ਗਿਣਤੀ
ਕਾਂਡ 22
1 ਫ਼ੇਰ ਇਸਰਾਏਲ ਦੇ ਲੋਕ ਮੋਆਬ ਵਿਚਲੀ ਯਰਦਨ ਵਾਦੀ ਵੱਲ ਚਲੇ ਗਏ। ਉਨ੍ਹਾਂ ਨੇ ਯਰੀਹੋ ਦੇ ਸਾਮ੍ਹਣੇ ਯਰਦਨ ਨਦੀ ਨੇੜੇ ਡੇਰਾ ਲਾਇਆ।
2 ਸਿੱਪੋਰ ਦੇ ਪੁੱਤਰ ਬਾਲਾਕ ਨੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਅਮੋਰੀ ਲੋਕਾਂ ਨਾਲ ਕੀਤੀਆਂ ਸਨ। ਮੋਆਬ ਦਾ ਰਾਜਾ ਬਹੁਤ ਭੈਭੀਤ ਸੀ, ਕਿਉਂਕਿ ਉਥੇ ਇਸਰਾਏਲ ਦੇ ਬਹੁਤ ਜ਼ਿਆਦਾ ਲੋਕ ਸਨ। ਮੋਆਬ ਸੱਚ ਮੁੱਚ ਉਨ੍ਹਾਂ ਪਾਸੋਂ ਡਰਦਾ ਸੀ।
3
4 ਮੋਆਬ ਦੇ ਰਾਜੇ ਨੇ ਮਿਦਯਾਨ ਦੇ ਆਗੂਆਂ ਨੂੰ ਆਖਿਆ, “ਲੋਕਾਂ ਦੀ ਏਡੀ ਵੱਡੀ ਭੀੜ, ਸਾਡੇ ਆਲੇ-ਦੁਆਲੇ ਦੀ ਹਰ ਸ਼ੈਅ ਨੂੰ ਨਸ਼ਟ ਕਰ ਦੇਵੇਗੀ, ਜਿਵੇਂ ਕੋਈ ਗਊ ਕਿਸੇ ਖੇਤ ਦੇ ਸਾਰੇ ਘਾਹ ਨੂੰ ਚਰ ਜਾਂਦੀ ਹੈ।”ਉਸ ਸਮੇਂ ਸਿਪ੍ਪੋਰ ਦਾ ਪੁੱਤਰ ਬਾਲਾਕ ਮੋਆਬ ਦਾ ਰਾਜਾ ਸੀ।
5 ਉਸਨੇ ਕੁਝ ਲੋਕਾਂ ਨੂੰ ਬਓਰ ਦੇ ਪੁੱਤਰ ਬਿਲਆਮ ਨੂੰ ਸਦ੍ਦਣ ਲਈ ਭੇਜਿਆ। ਬਿਲਆਮ, ਫ਼ਰਾਤ ਨਦੀ ਦੇ ਨੇੜੇ ਪਥੋਰ ਵਿਖੇ ਸੀ। ਇੱਥੇ ਸਿਰਫ਼ ਬਿਲਆਮ ਦੇ ਲੋਕੀ ਰਹਿੰਦੇ ਸਨ। ਬਾਲਾਕ ਦਾ ਸੰਦੇਸ਼ ਇਹ ਸੀ:“ਲੋਕਾਂ ਦਾ ਇੱਕ ਨਵਾਂ ਟੋਲਾ ਮਿਸਰ ਵਿੱਚੋਂ ਆਇਆ ਹੈ। ਉਹ ਗਿਣਤੀ ਵਿੱਚ ਇੰਨੇ ਹਨ ਕਿ ਉਨ੍ਹਾਂ ਨੇ ਸਾਰੀ ਧਰਤੀ ਨੂੰ ਕੱਜ ਲਿਆ ਹੈ। ਉਨ੍ਹਾਂ ਨੇ ਮੈਥੋਂ ਅੱਗੇ ਡੇਰਾ ਲਾਇਆ ਹੋਇਆ ਹੈ।
