ਕਜ਼ਾૃं
ਕਾਂਡ 12
1 ਇਫ਼ਰਾਈਮ ਦੇ ਪਰਿਵਾਰ-ਸਮੂਹ ਦੇ ਆਦਮੀਆਂ ਨੇ ਆਪਨੇ ਸਾਰੇ ਸਿਪਾਹੀਆਂ ਨੂੰ ਇਕਠਿਆਂ ਕੀਤਾ। ਫ਼ੇਰ ਉਹ ਨਦੀ ਪਾਰ ਕਰਕੇ ਜ਼ਾਫ਼ੋਨ ਸ਼ਹਿਰ ਵੱਲ ਗਏ। ਉਨ੍ਹਾਂ ਨੇ ਯਿਫ਼ਤਾਹ ਨੂੰ ਆਖਿਆ, “ਤੂੰ ਅੰਮੋਨੀ ਲੋਕਾਂ ਨਾਲ ਲੜਨ ਲਈ ਸਾਨੂੰ ਕਿਉਂ ਨਹੀਂ ਸਦਿਆ? ਅਸੀਂ ਤੇਰੇ ਘਰ ਨੂੰ ਤੇਰੇ ਸਣੇ ਅੱਗ ਲਾ ਦਿਆਂਗੇ?”
2 ਯਿਫ਼ਤਾਹ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਮੇਰਾ ਅਤੇ ਮੇਰੇ ਲੋਕਾਂ ਦਾ ਅੰਮੋਨੀਆਂ ਨਾਲ ਗੰਭੀਰ ਮਤਭੇਦ ਸੀ। ਇਸ ਲਈ ਅਸੀਂ ਉਨ੍ਹਾਂ ਦੇ ਵਿਰੁੱਧ ਲੜਾਈ ਕੀਤੀ। ਮੈਂ ਤੁਹਾਨੂੰ ਬੁਲਾਇਆ ਸੀ ਪਰ ਤੁਸੀਂ ਸਾਡੀ ਸਹਾਇਤਾ ਕਰਨ ਲਈ ਨਹੀਂ ਆਏ।
3 ਮੈਂ ਦੇਖ ਲਿਆ ਕਿ ਤੁਸੀਂ ਸਾਡੀ ਸਹਾਇਤਾ ਨਹੀਂ ਕਰੋਂਗੇ। ਇਸ ਲਈ ਮੈਂ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਇਆ। ਮੈਂ ਨਦੀ ਪਾਰ ਕਰਕੇ ਅੰਮੋਨੀ ਲੋਕਾਂ ਨਾਲ ਲੜਨ ਲਈ ਗਿਆ। ਯਹੋਵਾਹ ਨੇ ਉਨ੍ਹਾਂ ਨੂੰ ਹਰਾਉਣ ਵਿੱਚ ਮੇਰੀ ਮਦਦ ਕੀਤੀ। ਹੁਣ ਤੁਸੀਂ ਅੱਜ ਮੇਰੇ ਖਿਲਾਫ਼ ਲੜਨ ਲਈ ਕਿਉਂ ਆਏ ਹੋ?”
4 ਫ਼ੇਰ ਯਿਫ਼ਾਤਾਹ ਨੇ ਗਿਲਆਦ ਦੇ ਸਾਰੇ ਲੋਕਾਂ ਨੂੰ ਇਕਠਿਆਂ ਕੀਤਾ। ਉਹ ਇਫ਼ਰਾਈਮ ਦੇ ਪਰਿਵਾਰ-ਸਮੂਹ ਦੇ ਨਾਲ ਲੜੇ ਕਿਉਂਕਿ ਉਨ੍ਹਾਂ ਨੇ ਗਿਲਆਦ ਦੇ ਬੰਦਿਆਂ ਦੀ ਬੇਇੱਜ਼ਤੀ ਕੀਤੀ ਸੀ। ਅਤੇ ਆਖਿਆ ਸੀ, “ਤੁਸੀਂ ਗਿਲਆਦ, ਇਫ਼ਰਾਈਮ ਅਤੇ ਮਨਸ਼ਹ ਦੇ ਵਿਚਕਾਰ ਦੀ ਧਰਤੀ ਉੱਤੇ ਇਫ਼ਰਾਈਮ ਦੇ ਭਗੌੜੇ ਹੋ।” ਗਿਲਆਦ ਦੇ ਲੋਕਾਂ ਨੇ ਇਫ਼ਰਾਈਮ ਦੇ ਲੋਕਾਂ ਨੂੰ ਹਰਾ ਦਿੱਤਾ।
