੨ ਸਲਾਤੀਨ
ਕਾਂਡ 6
1 ਨਬੀਆਂ ਦੇ ਟੋਲੇ ਨੇ ਅਲੀਸ਼ਾ ਨੂੰ ਕਿਹਾ, "ਵੇਖ! ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਰਹਿ ਰਹੇ ਹਾਂ, ਸਾਡੇ ਲਈ ਇਹ ਬੜੀ ਤੰਗ ਹੈ।
2 ਚੱਲ ਯਰਦਨ ਨਦੀ ਵੱਲ ਚੱਲੀਏ ਤੇ ਉਥੋਂ ਕੁਝ ਲੱਕੜ ਵੱਢ ਲਿਆਈੇ। ਅਸੀਂ ਸਭ ਇੱਕ-ਇੱਕ ਸ਼ਤੀਰ ਚੁੱਕ ਲਿਆਵਾਂਗੇ ਅਤੇ ਇੱਥੇ ਰਹਿਣ ਜੋਗੀ ਥਾਂ ਬਣਾ ਲਵਾਂਗੇ।"ਅਲੀਸ਼ਾ ਨੇ ਆਖਿਆ, "ਠੀਕ ਹੈ, ਚਲੋ ਚੱਲਦੇ ਹਾਂ।"
3 ਤਾਂ ਇੱਕ ਮਨੁੱਖ ਨੇ ਆਖਿਆ, "ਕਿਰਪਾ ਕਰਕੇ ਤੂੰ ਸਾਡੇ ਨਾਲ ਚੱਲ।"ਅਲੀਸ਼ਾ ਨੇ ਕਿਹਾ, "ਠੀਕ ਹੈ, ਮੈਂ ਤੁਹਾਡੇ ਨਾਲ ਚਲਦਾ ਹਾਂ।"
4 ਤੱਦ ਅਲੀਸ਼ਾ ਉਨ੍ਹਾਂ ਨਬੀਆਂ ਦੇ ਟੋਲੇ ਦੇ ਨਾਲ ਗਿਆ। ਜਦੋਂ ਉਹ ਯਰਦਨ ਦਰਿਆ ਤੇ ਪਹੁੰਚੇ ਤਾਂ ਉਨ੍ਹਾਂ ਲੱਕੜ ਵੱਢਣੀ ਸ਼ੁਰੂ ਕੀਤੀ। ਉਨ੍ਹਾਂ ਕੁਝ ਰੁੱਖ ਵੱਢੇ।
5 ਪਰ ਜਿਸ ਵੇਲੇ ਇੱਕ ਮਨੁੱਖ ਰੁੱਖ ਵੱਢ ਰਿਹਾ ਸੀ ਤਾਂ ਉਸ ਦੀ ਕੁਹਾੜੀ ਦਾ ਫ਼ਲ ਪਾਣੀ ਵਿੱਚ ਡਿੱਗ ਪਿਆ। ਤਾਂ ਉਹ ਮਨੁੱਖ ਚੀਖਿਆ, "ਓ ਸੁਆਮੀ! ਮੈਂ ਤਾਂ ਇਹ ਕੁਹਾੜਾ ਮੰਗਵਾਂ ਲਿਆਂਦਾ ਸੀ।"
6 ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੇ ਕਿਹਾ, "ਉਹ ਕਿੱਥੋ ਡਿਗਿਆ ਹੈ?"ਉਸਨੇ ਅਲੀਸ਼ਾ ਨੂੰ ਉਹ ਥਾਂ ਵਿਖਾਈ ਜਿੱਥੇ ਉਸਦਾ ਕੁਹਾੜਾ ਡਿਗਿਆ ਸੀ। ਤਦ ਅਲੀਸ਼ਾ ਨੇ ਇੱਕ ਟਾਹਣੀ ਤੋੜੀ ਤੇ ਉਸਨੂੰ ਪਾਣੀ ਵਿੱਚ ਸੁੱਟ ਦਿੱਤਾ, ਟਾਹਣੀ ਨੇ ਉਸ ਮਨੁੱਖ ਦੇ ਕੁਹਾੜੇ ਨੂੰ ਪਾਣੀ ਉੱਤੇ ਤੈਰਨ ਲਾ ਦਿੱਤਾ।
