ਗਿਣਤੀ
ਕਾਂਡ 30
1 ਮੂਸਾ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨਾਲ ਗੱਲ ਕੀਤੀ। ਮੂਸਾ ਨੇ ਉਨ੍ਹਾਂ ਨੂੰ ਯਹੋਵਾਹ ਦੇ ਇਨ੍ਹਾਂ ਆਦੇਸ਼ਾਂ ਬਾਰੇ ਦੱਸਿਆ:
2 “ਜੇ ਕੋਈ ਬੰਦਾ ਪਰਮੇਸ਼ੁਰ ਨਾਲ ਖਾਸ ਇਕਰਾਰ ਕਰਨਾ ਚਾਹੁੰਦਾ ਹੈ ਜਾਂ ਜੇ ਕੋਈ ਬੰਦਾ ਪਰਮੇਸ਼ੁਰ ਨੂੰ ਕੋਈ ਖਾਸ ਚੀਜ਼ ਦੇਣ ਦਾ ਇਕਰਾਰ ਕਰਦਾ ਹੈ, ਤਾਂ ਉਸਨੂੰ ਅਜਿਹਾ ਕਰਨ ਦਿਉ ਪਰ ਉਸ ਬੰਦੇ ਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸਨੇ ਇਕਰਾਰ ਕੀਤਾ ਸੀ!
3 “ਕੋਈ ਜਵਾਨ ਔਰਤ ਸ਼ਾਇਦ ਹਾਲੇ ਆਪਣੇ ਪਿਤਾ ਦੇ ਘਰ ਵਿੱਚ ਰਹਿ ਰਹੀ ਹੋਵੇ। ਅਤੇ ਉਹ ਜਵਾਨ ਔਰਤ ਸ਼ਾਇਦ ਯਹੋਵਾਹ ਨੂੰ ਕੋਈ ਖਾਸ ਚੀਜ਼ ਭੇਟ ਕਰਨ ਦਾ ਇਕਰਾਰ ਕਰੇ।
4 ਜੇ ਉਸਦਾ ਪਿਤਾ ਉਨ੍ਹਾਂ ਇਕਰਾਰ ਬਾਰੇ ਸੁਣਦਾ ਹੈ ਅਤੇ ਮੰਨ ਜਾਂਦਾ ਹੈ, ਤਾਂ ਉਸ ਜਵਾਨ ਔਰਤ ਨੂੰ ਉਹੀ ਕਰਨਾ ਚਾਹੀਦਾ ਹੈ ਜਿਵੇਂ ਉਸਨੇ ਇਕਰਾਰ ਕੀਤਾ ਸੀ।
5 ਪਰ ਜੇ ਉਸਦਾ ਪਿਤਾ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਇਸਨੂੰ ਪ੍ਰਵਾਨ ਨਹੀਂ ਕਰਦਾ, ਤਾਂ ਉਹ ਆਪਣੇ ਇਕਰਾਰ ਵੱਲੋਂ ਅਜ਼ਾਦ ਹੈ। ਉਸਨੂੰ ਉਹ ਕੁਝ ਕਰਨ ਦੀ ਲੋੜ ਨਹੀਂ ਜਿਸਦਾ ਉਸਨੇ ਇਕਰਾਰ ਕੀਤਾ ਸੀ। ਉਸਦੇ ਪਿਤਾ ਨੇ ਉਸਨੂੰ ਰੋਕ ਦਿੱਤਾ ਸੀ, ਇਸ ਲਈ ਯਹੋਵਾਹ ਉਸਨੂੰ ਮਾਫ਼ ਕਰ ਦੇਵੇਗਾ।
6 “ਕੋਈ ਔਰਤ ਸ਼ਾਇਦ ਯਹੋਵਾਹ ਨੂੰ ਕੁਹਜ ਖਾਸ ਦੇਣ ਦਾ ਇਕਰਾਰ ਕਰੇ, ਅਤੇ ਸ਼ਾਇਦ ਉਸਤੋਂ ਬਾਦ ਉਸਦਾ ਵਿਆਹ ਹੋ ਜਾਵੇ।
