ਕਜ਼ਾૃं
ਕਾਂਡ 3
1 ਯਹੋਵਾਹ ਨੇ ਉਨ੍ਹਾਂ ਹੋਰਨਾ ਕੌਮਾਂ ਦੇ ਸਾਰੇ ਲੋਕਾਂ ਨੂੰ ਇਸਰਾਏਲ ਦੀ ਧਰਤੀ ਛੱਡ ਜਾਣ ਲਈ ਮਜ਼ਬੂਰ ਨਹੀਂ ਕੀਤਾ। ਯਹੋਵਾਹ ਇਸਰਾਏਲ ਦੇ ਲੋਕਾਂ ਦੀ ਪਰਖ ਕਰਨਾ ਚਾਹੁੰਦਾ ਸੀ। ਇਸਰਾਏਲ ਵਿੱਚ ਇਸ ਸਮੇਂ ਰਹਿਣ ਵਾਲੇ ਲੋਕਾਂ ਵਿੱਚੋਂ ਕਿਸੇ ਨੇ ਵੀ ਕਨਾਨ ਦੀ ਧਰਤੀ ਉੱਤੇ ਕਬਜ਼ਾ ਕਰਨ ਵਾਲੀ ਲੜਾਈ ਵਿੱਚ ਹਿੱਸਾ ਨਹੀਂ ਸੀ ਲਿਆ। ਇਸ ਲਈ ਯਹੋਵਾਹ ਨੇ ਉਨ੍ਹਾਂ ਹੋਰਨਾਂ ਕੌਮਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚ ਰਹਿਣ ਦਿੱਤਾ। (ਯਹੋਵਾਹ ਨੇ ਅਜਿਹਾ ਇਸਰਾਏਲ ਦੇ ਲੋਕਾਂ ਨੂੰ ਇਹ ਸਿਖਿਆ ਦੇਣ ਲਈ ਕੀਤਾ ਸੀ ਕਿ ਉਨ੍ਹਾਂ ਨੇ ਉਹ ਲੜਾਈਆਂ ਨਹੀਂ ਲੜੀਆਂ ਸਨ।) ਯਹੋਵਾਹ ਵੱਲੋਂ ਇਸ ਧਰਤੀ ਉੱਤੇ ਰਹਿਣ ਦਿੱਤੀਆਂ ਕੌਮਾਂ ਦੇ ਨਾਮ ਇਹ ਹਨ:
2
3 ਫ਼ਲਿਸਤੀ ਲੋਕਾਂ ਦੇ ਪੰਜ ਹਾਕਮ, ਸਾਰੇ ਹੀ ਕਨਾਨੀ ਲੋਕ, ਸੀਦੋਨ ਦੇ ਲੋਕ ਅਤੇ ਉਹ ਹਿੱਵੀ ਲੋਕ ਜਿਹੜੇ ਪਰਬਤ ਬਆਲ ਹਰਮੋਨ ਤੋਂ ਲੈਕੇ ਹਮਾਥ ਤੱਕ ਲਬਾਨੋਨ ਦੀਆਂ ਪਹਾੜੀਆਂ ਵਿੱਚ ਰਹਿੰਦੇ ਸਨ।
4 ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਇਸ ਧਰਤੀ ਉੱਤੇ ਇਸਰਾਏਲ ਦੇ ਲੋਕਾਂ ਦੀ ਪਰਖ ਲਈ ਰਹਿਣ ਦਿੱਤਾ। ਉਹ ਦੇਖਣਾ ਚਾਹੁੰਦਾ ਸੀ ਕਿ ਕੀ ਇਸਰਾਏਲ ਦੇ ਲੋਕ ਮੂਸਾ ਦੇ ਰਾਹੀਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੇ ਗਏ ਯਹੋਵਾਹ ਦੇ ਆਦੇਸ਼ਾਂ ਨੂੰ ਮੰਨਦੇ ਹਨ ਜਾਂ ਨਹੀਂ।
5 ਇਸਰਾਏਲ ਦੇ ਲੋਕਾਂ ਨੇ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਲੋਕਾਂ ਦਰਮਿਆਨ ਰਹਿਣਾ ਜਾਰੀ ਰੱਖਿਆ।