7 ਅਲੀਸ਼ਾ ਨੇ ਕਿਹਾ, "ਉਸਨੂੰ ਚੁੱਕ ਲੈ।" ਤਾਂ ਉਹ ਆਦਮੀ ਪਾਣੀ ਕੋਲ ਗਿਆ ਤੇ ਉਸਨੇ ਉਸ ਕੁਹਾੜੇ ਦੇ ਫ਼ਲ ਨੂੰ ਪਾਣੀ ਤੋਂ ਚੁੱਕ ਲਿਆ।
8 ਅਰਾਮ ਦਾ ਪਾਤਸ਼ਾਹ ਇਸਰਾਏਲ ਦੇ ਵਿਰੁੱਧ ਲੜ ਰਿਹਾ ਸੀ। ਉਸਦੀ ਆਪਣੀ ਸੈਨਾ ਦੇ ਅਫ਼ਸਰਾਂ ਨਾਲ ਸਭਾ ਸੀ, ਅਤੇ ਆਖਿਆ, "ਇਸ ਬਾਵੇਂ ਲੁਕ ਜਾਵੋ! ਜਦੋਂ ਹੀ ਇਸਰਾਏਲੀ ਇਥੋਂ ਦੀ ਲੰਘਣ, ਉਨ੍ਹਾਂ ਤੇ ਹਮਲਾ ਕਰ ਦਿਓ।"
9 ਪਰ ਪਰਮੇਸ਼ੁਰ ਦੇ ਪੁੱਤਰ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਖਬਰ ਭੇਜੀ ਅਤੇ ਕਿਹਾ, "ਸਤਰਕ ਰਹੋ। ਉਸ ਬਾਵੇਂ ਨਾ ਜਾਣਾ ਕਿਉਂ ਕਿ ਉੱਥੇ ਅਰਾਮੀ ਸੈਨਾ ਲੁਕੀ ਹੋਈ ਹੈ।"
10 ਇਸਰਾਏਲ ਦੇ ਪਾਤਸ਼ਾਹ ਨੇ ਉਸ ਥਾਵੇਂ ਆਪਣੇ ਲੋਕਾਂ ਨੂੰ ਸੁਨਿਹਾ ਭੇਜਿਆ ਜਿੱਥੋਂ ਦੇ ਲਈ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਨੇ ਉਸਨੂੰ ਹੁਸ਼ਿਆਰ-ਖਬਰਦਾਰ ਕੀਤਾ ਸੀ। ਇਉਂ ਇਸਰਾਏਲ ਦੇ ਪਾਤਸ਼ਾਹ ਨੇ ਕਈ ਆਦਮੀਆਂ ਨੂੰ ਮਰਨ ਤੋਂ ਬਚਾਅ ਲਿਆ।
11 ਇਸ ਗੱਲੋ ਅਰਾਮ ਦਾ ਪਾਤਸ਼ਾਹ ਬੜਾ ਬੇਚੈਨ ਹੋਇਆ। ਤਾਂ ਉਸਨੇ ਆਪਣੀ ਸੈਨਾ ਦੇ ਅਫ਼ਸਰਾਂ ਨੂੰ ਬੁਲਾਇਆ ਅਤੇ ਆਖਿਆ, "ਮੈਨੂੰ ਦੱਸੋ ਕਿ ਇਸਰਾਏਲ ਦੇ ਪਾਤਸ਼ਾਹ ਲਈ ਭਲਾ ਤੁਹਾਡੇ ਵਿੱਚੋਂ ਜਸੂਸੀ ਕੌਣ ਕਰ ਰਿਹਾ ਹੈ?"
