ਹਿਜ਼ ਕੀ ਐਲ
ਕਾਂਡ 5
1 "ਆਦਮੀ ਦੇ ਪੁੱਤਰ, ਆਪਣੇ ਭੁੱਖ ਦੇ ਦਿਨਾਂ ਮਗਰੋਂ ਤੈਨੂੰ ਇਹ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ। ਤੈਨੂੰ ਇੱਕ ਤੇਜ਼ ਧਾਰ ਵਾਲੀ ਤਲਵਾਰ ਲਿਆਉਣੀ ਚਾਹੀਦੀ ਹੈ। ਉਸ ਤਲਵਾਰ ਨੂੰ ਨਾਈ ਦੇ ਉਸਤਰੇ ਵਾਂਗ ਵਰਤੀਁ। ਆਪਣੇ ਵਾਲ ਅਤੇ ਦਾਢ਼ੀ ਮੁਨਵਾ ਲਵੀਂ। ਵਾਲਾਂ ਨੂੰ ਤੱਕੜੀ ਵਿੱਚ ਰੱਖ ਕੇ ਤੋਂਲੀਁ। ਆਪਣੇ ਵਾਲਾਂ ਦੇ ਬਰਾਬਰ ਦੇ ਤਿੰਨ ਹਿੱਸੇ ਕਰ ਲਵੀਂ। ਆਪਣੇ ਵਾਲਾਂ ਦਾ ਇਕ ਤਿਹਾਈ ਹਿੱਸਾ ਉਸ ਇੱਟ ਉੱਤੇ ਰੱਖ ਦੇਵੀਂ ਜਿਸ ਉੱਤੇ ਸ਼ਹਿਰ ਦੀ ਤਸਵੀਰ ਬਣੀ ਹੋਈ ਹੈ। ਉਨ੍ਹਾਂ ਵਾਲਾਂ ਨੂੰ ਉਸ 'ਸ਼ਹਿਰ' ਵਿੱਚ ਜਲਾ ਦੇਵੀਂ। (ਇਹ ਗੱਲ ਇਹ ਦਰਸਾਵੇਗੀ ਕਿ ਕੁਝ ਲੋਕ ਸ਼ਹਿਰ ਦੇ ਅੰਦਰ ਮਰ ਜਾਣਗੇ।) ਫ਼ੇਰ ਤਲਵਾਰ ਨਾਲ ਆਪਣੇ ਵਾਲਾਂ ਦੇ ਇੱਕ ਤਿਹਾਈ ਹਿੱਸੇ ਨੂੰ ਛੋਟੇ-ਛੋਟੇ ਹਿਸਿਆਂ ਵਿੱਚ ਕੱਟ ਦੇਵੀਂ ਅਤੇ ਸ਼ਹਿਰ (ਇੱਟ) ਦੇ ਚਾਰੇ ਪਾਸੇ ਖਿਲਾਰ ਦੇਵੀਂ। (ਇਹ ਗੱਲ ਦਰਸਾਵੇਗੀ ਕਿ ਕੁਝ ਲੋਕ ਸ਼ਹਿਰ ਦੇ ਬਾਹਰ ਮਰ ਜਾਣਗੇ।) ਫ਼ੇਰ ਆਪਣੇ ਵਾਲਾਂ ਦਾ ਇੱਕ ਤਿਹਾਈ ਹਿੱਸਾ ਹਵਾ ਵਿੱਚ ਖਿਲਾਰ ਦੇਵੀਂ - ਇਸ ਨੂੰ ਹਵਾ ਦੂਰ ਵਗਾ ਦੇਵੇ। (ਇਹ ਗੱਲ ਦਰਸਾਵੇਗੀ) ਕਿ ਮੈਂ ਆਪਣੀ ਤਲਵਾਰ ਸੂਤ ਕੇ ਕੁਝ ਲੋਕਾਂ ਨੂੰ ਦੂਰ ਦੁਰਾਡੇ ਦੇਸਾਂ ਵਿੱਚ ਭਜਾ ਦਿਆਂਗਾ।