6 ਇਸਰਾਏਲ ਦੇ ਲੋਕਾਂ ਨੇ ਇਨ੍ਹਾਂ ਲੋਕਾਂ ਦੀਆਂ ਧੀਆਂ ਨਾਲ ਸ਼ਾਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸਰਾਏਲ ਦੇ ਲੋਕਾਂ ਨੇ ਆਪਣੀਆਂ ਧੀਆਂ ਨੂੰ ਵੀ ਉਨ੍ਹਾਂ ਲੋਕਾਂ ਦੇ ਪੁੱਤਰਾਂ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਦੇ ਦਿੱਤੀ। ਅਤੇ ਇਸਰਾਏਲ ਦੇ ਲੋਕ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗੇ।
7 ਯਹੋਵਾਹ ਨੇ ਦੇਖਿਆ ਕਿ ਇਸਰਾਏਲ ਦੇ ਲੋਕ ਬਦੀ ਕਰਦੇ ਸਨ। ਇਸਰਾਏਲ ਦੇ ਲੋਕ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਭੁੱਲ ਗਏ ਅਤੇ ਬਆਲ ਅਤੇ ਅਸ਼ੇਰਾਹ ਵਰਗੇ ਝੂਠੇ ਦੇਵਤਿਆਂ ਦੀ ਸੇਵਾ ਕਰਨ ਲੱਗੇ।
8 ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਸੀ। ਯਹੋਵਾਹ ਨੇ ਮੇਸੋਪੋਤਾਮੀਆਂ ਦੇ ਰਾਜੇ ਕੂਸ਼ਨ ਰਿਸ਼ਾਤੈਮ ਨੂੰ ਇਜਾਜ਼ਤ ਦੇ ਦਿੱਤੀ ਕਿ ਇਸਰਾਏਲ ਦੇ ਲੋਕਾਂ ਨੂੰ ਹਰਾ ਦੇਵੇ ਅਤੇ ਉਨ੍ਹਾਂ ਉੱਤੇ ਹਕੂਮਤ ਕਰੇ। ਇਸਰਾਏਲ ਦੇ ਲੋਕ ਉਸ ਰਾਜੇ ਦੀ ਹਕੂਮਤ ਵਿੱਚ ਅਠ ਸਾਲ ਰਹੇ।
9 ਫ਼ੇਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ। ਯਹੋਵਾਹ ਨੇ ਉਨ੍ਹਾਂ ਦੀ ਮਦਦ ਕਰਨ ਲਈ ਇੱਕ ਬੰਦਾ ਭੇਜਿਆ। ਉਸ ਬੰਦੇ ਦਾ ਨਾਮ ਅਥਨੀਏਲ ਸੀ। ਉਹ ਕਨਜ਼, ਕਾਲੇਬ ਦੇ ਛੋਟੇ ਭਰਾ ਦਾ ਪੁੱਤਰ ਸੀ। ਅਥਨੀਏਲ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਇਆ।