6 ਆਕੇ ਮੇਰੇ ਲਈ ਇਨ੍ਹਾਂ ਲੋਕਾਂ ਨੂੰ ਸਰਾਪ। ਇਹ ਲੋਕ ਮੇਰੇ ਨਾਲੋਂ ਵੱਧ ਤਾਕਤਵਰ ਹਨ। ਮੈਨੂੰ ਪਤਾ ਹੈ ਕਿ ਤੇਰੇ ਕੋਲ ਬਹੁਤ ਤਾਕਤ ਹੈ। ਜੇ ਤੂੰ ਕਿਸੇ ਵਿਅਕਤੀ ਨੂੰ ਅਸੀਸ ਦੇ ਦੇਵੇਂ ਤਾਂ ਉਸਦੀ ਕਿਸਮਤ ਖੁਲ੍ਹ ਜਾਂਦੀ ਹੈ ਅਤੇ ਜੇ ਤੂੰ ਕਿਸੇ ਨੂੰ ਸਰਾਪ ਦੇ ਦੇਵੇਂ, ਉਸ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ। ਇਸ ਲਈ ਆਕੇ ਇਨ੍ਹਾਂ ਲੋਕਾਂ ਨੂੰ ਸਰਾਪ। ਸ਼ਾਇਦ ਫ਼ੇਰ ਮੈਂ ਇਨ੍ਹਾਂ ਨੂੰ ਹਰਾ ਸਕਾ।”
7 ਮੋਆਬ ਅਤੇ ਮਿਦਯਾਨ ਦੇ ਆਗੂ ਬਾਲਾਮ ਨਾਲ ਗੱਲ ਕਰਨ ਲਈ ਚਲੇ ਗਏ। ਉਨ੍ਹਾਂ ਕੋਲ ਉਸਨੂੰ ਦੇਣ ਲਈ ਪੈਸੇ ਸਨ ਅਤੇ ਉਨ੍ਹਾ ਨੇ ਉਸਨੂੰ ਬਾਲਾਕ ਦੀ ਆਖੀ ਹੋਈ ਹਰ ਗੱਲ ਦਸੀ।
8 ਬਿਲਆਮ ਨੇ ਉਨ੍ਹਾਂ ਨੂੰ ਆਖਿਆ, “ਰਾਤ ਨੂੰ ਇੱਥੇ ਹੀ ਠਹਿਰੋ। ਮੈਂ ਯਹੋਵਾਹ ਨਾਲ ਗੱਲ ਕਰਾਂਗਾ ਅਤੇ ਤੁਹਾਨੂੰ ਦੱਸਾਂਗਾ ਕਿ ਉਹ ਕੀ ਆਖਦਾ ਹੈ।” ਇਸ ਲਈ ਮੋਆਬ ਦੇ ਆਗੂ ਉਸ ਰਾਤ ਬਿਲਆਮ ਦੇ ਨਾਲ ਉਥੇ ਹੀ ਠਹਿਰ ਗਏ।
9 ਪਰਮੇਸ਼ੁਰ ਬਿਲਆਮ ਕੋਲ ਆਇਆ ਅਤੇ ਪੁੱਛਿਆ, “ਤੇਰੇ ਨਾਲ ਇਹ ਕੌਣ ਲੋਕ ਹਨ?”
