ਹਿਜ਼ ਕੀ ਐਲ
ਕਾਂਡ 35
1 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ,
2 "ਆਦਮੀ ਦੇ ਪੁੱਤਰ, ਸ਼ਈਰ ਪਰਬਤ ਵੱਲ ਵੇਖ, ਅਤੇ ਮੇਰੇ ਲਈ ਇਸਦੇ ਵਿਰੁੱਧ ਬੋਲ।
3 ਇਸਨੂੰ ਆਖ, 'ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:"'ਸ਼ਈਰ ਪਰਬਤ, ਮੈਂ ਹਾਂ ਤੇਰੇ ਵਿਰੁੱਧ! ਸਜ਼ਾ ਦੇਵਾਂਗਾ ਤੈਨੂੰ ਮੈਂ। ਬਣਾ ਦਿਆਂਗਾ ਮੈਂ ਤੈਨੂੰ ਵੀਰਾਨ ਬਂਜਰ ਧਰਤੀ।
4 ਤਬਾਹ ਕਰ ਦਿਆਂਗਾ ਮੈਂ ਤੇਰੇ ਸ਼ਹਿਰਾਂ ਨੂੰ। ਅਤੇ ਹੋ ਜਾਵੇਗਾ ਵੀਰਾਨ ਤੂੰ। ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।
5 ਕਿਉਂ ਕਿ ਤੂੰ ਹਮੇਸ਼ਾ ਰਿਹਾ ਹੈਂ ਖਿਲਾਫ਼ ਮੇਰੇ ਲੋਕਾਂ ਦੇ। ਇਸਤੇਮਾਲ ਕੀਤੀ ਤੂੰ ਆਪਣੀ ਤਲਵਾਰ ਇਸਰਾਏਲ ਦੇ ਵਿਰੁੱਧ ਉਨ੍ਹਾਂ ਦੇ ਮੁਸੀਬਤ ਵੇਲੇ। ਉਨ੍ਹਾਂ ਦੀ ਆਖਰੀ ਸਜ਼ਾ ਵੇਲੇ।"'
6 ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, "ਆਪਣੇ ਜੀਵਨ ਨੂੰ ਸਾਖੀ ਰੱਖ ਕੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਮੌਤ ਦੇ ਹਵਾਲੇ ਕਰ ਦਿਆਂਗਾ। ਮੌਤ ਤੈਨੂੰ ਭਜਾਵੇਗੀ। ਤੂੰ ਲੋਕਾਂ ਨੂੰ ਮਾਰਨ ਤੋਂ ਨਫ਼ਰਤ ਨਹੀਂ ਕੀਤੀ। ਇਸ ਲਈ ਮੌਤ ਤੈਨੂੰ ਭਜਾਵੇਗੀ।
7 ਅਤੇ ਮੈਂ ਸ਼ਈਰ ਪਰਬਤ ਨੂੰ ਇੱਕ ਵੀਰਾਨ ਖੰਡਰ ਬਣਾ ਦਿਆਂਗਾ। ਮੈਂ ਉਸ ਸ਼ਹਿਰ ਵਿੱਚੋਂ ਆਉਣ ਵਾਲੇ ਹਰ ਬੰਦੇ ਨੂੰ ਮਾਰ ਦਿਆਂਗਾ। ਅਤੇ ਮੈਂ ਹਰ ਓਸ ਬੰਦੇ ਨੂੰ ਮਾਰ ਦਿਆਂਗਾ ਜਿਹੜਾ ਉਸ ਸ਼ਹਿਰ ਵਿੱਚ ਜਾਣ ਦੀ ਕੋਸ਼ਿਸ਼ ਕਰੇਗਾ।
8 ਮੈਂ ਇਸਦੇ ਪਰਬਤਾਂ ਨੂੰ ਲਾਸ਼ਾਂ ਨਾਲ ਢਕ੍ਕ ਦਿਆਂਗਾ। ਉਹ ਲਾਸ਼ਾਂ ਤੇਰੀਆਂ ਸਾਰੀਆਂ ਪਹਾੜੀਆਂ, ਵਾਦੀਆਂ ਤੇ ਤੇਰੀਆਂ ਸਾਰੀਆਂ ਘਾਟੀਆਂ ਵਿੱਚ ਹੋਣਗੀਆਂ।
9 ਮੈਂ ਤੈਨੂੰ ਹਮੇਸ਼ਾ ਲਈ ਵੀਰਾਨ ਕਰ ਦਿਆਂਗਾ। ਕੋਈ ਵੀ ਤੇਰੇ ਸ਼ਹਿਰਾਂ ਵਿੱਚ ਨਹੀਂ ਰਹੇਗਾ। ਫ਼ੇਰ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।"
10 ਤੂੰ ਆਖਿਆ ਸੀ, "ਇਹ ਦੋ ਕੌਮਾਂ ਅਤੇ ਦੇਸ਼ ਮੇਰੇ ਹੋਣਗੇ। ਅਸੀਂ ਉਨ੍ਹਾਂ ਨੂੰ ਆਪਣੀ ਖਾਤਰ ਲਵਾਂਗੇ।"ਪਰ ਯਹੋਵਾਹ ਇੱਥੇ ਹੈ!