10 ਯਹੋਵਾਹ ਦਾ ਆਤਮਾ ਅਥਨੀਏਲ ਕੋਲ ਆਇਆ ਅਤੇ ਉਹ ਇਸਰਾਏਲ ਦੇ ਲੋਕਾਂ ਲਈ ਨਿਆਂਕਾਰ ਬਣ ਗਿਆ। ਅਥਨੀਏਲ ਨੇ ਇਸਰਾਏਲ ਦੀ ਲੜਾਈ ਵਿੱਚ ਅਗਵਾਈ ਕੀਤੀ। ਯਹੋਵਾਹ ਨੇ ਅਰਾਮ ਦੇ ਰਾਜੇ ਕੂਸ਼ਨ ਰਿਸ਼ਾਤੈਮ ਨੂੰ ਹਰਾਉਣ ਵਿੱਚ ਅਥਨੀਏਲ ਦੀ ਮਦਦ ਕੀਤੀ।
11 ਇਸ ਲਈ ਕਨਜ਼ ਦੇ ਪੁੱਤਰ ਅਥਨੀਏਲ ਦੇ ਦੇਹਾਂਤ ਤੱਕ, 40 ਵਰ੍ਹਿਆਂ ਤੀਕ ਧਰਤੀ ਉੱਤੇ ਅਮਨ ਰਿਹਾ।
12 ਇੱਕ ਵਾਰੀ ਫ਼ੇਰ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਬਦੀ ਕਰਦਿਆਂ ਵੇਖਿਆ। ਇਸ ਲਈ ਯਹੋਵਾਹ ਨੇ ਮੋਆਬ ਦੇ ਰਾਜੇ ਅਗਲੋਨ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਤਾਕਤ ਦਿੱਤੀ।
13 ਅਗਲੋਨ ਨੇ ਅੰਮੋਨੀ ਲੋਕਾਂ ਅਤੇ ਅਮਾਲੇਕੀ ਲੋਕਾਂ ਕੋਲੋਂ ਮਦਦ ਲਈ। ਉਹ ਉਸਦੇ ਨਾਲ ਮਿਲ ਗਏ ਅਤੇ ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਅਗਲੋਨ ਅਤੇ ਉਸਦੀ ਫ਼ੌਜ ਨੇ ਇਸਰਏਲ ਦੇ ਲੋਕਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਖਜ਼ੂਰਾਂ ਦੇ ਸ਼ਹਿਰ (ਯਰੀਹੋ) ਤੋਂ ਨਿਕਲਣ ਲਈ ਮਜ਼ਬੂਰ ਕਰ ਦਿੱਤਾ।
14 ਮੋਆਬ ਦੇ ਰਾਜੇ ਅਗਲੋਨ ਨੇ ਇਸਰਾਏਲ ਦੇ ਲੋਕਾਂ ਉੱਤੇ 18 ਵਰ੍ਹੇ ਤੱਕ ਰਾਜ ਕੀਤਾ।
15 ਲੋਕਾਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ ਤਾਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਮਦਦ ਲਈ ਇੱਕ ਬੰਦਾ ਭੇਜਿਆ। ਇਸ ਬੰਦੇ ਦਾ ਨਾਮ ਏਹੂਦ ਸੀ। ਉਹ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਗੇਰਾ ਦਾ ਪੁੱਤਰ ਸੀ। ਉਸ ਨੂੰ ਆਪਣੇ ਖੱਬੇ ਹੱਥ ਨਾਲ ਲੜਨ ਦੀ ਸਿਖਲਾਈ ਦਿੱਤੀ ਗਈ ਸੀ। ਇਸਰਾਏਲ ਦੇ ਲੋਕਾਂ ਨੇ ਏਹੂਦ ਨੂੰ ਇੱਕ ਸੁਗਾਤ ਦੇਕੇ ਮੋਆਬ ਦੇ ਰਾਜੇ ਅਗਲੋਨ ਦੇ ਕੋਲ ਭੇਜਿਆ।