10 ਬਿਲਆਮ ਨੇ ਪਰਮੇਸ਼ੁਰ ਨੂੰ ਆਖਿਆ, “ਸਿੱਪੋਰ ਦੇ ਪੁੱਤਰ ਬਾਲਾਕ, ਮੋਆਬ ਦੇ ਰਾਜੇ ਨੇ ਇਨ੍ਹਾਂ ਨੂੰ ਮੇਰੇ ਕੋਲ ਇੱਕ ਸੁਨੇਹਾ ਦੇਕੇ ਘਲਿਆ ਹੈ।
11 ਸੁਨੇਹਾ ਇਹ ਹੈ: ਲੋਕਾਂ ਦੀ ਇੱਕ ਨਵੀਂ ਕੌਮ ਮਿਸਰ ਤੋਂ ਬਾਹਰ ਆ ਗਈ ਹੈ। ਇਹ ਲੋਕ ਇੰਨੇ ਜ਼ਿਆਦਾ ਹਨ ਕਿ ਸਾਰੀ ਧਰਤੀ ਕੱਜੀ ਹੋਈ ਹੈ। ਇਸ ਲਈ ਆਉ ਅਤੇ ਇਨ੍ਹਾਂ ਨੂੰ ਸਰਾਪ ਦੇ। ਤਾਂ ਸ਼ਾਇਦ ਮੈਂ ਇਨ੍ਹਾਂ ਨਾਲ ਲੜ ਸਕਾਂ ਅਤੇ ਇਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕਢ ਸਕਾਂ।”
12 ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, “ਉਨ੍ਹਾਂ ਦੇ ਨਾਲ ਨਾ ਜਾਵੀਂ। ਤੈਨੂੰ ਇਨ੍ਹਾਂ ਲੋਕਾਂ ਨੂੰ ਸਰਾਪ ਨਹੀਂ ਦੇਣਾ ਚਾਹੀਦਾ। ਉਹ ਮੇਰੇ ਲੋਕ ਹਨ।”
13 ਅਗਲੀ ਸਵੇਰ ਬਿਲਆਮ ਉਠਿਆ ਅਤੇ ਉਸਨੇ ਬਾਲਾਕ ਦੇ ਆਗੁਆਂ ਨੂੰ ਆਖਿਆ, “ਆਪਣੇ ਦੇਸ਼ ਵਾਪਸ ਪਰਤ ਜਾਉ। ਯਹੋਵਾਹ ਮੈਨੂੰ ਤੁਹਾਡੇ ਨਾਲ ਜਾਣ ਦੀ ਆਗਿਆ ਨਹੀਂ ਦਿੰਦਾ।”
14 ਇਸ ਲਈ ਮੋਆਬ ਦੇ ਆਗੂ ਬਾਲਾਕ ਕੋਲ ਵਾਪਸ ਚਲੇ ਗਏ ਅਤੇ ਉਸਨੂੰ ਇਹ ਗੱਲ ਦਸੀ। ਉਨ੍ਹਾਂ ਨੇ ਆਖਿਆ, “ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕਰ ਦਿੱਤਾ ਹੈ।”
