ਯਸ਼ਵਾ

1 2 3 4 5 6 7 8 9 10 11 12 13 14 15 16 17 18 19 20 21 22 23 24

ਕਾਂਡ 9

1 ਯਰਦਨ ਨਦੀ ਦੇ ਪੱਛਮ ਵੱਲ ਦੇ ਸਾਰੇ ਰਾਜਿਆਂ ਨੇ ਇਨ੍ਹਾਂ ਗੱਲਾਂ ਬਾਰੇ ਸੁਣਿਆ। ਰਾਜੇ ਹਿੱਤੀ ਲੋਕਾਂ, ਅਮੋਰੀ ਲੋਕਾਂ, ਕਨਾਨੀ ਲੋਕਾਂ, ਫ਼ਰਿਜ਼ੀ ਲੋਕਾਂ, ਹਿੱਵੀ ਲੋਕਾਂ ਅਤੇ ਯਬੂਸੀ ਲੋਕਾਂ ਦੇ ਸਨ। ਉਹ ਪਹਾੜੀ ਇਲਾਕੇ ਅਤੇ ਮੈਦਾਨਾ ਵਿੱਚ ਰਹਿੰਦੇ ਸਨ। ਉਹ ਮੈਡੀਟ੍ਰੇਨੀਅਨ ਸਾਗਰ ਦੇ ਕੰਢੇ ਦੇ ਨਾਲ-ਨਾਲ ਲਬਾਨੋਨ ਤੱਕ ਰਹਿੰਦੇ ਸਨ।”
2 ਉਹ ਸਾਰੇ ਰਾਜੇ ਇਕਠੇ ਹੋ ਗਏ। ਉਨ੍ਹਾਂ ਨੇ ਯਹੋਸ਼ੁਆ ਅਤੇ ਇਸਰਾਏਲ ਦੇ ਲੋਕਾਂ ਵਿਰੁੱਧ ਲੜਨ ਦੀਆਂ ਵਿਉਂਤਾ ਬਣਾਈਆਂ।
3 ਗਿਬਓਨ ਦੇ ਲੋਕਾਂ ਨੇ ਇਹ ਗੱਲ ਸੁਣੀ ਕਿ ਯਹੋਸ਼ੁਆ ਨੇ ਯਰੀਹੋ ਅਤੇ ਅਈ ਨੂੰ ਕਿਵੇਂ ਹਰਾਇਆ ਸੀ।
4 ਇਸ ਲਈ ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਲੋਕਾਂ ਨਾਲ ਚਲਾਕੀ ਖੇਡਣ ਦੀ ਵਿਉਂਤ ਬਣਾਈ। ਉਨ੍ਹਾਂ ਦੀ ਵਿਉਂਤ ਇਹ ਸੀ: ਉਨ੍ਹਾਂ ਨੇ ਮੈਅ ਦੀਆਂ ਪੁਰਾਣੀਆਂ ਮਸ਼ਕਾ ਇਕਠੀਆਂ ਕੀਤੀਆਂ ਜਿਹੜੀਆਂ ਫ਼ਟੀਆਂ ਅਤੇ ਸੁਧਾਰੀਆਂ ਹੋਈਆਂ ਸਨ ਅਤੇ ਉਹ ਆਪਣੇ ਪਸ਼ੂਆਂ ਦੀਆਂ ਪਿਠਾਂ ਉੱਤੇ ਪਾ ਦਿੱਤੀਆਂ। ਉਨ੍ਹਾਂ ਨੇ ਆਪਣੇ ਪਸ਼ੂਆਂ ਉੱਤੇ ਪੁਰਾਣੀਆਂ ਪਾਟੀਆਂ ਹੋਈਆਂ ਬੋਰੀਆਂ ਵੀ ਪਾ ਦਿੱਤੀਆਂ ਜਿਸ ਤੋਂ ਲੱਗੇ ਕਿ ਉਨ੍ਹਾਂ ਨੇ ਬਹੁਤ ਲੰਬਾ ਸਫ਼ਰ ਕੀਤਾ ਹੈ।
5 ਆਦਮੀਆਂ ਨੇ ਆਪਣੇ ਪੈਰਾਂ ਵਿੱਚ ਪੁਰਾਣੀਆਂ ਜੁੱਤੀਆਂ ਪਾ ਲਈਆਂ। ਆਦਮੀਆਂ ਨੇ ਪੁਰਾਣੇ ਕੱਪੜੇ ਪਾ ਲਈ। ਉਨ੍ਹਾਂ ਆਦਮੀਆਂ ਨੇ ਕੁਝ ਬੇਹੀ ਰੋਟੀ ਲਭੀ ਜਿਹੜੀ ਸੁੱਕੀ ਅਤੇ ਉਲ੍ਲੀ ਵਾਲੀ ਸੀ। ਇਸ ਤਰ੍ਹਾਂ ਉਹ ਲੋਕ ਇਉਂ ਜਾਪਦੇ ਸਨ ਜਿਵੇਂ ਬਹੁਤ ਦੂਰੋਂ ਸਫ਼ਰ ਕਰਕੇ ਆਏ ਸਨ।