12 ਅਰਾਮ ਦੇ ਪਾਤਸ਼ਾਹ ਨੂੰ ਅਫ਼ਸਰਾਂ ਵਿੱਚੋਂ ਇੱਕ ਨੇ ਕਿਹਾ, "ਮੇਰੇ ਸੁਆਮੀ ਅਤੇ ਪਾਤਸ਼ਾਹ, ਸਾਡੇ ਵਿੱਚੋਂ ਕੋਈ ਉਸਨੂੰ ਭੇਤ ਨਹੀਂ ਦਿੰਦਾ ਸਗੋਂ ਅਲੀਸ਼ਾ ਨਬੀ ਜੋ ਇਸਰਾਏਲ ਵਿੱਚ ਹੈ, ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈਂ, ਉਹ ਇਸਰਾਏਲ ਦੇ ਪਾਤਸ਼ਾਹ ਨੂੰ ਦੱਸਦਾ ਹੈ।"
13 ਅਰਾਮ ਦੇ ਰਾਜੇ ਨੇ ਕਿਹਾ, "ਜਾਕੇ ਵੇਖੋ ਕਿ ਅਲੀਸ਼ਾ ਕਿੱਥੋ ਹੈ ਤਾਂ ਜੋ ਉਸਨੂੰ ਫ਼ੜਿਆ ਜਾਵੇ।"ਪਾਤਸ਼ਾਹ ਨੂੰ ਉਸਦੇ ਸੇਵਕਾਂ ਨੇ ਆਖਿਆ, "ਇਸ ਵੇਲੇ ਉਹ ਦੋਬਾਨ ਵਿੱਚ ਹੈ।"
14 ਤੱਦ ਪਾਤਸ਼ਾਹ ਨੇ ਦੋਬਾਨ ਵਿੱਚ ਘੋੜੇ, ਰੱਥ ਤੇ ਆਪਣੀ ਵੱਡੀ ਫ਼ੌਜ ਭੇਜੀ। ਉਨ੍ਹਾਂ ਨੇ ਰਾਤ ਵੇਲੇ ਜਾਕੇ ਸ਼ਹਿਰ ਨੂੰ ਘੇਰ ਲਿਆ।
15 ਉਸ ਸਵੇਰ ਅਲੀਸ਼ਾ ਦੇ ਸੇਵਕ ਤੜਕਸਾਰ ਉੱਠੇ। ਇੱਕ ਸੇਵਕ ਜਦੋਂ ਬਾਹਰ ਗਿਆ ਤਾਂ ਉਸਨੇ ਘੋੜੇ ਰੱਥਾਂ ਤੇ ਫ਼ੌਜ ਨਾਲ ਸ਼ਹਿਰ ਨੂੰ ਘਿਰਿਆ ਵੇਖਿਆ।ਅਲੀਸ਼ਾ ਦੇ ਸੇਵਕ ਨੇ ਉਸਨੂੰ ਕਿਹਾ, "ਓ ਮੇਰੇ ਸੁਆਮੀ! ਹੁਣ ਅਸੀਂ ਕੀ ਕਰੀਏ?"
16 ਅਲੀਸ਼ਾ ਨੇ ਕਿਹਾ, "ਘਬਰਾਓ ਨਹੀਂ! ਜੋ ਫ਼ੌਜ ਸਾਡੇ ਹਿੱਤ ਲੜੇਗੀ ਉਹ ਅਰਾਮ ਦੀ ਫ਼ੌਜ ਤੋਂ ਕਿਤੇ ਵਧੇਰੇ ਹੈ।"
17 ਤੱਦ ਅਲੀਸ਼ਾ ਨੇ ਪ੍ਰਾਰਥਨਾ ਕੀਤੀ ਅਤੇ ਆਖਿਆ, "ਹੇ ਯਹੋਵਾਹ! ਮੈਂ ਬੇਨਤੀ ਕਰਦਾ ਹਾਂ ਕਿ ਤੂੰ ਮੇਰੇ ਸੇਵਕ ਦੀਆਂ ਅੱਖਾਂ ਖੋਲ੍ਹ ਤਾਂ ਜੋ ਉਹ ਵੇਖ ਸਕੇ।"ਯਹੋਵਾਹ ਨੇ ਉਸ ਨੌਜੁਆਨ ਦੀਆਂ ਅੱਖਾਂ ਖੋਲ੍ਹੀਆਂ ਤਾਂ ਸੇਵਕ ਨੇ ਵੇਖਿਆ ਕਿ ਅਲੀਸ਼ਾ ਦੇ ਇਰਦ ਗਿਰਦ ਤਾਂ ਪਹਾੜ ਅੱਗ ਦੇ ਘੋੜਿਆ ਤੇ ਰਬਾਂ ਨਾਲ ਭਰਿਆ ਹੋਇਆ ਹੈ।