15 ਇਸ ਲਈ ਬਾਲਾਕ ਨੇ ਹੋਰਨਾਂ ਆਗੂਆਂ ਨੂੰ ਬਿਲਆਮ ਵੱਲ ਭੇਜਿਆ। ਇਸ ਵਾਰ ਉਸਨੇ ਪਹਿਲਾਂ ਨਾਲੋਂ ਵਧੇਰੇ ਗਿਣਤੀ ਵਿੱਚ ਬੰਦੇ ਭੇਜੇ। ਅਤੇ ਇਹ ਆਗੂ ਪਹਿਲੇ ਆਗੂਆਂ ਨਾਲੋਂ ਵਧੇਰੇ ਮਹੱਤਵਪੂਰਣ ਸਨ।
16 ਉਹ ਬਿਲਆਮ ਕੋਲ ਗਏ ਅਤੇ ਆਖਿਆ: “ਸਿੱਪੋਰ ਦਾ ਪੁੱਤਰ ਬਾਲਾਕ ਤੁਹਾਨੂੰ ਆਖਦਾ ਹੈ: ਕਿਰਪਾ ਕਰਕੇ ਕਿਸੇ ਵੀ ਕਾਰਣ ਮੇਰੇ ਕੋਲ ਆਉਣ ਤੋਂ ਇਨਕਾਰ ਨਾ ਕਰੋ।
17 ਜੇ ਤੁਸੀਂ ਮੇਰੇ ਕਹੇ ਅਨੁਸਾਰ ਕਰੋਂਗੇ ਤਾਂ ਮੈਂ ਤੁਹਾਨੂੰ ਬਹੁਤ ਕੁਝ ਦੇਵਾਂਗਾ। ਆਉ ਅਤੇ ਮੇਰੀ ਖਾਤਿਰ ਇਨ੍ਹਾਂ ਲੋਕਾਂ ਨੂੰ ਸਰਾਪ ਦਿਉ।”
18 ਬਿਲਆਮ ਨੇ ਬਾਲਾਕ ਦੇ ਅਧਿਕਾਰੀਆਂ ਨੂੰ ਜਵਾਬ ਦਿੱਤਾ: ਉਸਨੇ ਆਖਿਆ, “ਮੈਨੂੰ ਯਹੋਵਾਹ ਮੇਰੇ ਪਰਮੇਸ਼ੁਰ ਦਾ ਹੁਕਮ ਮੰਨਣਾ ਪੈਂਦਾ ਹੈ। ਮੈਂ ਉਸਦੇ ਆਦੇਸ਼ ਦੇ ਵਿਰੁੱਧ ਕੁਝ ਵੀ ਨਹੀਂ ਕਰ ਸਕਦਾ। ਜਿੰਨਾ ਚਿਰ ਯਹੋਵਾਹ ਇਹ ਨਾ ਆਖੇ ਕਿ ਮੈਂ ਕਰ ਸਕਦਾ ਹਾਂ, ਮੈਂ ਕੁਝ ਵੀ ਨਹੀਂ ਕਰ ਸਕਦਾ, ਨਾ ਨਿੱਕੀ ਗੱਲ ਅਤੇ ਨਾ ਵੱਡੀ ਗੱਲ। ਭਾਵੇਂ ਰਾਜਾ ਬਾਲਾਕ ਮੈਨੂੰ ਆਪਣਾ ਸੋਨੇ ਚਾਂਦੀ ਨਾਲ ਭਰਿਆ ਹੋਇਆ ਖੂਬਸੂਰਤ ਘਰ ਹੀ ਕਿਉਂ ਨਾ ਦੇ ਦੇਵੇ, ਮੈਂ ਯਹੋਵਾਹ ਦੇ ਆਦੇਸ਼ ਦੇ ਵਿਰੁੱਧ ਕੁਝ ਵੀ ਨਹੀਂ ਕਰਾਂਗਾ।
19 ਪਰ ਤੁਸੀਂ ਰਾਤ ਇੱਥੇ ਠਹਿਰ ਸਕਦੇ ਹੋ ਜਿਵੇਂ ਦੂਸਰੇ ਲੋਕ ਠਹਿਰੇ ਸਨ। ਅਤੇ ਰਾਤ ਵੇਲੇ ਮੈਨੂੰ ਪਤਾ ਚੱਲ ਜਾਵੇਗਾ ਕਿ ਯਹੋਵਾਹ ਮੈਨੂੰ ਕੀ ਆਖਣਾ ਚਾਹੁੰਦਾ ਹੈ।