7 ਜੇ ਪਤੀ ਉਸ ਇਕਰਾਰ ਬਾਰੇ ਸੁਣਦਾ ਹੈ ਅਤੇ ਇਸਦਾ ਵਿਰੋਧ ਨਹੀਂ ਕਰਦਾ, ਤਾਂ ਉਸ ਔਰਤ ਨੂੰ ਉਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਜਿਸਦਾ ਉਸਨੇ ਇਕਰਾਰ ਕੀਤਾ ਸੀ।
8 ਪਰ ਜੇ ਪਤੀ ਉਸਦੇ ਇਕਰਾਰ ਬਾਰੇ ਸੁਣਦਾ ਹੈ ਅਤੇ ਉਸਨੂੰ ਆਪਣਾ ਇਕਰਾਰ ਪੂਰਾ ਕਰਨ ਬਾਰੇ ਇਨਕਾਰ ਕਰ ਦਿੰਦਾ ਹੈ ਤਾਂ ਪਤਨੀ ਨੂੰ ਉਹ ਗੱਲ ਕਰਨ ਦੀ ਲੋੜ ਨਹੀਂ ਜਿਸਦਾ ਉਸਨੇ ਇਕਰਾਰ ਕੀਤਾ ਸੀ। ਉਸਦੇ ਪਤੀ ਨੇ ਇਕਰਾਰ ਨੂੰ ਤੋੜਿਆ - ਉਸਨੇ ਉਸਨੂੰ ਉਹ ਗੱਲ ਨਹੀਂ ਕਰਨ ਦਿੱਤੀ ਜਿਸਦਾ ਉਸਨੇ ਇਕਰਾਰ ਕੀਤਾ ਸੀ। ਇਸ ਲਈ ਯਹੋਵਾਹ ਉਸਨੂੰ ਮਾਫ਼ ਕਰ ਦੇਵੇਗਾ।
9 “ਕੋਈ ਵਿਧਵਾ ਜਾਂ ਕੋਈ ਤਲਾਕਸ਼ੁਦਾ ਔਰਤ ਸ਼ਾਇਦ ਕੋਈ ਖਾਸ ਇਕਰਾਰ ਕਰੇ। ਜੇ ਉਹ ਅਜਿਹਾ ਕਰਦੀ ਹੈ ਤਾਂ ਉਸਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਸਦਾ ਉਸਨੇ ਇਕਰਾਰ ਕੀਤਾ ਸੀ।
10 ਕੋਈ ਵਿਆਹੁਤਾ ਔਰਤ ਸ਼ਾਇਦ ਯਹੋਵਾਹ ਨੂੰ ਕੁਝ ਦੇਣ ਦਾ ਇਕਰਾਰ ਕਰੇ।
11 ਜੇ ਉਸਦਾ ਪਤੀ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਉਸਨੂੰ ਇਕਰਾਰ ਪੂਰਾ ਕਰਨ ਦਿੰਦਾ ਹੈ, ਤਾਂ ਉਸਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸਨੇ ਇਕਰਾਰ ਕੀਤਾ ਸੀ। ਉਸਨੂੰ ਹਰ ਉਹ ਚੀਜ਼ ਦੇਣੀ ਚਾਹੀਦੀ ਹੈ ਜਿਸ ਬਾਰੇ ਉਸਨੇ ਇਕਰਾਰ ਕੀਤਾ ਸੀ।