18 ਜਦੋਂ ਅਰਾਮੀ ਹੇਠਾਂ ਅਲੀਸ਼ਾ ਵੱਲ ਆਏ, ਅਲੀਸ਼ਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, "ਹੇ ਯਹੋਵਾਹ ਇਸ ਅਰਾਮੀ ਫ਼ੋਜਾ ਨੂੰ ਇਕਦਮ ਅੰਨ੍ਹੀ ਕਰਦੇ।"ਤਾਂ ਯਹੋਵਾਹ ਨੇ ਉਨ੍ਹਾਂ ਨੂੰ ਅੰਨ੍ਹਿਆਂ ਕਰ ਦਿੱਤਾ ਜਿਵੇਂ ਕਿ ਅਲੀਸ਼ਾ ਨੇ ਪ੍ਰਾਰਥਨਾ ਕੀਤੀ ਸੀ।
19 ਅਲੀਸ਼ਾ ਨੇ ਅਰਾਮੀ ਫ਼ੌਜ ਨੂੰ ਆਖਿਆ, "ਇਹ ਸਹੀ ਸੜਕ ਨਹੀਂ ਹੈ ਤੇ ਨਾ ਹੀ ਉਹ ਸ਼ਹਿਰ ਹੈ ਜਿਸ ਲਈ ਤੁਸੀਂ ਆਏ ਹੋ। ਮੇਰੇ ਪਿੱਛੇ ਆਓ ਅਤੇ ਮੈਂ ਤੁਹਾਨੂੰ ਉਸ ਮਨੁੱਖ ਕੋਲ ਲੈ ਚੱਲਦਾ ਹਾਂ ਜਿਸ ਨੂੰ ਤੁਸੀਂ ਭਾਲ ਰਹੇ ਹੋ!" ਤਾਂ ਅਲੀਸ਼ਾ ਉਨ੍ਹਾਂ ਨੂੰ ਸਾਮਰਿਯਾ ਵੱਲ ਲੈ ਗਿਆ।
20 ਜਦੋਂ ਉਹ ਸਾਮਰਿਯਾ ਪਹੁੰਚ ਗਏ ਤਾਂ ਅਲੀਸ਼ਾ ਨੇ ਕਿਹਾ, "ਹੇ ਯਹੋਵਾਹ, ਇਨ੍ਹਾਂ ਦੀਆਂ ਅੱਖਾਂ ਖੋਲ੍ਹ ਦੇ ਤਾਂ ਜੋ ਇਹ ਵੇਖ ਸਕਣ।" ਤੱਦ ਯਹੋਵਾਹ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਤਾਂ ਅਰਾਮੀ ਫ਼ੌਜ ਨੇ ਵੇਖਿਆ ਕਿ ਉਹ ਤਾਂ ਸਾਮਰਿਯਾ ਦੇ ਸ਼ਹਿਰ ਵਿੱਚ ਹਨ।
21 ਜਦ ਇਸਰਾਏਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਵੇਖਿਆ ਤਾਂ ਉਸਨੇ ਅਲੀਸ਼ਾ ਨੂੰ ਆਖਿਆ, "ਮੇਰੇ ਪਿਤਾ! ਮੈਨੂੰ ਦੱਸੋ ਕਿ ਕੀ ਮੈਂ ਉਨ੍ਹਾਂ ਨੂੰ ਮਾਰਾਂ? ਕੀ ਮੈਂ ਉਨ੍ਹਾਂ ਨੂੰ ਮਾਰ ਮੁਕਾਵਾਂ?"