20 ਉਸ ਰਾਤ, ਪਰਮੇਸ਼ੁਰ ਬਿਲਆਮ ਕੋਲ ਆਇਆ। ਪਰਮੇਸ਼ੁਰ ਨੇ ਆਖਿਆ, “ਇਹ ਲੋਕ ਤੈਨੂੰ ਆਪਣੇ ਨਾਲ ਲਿਜਾਣ ਲਈ ਫ਼ੇਰ ਆ ਗਏ ਹਨ। ਇਸ ਲਈ ਤੂੰ ਇਨ੍ਹਾਂ ਨਾਲ ਜਾ ਸਕਦਾ ਹੈ। ਪਰ ਸਿਰਫ਼ ਉਹੀ ਗੱਲਾਂ ਕਰਨੀਆਂ ਜਿਹੜੀਆਂ ਮੈਂ ਤੈਨੂੰ ਕਰਨ ਲਈ ਆਖਾਂ।”
21 ਅਗਲੀ ਸਵੇਰ, ਬਿਲਆਮ ਉੱਠਿਆ ਅਤੇ ਆਪਣੇ ਖੋਤੇ ਉੱਤੇ ਕਾਠੀ ਪਾ ਲਈ। ਫ਼ੇਰ ਉਹ ਮੋਆਬ ਦੇ ਆਗੂਆਂ ਨਾਲ ਤੁਰ ਪਿਆ।
22 ਬਿਲਆਮ ਆਪਣੇ ਖੋਤੇ ਦੀ ਸਵਾਰੀ ਕਰ ਰਿਹਾ ਸੀ। ਉਸਦੇ ਨਾਲ ਉਸਦੇ ਦੋ ਸੇਵਾਦਾਰ ਵੀ ਸਨ। ਜਦੋਂ ਬਿਲਆਮ ਸਫ਼ਰ ਕਰ ਰਿਹਾ ਸੀ ਤਾਂ ਪਰਮੇਸ਼ੁਰ ਗੁੱਸੇ ਵਿੱਚ ਆ ਗਿਆ। ਇਸ ਲਈ ਯਹੋਵਾਹ ਦਾ ਦੂਤ ਬਿਲਆਮ ਦੇ ਸਾਮ੍ਹਣੇ ਸੜਕ ਉੱਤੇ ਖਲੋ ਗਿਆ। ਦੂਤ ਬਿਲਆਮ ਨੂੰ ਰੋਕਣਾ ਚਾਹੁੰਦਾ ਸੀ।
23 ਬਿਲਆਮ ਦੇ ਖੋਤੇ ਨੇ ਯਹੋਵਾਹ ਦੇ ਦੂਤ ਨੂੰ ਸੜਕ ਉੱਤੇ ਖਲੋਤਿਆ ਦੇਖਿਆ, ਦੂਤ ਦੇ ਹੱਥ ਵਿਚ ਤਲਵਾਰ ਸੀ। ਇਸ ਲਈ ਖੋਤਾ ਸੜਕ ਤੋਂ ਮੁੜ ਪਿਆ ਅਤੇ ਖੇਤ ਵਿੱਚ ਚਲਾ ਗਿਆ। ਬਿਲਆਨ ਨੂੰ ਦੂਤ ਦਿਖਾਈ ਨਹੀਂ ਦਿੱਤਾ ਇਸ ਲਈ ਉਹ ਖੋਤੇ ਉੱਤੇ ਬਹੁਤ ਕਰੋਧਵਾਨ ਹੋਇਆ ਉਸਨੇ ਖੋਤੇ ਨੂੰ ਕੁਟਿਆ ਅਤੇ ਇਸਨੂੰ ਸੜਕ ਉੱਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।