5 ਗਿਲਆਦ ਦੇ ਬੰਦਿਆਂ ਨੇ ਉਨ੍ਹਾਂ ਥਾਵਾਂ ਉੱਤੇ ਕਬਜ਼ਾ ਕਰ ਲਿਆ ਜਿਥੋਂ ਲੋਕ ਯਰਦਨ ਨਦੀ ਪਾਰ ਕਰਦੇ ਸਨ। ਉਹ ਥਾਵਾਂ ਇਫ਼ਰਾਈਮ ਦੇ ਦੇਸ਼ ਵੱਲ ਪੈਂਦੀਆਂ ਸਨ। ਜਦੋਂ ਵੀ ਕਦੇ ਇਫ਼ਰਾਈਮ ਦਾ, ਬਚਕੇ ਨਿਕਲਿਆ ਬੰਦਾ ਨਦੀ ਕੋਲ ਆਉਂਦਾ ਅਤੇ ਆਖਦਾ, “ਮੈਨੂੰ ਪਾਰ ਜਾਣ ਦਿਉ”, “ਗਿਲਆਦ ਦੇ ਬੰਦੇ ਉਸਨੂੰ ਪੁਛਦੇ, “ਕੀ ਤੂੰ ਇਫ਼ਰਾਈਮ ਤੋਂ ਹੈ?” ਜੇ ਉਹ ਆਖਦਾ, “ਨਹੀਂ,”
6 ਫ਼ੇਰ ਉਹ ਆਖਦੇ, “ਸ਼ਿਬ੍ਬੋਲਥ” ਸ਼ਬਦ ਬੋਲ।” ਇਫ਼ਰਾਈਮ ਦੇ ਲੋਕ ਉਸ ਸ਼ਬਦ ਨੂੰ ਸਹੀ ਢੰਗ ਨਾਲ ਨਹੀਂ ਉੱਚਾਰ ਸਕਦੇ ਸਨ। ਉਹ “ਸਿਬ੍ਬੋਲਥ” ਬੋਲਦੇ ਸਨ। ਇਸ ਲਈ ਜੇ ਕੋਈ ਬੰਦਾ ਆਖਦਾ, “ਸਿਬ੍ਬੋਲਥ” ਤਾਂ ਗਿਲਆਦ ਦੇ ਬੰਦਿਆਂ ਨੂੰ ਪਤਾ ਲੱਗ ਜਾਂਦਾ ਕਿ ਉਹ ਇਫ਼ਰਾਈਮ ਤੋਂ ਸੀ। ਤਾਂ ਉਹ ਉਸਨੂੰ ਯਰਦਨ ਨਦੀ ਦੇ ਪਾਰ ਲੰਘਣ ਵਾਲੇ ਸਥਾਨ ਤੇ ਲੈ ਜਾਂਦੇ ਅਤੇ ਮਾਰ ਦਿੰਦੇ। ਉਨ੍ਹਾਂ ਨੇ ਇਫ਼ਰਾਈਮ ਦੇ 42 ,000 ਲੋਕ ਮਾਰ ਦਿੱਤੇ।
7 ਯਿਫ਼ਤਾਹ ਇਸਰਾਏਲ ਦੇ ਲੋਕਾਂ ਲਈ ਛੇ ਸਾਲ ਤੱਕ ਨਿਆਂਕਾਰ ਰਿਹਾ। ਫ਼ੇਰ ਗਿਲਆਦ ਦੇ ਯਿਫ਼ਤਾਹ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਉਸਨੂੰ ਉਸਦੇ ਆਪਣੇ ਕਸਬੇ ਗਿਲਆਦ ਵਿੱਚ ਹੀ ਦਫ਼ਨਾ ਦਿੱਤਾ।
8 ਯਿਫ਼ਤਾਨ ਤੋਂ ਮਗਰੋਂ ਇਬਸਾਨ ਨਾਮ ਦਾ ਬੰਦਾ ਇਸਰਾਏਲ ਦੇ ਲੋਕਾਂ ਦਾ ਨਿਆਂਕਾਰ ਸੀ। ਇਬਸਾਨ ਬੈਤਲਹਮ ਸ਼ਹਿਰ ਦਾ ਸੀ।