2
3 ਪਰ ਫ਼ੇਰ ਤੈਨੂੰ ਉਨ੍ਹਾਂ ਵਾਲਾਂ ਵਿੱਚੋਂ ਕੁਝ ਵਾਲ ਲੈਕੇ ਆਪਣੇ ਚੋਲੇ ਵਿੱਚ ਲਪੇਟ ਲੈਣੇ ਚਾਹੀਦੇ ਹਨ। (ਇਸਤੋਂ ਇਹ ਦਰਸਾਇਆ ਜਾਵੇਗਾ ਕਿ ਮੈਂ ਆਪਣੇ ਲੋਕਾਂ ਵਿੱਚੋਂ ਕੁਝ ਨੂੰ ਬਚਾ ਲਵਾਂਗਾ।)
4 ਤੈਨੂੰ ਉਨ੍ਹਾਂ ਵਾਲਾਂ ਵਿੱਚੋਂ ਕੁਝ ਹੋਰ ਚੁੱਕ ਲੈਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਅੱਗ ਵਿੱਚ ਸੁੱਟ ਦੇਣਾ ਚਾਹੀਦਾ ਹੈ। ਇਹ ਗੱਲ ਦਰਸਾਵੇਗੀ ਕਿ ਓਥੇ ਅੱਗ ਲੱਗ ਜਾਵੇਗੀ ਅਤੇ ਇਸਰਾਏਲ ਦੇ ਸਾਰੇ ਘਰ ਨੂੰ ਫ਼ਨਾਹ ਕਰ ਦੇਵੇਗੀ।"
5 ਫ਼ੇਰ ਯਹੋਵਾਹ ਮੇਹੇ ਪ੍ਰਭੂ, ਨੇ ਮੈਨੂੰ ਆਖਿਆ, "ਔਹ (ਇੱਟ) ਯਰੂਸ਼ਲਮ ਦੀ ਤਸਵੀਰ ਹੈ। ਮੈਂ ਯਰੂਸ਼ਲਮ ਨੂੰ ਹੋਰਨਾਂ ਕੌਮਾਂ ਦੇ ਵਿਚਕਾਰ ਰੱਖਦਾ ਹਾਂ। ਅਤੇ ਉਸਦੇ ਆਲੇ ਦੁਆਲੇ ਦੇਸ ਹਨ।
6 ਯਰੂਸ਼ਲਮ ਦੇ ਲੋਕਾਂ ਨੇ ਮੇਰੇ ਆਦੇਸ਼ਾਂ ਦੇ ਵਿਰੁੱਧ ਬਗਾਵਤ ਕੀਤੀ। ਉਹ ਹੋਰਨਾਂ ਸਾਰੀਆਂ ਕੌਮਾਂ ਨਾਲੋਂ ਬਦਤਰ ਸਨ। ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਦੇ ਦੇਸਾਂ ਦੇ ਕਿਸੇ ਵੀ ਲੋਕਾਂ ਨਾਲੋਂ ਮੇਰੀਆਂ ਬਿਧੀਆ ਨੂੰ ਵਧੇਰੇ ਤੋੜਿਆ। ਉਨ੍ਹਾਂ ਨੇ ਮੇਰੇ ਆਦੇਸ਼ਾਂ ਨੂੰ ਸੁਣਨ ਤੋਂ ਇਨਕਾਰ ਕੀਤਾ! ਉਨ੍ਹਾਂ ਨੇ ਮੇਰੇ ਕਨੂੰਨਾ ਦਾ ਪਾਲਣ ਨਹੀਂ ਕੀਤਾ!"
