੨ ਸਲਾਤੀਨ

1 2 3 4 5 6 7 8 9 10 11 12 13 14 15 16 17 18 19 20 21 22 23 24 25

ਕਾਂਡ 9

1 ਅਲੀਸ਼ਾ ਨਬੀ ਨੇ ਨਬੀਆਂ ਦੇ ਟੋਲੇ ਵਿੱਚੋਂ ਇੱਕ ਨੂੰ ਸੱਦ ਕੇ ਉਸਨੂੰ ਆਖਿਆ, "ਆਪਣਾ ਆਪ ਕਸ੍ਸ ਅਤੇ ਤੇਲ ਦੀ ਇੱਕ ਕੁਪੀ ਆਪਣੇ ਹੱਥ ਵਿੱਚ ਲੈ ਅਤੇ ਰਾਮੋਬ-ਗਿਲਆਦ ਵਿੱਚ ਜਾਹ।
2 ਜਦ ਤੂੰ ਉੱਥੇ ਜਾਵੇਂ ਤਾਂ ਨਿਮਸ਼ੀ ਦੇ ਪੋਤਰੇ, ਯਹੋਸ਼ਾਫ਼ਾਟ ਦੇ ਪੁੱਤਰ ਯੇਹੂ ਨੂੰ ਲੱਭੀ। ਫ਼ਿਰ ਤੂੰ ਅੰਦਰ ਜਾਕੇ ਉਸਨੂੰ ਉਸਦੇ ਭਰਾਵਾਂ ਵਿੱਚੋਂ ਉਠਾਕੇ ਅੰਦਰਲੀ ਕੋਠੜੀ ਵਿੱਚ ਲੈ ਜਾਵੀਂ।
3 ਫ਼ਿਰ ਤੇਲ ਦੀ ਕੁਪੀ ਲੈਕੇ ਉਸਦੇ ਸਿਰ ਤੇ ਰੋੜ ਦੇਵੀਂ ਅਤੇ ਆਖੀਂ ਕਿ ਯਹੋਵਾਹ ਇਵੇਂ ਫ਼ਰਮਾਉਂਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ ਹੈ। ਫ਼ਿਰ ਤੂੰ ਬੂਹਾ ਖੋਲ੍ਹ ਕੇ ਨੱਸ ਆਵੀ, ਉੱਥੇ ਰੁਕੀ ਨਾ।"
4 ਸੋ ਇਹ ਜੁਆਨ ਨਬੀ ਰਾਮੋਬ-ਗਿਲਆਦ ਨੂੰ ਗਿਆ।
5 ਜਦੋਂ ਨੌਜੁਆਨ ਉੱਥੇ ਪਹੁੰਚਿਆ ਤਾਂ ਉਸਨੇ ਉੱਥੇ ਸੈਨਾ ਦੇ ਕਪਤਾਨਾਂ ਨੂੰ ਬੈਠੇ ਹੋਏ ਵੇਖਿਆ। ਤਾਂ ਉਸ ਨੌਜੁਆਨ ਨੇ ਆਖਿਆ, "ਹੇ ਕਪਤਾਨ! ਮੈਂ ਤੇਰੇ ਲਈ ਇੱਕ ਸੁਨਿਹਾ ਲੈਕੇ ਆਇਆ ਹਾਂ।"ਯੇਹੂ ਬੋਲਿਆ "ਅਸੀਂ ਸਾਰੇ ਹੀ ਇੱਥੇ ਬੈਠੇ ਹਾਂ, ਸਾਡੇ ਸਾਰਿਆਂ ਵਿੱਚੋਂ ਕਿਸ ਲਈ ਸੁਨਿਹਾ ਲੈਕੇ ਤੂੰ ਆਇਆ ਹੈਂ?"ਉਸ ਨੌਜੁਆਨ ਨੇ ਕਿਹਾ, "ਸੰਦੇਸ਼ ਹੇ ਕਪਤਾਨ! ਤੇਰੇ ਲਈ ਹੀ ਹੈ।"