22 ਅਲੀਸ਼ਾ ਨੇ ਕਿਹਾ, ਨਹੀਂ! ਉਨ੍ਹਾਂ ਨੂੰ ਮਾਰ "ਨਹੀਂ। ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਅਤੇ ਧਣੁਖ ਨਾਲ ਆਪਣੇ ਬਂਧੀ ਬਣਾਇਆ ਸੀ, ਕੀ ਤੂੰ ਉਨ੍ਹਾਂ ਨੂੰ ਮਾਰ ਸੁੱਟੇਂਗਾ? ਅਰਾਮੀ ਫ਼ੌਜ ਨੂੰ ਸਗੋਂ ਥੋੜਾ ਅੰਨ-ਪਾਣੀ ਦੇ। ਉਨ੍ਹਾਂ ਨੂੰ ਕੁਝ ਖਾਣ-ਪੀਣ ਦੇ ਤੇ ਫ਼ਿਰ ਉਨ੍ਹਾਂ ਨੂੰ ਆਪਣੇ ਮਾਲਿਕ ਦੇ ਘਰ ਵਾਪਸ ਪਰਤਣ ਦੇ।"
23 ਤਾਂ ਇਸਰਾਏਲ ਦੇ ਪਾਤਸ਼ਾਹ ਨੇ ਅਰਾਮੀ ਸੈਨਾ ਲਈ ਖੁਲ੍ਹਾ ਭੋਜਨ ਤਿਆਰ ਕਰਵਾਇਆ। ਉਨ੍ਹਾਂ ਨੇ ਰਜ੍ਜਕੇ ਖਾਧਾ ਅਤੇ ਪੀਤਾ। ਫੇਰ ਇਸਰਾਏਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਵਾਪਸ ਆਪਣੇ ਰਾਹ ਜਾਣ ਦਿੱਤਾ। ਤੇ ਉਹ ਸੈਨਾ ਅਰਾਮ 'ਚ ਆਪਣੇ ਮਾਲਕਾਂ ਕੋਲ ਪਰਤ ਗਈ। ਉਸ ਤੋਂ ਬਾਅਦ, ਕਦੇ ਵੀ ਅਰਾਮੀ ਸਿਪਾਹੀ ਇਸਰਾਏਲ ਦੀ ਧਰਤੀ ਤੇ ਛਾਪੇ ਮਾਰਨ ਲਈ ਨਹੀਂ ਆਏ।
24 ਇਸਤੋਂ ਬਾਅਦ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ।
25 ਸਾਮਰਿਯਾ ਵਿੱਚ ਮਹਾਂਕਾਲ ਪੈ ਗਿਆ ਅਤੇ ਫ਼ੌਜ ਨੇ ਪਰ ਅੰਨ ਸ਼ਹਿਰ ਦੇ ਅੰਦਰ ਨਾ ਵਢ਼ਨ ਦਿੱਤਾ ਇਸ ਲਈ ਸਾਮਰਿਯਾ ਵਿੱਚ ਮਹਾਂਕਾਲ ਪੈ ਗਿਆ। ਇਥੋਂ ਤੱਕ ਹਾਲਤ ਬੁਰੀ ਹੋ ਗਈ ਕਿ ਇੱਕ ਖੋਤੇ ਦਾ ਸਿਰ ਵੀ ਚਾਂਦੀ ਦੇ ਅਸੀਂ ਸਿਕਿਆਂ ਦੇ ਤੁਲ੍ਲ ਵਿਕਦਾ ਅਤੇ ਕਬੂਤਰ (ਘੁੱਗੀ) ਦੀ ਅੱਧਾ ਸੇਰ ਵਿੱਚ ਚਾਂਦੀ ਦੇ ਪੰਜ ਸਿਕਿਆਂ ਦੀ ਵਿਕਦੀ।