11 ਅਤੇ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, "ਤੁਸੀਂ ਮੇਰੇ ਲੋਕਾਂ ਨਾਲ ਈਰਖਾ ਕੀਤੀ। ਤੁਸੀਂ ਉਨ੍ਹਾਂ ਉੱਤੇ ਗੁੱਸਾ ਕੀਤਾ ਅਤੇ ਕਿਉਂ ਕਿ ਤੁਸੀਂ ਉਨ੍ਹਾਂ ਨਾਲ ਨਫ਼ਰਤ ਕੀਤੀ। ਇਸ ਲਈ ਮੈਂ ਆਪਣੇ ਜੀਵਨ ਨੂੰ ਸਾਖੀ ਰੱਖਕੇ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਨੂੰ ਓਸੇ ਤਰ੍ਹਾਂ ਸਜ਼ਾ ਦੇਵਾਂਗਾ ਜਿਵੇਂ ਤੁਸੀਂ ਉਨ੍ਹਾਂ ਨੂੰ ਨੁਕਸਾਨ ਪੁਚਾਇਆ ਸੀ! ਮੈਂ ਤੁਹਾਨੂੰ ਸਜ਼ਾ ਦੇਵਾਂਗਾ ਅਤੇ ਆਪਣੇ ਲੋਕਾਂ ਨੂੰ ਇਹ ਜਾਣ ਲੈਣ ਦਿਆਂਗਾ ਕਿ ਮੈਂ ਉਨ੍ਹਾਂ ਦੇ ਨਾਲ ਹਾਂ।
12 ਅਤੇ ਫ਼ੇਰ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਮੈਂ ਤੁਹਾਡੀਆਂ ਸਾਰੀਆਂ ਬੇਇੱਜ਼ਤੀਆਂ ਬਾਰੇ ਸੁਣ ਲਿਆ ਹੈ। ਤੁਸੀਂ ਇਸਰਾਏਲ ਦੇ ਪਰਬਤ ਦੇ ਵਿਰੁੱਧ ਬਹੁਤ ਮੰਦਾ ਬੋਲਿਆ ਹੈ। ਤੁਸੀਂ ਆਖਿਆ ਸੀ, 'ਇਸਰਾਏਲ ਤਬਾਹ ਹੋ ਗਿਆ ਹੈ! ਅਸੀਂ ਉਨ੍ਹਾਂ ਨੂੰ ਭੋਜਨ ਵਾਂਗ ਚਬਾ ਜਾਵਾਂਗੇ!'
13 ਅਤੇ ਤੁਸੀਂ ਗੁਮਾਨੀ ਸੀ ਅਤੇ ਮੇਰੇ ਖਿਲਾਫ਼ ਗੱਲਾਂ ਕੀਤੀਆਂ ਸਨ। ਤੁਸੀਂ ਬਹੁਤ ਜ਼ਿਆਦਾ ਵਾਰੀ ਬੋਲੇ ਸੀ ਅਤੇ ਮੈਂ ਤੁਹਾਡਾ ਆਖਿਆ ਹਰ ਸ਼ਬਦ ਸੁਣ ਲਿਆ ਹੈ! ਹਾਂ, ਮੈਂ ਤੁਹਾਨੂੰ ਸੁਣ ਲਿਆ ਸੀ।"
14 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਸਾਰੀ ਧਰਤੀ ਉਦੋਂ ਪ੍ਰਸੰਨ ਹੋਵੇਗੀ ਜਦੋਂ ਮੈਂ ਤੁਹਾਨੂੰ ਤਬਾਹ ਕਰਾਂਗਾ।
15 ਤੁਸੀਂ ਖੁਸ਼ ਹੋਏ ਸੀ ਜਦੋਂ ਇਸਰਾਏਲ ਦਾ ਦੇਸ਼ ਤਬਾਹ ਹੋਇਆ ਸੀ। ਮੈਂ ਤੁਹਾਡੇ ਨਾਲ ਵੀ ਓਸੇ ਤਰ੍ਹਾਂ ਦਾ ਸਲੂਕ ਕਰਾਂਗਾ। ਸ਼ਈਰ ਪਰਬਤ ਅਤੇ ਅਦੋਮ ਦਾ ਪੂਰਾ ਦੇਸ ਤਬਾਹ ਹੋ ਜਾਵੇਗਾ। ਫ਼ੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।"