16 ਏਹੂਦ ਨੇ ਆਪਣੇ ਲਈ ਇੱਕ ਤਲਵਾਰ ਬਣਾਈ। ਉਸ ਤਲਵਾਰ ਦੀਆਂ ਦੋ ਤਿਖੀਆਂ ਧਾਰਾਂ ਸਨ ਅਤੇ ਇਹ ਤਕਰੀਬਨ 18 ਇੰਚ ਲੰਮੀ ਸੀ। ਏਹੂਦ ਨੇ ਇਹ ਤਲਵਾਰ ਆਪਣੇ ਸੱਜੇ ਪੱਟ ਨਾਲ ਬੰਨ੍ਹ ਲਈ ਅਤੇ ਇਸਨੂੰ ਆਪਣੀ ਵਰਦੀ ਹੇਠਾਂ ਛੁਪਾ ਲਿਆ।
17 ਇਸ ਤਰ੍ਹਾਂ ਏਹੂਦ ਮੋਆਬ ਦੇ ਰਾਜੇ ਅਗਲੋਨ ਲਈ ਸੁਗਾਤ ਲੈਕੇ ਆਇਆ। ਅਗਲੋਨ ਬਹੁਤ ਮੋਟਾ ਬੰਦਾ ਸੀ।
18 ਸੁਗਾਤ ਭੇਟ ਕਰਨ ਤੋਂ ਬਾਦ ਉਸਨੇ ਉਨ੍ਹਾਂ ਬੰਦਿਆਂ ਨੂੰ ਭੇਜ ਦਿੱਤਾ ਜਿਹੜੇ ਰਾਜੇ ਅਗਲੋਨ ਲਈ ਸੁਗਾਤ ਲੈਕੇ ਆਏ ਸਨ। ਉਹ ਰਾਜੇ ਦੇ ਮਹਿਲ ਵਿੱਚੋਂ ਚਲੇ ਗਏ।
19 ਜਦੋਂ ਏਹੂਦ ਗਿਲਗਾਲ ਨੇੜੇ ਮੂਰਤੀਆਂ ਕੋਲ ਅੱਪੜਿਆ, ਉਹ ਰਾਜੇ ਨੂੰ ਮਿਲਣ ਲਈ ਵਾਪਸ ਮੁੜ ਪਿਆ। ਏਹੂਦ ਨੇ ਰਾਜੇ ਅਗਲੋਨ ਨੂੰ ਆਖਿਆ, “ਪਾਤਸ਼ਾਹ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ।”ਰਾਜੇ ਨੇ ਉਸਨੂੰ ਖਾਮੋਸ਼ ਹੋ ਜਾਣ ਲਈ ਆਖਿਆ ਅਤੇ ਫ਼ੇਰ ਸਾਰੇ ਨੌਕਰਾਂ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ।
20 ਏਹੂਦ ਰਾਜੇ ਅਗਲੋਨ ਕੋਲ ਗਿਆ। ਰਾਜਾ ਆਪਣੇ ਮਹਿਲ ਦੇ ਉੱਪਰ ਕਮਰੇ ਵਿੱਚ ਬਿਲਕੁਲ ਇਕੱਲਾ ਬੈਠਾ ਹੋਇਆ ਸੀ।ਫ਼ੇਰ ਏਹੂਦ ਨੇ ਆਖਿਆ, “ਮੇਰੇ ਕੋਲ ਪਰਮੇਸ਼ੁਰ ਵੱਲੋਂ ਤੁਹਾਡੇ ਲਈ ਸੰਦੇਸ਼ ਹੈ।” ਰਾਜਾ ਆਪਣੇ ਤਖਤ ਤੋਂ ਉਠ ਖੜਾ ਹੋਇਆ। ਉਹ ਏਹੂਦ ਦੇ ਬਹੁਤ ਨੇੜੇ ਸੀ।