7 ਇਸ ਲਈ, ਯਹੋਵਾਹ ਮੇਰਾ ਪ੍ਰਭੂ, ਆਖਦਾ ਹੈ, "ਮੈਂ ਤੁਹਾਨੂੰ ਭਿਆਨਕ ਮੁਸੀਬਤਾਂ ਦਿਆਂਗਾ। ਕਿਉਂ ਕਿ ਤੁਸੀਂ ਮੇਰੇ ਕਨੂੰਨਾਂ ਦਾ ਪਾਲਣ ਨਹੀਂ ਕੀਤਾ। ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲੋਂ ਮੇਰੇ ਵਧੇਰੇ ਕਨੂੰਨਾਂ ਨੂੰ ਤੋੜਿਆ! ਤੁਸੀਂ ਤਾਂ ਉਹ ਗੱਲਾਂ ਵੀ ਕੀਤੀਆਂ ਜਿਨ੍ਹਾਂ ਨੂੰ ਉਹ ਲੋਕ ਮੰਦਾ ਆਖਦੇ ਹਨ!"
8 ਇਸ ਲਈ, ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, "ਇਸ ਲਈ ਹੁਣ ਮੈਂ ਵੀ ਤੁਹਾਡੇ ਖਿਲਾਫ਼ ਹਾਂ! ਅਤੇ ਮੈਂ ਤੁਹਾਨੂੰ ਸਜ਼ਾ ਦੇਵਾਂਗਾ ਜਦੋਂ ਕਿ ਉਹ ਦੂਸਰੇ ਲੋਕ ਦੇਖਣਗੇ।
9 ਮੈਂ ਤੁਹਾਡੇ ਨਾਲ ਉਹ ਗੱਲਾਂ ਕਰਾਂਗਾ ਜਿਹੜੀਆਂ ਮੈਂ ਪਹਿਲਾਂ ਕਦੇ ਵੀ ਨਹੀਂ ਕੀਤੀਆਂ। ਅਤੇ ਮੈਂ ਫ਼ੇਰ ਕਦੇ ਵੀ ਉਹ ਭਿਆਨਕ ਗੱਲਾਂ ਦੋਬਾਰਾ ਨਹੀਂ ਕਰਾਂਗਾ! ਕਿਉਂ? ਕਿਉਂ ਕਿ ਤੁਸੀਂ ਕਿੰਨੀਆਂ ਹੀ ਭਿਆਨਕ ਗੱਲਾਂ ਕੀਤੀਆਂ ਸਨ।
10 ਯਰੂਸ਼ਲਮ ਦੇ ਲੋਕ ਇੰਨੇ ਭੁੱਖੇ ਹੋਣਗੇ ਕਿ ਮਾਪੇ ਆਪਣੇ ਬੱਚਿਆਂ ਨੂੰ ਖਾਣਗੇ ਅਤੇ ਬੱਚੇ ਆਪਣੇ ਹੀ ਮਾਪਿਆਂ ਨੂੰ ਖਾਣਗੇ। ਮੈਂ ਤੁਹਾਨੂੰ ਕਈ ਤਰ੍ਹਾਂ ਨਾਲ ਸਜ਼ਾ ਦਿਆਂਗਾ। ਅਤੇ ਉਹ ਲੋਕ ਜਿਹੜੇ ਬਚ ਰਹਿਣਗੇ, ਉਨ੍ਹਾਂ ਨੂੰ ਮੈਂ ਹਵਾਵਾਂ ਵਿੱਚ ਖਿਲਾਰ ਦਿਆਂਗਾ।"
11 ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, "ਯਰੂਸ਼ਲਮ, ਮੈਂ ਆਪਣੇ ਜੀਵਨ ਨੂੰ ਸਾਖੀ ਰੱਖ ਕੇ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਸਜ਼ਾ ਦਿਆਂਗਾ। ਮੈਂ ਇਕਰਾਰ ਕਰਦਾ ਹਾਂ ਕਿ ਤੈਨੂੰ ਸਜ਼ਾ ਦਿਆਂਗਾ। ਕਿਉਂ ਕਿ ਤੂੰ ਮੇਰੇ ਪਵਿੱਤਰ ਸਬਾਨ ਉੱਤੇ ਭਿਆਨਕ ਗੱਲਾਂ ਕੀਤੀਆਂ ਤੂੰ ਅਜਿਹੀਆਂ ਭਿਆਨਕ ਗੱਲਾਂ ਕੀਤੀਆਂ ਜਿਨ੍ਹਾਂ ਨੇ ਇਸਨੂੰ ਨਾਪਾਕ ਕਰ ਦਿੱਤਾ! ਮੈਂ ਤੈਨੂੰ ਸਜ਼ਾ ਦਿਆਂਗਾ। ਮੈਂ ਕੋਈ ਰਹਿਮ ਨਹੀਂ ਕਰਾਂਗਾ। ਮੈਨੂੰ ਤੇਰੇ ਉੱਤੇ ਕੋਈ ਅਫ਼ਸੋਸ ਨਹੀਂ ਹੋਵੇਗਾ!