26 ਇੱਕ ਦਿਨ ਜਦ ਇਸਰਾਏਲ ਦਾ ਪਾਤਸ਼ਾਹ ਸ਼ਹਿਰ ਦੀ ਕੰਧ ਉੱਪਰ ਤੁਰਿਆ ਜਾਂਦਾ ਸੀ ਤਾਂ ਇੱਕ ਔਰਤ ਨੇ ਇਹ ਕਹਿਕੇ ਉਸ ਦੀ ਦੁਹਾਈ ਦਿੱਤੀ ਕਿ ਹੇ ਮੇਰੇ ਮਹਾਰਾਜ ਪਾਤਸ਼ਾਹ! ਕਿਰਪਾ ਕਰਕੇ ਮੇਰੀ ਮਦਦ ਕਰ।
27 ਇਸਰਾਏਲ ਦੇ ਪਾਤਸ਼ਾਹ ਨੇ ਕਿਹਾ, "ਜੇ ਯਹੋਵਾਹ ਹੀ ਤੈਨੂੰ ਨਾ ਬਚਾਣਾ ਚਾਹੇ ਤਾਂ ਮੈਂ ਤੈਨੂੰ ਕਿਵੇਂ ਬਚਾ ਸਕਦਾ ਹਾਂ? ਮੇਰੇ ਕੋਲ ਤੈਨੂੰ ਦੇਣ ਲਈ ਕੁਝ ਨਹੀਂ ਹੈ, ਨਾ ਹੀ ਖਲਵਾੜੇ ਵਿੱਚ ਅਨਾਜ ਹੈ ਤੇ ਨਾ ਹੀ ਚੁਬੱਚੇ ਵਿੱਚ ਦਾਖ ਹੈ।"
28 ਫ਼ਿਰ ਇਸਰਾਏਲ ਦੇ ਪਾਤਸ਼ਾਹ ਨੇ ਉਸ ਔਰਤ ਨੂੰ ਕਿਹਾ, "ਤੈਨੂੰ ਕੀ ਦੁੱਖ ਹੈ?"ਉਹ ਔਰਤ ਬੋਲੀ, "ਇਸ ਔਰਤ ਨੇ ਮੈਨੂੰ ਆਖਿਆ ਕਿ ਤੂੰ ਮੈਨੂੰ ਆਪਣਾ ਪੁੱਤਰ ਦੇ ਤਾਂ ਜੋ ਅੱਜ ਅਸੀਂ ਉਸਨੂੰ ਵਢੀਏ ਤੇ ਫ਼ਿਰ ਖਾ ਲਈਏ ਤੇ ਕੱਲ ਮੈਂ ਆਪਣਾ ਪੁੱਤਰ ਵੱਢ ਕੇ ਕੱਲ ਉਸਨੂੰ ਖਾ ਲਵਾਂਗੇ।"
29 ਇਉਂ ਮੈਂ ਆਪਣਾ ਪੁੱਤਰ ਵਢਿਆ - ਉਬਾਲਿਆ ਤੇ ਅਸੀਂ ਖਾਧਾ। ਅਗਲੇ ਦਿਨ ਮੈਂ ਆਖਿਆ ਹੁਣ ਤੂੰ ਆਪਣਾ ਪੁੱਤਰ ਦੇ ਤਾਂ ਜੋ ਅਸੀਂ ਉਸਨੂੰ ਵੀ ਵੱਢਕੇ ਖਾਈਏ ਪਰ ਇਸੇ ਇਉਂ ਕਰਨ ਤੋਂ ਪਹਿਲਾਂ ਆਪਣਾ ਪੁੱਤਰ ਕਿਤੇ ਛੁਪਾਅ ਲਿਆ ਹੈ।"