24 ਬਾਦ ਵਿੱਚ, ਯਹੋਵਾਹ ਦਾ ਦੂਤ ਉਸ ਥਾਂ ਖਲੋ ਗਿਆ ਜਿਥੇ ਸੜਕ ਤੰਗ ਹੋ ਗਈ ਸੀ। ਇਹ ਦੋ ਅੰਗੂਰਾਂ ਦੇ ਬਾਗਾਂ ਦੇ ਵਿਚਕਾਰ ਸੀ। ਸੜਕ ਦੇ ਦੋਹੀ ਪਾਸੀਂ ਕੰਧਾ ਸਨ।
25 ਇੱਕ ਵਾਰੀ ਫ਼ੇਰ ਖੋਤੇ ਨੂੰ ਯਹੋਵਾਹ ਦਾ ਦੂਤ ਦਿਖਾਈ ਦਿੱਤਾ ਇਸ ਲਈ ਖੋਤਾ ਇੱਕ ਕੰਧ ਨਾਲ ਖਹਿਕੇ ਲੰਘਿਆ। ਇਸ ਨਾਲ ਬਿਲਆਮ ਦਾ ਪੈਰ ਕੰਧ ਨਾਲ ਰਗੜ ਖਾ ਗਿਆ ਇਸ ਲਈ ਬਿਲਆਮ ਨੇ ਫ਼ੇਰ ਆਪਣੇ ਖੋਤੇ ਨੂੰ ਕੁਟਿਆ।
26 ਬ੍ਬਾਦ ਵਿੱਚ ਯਹੋਵਾਹ ਦਾ ਦੂਤ ਇੱਕ ਹੋਰ ਥਾਂ ਖਲੋ ਗਿਆ। ਇਹ ਇੱਕ ਹੋਰ ਅਜਿਹੀ ਥਾਂ ਸੀ ਜਿਥੇ ਰਸਤਾ ਤੰਗ ਸੀ। ਖੋਤੇ ਦੇ ਇਧਰ-ਉਧਰ ਹੋਣ ਦਾ ਕੋਈ ਰਸਤਾ ਨਹੀਂ ਸੀ। ਖੋਤਾ ਨਾ ਖੱਬੇ ਮੁੜ ਸਕਦਾ ਸੀ ਨਾ ਸੱਜੇ।
27 ਖੋਤੇ ਨੇ ਯਹੋਵਾਹ ਦੇ ਦੂਤ ਨੂੰ ਦੇਖਿਆ। ਇਸ ਲਈ ਖੋਤਾ ਬਿਲਆਮ ਸਣੇ ਹੇਠਾ ਲੇਟ ਗਿਆ। ਬਿਲਆਮ ਨੂੰ ਖੋਤੇ ਉੱਤੇ ਬਹੁਤ ਗੁੱਸਾ ਆਇਆ। ਇਸ ਲਈ ਉਸਨੇ ਇਸਨੂੰ ਆਪਣੀ ਸੋਟੀ ਨਾਲ ਕੁਟਿਆ।
28 ਤਾਂ ਯਹੋਵਾਹ ਨੇ ਖੋਤੇ ਨੂੰ ਬੋਲਣ ਦੀ ਸ਼ਕਤੀ ਦੇ ਦਿੱਤੀ। ਖੋਤੇ ਨੇ ਬਿਲਆਮ ਨੂੰ ਆਖਿਆ, “ਤੂੰ ਮੇਰੇ ਉੱਤੇ ਕਿਉਂ ਗੁੱਸਾ ਕਢਦਾ ਹੈਂ? ਮੈਂ ਤੇਰਾ ਕੀ ਵਿਗਾੜਿਆ ਹੈ? ਤੂੰ ਮੈਨੂੰ ਤਿੰਨ ਵਾਰੀ ਮਾਰ ਚੁਕਿਆ ਹੈ!”
29 ਬਿਲਆਮ ਨੇ ਖੋਤੇ ਨੂੰ ਜਵਾਬ ਦਿੱਤਾ, “ਤੂੰ ਤਾਂ ਮੈਨੂੰ ਮੂਰਖ ਬਣਾ ਦਿੱਤਾ ਹੈ। ਜੇ ਮੇਰੇ ਕੋਲ ਤਲਵਾਰ ਹੁੰਦਾ ਤਾਂ ਮੈਂ ਤੈਨੂੰ ਹੁਣੇ ਮਾਰ ਦੇਣਾ ਸੀ!