12 ਤੇਰੇ ਲੋਕਾਂ ਵਿੱਚੋਂ ਤੀਜਾ ਹਿੱਸਾ ਲੋਕ ਸ਼ਹਿਰ ਅੰਦਰ ਬੀਮਾਰੀ ਅਤੇ ਭੁੱਖ ਨਾਲ ਮਰ ਜਾਣਗੇ। ਤੇਰੇ ਲੋਕਾਂ ਵਿੱਚੋਂ ਤੀਜਾ ਹਿੱਸਾ ਲੋਕ ਸ਼ਹਿਰ ਦੇ ਬਾਹਰ ਜੰਗ ਵਿੱਚ ਮਰ ਜਾਣਗੇ ਅਤੇ ਫ਼ੇਰ ਮੈਂ ਆਪਣੀ ਤਲਵਾਰ ਸੂਤ ਲਵਾਂਗਾ ਅਤੇ ਤੇਰੇ ਲੋਕਾਂ ਦੇ ਤੀਜੇ ਹਿੱਸੇ ਨੂੰ ਦੂਰ ਦੁਰਾਡੇ ਦੇਸਾਂ ਵਿੱਚ ਭਜਾ ਦਿਆਂਗਾ।
13 ਸਿਰਫ਼ ਉਦੋਂ ਹੀ ਮੈਂ ਤੇਰੇ ਲੋਕਾਂ ਉੱਤੇ ਕਹਿਰਵਾਨ ਹੋਣੋ ਹਟਾਂਗਾ। ਮੈਂ ਜਾਣ ਲਵਾਂਗਾ ਕਿ ਉਨ੍ਹਾਂ ਨੂੰ ਉਨ੍ਹਾਂ ਮੰਦੀਆਂ ਗੱਲਾਂ ਦੀ ਸਜ਼ਾ ਮਿਲ ਗਈ ਹੈ ਜਿਹੜੀਆਂ ਉਨ੍ਹਾਂ ਨੇ ਮੇਰੇ ਨਾਲ ਕੀਤੀਆਂ ਸਨ। ਅਤੇ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ, ਅਤੇ ਮੈਂ ਉਨ੍ਹਾਂ ਨਾਲ ਆਪਣੀ ਈਰਖਾ ਕਾਰਣ ਹੀ ਗੱਲ ਕੀਤੀ ਸੀ ਜਦੋਂ ਮੈਂ ਉਨ੍ਹਾਂ ਉੱਪਰ ਆਪਣਾ ਗੁੱਸਾ ਵਰਸਾ ਹਟਿਆ ਸੀ!"