6 ਤੱਦ ਯੇਹੂ ਉੱਠਕੇ ਘਰ ਅੰਦਰ ਗਿਆ ਤੱਦ ਨੌਜੁਆਨ ਨਬੀ ਨੇ ਯੇਹੂ ਦੇ ਸਿਰ ਤੇ ਤੇਲ ਰੋਢ਼ ਦਿੱਤਾ ਅਤੇ ਉਸਨੂੰ ਆਖਿਆ, "ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਉਂ ਫ਼ਰਮਾਉਂਦਾ ਹੈ, 'ਮੈਂ ਤੈਨੂੰ ਯਹੋਵਾਹ ਦੇ ਲੋਕਾਂ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ ਹੈ।
7 ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਮਾਰ ਸੁੱਟੀ। ਇਸ ਤਰੀਕੇ ਮੈਂ ਈਜ਼ਬਲ ਤੋਂ ਆਪਣੇ ਸੇਵਕਾਂ ਦੀ ਮੌਤ, ਨਬੀਆਂ ਦੀ ਅਤੇ ਹੋਰ ਯਹੋਵਾਹ ਦੇ ਸੇਵਕਾਂ ਦੀ ਜੋ ਕਤਲ ਹੋਏ ਬਦਲਾ ਲਵਾਂਗਾ।
8 ਇਉਂ ਅਹਾਬ ਦੇ ਸਾਰੇ ਘਰਾਣੇ ਦਾ ਨਾਸ ਹੋਵੇਗਾ। ਮੈਂ ਉਸਦੇ ਘਰਾਣੇ 'ਚੋ ਇੱਕ ਵੀ ਮੁੰਡੇ ਨੂੰ ਜਿਉਂਦਾ ਨਾ ਛੱਡਾਂਗਾ।
9 ਮੈਂ ਅਹਾਬ ਦੇ ਘਰ ਨੂੰ ਨਬਾਟ ਦੇ ਪੁੱਤਰ, ਯਾਰਾਬੁਆਮ ਦੇ ਘਰ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਾਂਗ ਕਰ ਦੇਵਾਂਗਾ।
10 ਈਜ਼ਬਲ ਨੂੰ ਦਫ਼ਨਾਇਆ ਨਹੀਂ ਜਾਵੇਗਾ ਸਗੋਂ ਉਸਦੀ ਲਾਸ਼ ਨੂੰ ਯਿਜ਼ਰੇਲ ਵਿੱਚ ਕੁੱਤੇ ਖਾਣਗੇ।"ਫ਼ੇਰ ਉਹ ਨੌਜੁਆਨ ਨਬੀ ਦਰਵਾਜ਼ਾ ਖੋਲ੍ਹਕੇ ਭੱਜ ਗਿਆ।ਸੇਵਕਾਂ ਨੇ ਯੇਹੂ ਨੂੰ ਪਾਤਸ਼ਾਹ ਠਹਿਰਾਇਆ
11 ਫ਼ਿਰ ਯੇਹੂ ਆਪਣੇ ਪਾਤਸ਼ਾਹ ਦੇ ਅਫ਼ਸਰਾਂ ਕੋਲ ਵਾਪਿਸ ਗਿਆ। ਉਨ੍ਹਾਂ ਵਿੱਚੋਂ ਇੱਕ ਨੇ ਯੇਹੂ ਨੂੰ ਪੁਛਿਆ, "ਕੀ ਸਭ ਕੁਝ ਠੀਕ-ਠਾਕ ਹੈ? ਇਹ ਕਮਲਾ ਆਦਮੀ ਤੇਰੇ ਕੋਲ ਕਿਉਂ ਆਇਆ ਸੀ?"