30 ਜਦੋਂ ਪਾਤਸ਼ਾਹ ਨੇ ਉਸ ਔਰਤ ਦੇ ਇਹ ਬਚਨ ਸੁਣੇ ਤਾਂ ਉਸਨੇ ਆਪਣੀ ਬੇਚੈਨੀ ਜ਼ਾਹਿਰ ਕਰਨ ਲਈ ਆਪਣੇ ਤਨ ਦੇ ਕੱਪੜੇ ਫ਼ਾੜ ਦਿੱਤੇ ਤੇ ਜਦੋਂ ਉਹ ਦੀਵਾਰ ਤੋਂ ਲੰਘ ਰਿਹਾ ਸੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਫ਼ਟੇ ਕੱਪੜਿਆਂ ਅੰਦਰ ਤਨ ਤੇ ਟਾਟ ਲਪੇਟਿਆਂ ਵੇਖਿਆ ਤਾਂ ਉਹ ਜਾਣ ਗਏ ਕਿ ਰਾਜਾ ਬੜਾ ਦੁੱਖ 'ਚ ਹੈ ਤੇ ਉਦਾਸ ਬੇਚੈਨ ਹੈ।
31 ਪਾਤਸ਼ਾਹ ਨੇ ਕਿਹਾ, "ਜੇ ਅੱਜ ਸ਼ਾਫ਼ਾਤ ਦੇ ਪੁੱਤਰ ਅਲੀਸ਼ਾ ਦਾ ਸਿਰ ਉਸਦੇ ਤਨ ਉੱਪਰੋ ਲੈਹਿ ਜਾਵੇ ਤਾਂ ਪਰਮੇਸ਼ੁਰ ਮੇਰੇ ਨਾਲ ਇਸ ਵਰਗਾ ਨਹੀਂ ਸਗੋਂ ਇਸ ਤੋਂ ਵਧ ਬੁਰਾ ਹਸ਼ਰ ਕਰੇ।"
32 ਪਾਤਸ਼ਾਹ ਨੇ ਅਲੀਸ਼ਾ ਵੱਲ ਸੰਦੇਸ਼ਵਾਹਕ ਭੇਜਿਆ, ਉਹ ਆਪਣੇ ਘਰ ਵਿੱਚ ਬੈਠਾ ਹੋਇਆ ਸੀ ਅਤੇ ਉਸ ਨਾਲ ਬਜ਼ੁਰਗ ਬੈਠੇ ਹੋਏ ਸਨ। ਸੰਦੇਸ਼ਵਾਹਕ ਦੇ ਪਹੁੰਚਣ ਤੋਂ ਪਹਿਲਾਂ ਹੀ ਅਲੀਸ਼ਾ ਨੇ ਬਜ਼ੁਰਗਾਂ ਨੂੰ ਆਖਿਆ, "ਵੇਖੋ ਉਸ ਖੂਨੀ ਦੇ ਪੁੱਤਰ ਨੇ ਮੇਰਾ ਸਿਰ ਲੈਣ ਲਈ ਇੱਕ ਜਣੇ ਨੂੰ ਭੇਜਿਆ ਹੈ। ਵੇਖੋ ਜਦੋਂ ਉਹ ਸੰਦੇਸ਼ਵਾਹਕ ਆਵੇ ਤਾਂ ਤੁਸੀਂ ਦਰਵਾਜ਼ਾ ਬੰਦ ਕਰਕੇ ਉਸਨੂੰ ਧੱਕੀ ਰੱਖਣਾ। ਕਿਉਂ ਕਿ ਮੈਂ ਉਸਦੇ ਪਿੱਛੇ ਉਸਦੇ ਸੁਆਮੀ ਦੇ ਪੈਰਾਂ ਦੀ ਬਿੜਕ ਵੀ ਸੁਣ ਰਿਹਾ ਹਾਂ।"
33 ਜਦੋਂ ਅਲੀਸ਼ਾ ਅਜੇ ਆਗੂ ਬਜ਼ੁਰਗਾਂ ਨਾਲ ਗੱਲ ਕਰ ਹੀ ਰਿਹਾ ਸੀ ਤਾਂ ਸੰਦੇਸ਼ਵਾਹਕ ਉਸ ਕੋਲ ਆਇਆ ਅਤੇ ਆਖਿਆ, "ਵੇਖੋ! ਇਹ ਭੌਜੜ ਯਹੋਵਾਹ ਵੱਲੋਂ ਹੈ ਤਾਂ ਫ਼ਿਰ ਹੁਣ ਮੈਂ ਭਲਾ ਯਹੋਵਾਹ ਦੇ ਹੁਕਮ ਦੀ ਹੋਰ ਉਡੀਕ ਕਿਉਂ ਕਰਾਂ?"