ਕਜ਼ਾૃं

1 2 3 4 5 6 7 8 9 10 11 12 13 14 15 16 17 18 19 20 21

ਕਾਂਡ 10

1 ਜਦੋਂ ਅਬੀਮਲਕ ਮਰ ਗਿਆ, ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਉਣ ਲਈ ਇੱਕ ਹੋਰ ਨਿਆਂਕਾਰ ਭੇਜਿਆ। ਉਸ ਆਦਮੀ ਦਾ ਨਾਮ ਤੋਂਬਾ ਸੀ। ਤੋਂਬਾ ਪੁਆਹ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਪੁਆਹ ਦੋਦੋ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਤੋਂਬਾ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਤੋਂਬਾ ਸ਼ਾਮੀਰ ਸ਼ਹਿਰ ਵਿੱਚ ਰਹਿੰਦਾ ਸੀ। ਸ਼ਾਮੀਰ ਸ਼ਹਿਰ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਸੀ।
2 ਤੋਂਬਾ ਇਸਰਾਏਲ ਦੇ ਲੋਕਾਂ ਲਈ 23 ਵਰ੍ਹੇ ਤੱਕ ਨਿਆਂਕਾਰ ਰਿਹਾ। ਫ਼ੇਰ ਤੋਂਬਾ ਮਰ ਗਿਆ ਅਤੇ ਉਸਨੂੰ ਸ਼ਾਮੀਰ ਸ਼ਹਿਰ ਵਿੱਚ ਦਫ਼ਨਾਇਆ ਗਿਆ।
3 ਜਦੋਂ ਤੋਂਬਾ ਮਰਿਆ ਤਾਂ ਪਰਮੇਸ਼ੁਰ ਵੱਲੋਂ ਇੱਕ ਹੋਰ ਨਿਆਂਕਾਰ ਭੇਜਿਆ ਗਿਆ। ਉਸ ਆਦਮੀ ਦਾ ਨਾਮ ਯਾਈਰ ਸੀ। ਯਾਈਰ ਗਿਲਆਦ ਦੇ ਇਲਾਕੇ ਵਿੱਚ ਰਹਿੰਦਾ ਸੀ। ਯਾਈਰ 22 ਵਰ੍ਹਿਆਂ ਤੱਕ ਇਸਰਾਏਲ ਦੇ ਲੋਕਾਂ ਦਾ ਨਿਆਂਕਾਰ ਰਿਹਾ।
4 ਯਾਈਰ ਦੇ 30 ਪੁੱਤਰ ਸਨ। ਜੋ ਕਿ 30 ਖੋਤਿਆਂ ਦੀ ਸਵਾਰੀ ਕਰਦੇ ਸਨ। ਇਨ੍ਹਾਂ 30 ਪੁੱਤਰਾਂ ਦਾ ਗਿਲਆਦ ਵਿਚਲੇ 30 ਨਗਰਾਂ ਉੱਤੇ ਕਾਬੂ ਸੀ। ਇਹ ਸ਼ਹਿਰ ਅੱਜ ਤੱਕ ਵੀ ਯਾਈਰ ਦੇ ਨਗਰ ਅਖਵਾਉਂਦੇ ਹਨ।
5 ਯਾਈਰ ਮਰ ਗਿਆ ਅਤੇ ਕਾਮੋਨ ਸ਼ਹਿਰ ਵਿੱਚ ਦਫ਼ਨਾਇਆ ਗਿਆ।
6 ਇਸਰਾਏਲ ਦੇ ਲੋਕ ਫ਼ੇਰ ਉਹੀ ਗੱਲਾਂ ਕਰਨ ਲੱਗੇ ਜਿਨ੍ਹਾਂ ਨੂੰ ਯਹੋਵਾਹ ਨੇ ਮੰਦਾ ਆਖਿਆ ਸੀ। ਉਹ ਝੂਠੇ ਦੇਵਤਿਆਂ ਬਆਲ ਅਤੇ ਅਸ਼ਤਾਰੋਥ ਦੀ ਉਪਾਸਨਾ ਕਰਨ ਲੱਗ ਪਏ। ਉਹ ਅਰਾਮ ਦੇ ਲੋਕਾਂ ਦੇ ਦੇਵਤਿਆਂ, ਸੀਦੋਨ ਦੇ ਲੋਕਾਂ ਦੇ ਦੇਵਤਿਆਂ, ਮੋਆਬ ਦੇ ਲੋਕਾਂ ਦੇ ਦੇਵਤਿਆਂ, ਅੰਮੋਨ ਦੇ ਲੋਕਾਂ ਦੇ ਦੇਵਤਿਆਂ, ਫ਼ਲਿਸਤੀ ਦੇ ਲੋਕਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗੇ। ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸਦੀ ਸੇਵਾ ਕਰਨ ਤੋਂ ਹਟ ਗਏ।
7 ਇਸ ਲਈ ਪਰਮੇਸ਼ੁਰ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਹੋ ਗਿਆ। ਯਹੋਵਾਹ ਨੇ ਫ਼ਲਿਸਤੀ ਲੋਕਾਂ ਅਤੇ ਅੰਮੋਨੀ ਲੋਕਾਂ ਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਨੂੰ ਹਰਾ ਦੇਣ।
8 ਉਸੇ ਸਾਲ ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿੱਤਾ ਜਿਹੜੇ ਗਿਲਆਦ ਦੇ ਇਲਾਕੇ ਵਿੱਚ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਰਹਿੰਦੇ ਸਨ। ਇਹ ਉਹੀ ਧਰਤੀ ਸੀ ਜਿਥੇ ਅਮੋਰੀ ਲੋਕ ਰਹਿ ਚੁੱਕੇ ਸਨ। ਇਸਰਾਏਲ ਦੇ ਉਨ੍ਹਾਂ ਲੋਕਾਂ ਨੇ 18 ਵਰ੍ਹੇ ਤੱਕ ਦੁੱਖ ਭੋਗਿਆ।
9 ਫ਼ੇਰ ਅੰਮੋਨੀ ਲੋਕ ਯਰਦਨ ਨਦੀ ਦੇ ਪਾਰ ਚਲੇ ਗਏ। ਉਹ ਯਹੂਦਾਹ ਬਿਨਯਾਮੀਨ ਅਤੇ ਇਫ਼ਰਾਈਮ ਦੇ ਲੋਕਾਂ ਨਾਲ ਲੜਨ ਲਈ ਗਏ। ਅੰਮੋਨੀ ਲੋਕਾਂ ਨੇ ਇਸਰਾਏਲ ਦੇ ਲੋਕਾਂ ਨੂੰ ਬਹੁਤ ਤਕਲੀਫ਼ਾਂ ਦਿੱਤੀਆਂ।
10 ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਸਹਾਇਤਾ ਲਈ ਪੁਕਾਰ ਕੀਤੀ। ਉਨ੍ਹਾਂ ਆਖਿਆ, “ਹੇ ਪਰਮੇਸ਼ੁਰ, ਅਸੀਂ ਤੇਰੇ ਖਿਲਾਫ਼ ਪਾਪ ਕੀਤਾ ਹੈ। ਅਸੀਂ ਆਪਣੇ ਪਰਮੇਸ਼ੁਰ ਨੂੰ ਛੱਡਕੇ ਝੂਠੇ ਦੇਵਤੇ ਬਆਲ ਦੀ ਉਪਾਸਨਾ ਕੀਤੀ।”
11 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਜਵਾਬ ਦਿੱਤਾ, “ਤੁਸੀਂ ਮੇਰੇ ਅੱਗੇ ਉਦੋਂ ਪੁਕਾਰ ਕੀਤੀ ਸੀ ਜਦੋਂ ਮਿਸਰ ਦੇ ਲੋਕਾਂ, ਅੰਮੋਰੀ ਲੋਕਾਂ, ਅੰਮੋਨੀ ਲੋਕਾਂ ਅਤੇ ਫ਼ਲਿਸਤੀਨੀ ਲੋਕਾਂ ਨੇ ਤੁਹਾਨੂੰ ਨੁਕਸਾਨ ਪਹੁੰਚਾਇਆ ਸੀ। ਮੈਂ ਤੁਹਾਨੂੰ ਇਨ੍ਹਾਂ ਲੋਕਾਂ ਤੋਂ ਬਚਾਇਆ ਸੀ।
