ਕਜ਼ਾૃं
ਕਾਂਡ 2
1 ਯਹੋਵਾਹ ਦਾ ਦੂਤ ਗਿਲਗਾਲ ਸ਼ਹਿਰ ਤੋਂ ਬੋਕੀਮ ਦੇ ਸ਼ਹਿਰ ਵੱਲ ਗਿਆ। ਦੂਤ ਨੇ ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਦਾ ਸੰਦੇਸ਼ ਸੁਣਾਇਆ। ਸੰਦੇਸ਼ ਇਹ ਸੀ: “ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਂਦਾ। ਮੈਂ ਤੁਹਾਡੀ ਅਗਵਾਈ ਉਸ ਧਰਤੀ ਤੱਕ ਕੀਤੀ ਜਿਹੜੀ ਮੈਂ ਤੁਹਾਡੇ ਪੁਰਿਖਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਕਦੇ ਵੀ ਤੁਹਾਡੇ ਨਾਲ ਕੀਤਾ ਇਕਰਾਰਨਾਮਾ ਨਹੀਂ ਤੋੜਾਂਗਾ।
2 ਪਰ ਇਸਦੇ ਬਦਲੇ, ਤੁਹਾਨੂੰ ਇਸ ਧਰਤੀ ਉੱਤੇ ਰਹਿੰਦੇ ਲੋਕਾਂ ਨਾਲ ਕੋਈ ਇਕਰਾਰਨਾਮਾ ਨਹੀਂ ਬਨਾਉਣਾ ਚਾਹੀਦਾ। ਤੁਹਾਨੂੰ ਉਨ੍ਹਾਂ ਦੀਆਂ ਜਗਵੇਦੀਆਂ ਤਬਾਹ ਕਰ ਦੇਣੀਆਂ ਚਾਹੀਦੀਆਂ ਹਨ। ਮੈਂ ਤੁਹਾਨੂੰ ਇਹ ਕਰਨ ਲਈ ਆਖਿਆ ਸੀ, ਪਰ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ!
3 “ਹੁਣ ਮੈਂ ਤੁਹਾਨੂੰ ਇਹ ਆਖਦਾ ਹਾਂ, ‘ਮੈਂ ਹੋਰਨਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਹੋਰ ਮਜ਼ਬੂਰ ਨਹੀਂ ਕਰਾਂਗਾ। ਇਹ ਲੋਕ ਤੁਹਾਡੇ ਲਈ ਸਮਸਿਆ ਬ੍ਬਣ ਜਾਣਗੇ। ਇਹ ਤੁਹਾਡੇ ਲਈ ਇੱਕ ਤਰ੍ਹਾਂ ਦੀ ਫ਼ਾਹੀ ਹੋਣਗੇ। ਉਨ੍ਹਾਂ ਦੇ ਝੂਠੇ ਦੇਵਤੇ ਤੁਹਾਨੂੰ ਫ਼ਾਹੁਣ ਲਈ ਇੱਕ ਤਰ੍ਹਾਂ ਦਾ ਜਾਲ ਹੋਣਗੇ।”
4 ਜਦੋਂ ਦੂਤ ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਦਾ ਇਹ ਸੰਦੇਸ਼ ਦੇ ਹਟਿਆ ਤਾਂ ਲੋਕ ਉੱਚੀ-ਉੱਚੀ ਰੋਣ ਲੱਗੇ।
5 ਇਸ ਲਈ ਇਸਰਾਏਲ ਦੇ ਲੋਕਾਂ ਨੇ ਉਸ ਥਾ ਦਾ ਨਾਮ, ਜਿਥੇ ਉਹ ਰੋਏ ਸਨ ਬੋਕੀਮ ਰੱਖ ਦਿੱਤਾ। ਬੋਕੀਮ ਵਿਖੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਬਲੀਆਂ ਚੜਾਈਆਂ।
6 ਜਦੋਂ ਯਹੋਸ਼ੁਆ ਨੇ ਲੋਕਾਂ ਨੂੰ ਜਾਣ ਦਿੱਤਾ ਹਰ ਪਰਿਵਾਰ-ਸਮੂਹ ਜ਼ਮੀਨ ਹਾਸਿਲ ਕਰਨ ਲਈ ਅਤੇ ਆਪਣੇ ਵਿਰਸੇ ‘ਚ ਮਿਲੇ ਨਿਵਾਸ ਸਥਾਨਾਂ ਵਿੱਚ ਰਹਿਣ ਲਈ ਚਲਾ ਗਿਆ।