12 ਅਫ਼ਸਰਾਂ ਨੇ ਕਿਹਾ, "ਨਹੀਂ! ਸਾਨੂੰ ਸੱਚ ਦੱਸ ਕਿ ਉਸ ਨੇ ਕੀ ਆਖਿਆ ਹੈ?" ਤਾਂ ਯੇਹੂ ਨੇ ਉਹ ਸਭ ਗੱਲਾਂ ਜੋ ਨੌਜੁਆਨ ਨਬੀ ਨੇ ਕਰੀਆਂ ਸਨ ਉਹ ਉਨ੍ਹਾਂ ਅਫ਼ਸਰਾਂ ਨੂੰ ਦਸੀਆਂ ਅਤੇ ਕਿਹਾ, "ਯਹੋਵਾਹ ਨੇ ਇਹ ਆਖਿਆ ਸੀ ਕਿ ਮੈਂ ਤੈਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ ਹੈ।"
13 ਤੱਦ ਉਨ੍ਹਾਂ ਸਭਨਾਂ ਨੇ ਛੇਤੀ ਕੀਤੀ ਅਤੇ ਹਰੇਕ ਮਨੁੱਖ ਨੇ ਆਪਣੇ ਕੱਪੜੇ ਲੈਕੇ ਉਸਦੇ ਹੇਠਾਂ ਉਨ੍ਹਾਂ ਹੀ ਪੌੜੀਆਂ ਉੱਪਰ ਵਿਛਾਏ ਅਤੇ ਤੂਰ੍ਹੀ ਵਜਾਕੇ ਇਹ ਐਲਾਨ ਕੀਤਾ ਕਿ ਯੇਹੂ ਪਾਤਸ਼ਾਹ ਹੈ।
14 ਇਉਂ ਨਿਮਸ਼ੀ ਦੇ ਪੋਤਰੇ ਯਹੋਸ਼ਾਫ਼ਾਟ ਦੇ ਪੁੱਤਰ ਯੇਹੂ ਨੇ ਯੋਰਾਮ ਦੇ ਵਿਰੁੱਧ ਮਤਾ ਪਕਾਇਆ।ਉਸ ਵਕਤ ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਕਾਰਣ ਯੋਰਾਮ ਸਾਰੇ ਇਸਰਾਏਲ ਸਮੇਤ ਰਾਮੋਬ-ਗਿਲਆਦ ਦੀ ਦੇਖਭਾਲ ਕਰਦਾ ਸੀ।
15 ਯੋਰਾਮ ਪਾਤਸ਼ਾਹ, ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਵਿਰੁੱਧ ਲੜਿਆ। ਪਰ ਅਰਾਮੀਆਂ ਨੇ ਯੋਰਾਮ ਪਾਤਸ਼ਾਹ ਨੂੰ ਫ਼ੱਟੜ ਕੀਤਾ, ਇਸ ਲਈ ਉਹ ਉਨ੍ਹਾਂ ਜ਼ਖਮਾਂ ਤੋਂ ਰਾਹਤ ਪਾਉਣ ਲਈ ਤੇ ਠੀਕ ਹੋਣ ਲਈ ਯਿਜ਼ਰੇਲ ਮੁੜ ਗਿਆ ਸੀ।ਇਸ ਲਈ ਯੇਹੂ ਨੇ 'ਅਫ਼ਸਰਾਂ' ਨੂੰ ਕਿਹਾ, "ਜੇਕਰ ਤੁਸੀਂ ਮੰਨਦੇ ਹੋ ਕਿ ਮੈਂ ਹੀ ਨਵਾਂ ਪਾਤਸ਼ਾਹ ਹਾਂ, ਤਾਂ ਕਿਸੇ ਨੂੰ ਵੀ ਸ਼ਹਿਰ ਵਿੱਚੋਂ ਬਾਹਰ ਜਾਕੇ ਯਿਜ਼ਰਾਏਲ ਨੂੰ ਇਹ ਖਬਰ ਨਾ ਦੇਣ ਦਿਓ।"
16 ਯੋਰਾਮ ਯਿਜ਼ਰੇਲ ਵਿੱਚ ਅਰਾਮ ਕਰ ਰਿਹਾ ਸੀ, ਤਾਂ ਯੇਹੂ ਰੱਥ ਉੱਤੇ ਚੜ ਕੇ ਯਿਜ਼ਰੇਲ ਨੂੰ ਗਿਆ। ਯਹੂਦਾਹ ਦਾ ਪਾਤਸ਼ਾਹ ਅਹਜ਼ਯਾਹ ਵੀ ਯੋਰਾਮ ਨੂੰ ਮਿਲਣ ਲਈ ਉੱਥੇ ਆਇਆ ਹੋਇਆ ਸੀ।
17 ਯਿਜ਼ਰੇਲ ਵਿੱਚ ਬੁਰਜ ਉੱਪਰ ਇੱਕ ਦਰਬਾਨ ਪਹਿਰੇ ਤੇ ਖੜਾ ਸੀ ਉਸਨੇ ਯੇਹੂ ਨਾਲ ਲੋਕਾਂ ਦਾ ਇੱਕ ਵੱਡਾ ਟੋਲਾ ਆਉਂਦਾ ਵੇਖਿਆਂ ਤਾਂ ਆਖਿਆ, "ਮੈਨੂੰ ਲੋਕਾਂ ਦਾ ਇੱਕ ਵੱਡਾ ਟੋਲਾ ਆਉਂਦਾ ਦਿਖਾਈ ਦੇ ਰਿਹਾ ਹੈ।"ਯੋਰਾਮ ਨੇ ਕਿਹਾ, "ਕਿਸੇ ਨੂੰ ਘੋੜੇ ਤੇ ਉਨ੍ਹਾਂ ਨੂੰ ਮਿਲਣ ਲਈ ਅਤੇ ਪੁੱਛਣ ਲਈ ਭੇਜ ਕਿ ਜੇਕਰ ਉਹ ਸ਼ਾਂਤੀ ਲਈ ਆਏ ਹਨ?"
