱਚ ਤੁਹਾਡੀ ਸਹਾਇਤਾ ਕਰਨਗੇ। ਫ਼ੇਰ ਤੁਸੀਂ ਉਨ੍ਹਾਂ ਨੂੰ ਗਿਲਆਦ ਦੀ ਜ਼ਮੀਨ ਉਨ੍ਹਾਂ ਦੇ ਹਿੱਸੇ ਵਜੋਂ ਦੇ ਦਿਉ।
30 ਉਹ ਕਨਾਨ ਦੀ ਧਰਤੀ ਹਾਸਿਲ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਇਕਰਾਰ ਕਰਦੇ ਹਨ।”
31 ਗਾਦ ਅਤੇ ਰਊਬੇਨ ਦੇ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਉਹੀ ਕੁਝ ਕਰਨ ਦਾ ਇਕਰਾਰ ਕਰਦੇ ਹਾਂ, ਜਿਸਦਾ ਯਹੋਵਾਹ ਨੇ ਆਦੇਸ਼ ਦਿੱਤਾ ਹੈ।
32 ਅਸੀਂ ਯਰਦਨ ਨਦੀ ਪਾਰ ਕਰਾਂਗੇ ਅਤੇ ਯਹੋਵਾਹ ਦੇ ਅੱਗੇ ਕਨਾਨ ਦੀ ਧਰਤੀ ਵੱਲ ਮਾਰਚ ਕਰਾਂਗੇ। ਅਤੇ ਸਾਡੇ ਹਿੱਸੇ ਦੀ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੀ ਹੈ।”
33 ਇਸ ਲਈ ਮੂਸਾ ਨੇ ਉਹ ਧਰਤੀ ਗਾਦ ਦੇ ਲੋਕਾਂ, ਰਊਬੇਨ ਦੇ ਪਰਿਵਾਰ ਨੂੰ ਅਤੇ ਮਨਸ਼ਹ ਪਰਿਵਾਰ ਦੇ ਅਧੇ ਲੋਕਾਂ ਨੂੰ ਦੇ ਦਿੱਤੀ। (ਮਨਸ਼ਹ ਯੂਸੁਫ਼ ਦਾ ਪੁੱਤਰ ਸੀ।) ਇਸ ਧਰਤੀ ਵਿੱਚ ਅਮੋਰੀ, ਸੀਹੋਨ ਦਾ ਰਾਜ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਸ਼ਾਮਿਲ ਹਨ। ਇਸ ਧਰਤੀ ਵਿੱਚ ਉਸ ਖੇਤਰ ਦੇ ਆਲੇ-ਦੁਆਲੇ ਦੇ ਸਾਰੇ ਨਗਰ ਵੀ ਸ਼ਾਮਿਲ ਹਨ।
34 ਗਾਦ ਦੇ ਲੋਕਾਂ ਨੇ ਦੀਬੋਨ, ਅਟਾਰੋਥ ਅਤੇ ਅਰੋਏਰ,
35 ਅਟਰੋਥ ਸੋਫ਼ਾਨ, ਯਾਜ਼ੇਰ, ਯਾਗਬਹਾਹ,
36 ਬੈਤ ਨਿਮਰਾਹ ਅਤੇ ਬੈਤ ਹਾਰਾਨ ਦੇ ਸ਼ਹਿਰ ਉਸਾਰੇ। ਉਨ੍ਹਾਂ ਨੇ ਮਜ਼ਬੂਤ ਕੰਧਾਂ ਵਾਲੇ ਸ਼ਹਿਰ ਉਸਾਰੇ ਅਤੇ ਆਪਣੇ ਪਸ਼ੂਆਂ ਲਈ ਉਨ੍ਹਾਂ ਨੇ ਵਾੜੇ ਉਸਾਰੇ।
37 ਰਊਬੇਨ ਦੇ ਲੋਕਾਂ ਨੇ ਹਸ਼ਬੋਨ, ਅਲਆਲੇ, ਕਿਰਯਾਥੈਮ,
38 ਨਬੋ, ਬਆਲ ਮਓਨ ਅਤੇ ਸਿਬਮਾਹ ਉਸਾਰੇ। ਉਨ੍ਹਾਂ ਨੇ ਉਨ੍ਹਾਂ ਹੀ ਸ਼ਹਿਰਾਂ ਦੇ ਨਾਮ ਰਖੇ ਜਿਨ੍ਹਾਂ ਨੂੰ ਮੁੜਕੇ ਉਸਾਰਿਆ ਗਿਆ ਸੀ। ਪਰ ਉਨ੍ਹਾਂ ਨੇ ਨਬੋ ਅਤੇ ਬਆਲ ਮਓਨ ਦੇ ਨਾਮ ਬਦਲ ਦਿੱਤੇ।
39 ਮਾਕੀਰ ਦੇ ਪਰਿਵਾਰ-ਸਮੂਹ ਦੇ ਲੋਕ ਗਿਲਆਦ ਚਲੇ ਗਏ। (ਮਾਕੀਰ ਮਨਸ਼ਹ ਦਾ ਪੁੱਤਰ ਸੀ।) ਉਨ੍ਹਾਂ ਨੇ ਸ਼ਹਿਰ ਨੂੰ ਹਰਾ ਦਿੱਤਾ ਉਨ੍ਹਾਂ ਨੇ ਓਥੇ ਰਹਿਣ ਵਾਲੇ ਅਮੋਰੀਆਂ ਨੂੰ ਹਰਾ ਦਿੱਤਾ।
40 ਇਸ ਲਈ ਮੂਸਾ ਨੇ ਮਨਸ਼ਹ ਦੇ ਪਰਿਵਾਰ-ਸਮੂਹ ਦੇ ਮਾਕੀਰ ਨੂੰ ਗਿਲਆਦ ਦੇ ਦਿੱਤਾ। ਇਸ ਲਈ ਉਸਦਾ ਪਰਿਵਾਰ ਓਥੇ ਵਸ ਗਿਆ।
41 ਮਨਸ਼ਹ ਦੇ ਪਰਿਵਾਰ ਦੇ ਯਾਈਰ ਨੇ ਓਥੋਂ ਦੇ ਛੋਟੇ ਕਸਬਿਆਂ ਨੂੰ ਹਰਾ ਦਿੱਤਾ। ਤਾਂ ਉਸਨੇ ਉਥੋਂ ਦੇ ਛੋਟੇ ਕਸਬਿਆਂ ਨੂੰ ਯਾਈਰ ਦੇ ਕਸਬੇ ਆਖਿਆ।
42 ਨੋਬਹ ਨੇ ਕਨਾਥ ਨੂੰ ਹਰਾਇਆ ਅਤੇ ਉਸਦੇ ਨੇੜੇ ਦੇ ਛੋਟੇ ਕਸਬਿਆਂ ਨੂੰ ਵੀ। ਫ਼ੇਰ ਉਸਨੇ ਉਸ ਥਾਂ ਨੂੰ ਆਪਣਾ ਨਾਮ ਦਿੱਤਾ।