7 ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੀ ਸੇਵਾ ਓਨਾ ਚਿਰ ਕੀਤੀ ਜਦੋਂ ਤੱਕ ਯਹੋਸ਼ੁਆ ਜੀਵਿਤ ਸੀ। ਉਹ ਯਹੋਵਾਹ ਦੀ ਸੇਵਾ ਉਨ੍ਹਾਂ ਬਜ਼ੁਰਗਾਂ ਦੇ ਜੀਵਨ ਕਾਲ ਦੌਰਾਨ ਕਰਦੇ ਰਹੇ ਜਿਹੜੇ ਯਹੋਸ਼ੁਆ ਦੇ ਦੇਹਾਂਤ ਤੋਂ ਬਾਦ ਜਿਉਂਦੇ ਰਹੇ। ਇਨ੍ਹਾਂ ਬਜ਼ੁਰਗ ਬੰਦਿਆਂ ਨੇ ਉਨ੍ਹਾਂ ਸਾਰੀਆਂ ਮਹਾਨ ਗੱਲਾਂ ਨੂੰ ਦੇਖਿਆ ਸੀ ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤੀਆਂ ਸਨ।
8 ਨੂਨ ਦਾ ਪੁੱਤਰ ਯਹੋਸ਼ੁਆ, ਯਹੋਵਾਹ ਦਾ ਸੇਵਕ, 110 ਵਰ੍ਹਿਆਂ ਦੀ ਉਮਰ ਵਿੱਚ ਸੁਰਗਵਾਸ ਹੋਇਆ।
9 ਇਸਰਾਏਲ ਦੇ ਲੋਕਾਂ ਨੇ ਯਹੋਸ਼ੁਆ ਨੂੰ ਦਫ਼ਨ ਕਰ ਦਿੱਤਾ। ਉਨ੍ਹਾਂ ਨੇ ਯਹੋਸ਼ੁਆ ਨੂੰ ਉਸੇ ਧਰਤੀ ਉੱਤੇ ਦਫ਼ਨ ਕੀਤਾ ਜਿਹੜੀ ਉਸਨੂੰ ਦਿੱਤੀ ਗਈ ਸੀ। ਇਹ ਗਾਸ਼ ਪਰਬਤ ਦੇ ਉੱਤਰ ਵੱਲ, ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਤਿਮਨਾਥ ਹਰਸ ਵਿਖੇ ਸੀ।
10 ਉਸ ਪੂਰੀ ਪੀੜੀ ਦੇ ਦੇਹਾਂਤ ਤੋਂ ਮਗਰੋਂ ਅਗਲੀ ਪੀੜੀ ਜਵਾਨ ਹੋਈ। ਇਹ ਨਵੀਂ ਪੀੜੀ ਯਹੋਵਾਹ ਬਾਰੇ ਜਾਂ ਯਹੋਵਾਹ ਦੇ ਇਸਰਾਏਲ ਲਈ ਕੀਤੇ ਕੰਮਾਂ ਬਾਰੇ ਕੁਝ ਨਹੀਂ ਜਾਣਦੀ ਸੀ।
11 ਇਸ ਲਈ ਇਸਰਾਏਲ ਦੇ ਲੋਕਾਂ ਨੇ ਉਹ ਕਰਨੀਆਂ ਕੀਤੀਆਂ ਜੋ ਯਹੋਵਾਹ ਦੁਆਰਾ ਬਦ ਸਮਝੀਆਂ ਜਾਂਦੀਆਂ ਸਨ ਅਤੇ ਬਆਲ ਵਰਗੇ ਝੂਠੇ ਦੇਵਤਿਆਂ ਦੀ ਉਪਾਸਨਾ ਕੀਤੀ।
12 ਯਹੋਵਾਹ ਇਸਰਾਏਲ ਦੇ ਲੋਕਾਂ ਨੂੰ ਮਿਸਰ ਤੋਂ ਬਾਹਰ ਲੈਕੇ ਆਇਆ ਸੀ। ਅਤੇ ਉਨ੍ਹਾਂ ਲੋਕਾਂ ਦੇ ਪੁਰਿਖਆਂ ਨੇ ਯਹੋਵਾਹ ਦੀ ਉਪਾਸਨਾ ਕੀਤੀ ਸੀ। ਪਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੇ ਪਿਛੇ ਲੱਗਣਾ ਛੱਡ ਦਿੱਤਾ। ਇਸਰਾਏਲ ਦੇ ਲੋਕ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਦੇ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ। ਇਸਨੇ ਯਹੋਵਾਹ ਨੂੰ ਕਹਿਰਵਾਨ ਕਰ ਦਿੱਤਾ।