21 ਜਿਵੇਂ ਹੀ ਰਾਜਾ ਆਪਣੇ ਤਖਤ ਤੋਂ ਉਠ ਰਿਹਾ ਸੀ, ਏਹੂਦ ਆਪਣਾ ਖੱਬਾ ਹੱਥ ਵਧਾਇਆ ਅਤੇ ਆਪਣੇ ਪੱਟ ਨਾਲ ਬੰਨ੍ਹੀ ਹੋਈ ਤਲਵਾਰ ਬਾਹਰ ਕਢ ਲਈ। ਫ਼ੇਰ ਏਹੂਦ ਨੇ ਤਲਵਾਰ ਰਾਜੇ ਦੇ ਪੇਟ ਵਿੱਚ ਖੋਭ ਦਿੱਤੀ।
22 ਤਲਵਾਰ ਰਾਜੇ ਦੇ ਪੇਟ ਵਿੱਚ ਇੰਨੀ ਦੂਂਘੀ ਚਲੀ ਗਈ ਕਿ ਉਸਦਾ ਹੱਥਾਂ ਵੀ ਅੰਦਰ ਧਸ ਗਿਆ ਅਤੇ ਚਰਬੀ ਨਾਲ ਢਕਿਆ ਗਿਆ ਅਤੇ ਉਸ ਦੀਆਂ ਅੰਤੜੀਆਂ ਅਤੇ ਟੱਟੀ ਬਾਹਰ ਆ ਗਈ। ਏਹੂਦ ਨੇ ਤਲਵਾਰ ਅਗਲੋਨ ਦੇ ਸ਼ਰੀਰ ਅੰਦਰ ਹੀ ਰਹਿਣ ਦਿੱਤੀ।
23 ਏਹੂਦ ਉਸ ਨਿਜੀ ਕਮਰੇ ਤੋਂ ਬਾਹਰ ਆ ਗਿਆ ਉਸਨੇ ਉੱਪਰ ਕਮਰੇ ਨੂੰ ਤਾਲਾ ਲਾ ਦਿੱਤਾ ਅਤੇ ਰਾਜੇ ਨੂੰ ਅੰਦਰ ਬੰਦ ਕਰ ਦਿੱਤਾ।
24 ਫ਼ੇਰ ਏਹੂਦ ਮੁਖ ਕਮਰੇ ਵਿੱਚੋਂ ਚਲਾ ਗਿਆ ਅਤੇ ਨੌਕਰ ਵਾਪਸ ਅੰਦਰ ਚਲੇ ਗਏ। ਉਨ੍ਹਾਂ ਨੇ ਉੱਪਰ ਕਮਰੇ ਨੂੰ ਤਾਲਾ ਲਗਿਆ ਦੇਖਿਆ। ਇਸ ਲਈ ਉਨ੍ਹਾਂ ਆਖਿਆ, “ਰਾਜਾ ਜ਼ਰੂਰ ਆਪਣੀ ਆਰਾਮਗਾਹ ਵਿੱਚ ਖੁਦ ਨੂੰ ਆਰਾਮ ਦੇ ਰਿਹਾ ਹੋਵੇਗਾ।”
25 ਇਸ ਲਈ ਨੌਕਰਾਂ ਨੇ ਕਾਫ਼ੀ ਦੇਰ ਤੱਕ ਇੰਤਜ਼ਾਰ ਕੀਤ। ਰਾਜੇ ਨੇ ਉੱਪਰ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਆਖਿਰਕਾਰ ਨੌਕਰ ਫ਼ਿਕਰਮੰਦ ਹੋ ਗਏ। ਉਨ੍ਹਾਂ ਨੇ ਚਾਬੀ ਲਿਆਂਦੀ ਅਤੇ ਦਰਵਾਜ਼ਿਆਂ ਨੂੰ ਖੋਲ੍ਹਿਆ। ਜਦੋਂ ਨੌਕਰ ਅੰਦਰ ਦਾਖਲ ਹੋਏ ਉਨ੍ਹਾਂ ਨੇ ਆਪਣੇ ਰਾਜੇ ਨੂੰ ਫ਼ਰਸ਼ ਉੱਤੇ ਮੁਰਦਾ ਪਿਆ ਹੋਇਆ ਵੇਖਿਆ।
26 ਜਦੋਂ ਨੌਕਰ ਰਾਜੇ ਦਾ ਇੰਤਜ਼ਾਰ ਕਰ ਰਹੇ ਸਨ, ਏਹੂਦ ਕੋਲ ਬਚਕੇ ਨਿਕਲ ਜਾਣ ਦਾ ਸਮਾਂ ਸੀ। ਏਹੂਦ ਬੁੱਤਾਂ ਕੋਲੋਂ ਲੰਘਿਆ ਅਤੇ ਸਈਰਾਹ ਨਾਮ ਦੇ ਸਥਾਨ ਵੱਲ ਚਲਾ ਗਿਆ।