18 ਸੋ ਇੱਕ ਘੁੜਸਵਾਰ ਉਸਨੂੰ ਮਿਲਣ ਲਈ ਗਿਆ। ਸੰਦੇਸ਼ਵਾਹਕ ਨੇ ਕਿਹਾ, "ਯੋਰਾਮ ਪਾਤਸ਼ਾਹ ਪੁੱਛਦਾ ਹੈ ਸਭ ਸੁੱਖ ਤਾਂ ਹੈ?"ਯੇਹੂ ਨੇ ਕਿਹਾ, "ਤੈਨੂੰ ਸ਼ਾਂਤੀ ਨਾਲ ਕੀ? ਮੇਰੇ ਪਿੱਛੇ ਚੱਲਦਾ ਆ।"ਦਰਬਾਨ ਨੇ ਯੋਰਾਮ ਨੂੰ ਕਿਹਾ, "ਸੰਦੇਸ਼ਵਾਹਕ ਉਸ ਜੱਥੇ ਕੋਲ ਤਾਂ ਗਿਆ ਸੀ ਪਰ ਅਜੇ ਤੀਕ ਮੁੜਿਆ ਨਹੀਂ।"
19 ਤੱਦ ਯੋਰਾਮ ਨੇ ਦੂਜੇ ਸੰਦੇਸ਼ਵਾਹਕ ਨੂੰ ਘੋੜੇ ਤੇ ਭੇਜਿਆ ਅਤੇ ਇਹ ਆਦਮੀ ਯੇਹੂ ਦੇ ਜੱਥੇ ਕੋਲ ਪਹੁੰਚਿਆ ਅਤੇ ਆਖਣ ਲੱਗਾ, "ਪਾਤਸ਼ਾਹ ਯੋਰਾਮ ਪੁੱਛਦਾ ਹੈ ਕਿ ਸ਼ਾਂਤੀ ਤਾਂ ਹੈ?"ਯੇਹੂ ਨੇ ਆਖਿਆ, "ਤੈਨੂੰ ਸ਼ਾਂਤੀ ਨਾਲ ਕੀ, ਚੱਲ ਮੇਰੇ ਪਿੱਛੇ ਚੱਲ ਪੈ।"
20 ਦਰਬਾਨ ਨੇ ਯੋਰਾਮ ਨੂੰ ਕਿਹਾ, "ਦੂਜਾ ਆਦਮੀ ਵੀ ਉਸ ਜੱਥੇ ਵੱਲ ਗਿਆ ਸੀ, ਪਰ ਅਜੇ ਤੀਕ ਮੁੜਿਆ ਨਹੀਂ। ਇੱਕ ਆਦਮੀ ਕਮਲਿਆਂ ਵਾਂਗ ਰੱਥ ਚਲਾਉਂਦਾ ਆ ਰਿਹਾ ਹੈ ਅਤੇ ਉਹ ਨਿਮਸ਼ੀ ਦੇ ਪੁੱਤਰ ਯੇਹੂ ਵਾਂਗ ਚਲਾਉਂਦਾ ਨਜ਼ਰ ਆ ਰਿਹਾ ਹੈ।"
21 ਯੋਰਾਮ ਨੇ ਆਖਿਆ, "ਮੇਰਾ ਰੱਥ ਤਿਆਰ ਕਰ!"ਤਾਂ ਸੇਵਕ ਨੇ ਉਸਦਾ ਰੱਥ ਤਿਆਰ ਕੀਤਾ। ਤੱਦ ਇਸਰਾਏਲ ਦਾ ਪਾਤਸ਼ਾਹ ਯੋਰਾਮ ਅਤੇ ਯਹੂਦਾਹ ਦਾ ਪਾਤਸ਼ਾਹ ਅਹਜ਼ਯਾਹ ਆਪਣੇ-ਆਪਣੇ ਰੱਥ ਉੱਪਰ ਨਿਕਲੇ ਅਤੇ ਯੇਹੂ ਨੂੰ ਮਿਲਣ ਲਈ ਗਏ। ਉਨ੍ਹਾਂ ਨੂੰ ਯੇਹੂ ਨੂੰ ਯਿਜ਼ਰੇਲੀ ਨਬੋਬ ਦੀ ਜ਼ਮੀਨ ਉੱਪਰ ਲੱਭ ਲਿਆ।