13 ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਮੰਨਣਾ ਛੱਡ ਦਿੱਤਾ ਅਤੇ ਬਆਲ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਦੀ ਉਪਾਸਨਾ ਕਰਨ ਲੱਗੇ ਪਏ।
14 ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਸੀ। ਇਸ ਲਈ ਯਹੋਵਾਹ ਦੇ ਦੁਸ਼ਮਣਾਂ ਨੂੰ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਲੁੱਟਣ ਦਿੱਤਾ। ਯਹੋਵਾਹ ਨੇ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਦੁਸ਼ਮਣਾ ਕੋਲੋਂ ਉਨ੍ਹਾਂ ਨੂੰ ਹਰਾਇਆ। ਇਸਰਾਏਲ ਦੇ ਲੋਕ ਹੋਰ ਵਧੇਰੇ ਆਪਣੇ-ਆਪ ਨੂੰ ਆਪਣੇ ਦੁਸ਼ਮਣਾਂ ਕੋਲੋਂ ਨਾ ਬਚਾ ਸਕੇ।
15 ਜਦੋਂ ਵੀ ਇਸਰਾਏਲ ਦੇ ਲੋਕ ਲੜਾਈ ਲਈ ਗਏ, ਉਹ ਹਮੇਸ਼ਾ ਹਾਰੇ। ਉਹ ਇਸ ਲਈ ਹਾਰੇ ਕਿਉਂਕਿ ਯਹੋਵਾਹ ਉਨ੍ਹਾਂ ਵੱਲ ਨਹੀਂ ਸੀ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਸੀ ਕਿ ਜੇ ਉਹ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਦੇ ਦੇਵਤਿਆਂ ਦੀ ਸੇਵਾ ਕਰਨਗੇ ਤਾਂ ਹਾਰ ਜਾਣਗੇ। ਇਸਰਾਏਲ ਦੇ ਲੋਕਾਂ ਨੇ ਬਹੁਤ ਦੁੱਖ ਭੋਗਿਆ।
16 ਫ਼ੇਰ ਯਹੋਵਾਹ ਨੇ ਉਨ੍ਹਾਂ ਆਗੂਆਂ ਨੂੰ ਚੁਣਿਆ ਜਿਨ੍ਹਾਂ ਨੂੰ ਨਿਆਂਕਾਰ ਆਖਿਆ ਜਾਂਦਾ ਸੀ। ਇਨ੍ਹਾਂ ਆਗੂਆਂ ਨੇ ਇਸਰਾਏਲ ਦੇ ਲੋਕਾਂ ਨੂੰ ਉਨ੍ਹਾਂ ਦੁਸ਼ਮਣਾ ਕੋਲੋਂ ਬਚਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਲੁੱਟ ਲਿਆ ਸੀ।
17 ਇਸਰਾਏਲੀਆਂ ਨੇ ਆਪਣੇ ਨਿਆਂਕਾਰਾ ਦੀ ਗੱਲ ਨਹੀਂ ਸੁਣੀ। ਉਹ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਸਨ, ਉਹ ਹੋਰਨਾਂ ਦੇਵਤਿਆਂ ਦੇ ਪਿਛੇ ਲੱਗੇ। ਅਤੀਤ ਵਿੱਚ, ਇਸਰਾਏਲੀਆਂ ਦੇ ਪੁਰਖਿਆਂ ਨੇ ਯਹੋਵਾਹ ਦੇ ਹੁਕਮ ਮਂਨੇ ਸਨ। ਪਰ ਹੁਣ ਇਸਰਾਏਲੀ ਬਦਲ ਗਏ ਸਨ ਅਤੇ ਯਹੋਵਾਹ ਦਾ ਕਹਿਣਾ ਮਂਨਣੋ ਹਟ ਗਏ ਸਨ।