27 ਜਦੋਂ ਏਹੂਦ ਸਈਰਾਹ ਵਿਖੇ ਪਹੁੰਚਿਆ, ਉਸਨੇ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਤੂਰ੍ਹੀ ਵਜਾ ਦਿੱਤੀ। ਇਸਰਾਏਲ ਦੇ ਲੋਕਾਂ ਨੇ ਤੂਰ੍ਹੀ ਦੀ ਆਵਾਜ਼ ਸੁਣੀ ਅਤੇ ਉਹ ਏਹੂਦ ਦੀ ਅਗਵਾਈ ਵਿੱਚ, ਪਹਾੜੀਆਂ ਤੋਂ ਹੇਠਾਂ ਆ ਗਏ।
28 ਏਹੂਦ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਮੇਰੇ ਪਿਛੇ ਆਓ! ਯਹੋਵਾਹ ਨੇ ਸਾਡੇ ਦੁਸ਼ਮਣ, ਮੋਆਬ ਦੇ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ ਹੈ।”ਇਸ ਲਈ ਇਸਰਾਏਲ ਦੇ ਲੋਕ ਏਹੂਦ ਦੇ ਪਿਛੇ ਤੁਰ ਪਏ। ਉਹ ਏਹੂਦ ਦੇ ਨਾਲ ਉਨ੍ਹਾਂ ਥਾਵਾਂ ਉੱਤੇ ਕਬਜ਼ਾ ਕਰਨ ਲਈ ਹੇਠਾਂ ਚਲੇ ਗਏ ਜਿਥੋਂ ਲੋਕ ਆਸਾਨੀ ਨਾਲ ਯਰਦਨ ਦਰਿਆ ਪਾਰ ਕਰਕੇ ਮੋਆਬ ਦੀ ਧਰਤੀ ਵਿੱਚ ਜਾ ਸਕਦੇ ਸਨ। ਉਨ੍ਹਾਂ ਨੇ ਕਿਸੇ ਨੂੰ ਵੀ ਯਰਦਨ ਦਰਿਆ ਦੇ ਪਾਰ ਨਹੀਂ ਕਰਨ ਦਿੱਤਾ।
29 ਇਸਰਾਏਲ ਦੇ ਲੋਕਾਂ ਨੇ ਮੋਆਬ ਦੇ ਤਕਰੀਬਨ 10,000 ਤਾਕਤਵਰ ਅਤੇ ਬਹਾਦੁਰ ਆਦਮੀਆਂ ਨੂੰ ਮਾਰ ਦਿੱਤਾ। ਕੋਈ ਇੱਕ ਮੋਆਬੀ ਬੰਦਾ ਵੀ ਬਚਕੇ ਨਹੀਂ ਨਿਕਲ ਸਕਿਆ।
30 ਇਸ ਲਈ ਉਸ ਦਿਨ ਤੋਂ, ਇਸਰਾਏਲ ਦੇ ਲੋਕ ਮੋਆਬੀਆਂ ਉੱਤੇ ਰਾਜ ਕਰਨ ਲੱਗੇ ਉਥੇ (ਇਸਰਾਏਲ ਦੀ) ਧਰਤੀ ਉੱਤੇ 80 ਵਰ੍ਹਿਆਂ ਤੀਕ ਸ਼ਾਂਤੀ ਰਹੀ।
31 ਏਹੂਦ ਦੇ ਇਸਰਾਏਲੀ ਲੋਕਾਂ ਨੂੰ ਬਚਾਉਣ ਤੋਂ ਮਗਰੋਂ, ਇੱਕ ਹੋਰ ਬੰਦੇ ਨੇ ਇਸਰਾਏਲ ਨੂੰ ਬਚਾਇਆ। ਉਸ ਆਦਮੀ ਦਾ ਨਾਮ ਸ਼ਮਗਰ ਸੀ ਉਹ ਅਨਾਥ ਦਾ ਪੁੱਤਰ ਸੀ। ਸ਼ਮਗਰ ਨੇ 600 ਫ਼ਲਿਸਤੀਆਂ ਨੂੰ ਮਾਰਨ ਲਈ ਆਰ ਤੋਂ ਕੰਮ ਲਿਆ।