22 ਯੋਰਾਮ ਨੇ ਯੇਹੂ ਨੂੰ ਵੇਖਿਆ ਤਾਂ ਪੁਛਿਆ, "ਯੇਹੂ, ਕੀ ਤੂੰ ਸੁੱਖ-ਸ਼ਾਂਤੀ ਵਿੱਚ ਆਇਆ ਹੈਂ?"ਯੇਹੂ ਨੇ ਆਖਿਆ, "ਜਦੋਂ ਤੇਰੀ ਮਾਂ ਈਜ਼ਬਲ ਦੀਆਂ ਵੇਸ਼ਵਾਗਿਰੀ ਅਤੇ ਜਾਦੂਗਰੀਆਂ ਇੰਨੀਆਂ ਵਧੀਆਂ ਹੋਣ ਤਾਂ ਸ਼ਾਂਤੀ ਕੈਸੀ?"
23 ਤੱਦ ਯੋਰਾਮ ਨੇ ਉਥੋਂ ਭੱਜਣ ਲਈ ਆਪਣੇ ਘੋੜੇ ਦੀਆਂ ਵਾਗਾਂ ਮੋੜੀਆਂ ਅਤੇ ਅਹਜ਼ਯਾਹ ਨੂੰ ਆਖਿਆ, "ਅਹਜ਼ਯਾਹ! ਵਿਸ਼ਵਾਸ ਘਾਤ ਹੈ।"
24 ਪਰ ਯੇਹੂ ਨੇ ਆਪਣੇ ਧਣੁਸ਼ ਜ਼ੋਰ ਨਾਲ ਖਿਚਿਆ ਅਤੇ ਯੋਰਾਮ ਦੇ ਮੋਢਿਆਂ ਵਿਚਕਾਰ ਮਾਰਿਆ। ਤੀਰ ਯੋਰਾਮ ਦੇ ਦਿਲ ਨੂੰ ਵਿਂਨ੍ਹ ਕੇ ਨਿਕਲਿਆ ਅਤੇ ਯੋਰਾਮ ਆਪਣੇ ਰੱਥ ਤੇ ਹੀ ਢਹਿ-ਢੇਰੀ ਹੋ ਗਿਆ।
25 ਯੇਹੂ ਨੇ ਆਪਣੇ ਇੱਕ ਰੱਥ ਚਾਲਕ ਬਿਦਕਰ ਨੂੰ ਆਖਿਆ, "ਯੋਰਾਮ ਦੀ ਲੋਬ ਨੂੰ ਚੁਕ ਕੇ ਨਬੋਬ ਯਿਜ਼ਰੇਲੀ ਦੇ ਖੇਤ ਵਿੱਚ ਸੁੱਟ ਦੇ। ਯਾਦ ਕਰ, ਜਦੋਂ ਆਪਾਂ ਦੋਵੇਂ ਉਸਦੇ ਪਿਤਾ ਅਹਾਬ ਦੇ ਪਿੱਛੇ ਸਵਾਰ ਹੋਏ ਸਾਂ ਤਾਂ ਯਹੋਵਾਹ ਨੇ ਉਸਦੇ ਖਿਲਾਫ਼ ਇਸੇ ਨਿਆਂ ਦਾ ਹੁਕਮ ਲਗਾਇਆ ਸੀ।
26 ਯਹੋਵਾਹ ਨੇ ਆਖਿਆ, 'ਕੱਲ ਹੀ ਮੈਂ ਨਬੋਬ ਅਤੇ ਉਸਦੇ ਪੁੱਤਰ ਦਾ ਲਹੂ ਵੇਖਿਆ ਹੈ, ਇਸ ਲਈ ਮੈਂ ਅਹਾਬ ਨੂੰ ਇਸੇ ਖੇਤ ਵਿੱਚ ਦੰਡ ਦੇਵਾਂਗਾ।' ਇਹ ਯਹੋਵਾਹ ਦੇ ਬਚਨ ਸਨ। ਇਸ ਲਈ, ਯੋਰਾਮ ਦੀ ਲਾਸ਼ ਚੁੱਕ ਅਤੇ ਯਹੋਵਾਹ ਦੇ ਕਹੇ ਅਨੁਸਾਰ ਇਸਨੂੰ ਉਸੇ ਖੇਤ ਵਿੱਚ ਸੁੱਟ ਦੇ!"