18 ਅਨੇਕਾਂ ਵਾਰੀ ਇਸਰਾਏਲ ਦੇ ਦੁਸ਼ਮਣਾਂ ਨੇ ਲੋਕਾਂ ਨਾਲ ਬੁਰਾ ਸਲੂਕ ਕੀਤਾ। ਇਸ ਲਈ ਇਸਰਾਏਲ ਦੇ ਲੋਕ ਸਹਾਇਤਾ ਲਈ ਪੁਕਾਰਦੇ। ਅਤੇ ਹਰ ਵਾਰੀ, ਯਹੋਵਾਹ ਨੇ ਲੋਕਾਂ ਲਈ ਦੁੱਖ ਮਹਿਸੂਸ ਕੀਤਾ। ਹਰ ਵਾਰੀ ਉਸਨੇ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣ ਤੋਂ ਬਚਾਉਣ ਲਈ ਕਿਸੇ ਨਿਆਂਕਾਰ ਨੂੰ ਭੇਜਿਆ। ਯਹੋਵਾਹ ਹਮੇਸ਼ਾ ਉਨ੍ਹਾਂ ਨਿਆਂਕਾਰਾਂ ਦੇ ਨਾਲ ਸੀ। ਇਸ ਲਈ ਹਰ ਵਾਰੀ ਇਸਰਾਏਲ ਦੇ ਲੋਕ ਆਪਣੇ ਦੁਸ਼ਮਣਾ ਕੋਲੋਂ ਬਚ ਗਏ।
19 ਪਰ ਜਦੋਂ ਹਰੇਕ ਨਿਆਂਕਾਰ ਦਾ ਦੇਹਾਂਤ ਹੋਇਆ, ਇਸਰਾਏਲ ਦੇ ਲੋਕ ਫ਼ੇਰ ਪਾਪ ਕਰਨ ਲੱਗੇ ਅਤੇ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ। ਇਸਰਾਏਲ ਦੇ ਲੋਕ ਬਹੁਤ ਜ਼ਿੱਦੀ ਸਨ - ਉਨ੍ਹਾਂ ਨੇ ਆਪਣੇ ਬਦੀ ਵਾਲੇ ਰਾਹਾਂ ਨੂੰ ਬਦਲਣ ਤੋਂ ਇਨਕਾਰ ਕੀਤਾ। ਉਹ ਆਪਣੇ ਪੁਰਖਿਆਂ ਨਾਲੋਂ ਵੀ ਵਧੇਰੇ ਦੁਸ਼ਟ ਸਨ।
20 ਇਸ ਲਈ ਯਹੋਵਾਹ ਇਸਰਾਏਲੀਆਂ ਉੱਤੇ ਕਹਿਰਵਾਨ ਹੋ ਗਿਆ ਅਤੇ ਆਖਿਆ, “ਇਸ ਕੌਮ ਨੇ ਉਸ ਇਕਰਾਰਨਾਮੇ ਨੂੰ ਤੋੜ ਦਿੱਤਾ ਹੈ ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ। ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ।
21 ਇਸ ਲਈ ਮੈਂ ਹੁਣ ਫ਼ੇਰ ਕੌਮਾਂ ਨੂੰ ਨਹੀਂ ਹਰਾਵਾਂਗਾ ਅਤੇ ਇਸਰਾਏਲ ਦੇ ਲੋਕਾਂ ਲਈ ਰਾਹ ਪਧਰਾ ਨਹੀਂ ਕਰਾਂਗ। ਉਹ ਕੌਮਾਂ ਹਾਲੇ ਵੀ ਇਸ ਧਰਤੀ ਉੱਤੇ ਸਨ ਜਦੋਂ ਯਹੋਸ਼ੁਆ ਦਾ ਦੇਹਾਂਤ ਹੋਇਆ ਸੀ। ਅਤੇ ਮੈਂ ਉਨ੍ਹਾਂ ਕੌਮਾਂ ਨੂੰ ਇਸ ਧਰਤੀ ਉੱਤੇ ਟਿਕੇ ਰਹਿਣ ਦਿਆਂਗਾ।
22 ਮੈਂ ਉਨ੍ਹਾਂ ਕੌਮਾਂ ਦੀ ਵਰਤੋਂ ਇਸਰਾਏਲ ਦੇ ਲੋਕਾਂ ਦੀ ਪਰਖ ਕਰਨ ਲਈ ਕਰਾਂਗਾ। ਮੈਂ ਦੇਖਾਂਗਾ ਕਿ ਕੀ ਇਸਰਾਏਲ ਦੇ ਲੋਕ ਆਪਣੇ ਪੁਰਖਿਆਂ ਵਾਂਗ ਯਹੋਵਾਹ ਦੇ ਆਦੇਸ਼ਾਂ ਦਾ ਪਾਲਣ ਕਰ ਸਕਦੇ ਹਨ।”
23 ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਧਰਤੀ ਉੱਤੇ ਰਹਿਣ ਦਿੱਤਾ। ਉਸਨੇ ਇਨ੍ਹਾਂ ਕੌਮਾਂ ਨੂੰ ਛੇਤੀ-ਛੇਤੀ ਧਰਤੀ ਛੱਡ ਜਾਣ ਲਈ ਮਜ਼ਬੂਰ ਨਹੀਂ ਕੀਤਾ ਅਤੇ ਯਹੋਸ਼ੁਆ ਦੀ ਫ਼ੌਜ ਦੀ ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਨਹੀਂ ਕੀਤੀ।