12 ਤੁਸੀਂ ਉਦੋਂ ਮੇਰੇ ਅੱਗੇ ਪੁਕਾਰ ਕੀਤੀ ਜਦੋਂ ਸੀਦੋਨ ਦੇ ਲੋਕਾਂ, ਅਮਾਲੇਕੀ ਲੋਕਾਂ ਅਤੇ ਮਿਦਯਾਨੀ ਲੋਕਾਂ ਨੇ ਤੁਹਾਨੂੰ ਦੁੱਖ ਦਿੱਤਾ। ਮੈਂ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਵੀ ਬਚਾਇਆ।
13 ਪਰ ਤੁਸੀਂ ਮੈਨੂੰ ਛੱਡਕੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ। ਇਸ ਲਈ ਹੁਣ ਮੈਂ ਦੁਬਾਰਾ ਤੁਹਾਨੂੰ ਨਹੀਂ ਬਚਾਵਾਂਗਾ।
14 ਤੁਸੀਂ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਕਰਨੀ ਪਸੰਦ ਕਰਦੇ ਹੋ, ਇਸ ਲਈ ਜਾਓ ਉਨ੍ਹਾਂ ਦੇਵਤਿਆਂ ਨੂੰ ਸਹਾਇਤਾ ਲਈ ਪੁਕਾਰੋ। ਜਦੋਂ ਤੁਸੀਂ ਮੁਸੀਬਤ ਵਿੱਚ ਹੋ ਤਾਂ ਉਨ੍ਹਾਂ ਦੇਵਤਿਆਂ ਨੂੰ ਤੁਹਾਨੂੰ ਬਚਾਉਣ ਦਿਉ।”
15 ਪਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਆਖਿਆ, “ਅਸੀਂ ਪਾਪ ਕੀਤਾ ਹੈ। ਤੁਸੀਂ ਜੋ ਚਾਹੋ ਸਾਡੇ ਨਾਲ ਕਰੋ। ਪਰ ਅੱਜ ਸਾਨੂੰ ਬਚਾਉ।”
16 ਫ਼ੇਰ ਇਸਰਾਏਲ ਦੇ ਲੋਕਾਂ ਨੇ ਵਿਦੇਸ਼ੀ ਦੇਵਤਿਆਂ ਨੂੰ ਪਰ੍ਹਾਂ ਸੁੱਟ ਦਿੱਤਾ ਅਤੇ ਇੱਕ ਵਾਰੇ ਫ਼ੇਰ ਯਹੋਵਾਹ ਦੀ ਉਪਾਸਨਾ ਕਰਨ ਲੱਗ ਪਏ। ਇਸ ਲਈ ਯਹੋਵਾਹ ਹੋਰ ਵਧੇਰੇ ਇਸਰਾਏਲ ਦੇ ਦੁੱਖਾਂ ਨੂੰ ਵੇਖਕੇ ਨਾ ਸਹਾਰ ਸਕਿਆ।
17 ਅੰਮੋਨੀ ਲੋਕ ਜੰਗ ਲਈ ਇਕਠੇ ਹੋ ਗਏ। ਉਨ੍ਹਾਂ ਦਾ ਡੇਰਾ ਗਿਲਆਦ ਦੇ ਇਲਾਕੇ ਵਿੱਚ ਸੀ। ਇਸਰਾਏਲ ਦੇ ਲੋਕ ਇਕਠੇ ਹੋ ਗਏ। ਉਨ੍ਹਾਂ ਦਾ ਡੇਰਾ ਮਿਸਫ਼ਾਹ ਸ਼ਹਿਰ ਵਿਖੇ ਸੀ।
18 ਗਿਲਆਦ ਦੇ ਇਲਾਕੇ ਵਿੱਚ ਰਹਿੰਦੇ ਲੋਕਾਂ ਦੇ ਆਗੂਆਂ ਨੇ ਆਖਿਆ, “ਜਿਹੜਾ ਵੀ ਅੰਮੋਨ ਦੇ ਲੋਕਾਂ ਦੇ ਵਿਰੁੱਧ ਹਮਲਾ ਕਰਨ ਵਿੱਚ ਸਾਡੀ ਅਗਵਾਈ ਕਰੇਗਾ ਉਹ ਗਿਲਆਦ ਵਿੱਚ ਰਹਿੰਦੇ ਸਾਰੇ ਲੋਕਾਂ ਦਾ ਮੁਖੀ ਬਣ ਜਾਵੇਗਾ।”