9 ਇਬਸਾਨ ਦੇ 30 ਪੁੱਤਰ ਅਤੇ 30 ਧੀਆਂ ਸਨ। ਉਸਨੇ ਆਪਣੀਆਂ 30 ਧੀਆਂ ਨੂੰ ਉਨ੍ਹਾਂ ਆਦਮੀਆਂ ਨਾਲ ਸ਼ਾਦੀ ਕਰਨ ਲਈ ਆਖਿਆ ਜੋ ਉਸਦੇ ਰਿਸ਼ਤੇਦਾਰ ਨਹੀਂ ਸਨ। ਅਤੇ ਉਸਨੇ 30 ਕੁੜੀਆਂ ਲਭੀਆਂ ਜਿਹੜੀਆਂ ਉਸਦੀਆਂ ਇਰਸ਼ਤੇਦਾਰ ਨਹੀਂ ਸਨ, ਅਤੇ ਆਪਣੇ 30 ਪੁੱਤਰਾਂ ਦੀ ਸ਼ਾਦੀ ਉਨ੍ਹਾਂ ਨਾਲ ਕਰ ਦਿੱਤੀ। ਇਬਸਾਨ ਇਸਰਾਏਲ ਦੇ ਲੋਕਾਂ ਦਾ ਸੱਤ ਸਾਲ ਨਿਆਂਕਾਰ ਰਿਹਾ।
10 ਫ਼ੇਰ ਇਬਸਾਨ ਦਾ ਦੇਹਾਂਤ ਹੋ ਗਿਆ। ਉਸਨੂੰ ਬੈਤਲਹਮ ਸ਼ਹਿਰ ਵਿੱਚ ਦਫ਼ਨਾਇਆ ਗਿਆ।
11 ਇਬਸਾਨ ਤੋਂ ਮਗਰੋਂ ਏਲੋਨ ਨਾਮ ਦਾ ਆਦਮੀ ਇਸਰਾਏਲ ਦੇ ਲੋਕਾਂ ਦਾ ਨਿਆਂਕਾਰ ਰਿਹਾ। ਏਲੋਨ ਜ਼ਬੂਲੁਨ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਇਸਰਾਏਲ ਦੇ ਲੋਕਾਂ ਦਾ ਦਸ ਸਾਲ ਤੱਕ ਨਿਆਂਕਾਰ ਰਿਹਾ।
12 ਫ਼ੇਰ ਜ਼ਬੂਲੁਨ ਦੇ ਪਰਿਵਾਰ-ਸਮੂਹ ਦਾ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇ ਅਯ੍ਯਾਲੋਨ ਸ਼ਹਿਰ ਵਿੱਚ ਦਫ਼ਨਾਇਆ ਗਿਆ।
13 ਜਦੋਂ ਏਲੋਨ ਮਰਿਆ ਤਾਂ ਅਬਦੋਨ ਨਾਮ ਦਾ ਬੰਦਾ ਜਿਹੜਾ ਹਿਲ੍ਲੇਲ ਦਾ ਪੁੱਤਰ ਸੀ, ਇਸਰਾਏਲ ਦੇ ਲੋਕਾਂ ਦਾ ਨਿਆਂਕਾਰ ਰਿਹਾ। ਅਬਦੋਨ ਫ਼ਿਰਾਤੋਂਨ ਸ਼ਹਿਰ ਦਾ ਸੀ।
14 ਅਬਦੋਨ ਦੇ 40 ਪੁੱਤਰ ਅਤੇ 30 ਪੋਤਰੇ ਸਨ। ਉਹ 70 ਖੋਤਿਆਂ ਦੀ ਸਵਾਰੀ ਕਰਦੇ ਸਨ। ਅਬਦੋਨ ਇਸਰਾਏਲ ਦੇ ਲੋਕਾਂ ਦਾ ਅਠ ਸਾਲ ਨਿਆਂਕਾਰ ਰਿਹਾ।
15 ਫ਼ੇਰ ਹਿਲ੍ਲੇਲ ਦਾ ਪੁੱਤਰ ਅਬਦੋਨ ਮਰ ਗਿਆ। ਉਸਨੂੰ ਫ਼ਿਰਾਤੋਂਨ ਸ਼ਹਿਰ ਵਿੱਚ ਦਫ਼ਨਾਇਆ ਗਿਆ। ਫ਼ਿਰਾਤੋਂਨ ਇਫ਼ਰਾਈਮ ਦੀ ਧਰਤੀ ਉੱਤੇ ਹੈ। ਇਹ ਉਸ ਪਹਾੜੀ ਪ੍ਰਦੇਸ਼ ਵਿੱਚ ਹੈ ਜਿਥੇ ਅਮਾਲੇਕੀ ਲੋਕ ਰਹਿੰਦੇ ਸਨ।