14 ਪਰਮੇਸ਼ੁਰ ਨੇ ਆਖਿਆ, "ਯਰੂਸ਼ਲਮ, ਮੈਂ ਤੈਨੂੰ ਤਬਾਹ ਕਰ ਦਿਆਂਗਾ - ਤੂੰ ਪੱਥਰ ਦੇ ਢੇਰ ਤੋਂ ਸਿਵਾ ਕੁਝ ਵੀ ਨਹੀਂ ਹੋਵੇਂਗਾ। ਤੇਰੇ ਆਲੇ-ਦੁਆਲੇ ਦੇ ਲੋਕ ਤੇਰਾ ਮਜ਼ਾਕ ਉਡਾਉਣਗੇ। ਹਰ ਤੁਰਨ ਫ਼ਿਰਨ ਵਾਲਾ ਬੰਦਾ ਤੇਰਾ ਮਜ਼ਾਕ ਉਡਾਵੇਗਾ।
15 ਤੇਰੇ ਆਲੇ-ਦੁਆਲੇ ਦੇ ਲੋਕ ਤੇਰਾ ਮਜ਼ਾਕ ਉਡਾਉਣਗੇ, ਪਰ ਤੂੰ ਉਨ੍ਹਾਂ ਲਈ ਇੱਕ ਸਬਕ ਵੀ ਹੋਵੇਂਗਾ। ਉਹ ਦੇਖਣਗੇ ਕਿ ਮੈਂ ਕਹਿਰਵਾਨ ਸੀ ਅਤੇ ਤੁਹਾਨੂੰ ਸਜ਼ਾ ਦਿੱਤੀ ਸੀ। ਮੈਂ ਬਹੁਤ ਕਹਿਰਵਾਨ ਸੀ। ਮੈਂ ਤੈਨੂੰ ਚੇਤਾਵਨੀ ਦਿੱਤੀ ਸੀ। ਮੈਂ, ਯਹੋਵਾਹ ਨੇ, ਤੈਨੂੰ ਦੱਸਿਆ ਸੀ ਕਿ ਮੈਂ ਕੀ ਕਰਾਂਗਾ!
16 ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵੱਲ ਭਿਆਨਕ ਭੁੱਖਮਰੀ ਦਾ ਸਮਾਂ ਭੇਜਾਂਗਾ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵੱਲ ਚੀਜ਼ਾਂ ਭੇਜਾਂਗਾ ਜਿਹੜੀਆਂ ਤੈਨੂੰ ਤਬਾਹ ਕਰ ਦੇਣਗੀਆਂ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੀ ਭੋਜਨ ਸਾਮਗ੍ਰੀ ਖੋਹ ਲਵਾਂਗਾ ਅਤੇ ਇਹ ਵੀ ਕਿ ਅਜਿਹੀ ਭੁੱਖਮਰੀ ਦੇ ਸਮੇਂ ਬਾਰ-ਬਾਰ ਆਉਣਗੇ।
17 ਮੈਂ ਤੈਨੂੰ ਦੱਸਿਆ ਸੀ ਕਿ ਤੇਰੇ ਵਿਰੁੱਧ ਭੁੱਖ ਅਤੇ ਜੰਗਲੀ ਜਾਨਵਰ ਭੇਜਾਂਗਾ ਜਿਹੜੇ ਤੇਰਿਆਂ ਬੱਚਿਆਂ ਨੂੰ ਮਾਰ ਦੇਣਗੇ। ਮੈਂ ਤੈਨੂੰ ਦੱਸਿਆ ਸੀ ਕਿ ਇੱਥੇ ਸ਼ਹਿਰ ਵਿੱਚ ਹਰ ਥਾਂ ਬੀਮਾਰੀ ਅਤੇ ਮੌਤ ਹੋਵੇਗੀ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵਿਰੁੱਧ ਲੜਨ ਲਈ ਉਨ੍ਹਾਂ ਦੁਸ਼ਮਣ ਸਿਪਾਹੀਆਂ ਨੂੰ ਲਿਆਵਾਂਗਾ। ਮੈਂ, ਯਹੋਵਾਹ ਨੇ, ਤੈਨੂੰ ਇਹ ਸਾਰੀਆਂ ਗੱਲਾਂ ਦਸੀਆਂ ਸਨ ਜੋ ਵਾਪਰਨਗੀਆਂ - ਅਤੇ ਉਹ ਜ਼ਰੂਰ ਵਾਪਰਨਗੀਆਂ।"