12 ਪਰ ਜੇ ਉਸਦਾ ਪਤੀ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਉਸਨੂੰ ਇਕਰਾਰ ਪੂਰਾ ਕਰਨ ਨਹੀਂ ਦਿੰਦਾ, ਤਾਂ ਉਸਨੂੰ ਅਜਿਹਾ ਕਰਨ ਦੀ ਲੋੜ ਨਹੀਂ ਜਿਸਦਾ ਉਸਨੇ ਇਕਰਾਰ ਕੀਤਾ ਸੀ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਸਨੇ ਕੀ ਇਕਰਾਰ ਕੀਤਾ ਸੀ, ਉਸਦਾ ਪਤੀ ਇਕਰਾਰ ਨੂੰ ਤੋੜ ਸਕਦਾ ਹੈ। ਜੇ ਉਸਦਾ ਪਤੀ ਇਕਰਾਰ ਨੂੰ ਤੋੜਦਾ ਹੈ, ਤਾਂ ਯਹੋਵਾਹ ਉਸਨੂੰ ਮਾਫ਼ ਕਰ ਦੇਵੇਗਾ।
13 ਕੋਈ ਵਿਆਹੁਤਾ ਔਰਤ ਸ਼ਾਇਦ ਯਹੋਵਾਹ ਨੂੰ ਕੁਝ ਦੇਣ ਦਾ ਇਕਰਾਰ ਕਰੇ, ਜਾਂ ਉਹ ਕਿਸੇ ਚੀਜ਼ ਤੋਂ ਬਿਨਾ ਗੁਜ਼ਾਰਾ ਕਰਨ ਦਾ ਇਕਰਾਰ ਕਰੇ ਜਾਂ ਉਹ ਪਰਮੇਸ਼ੁਰ ਨੂੰ ਕੋਈ ਹੋਰ ਖਾਸ ਚੀਜ਼ ਦੇਣ ਦਾ ਇਕਰਾਰ ਕਰੇ। ਪਤੀ ਇਨ੍ਹਾਂ ਵਿੱਚੋਂ ਕਿਸੇ ਵੀ ਇਕਰਾਰ ਨੂੰ ਰੋਕ ਸਕਦਾ ਹੈ, ਅਤੇ ਪਤੀ ਉਸਦੇ ਕਿਸੇ ਇਕਰਾਰ ਨੂੰ ਪੂਰਾ ਕਰਨ ਦੀ ਇਜਾਜ਼ਤ ਦੇ ਸਕਦਾ ਹੈ।
14 ਪਤੀ ਆਪਣੀ ਪਤੀ ਨੂੰ ਆਪਣਾ ਇਕਰਾਰ ਪੂਰਾ ਕਰਨ ਦੀ ਇਜਾਜ਼ਤ ਕਿਵੇਂ ਦਿੰਦਾ ਹੈ? ਜੇ ਉਹ ਇਕਰਾਰਾਂ ਬਾਰੇ ਸੁਣਦਾ ਹੈ ਅਤੇ ਉਨ੍ਹਾਂ ਨੂੰ ਰੋਕਦਾ ਨਹੀਂ, ਤਾਂ ਔਰਤ ਨੂੰ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸਨੇ ਇਕਰਾਰ ਕੀਤਾ ਸੀ।
15 ਪਰ ਜੇ ਉਸਦਾ ਪਤੀ ਇਕਰਾਰਾ ਬਾਰੇ ਸੁਣਦਾ ਹੈ ਅਤੇ ਉਨ੍ਹਾਂ ਨੂੰ ਰੋਕ ਦਿੰਦਾ ਹੈ, ਤਾਂ ਉਹੀ ਉਸਦੇ ਇਕਰਾਰਾਂ ਨੂੰ ਤੋੜਨ ਦਾ ਜ਼ਿੰਮੇਵਾਰ ਹੈ।”
16 ਇਹੀ ਉਹ ਆਦੇਸ਼ ਹਨ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ। ਉਹੀ ਆਦੇਸ਼ ਹਨ ਪਤੀ ਅਤੇ ਪਤਨੀ ਬਾਰੇ, ਅਤੇ ਪਿਤਾ ਅਤੇ ਧੀ ਬਾਰੇ ਜਿਹੜੀ ਹਾਲੇ ਜਵਾਨ ਹੈ ਅਤੇ ਆਪਣੇ ਮਾਪਿਆਂ ਦੇ ਘਰ ਵਿੱਚ ਰਹਿ ਰਹੀ ਹੈ।