ਅਮਸਾਲ
ਕਾਂਡ 5
1 ਮੇਰੇ ਬੇਟੇ, ਮੇਰੀ ਸਿਆਣਪ ਵੱਲ ਧਿਆਨ ਦਿਓ। ਮੇਰੇ ਸਮਝਦਾਰੀ ਦੇ ਸ਼ਬਦਾਂ ਤੂੰ ਧਿਆਨ ਨਾਲ ਸੁਣੋ।
2 ਤਾਂ ਜੋ ਤੁਸੀਂ ਵਿਵੇਕ ਨੂੰ ਕਾਇਮ ਰੱਖ ਸਕੋਁ ਅਤੇ ਤਾਂ ਜੋ ਤੁਸੀ ਸਮਝਦਾਰੀ ਨਾਲ ਬੋਲ ਸਕੋਁ।
3 ਇੱਕ ਵਿਦੇਸ਼ੀ ਔਰਤ ਆਪਣੇ ਬੁਲ੍ਹਾਂ ਵਿੱਚੋਂ ਚੋਁਦੇ ਸ਼ਹਿਦ ਵਾਂਗ ਬਹੁਤ ਮਿੱਠਾ ਬੋਲਦੀ ਹੈ, ਉਸਦਾ ਮੂੰਹ ਤੇਲ ਨਾਲੋਂ ਵੀ ਚੀਕਣਾ ਹੈ।
4 ਪਰ ਅਖੀਰ ਵਿੱਚ, ਉਹ ਕੁੜਤਨ ਅਤੇ ਦੁੱਖ ਹੀ ਪ੍ਰਦਾਨ ਕਰੇਗੀ। ਇਹ ਕੌੜੀ ਜ਼ਹਿਰ ਅਤੇ ਤਿੱਖੀ ਤਲਵਾਰ ਵਰਗੀ ਗੱਲ ਹੋਵੇਗੀ!
5 ਉਸ ਦੇ ਪੈਰ ਮੌਤ ਵੱਲ ਜਾ ਰਹੇ ਹਨ। ਉਸਦੀਆਂ ਪੈਁੜਾ ਕਬਰ ਵੱਲ ਅਗਵਾਈ ਕਰ ਰਹੀਆਂ ਹਨ।
6 ਉਸਦੇ ਪਿੱਛੇ ਨਾ ਲੱਗੋ! ਉਸਨੇ ਸਹੀ ਰਾਹ ਛੱਡ ਦਿੱਤਾ ਹੈ ਅਤੇ ਇਸ ਬਾਰੇ ਜਾਣਦੀ ਵੀ ਨਹੀਂ! ਸਾਵਧਾਨ ਰਹੋ! ਉਸ ਰਾਹ ਪਵੋ ਜਿਹੜਾ ਜੀਵਨ ਵੱਲ ਲੈ ਜਾਂਦਾ ਹੈ।
7 ਅਤੇ ਹੁਣ ਪੁੱਤਰੋ, ਮੇਰੀ ਗੱਲ ਸੁਣੋ। ਜਿਹੜੇ ਸ਼ਬਦ ਮੈਂ ਬੋਲਦਾ ਹਾਂ ਉਨ੍ਹਾਂ ਨੂੰ ਭੁੱਲਣਾ ਨਹੀਂ।
8 ਉਸ ਰਾਹ ਤੋਂ ਦੂਰ ਰਹੋ ਜਿਸ ਤੋਂ ਦੀ ਉਹ ਜਾਂਦੀ ਹੈ, ਉਸਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਆਓ।
9 ਨਹੀਁ ਤਾਂ ਤੁਸੀਂ ਆਪਣਾ ਸਤਿਕਾਰ ਕਿਸੇ ਹੋਰ ਨੂੰ ਅਤੇ ਆਪਣੀ ਜ਼ਿੰਦਗੀ ਕਿਸੇ ਜ਼ੁਲਮੀ ਨੂੰ ਦੇ ਦੇਵੋਂਗੇ।
10 ਅਤੇ ਅਜਨਬੀ ਤੁਹਾਡੀ ਦੌਲਤ ਖਰਚਣਗੇ ਅਤੇ ਤੁਹਾਡੀ ਸਖਤ ਮਿਹਨਤ ਦਾ ਫ਼ਲ ਕਿਸੇ ਅਜਨਬੀ ਦੇ ਟੱਬਰ ਦੁਆਰਾ ਮਾਣਿਆ ਜਾਵੇਗਾ।
11 ਜਿਵੇਂ ਹੀ ਤੁਹਾਡੇ ਜੀਵਨ ਦਾ ਅੰਤ ਆਵੇਗਾ ਤੁਸੀਂ ਕਰਾਹੋਁਗੇ, ਜਦੋਂ ਤੁਹਾਡਾ ਸ਼ਰੀਰ ਤਬਾਹ ਹੋ ਜਾਵੇਗਾ।
12 ਫ਼ੇਰ ਤੁਸੀਂ ਆਖੋਁਗੇ, "ਜਿਵੇਂ ਮੈਂ ਅਨੁਸ਼ਾਸਿਤ ਹੋਣ ਨੂੰ ਨਫ਼ਰਤ ਕੀਤੀ: ਜਿਵੇਂ ਮੈਂ ਝਿੜਕੇ ਜਾਣ ਨੂੰ ਤਿਰਸਕਾਰਿਆ