27 ਜਦ ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਨੇ ਇਹ ਵੇਖਿਆ ਤਾਂ ਉਸਨੇ ਬਰਾਂਦਰੀ ਦੇ ਰਸਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਯੇਹੂ ਨੇ ਉਸਦਾ ਪਿੱਛਾ ਕੀਤਾ ਅਤੇ ਕਿਹਾ, "ਅਹਜ਼ਯਾਹ ਨੂੰ ਵੀ ਮਾਰ ਸੁੱਟੋ।"ਅਹਜ਼ਯਾਹ ਵੀ ਜ਼ਖਮੀ ਹੋ ਗਿਆ ਜਦੋਂ ਉਹ ਗੂਰ ਦੇ ਰਸਤੇ ਜੋ ਯਿਬਲਾਮ ਦੇ ਨਾਲ ਹੀ ਹੈ ਵੱਲ ਨੂੰ ਵਧਿਆ ਸੀ। ਫ਼ਿਰ ਜਦੋਂ ਉਹ ਉਥੋਂ ਮਗਿੱਦੋ ਵੱਲ ਭਜਿਆ ਤਾਂ ਉੱਥੇ ਹੀ ਮਰ ਗਿਆ।
28 ਤਾਂ ਅਹਜ਼ਯਾਹ ਦੇ ਸੇਵਕਾਂ ਨੇ ਅਹਜ਼ਯਾਹ ਦੀ ਲਾਸ਼ ਨੂੰ ਰੱਥ ਵਿੱਚ ਪਾ ਕੇ ਯਰੂਸ਼ਲਮ ਨੂੰ ਲਿਆਂਦਾ ਅਤੇ ਉਸਨੂੰ ਉਸਦੇ ਪੁਰਖਿਆਂ ਦੀ ਕਬਰ ਦੇ ਨਾਲ ਦਾਊਦ ਦੇ ਸ਼ਹਿਰ ਵਿੱਚ ਹੀ ਦਫ਼ਨਾਇਆ।
29 ਅਹਜ਼ਯਾਹ, ਇਸਰਾਏਲ ਦੇ ਪਾਤਸ਼ਾਹ ਯੋਰਾਮ ਦੇ ਗਿਆਰ੍ਹਵੇਂ ਵਰ੍ਹੇ ਦੌਰਾਨ ਯਹੂਦਾਹ ਦਾ ਪਾਤਸ਼ਾਹ ਬਣ ਗਿਆ।ਈਜ਼ਬਲ ਦੀ ਭਿਆਨਕ ਮੌਤ
30 ਜਦੋਂ ਯੇਹੂ ਯਿਜ਼ਰੇਲ ਵਿੱਚ ਗਿਆ ਤਾਂ ਈਜ਼ਬਲ ਨੇ ਜਦ ਉਸਦੇ ਆਉਣ ਦੀ ਖਬਰ ਸੁਣੀ ਤਾਂ ਉਸਨੇ ਆਪਣੀਆਂ ਅੱਖਾਂ ਕਜਲਾਈਆਂ ਅਤੇ ਆਪਣੇ ਵਾਲਾਂ ਨੂੰ ਸੁਆਰ ਕੇ ਬਾਰੀ ਵਿੱਚੋਂ ਝਾਕਣ ਲਗੀ।
31 ਜਦੋਂ ਯੇਹੂ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਉਸਨੇ ਆਖਿਆ, "ਜਿਮਰੀ ਤੂੰ, ਜਿਸਨੇ ਆਪਣੇ ਹੀ ਸੁਆਮੀ ਨੂੰ ਮਾਰ ਦਿੱਤਾ, ਕੀ ਤੂੰ ਅਮਨ ਲਈ ਆਇਆ ਹੈਂ।