30 ਪਰ ਖੋਤੇ ਨੇ ਬਿਲਆਮ ਨੂੰ ਆਖਿਆ, “ਦੇਖ, ਮੈਂ ਤੇਰਾ ਆਪਣਾ ਖੋਤਾ ਹਾਂ! ਤੂੰ ਮੇਰੇ ਉੱਤੇ ਬਹੁਤ ਵਰ੍ਹੇ ਸਵਾਰੀ ਕੀਤੀ ਹੈ। ਅਤੇ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪਹਿਲਾ ਕਦੇ ਵੀ ਅਜਿਹਾ ਨਹੀਂ ਕੀਤਾ।”“ਇਹ ਗੱਲ ਠੀਕ ਹੈ”, ਬਿਲਆਮ ਨੇ ਆਖਿਆ।
31 ਫ਼ੇਰ ਯਹੋਵਾਹ ਨੇ ਦੂਤ ਨੂੰ ਵੇਖਣ ਲਈ ਬਿਲਆਮ ਦੀਆਂ ਅਖਾਂ ਖੋਲ੍ਹ ਦਿੱਤੀਆਂ। ਯਹੋਵਾਹ ਦਾ ਦੂਤ ਹੱਥ ਵਿੱਚ ਤਲਵਾਰ ਫ਼ੜਕੇ ਰਾਹ ਵਿੱਚ ਖਲੋਤਾ ਹੋਇਆ ਸੀ। ਫ਼ੇਰ ਬਿਲਆਮ ਉਸਦੇ ਸਾਮ੍ਹਣੇ ਧਰਤੀ ਉੱਤੇ ਝੁਕ ਗਿਆ।
32 ਤਾਂ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਪੁੱਛਿਆ, “ਤੂੰ ਆਪਣੇ ਖੋਤੇ ਨੂੰ ਤਿੰਨ ਵਾਰੀ ਕਿਉਂ ਮਾਰਿਆ ਹੈ? ਮੈਂ ਹੀ ਹਾਂ ਜਿਹੜਾ ਤੈਨੂੰ ਰੋਕਣ ਲਈ ਆਇਆ ਹਾਂ। ਪਰ ਠੀਕ ਸਮੇਂ ਸਿਰ
33 ਤੇਰੇ ਖੋਤੇ ਨੇ ਮੈਨੂੰ ਦੇਖ ਲਿਆ ਅਤੇ ਮੇਰੇ ਤੋਂ ਦੂਰ ਮੁੜ ਗਿਆ। ਇਹ ਗੱਲ ਤਿੰਨ ਵਾਰੀ ਹੋਈ। ਜੇ ਖੋਤਾ ਮੁੜਿਆ ਨਾ ਹੁੰਦਾ ਤਾਂ ਮੈਂ ਸ਼ਾਇਦ ਤੈਨੂੰ ਮਾਰ ਚੁਕਿਆ ਹੁੰਦਾ। ਅਤੇ ਮੈਂ ਤੇਰੇ ਖੋਤੇ ਨੂੰ ਜਿਉਂਦਾ ਛੱਡ ਦਿੰਦਾ।”
34 ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ, “ਮੈਂ ਪਾਪ ਕੀਤਾ ਹੈ। ਮੈਂ ਨਹੀਂ ਦੇਖ ਸਕਿਆ ਕਿ ਤੁਸੀਂ ਰਸਤੇ ਵਿੱਚ ਖਲੋਤੇ ਹੋਏ ਸੀ। ਜੇ ਮੈਂ ਕੋਈ ਗਲਤੀ ਕਰ ਰਿਹਾ ਹਾਂ ਤਾਂ ਮੈਂ ਘਰ ਵਾਪਸ ਚਲਾ ਜਾਂਦਾ ਹਾਂ।”