13 ਮੈਂ ਆਪਣੇ ਮਾਲਕਾਂ ਦੀ ਆਵਾਜ਼ ਨਹੀਂ ਸੁਣੀ ਅਤੇ ਮੇਰੇ ਉਸਤਾਦਾਂ ਵੱਲ ਧਿਆਨ ਨਹੀਂ ਦਿੱਤਾ।
14 ਹੁਣ ਮੈਂ ਲਗਭਗ ਪੂਰੀ ਤਰ੍ਹਾਂ, ਸਾਰੀ ਦੁਨੀਆਂ ਦੇ ਸਾਮ੍ਹਣੇ ਤਬਾਹ ਹੋ ਚੁਕਿਆ ਹ੍ਹਾਂ।"
15 ਆਪਣੇ ਹੀ ਟੋਏ ਦਾ ਪਾਣੀ ਪੀਓ। ਅਤੇ ਆਪਣੇ ਪਾਣੀ ਨੂੰ ਗਲੀਆਂ ਵਿੱਚ ਨਾ ਵਗਣ ਦਿਓ।
16 ਤੁਹਾਨੂੰ ਸਿਰਫ਼ ਆਪਣੀ ਹੀ ਪਤਨੀ ਨਾਲ ਜਿਨਸੀ ਸੰਬੰਧ ਰੱਖਣੇ ਚਾਹੀਦੇ ਹਨ। ਆਪਣੇ ਘਰ ਤੋਂ ਬਾਹਰ ਦੇ ਬੱਚਿਆਂ ਦੇ ਪਿਓ ਨਾ ਬਣੋ।
17 ਤੁਹਾਡੇ ਬੱਚੇ ਸਿਰਫ਼ ਤੁਹਾਡੇ ਹੀ ਹੋਣੇ ਚਾਹੀਦੇ ਹਨ। ਤੁਹਾਨੂੰ ਆਪਣੇ ਘਰ ਤੋਂ ਬਾਹਰਲੇ ਲੋਕਾਂ ਨਾਲ ਉਨ੍ਹਾਂ ਨੂੰ ਸਾਂਝਾ ਨਹੀਂ ਕਰਨਾ ਚਾਹੀਦਾ।
18 ਤੁਹਾਡੀ ਪਤਨੀ ਅਸੀਸਮਈ ਹੋਵੇ ਉਸ ਪਤਨੀ ਵਿੱਚ ਆਨੰਦ ਮਾਣੋ ਜਿਸ ਨਾਲ ਤੁਸੀਂ ਜਦੋਂ ਜਵਾਨ ਸੀ ਵਿਆਹ ਕੀਤਾ ਸੀ।
19 ਉਹ ਖੂਬਸੂਰਤ ਹਿਰਣੀ ਵਰਗੀ ਹੈ, ਇੱਕ ਪਿਆਰੀ ਹਰਨੋਟੀ ਵਰਗੀ। ਉਸਦੀਆਂ ਛਾਤੀਆਂ ਨੂੰ ਤੁਹਾਨੂੰ ਸੰਤੁਸ਼ਟ ਕਰਨ ਦਿਓ ਅਤੇ ਉਸਦਾ ਪਿਆਰ ਤੁਹਾਨੂੰ ਹਮੇਸ਼ਾ ਮਦਮਸਤ ਕਰੇ!
20 ਮੇਰੇ ਪੁੱਤਰ, ਤੁਸੀਂ ਕਿਸੇ ਵਿਦੇਸ਼ੀ ਔਰਤ ਨਾਲ ਭੁੱਲ ਵਿੱਚ ਕਿਉਂ ਪਵੋਁ? ਤੁਸੀਂ ਕਿਸੇ ਵਿਦੇਸ਼ੀ ਔਰਤ ਨੂੰ ਗਲ ਕਿਉਂ ਲਾਵੋਁ?
21 ਯਹੋਵਾਹ ਵਿਅਕਤੀ ਦੇ ਹਰ ਕਦਮ ਨੂੰ ਵੇਖਦਾ ਅਤੇ ਵਿਅਕਤੀ ਦੇ ਸਾਰੇ ਅਮਲਾਂ ਨੂੰ ਤੋਲਦਾ ਹੈ।
22 ਬੁਰੇ ਬੰਦੇ ਦੀਆਂ ਕਰਨੀਆਂ ਉਸਨੂੰ ਫ਼ਸਾ ਲੈਂਦੀਆਂ ਹਨ, ਉਹ ਆਪਣੇ ਪਾਪਾਂ ਨਾਲ ਬੰਨ੍ਹਿਆ ਜਾਂਦਾ ਹੈ ਜਿਵੇਂ ਇੱਕ ਰਸੀ ਨਾਲ ਬੰਨ੍ਹਿਆ ਗਿਆ ਹੋਵੇ।
23 ਬਦ ਆਦਮੀ ਆਪਣੀ ਅਨੁਸ਼ਾਸਨਹੀਨਤਾ ਕਾਰਣ ਮਰ ਜਾਂਦਾ ਹੈ, ਉਸ ਦੀ ਬੇਵਕੂਫ਼ੀ ਉਸ ਨੂੰ ਗੁਮਰਾਹ ਕਰ ਦਿੰਦੀ ਹੈ।