32 ਯੇਹੂ ਨੇ ਬਾਰੀ ਵੱਲ ਤਕਿਆ ਅਤੇ ਆਖਿਆ, "ਕੌਣ ਹੈ ਮੇਰੇ ਵੱਲ? ਕੌਣ ਹੈ?"ਤੱਦ ਯੇਹੂ ਵੱਲ ਬਾਰੀ ਵਿੱਚੋਂ ਦੋ-ਤਿੰਨ ਖੋਜਿਆਂ ਨੇ ਝਾਕਿਆ।
33 ਯੇਹੂ ਨੇ ਉਨ੍ਹਾਂ ਨੂੰ ਆਖਿਆ, "ਈਜ਼ਬਲ ਨੂੰ ਹੇਠਾਂ ਸੁੱਟ ਦੇਵੋ।"ਤੱਦ ਖੋਜਿਆਂ ਨੇ ਉਸਨੂੰ ਹੇਠਾਂ ਸੁੱਟ ਦਿੱਤਾ ਅਤੇ ਉਸ ਦੇ ਖੂਨ ਦੇ ਛਿੱਟੇ ਕੰਧਾਂ ਅਤੇ ਘੋੜਿਆਂ ਉੱਪਰ ਪੈ ਗਏ। ਫ਼ੇਰ ਉਸ ਦੇ ਸ਼ਰੀਰ ਨੂੰ ਘੋੜਿਆਂ ਨੇ ਲਿਤਾੜ ਸੁਟਿਆ।
34 ਤ੍ਤੱਦ ਯੇਹੂ ਘਰ ਅੰਦਰ ਪ੍ਰਵੇਸ਼ ਕੀਤਾ ਤੇ ਅੰਦਰ ਜਾਕੇ ਖਾਧਾ-ਪੀਤਾ। ਫ਼ਿਰ ਉਸਨੇ ਕਿਹਾ, "ਵੇਖੋ ਇਸ ਸਰਾਪੀ ਔਰਤ ਵੱਲ ਅਤੇ ਇਸਨੂੰ ਦੱਬ ਦੇਵੋ ਕਿਉਂ ਕਿ ਇਹ ਪਾਤਸ਼ਾਹ ਦੀ ਧੀ ਹੈ।"
35 ਫ਼ਿਰ ਕੁਝ ਆਦਮੀ ਈਜ਼ਬਲ ਨੂੰ ਦਫ਼ਨਾਉਣ ਗਏ ਪਰ ਉਨ੍ਹਾਂ ਨੂੰ ਉਸਦੀ ਲਾਸ਼ ਹੀ ਨਾ ਲੱਭੀ। ਉਨ੍ਹਾਂ ਨੂੰ ਸਿਰਫ਼ ਉਸਦੀ ਖੋਪੜੀ, ਪੈਰ ਤੇ ਹੱਥਾਂ ਦੀਆਂ ਤਲੀਆਂ ਹੀ ਲੱਭੀਆਂ।
36 ਤੱਦ ਉਨ੍ਹਾਂ ਨੇ ਵਾਪਸ ਆਕੇ ਯੇਹੂ ਨੂੰ ਦੱਸਿਆ ਤਾਂ ਯੇਹੂ ਨੇ ਆਖਿਆ, "ਇਹ ਯਹੋਵਾਹ ਦੇ ਉਹੀ ਬਚਨ ਹਨ ਜਿਹੜੇ ਉਸਨੇ ਆਪਣੇ ਸੇਵਕ ਏਲੀਯਾਹ ਤਿਬਸ਼ੀ ਦੇ ਰਾਹੀਂ ਆਖੇ ਸਨ ਕਿ ਯਿਜ਼ਰੇਲ ਦੇ ਖੇਤਾਂ ਵਿੱਚ ਕੁੱਤੇ ਈਜ਼ਬਲ ਦਾ ਸ਼ਰੀਰ ਖਾਣਗੇ।
37 ਈਜ਼ਬਲ ਦੀ ਲਾਸ਼ ਯਿਜ਼ਰੇਲ ਦੇ ਖੇਤਾਂ ਵਿੱਚ ਪਈ ਇੰਝ ਖਾਦ ਬਣ ਜਾਵੇਗੀ ਕਿ ਕੋਈ ਵੀ ਇਹ ਨਾ ਪਛਾਣ ਸਕੇਗਾ ਕਿ ਇਹ ਉਸ ਦੀ ਲੋਬ ਹੈ।"