35 ਤਾਂ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ, “ਨਹੀਂ! ਤੂੰ ਇਨ੍ਹਾਂ ਆਦਮੀਆਂ ਨਾਲ ਜਾ ਸਕਦਾ ਹੈ। ਪਰ ਹੁਸ਼ਿਆਰ ਰਹੀਂ। ਸਿਰਫ਼ ਉਹੀ ਸ਼ਬਦ ਬੋਲੀਂ ਜਿਹੜੇ ਮੈਂ ਤੈਨੂੰ ਬੋਲਣ ਲਈ ਆਖਾ।” ਇਸ ਲਈ ਬਿਲਆਮ ਉਨ੍ਹਾਂ ਆਗੂਆਂ ਨਾਲ ਚਲਾ ਗਿਆ ਜਿਨ੍ਹਾਂ ਨੂੰ ਬਾਲਾਕ ਨੇ ਭੇਜਿਆ ਸੀ।
36 ਬਾਲਾਕ ਨੇ ਸੁਣਿਆ ਕਿ ਬਿਲਆਮ ਆ ਰਿਹਾ ਸੀ। ਇਸ ਲਈ ਬਾਲਾਕ ਉਸਨੂੰ ਅਰਨੋਨ ਨਦੀ ਕੰਢੇ ਵਸੇ ਮੋਆਬੀ ਸ਼ਹਿਰ ਵਿਖੇ ਮਿਲਣ ਲਈ ਬਾਹਰ ਆ ਗਿਆ। ਇਹ ਥਾਂ ਉਸਦੇ ਦੇਸ਼ ਦੀ ਉੱਤਰੀ ਸੀਮਾ ਉੱਤੇ ਸੀ।
37 ਜਦੋਂ ਬਾਲਾਕ ਨੇ ਬਿਲਆਮ ਨੂੰ ਦੇਖਿਆ, ਉਸਨੇ ਉਸ ਨੂੰ ਆਖਿਆ, “ਮੈਂ ਪਹਿਲਾਂ ਵੀ ਤੈਨੂੰ ਆਉਣ ਲਈ ਆਖਿਆ ਸੀ। ਮੈਂ ਤੈਨੂੰ ਦੱਸਿਆ ਸੀ ਕਿ ਇਹ ਬਹੁਤ ਜ਼ਰੂਰੀ ਸੀ। ਤੂੰ ਮੇਰੇ ਕੋਲ ਕਿਉਂ ਨਹੀਂ ਆਇਆ? ਕੀ ਮੈਂ ਤੈਨੂੰ ਸਤਿਕਾਰ ਦੇਣ ਦੇ ਯੋਗ ਨਹੀਂ ਹਾਂ।”
38 ਬਿਲਆਮ ਨੇ ਜਵਾਬ ਦਿੱਤਾ, “ਪਰ ਮੈਂ ਹੁਣ ਇੱਥੇ ਹਾਂ। ਮੈਂ ਆਇਆ ਹਾਂ ਪਰ ਸ਼ਾਇਦ ਮੈਂ ਉਹ ਗੱਲ ਨਾ ਕਰ ਸਕਾਂ ਜੋ ਤੁਸੀਂ ਚਾਹੁੰਦੇ ਸੀ। ਮੈਂ ਸਿਰਫ਼ ਉਹੀ ਸ਼ਬਦ ਬੋਲ ਸਕਦਾ ਹਾਂ ਜਿਹੜੇ ਯਹੋਵਾਹ ਪਰਮੇਸ਼ੁਰ ਮੇਰੇ ਕੋਲੋਂ ਅਖਵਾਉਣਾ ਚਾਹੁੰਦਾ ਹੈ।”
39 ਫ਼ੇਰ ਬਿਲਆਮ ਬਾਲਾਕ ਨਾਲ ਕਿਰਯਥ ਹੁਸੋਥ ਨੂੰ ਚਲਾ ਗਿਆ।
40 ਬਾਲਾਕ ਨੇ ਕੁਝ ਪਸ਼ੂ ਅਤੇ ਕੁਝ ਭੇਡਾਂ ਬਲੀ ਦੇ ਤੌਰ ਤੇ ਜ਼ਿਬਹ ਕੀਤੇ। ਉਸਨੇ ਕੁਝ ਮਾਸ ਬਿਲਆਮ ਨੂੰ ਅਤੇ ਕੁਝ ਉਨ੍ਹਾਂ ਆਗੂਆਂ ਨੂੰ ਦਿੱਤਾ ਜੋ ਉਸਦੇ ਨਾਲ ਸਨ।
41 ਅਗਲੀ ਸਵੇਰ ਬਾਲਾਕ ਬਿਲਆਮ ਨੂੰ ਬਮੋਥ ਬਆਲ ਦੇ ਕਸਬੇ ਅੰਦਰ ਲੈ ਗਿਆ। ਉਥੋਂ ਉਹ ਇਸਰਾਏਲੀ ਡੇਰੇ ਦਾ ਕੁਝ ਹਿੱਸਾ ਦੇਖ ਸਕਦੇ ਸਨ।