6 ਫ਼ਿਰ ਉਹ ਆਦਮੀ ਇਸਰਾਏਲ ਦੇ ਲੋਕਾਂ ਦੇ ਡੇਰੇ ਵਿੱਚ ਗਏ। ਡੇਰਾ ਗਿਲਗਾਲ ਦੇ ਨੇੜੇ ਸੀ।ਆਦਮੀ ਯਹੋਸ਼ੁਆ ਕੋਲ ਗਏ ਅਤੇ ਉਸਨੂੰ ਆਖਿਆ, “ਅਸੀਂ ਬਹੁਤ ਦੂਰ ਦੇਸ਼ੋਂ ਸਫ਼ਰ ਕਰਕੇ ਆਏ ਹਾਂ, ਅਸੀਂ ਤੁਹਾਡੇ ਨਾਲ ਇੱਕ ਸ਼ਾਂਤੀ ਦਾ ਇਕਰਾਰਨਾਮਾ ਕਰਨਾ ਚਾਹੁੰਦੇ ਹਾਂ।”
7 ਇਸਰਾਏਲ ਦੇ ਲੋਕਾਂ ਨੇ (ਗਿਬਓਨ ਦੇ ਆਦਮੀਆਂ) ਹਿੱਵੀਆਂ ਨੂੰ ਆਖਿਆ, “ਸ਼ਾਇਦ ਤੁਸੀਂ ਸਾਡੇ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਸ਼ਾਇਦ ਤੁਸੀਂ ਸਾਡੇ ਬਹੁਤ ਹੀ ਨੇੜੇ ਰਹਿੰਦੇ ਹੋ। ਅਸੀਂ ਤੁਹਾਡੇ ਨਾਲ ਉਦੋਂ ਤੱਕ ਸ਼ਾਂਤੀ ਦਾ ਇਕਰਾਰਨਾਮਾ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਅਸੀਂ ਇਹ ਨਾ ਜਾਣ ਲਈਏ ਕਿ ਤੁਸੀਂ ਕਿਥੋਂ ਆਏ।”
8 ਇਨ੍ਹਾਂ ਹਿੱਵੀ ਆਦਮੀਆਂ ਨੇ ਯਹੋਸ਼ੁਆ ਨੂੰ ਆਖਿਆ, “ਅਸੀਂ ਤੁਹਾਡੇ ਸੇਵਕ ਹਾਂ”ਪਰ ਯਹੋਸ਼ੁਆ ਨੇ ਆਖਿਆ, “ਤੁਸੀਂ ਕੌਣ ਹੋ? ਤੁਸੀਂ ਕਿਥੋਂ ਆਏ ਹੋ?”
9 ਆਦਮੀਆਂ ਨੇ ਜਵਾਬ ਦਿੱਤਾ, “ਅਸੀਂ ਤੁਹਾਡੇ ਸੇਵਕ ਹਾਂ। ਅਸੀਂ ਬਹੁਤ ਦੂਰ ਦੇਸ਼ ਤੋਂ ਆਏ ਹਾਂ। ਅਸੀਂ ਇਸ ਲਈ ਆਏ ਹਾਂ ਕਿਉਂਕਿ ਅਸੀਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਮਹਾਨ ਸ਼ਕਤੀ ਬਾਰੇ ਸੁਣਿਆ ਹੈ। ਅਸੀਂ ਉਨ੍ਹਾਂ ਗੱਲਾਂ ਬਾਰੇ ਸੁਣਿਆ ਹੈ ਜਿਹੜੀਆਂ ਉਸਨੇ ਕੀਤੀਆਂ ਹਨ। ਅਸੀਂ ਮਿਸਰ ਵਿੱਚ ਉਸ ਵੱਲੋਂ ਕੀਤੀ ਹਰ ਗੱਲ ਬਾਰੇ ਸੁਣਿਆ।
10 ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਉਸਨੇ ਯਰਦਨ ਨਦੀ ਦੇ ਪੂਰਬ ਵੱਲ ਅਮੋਰੀ ਲੋਕਾਂ ਦੇ ਦੋ ਰਾਜਿਆਂ ਨੂੰ ਹਰਾ ਦਿੱਤਾ ਹੈ। ਇਹ ਅਸ਼ਤਾਰੋਥ ਦੀ ਧਰਤੀ ਉੱਤੇ ਹਸ਼ਬੋਨ ਦਾ ਰਾਜਾ ਸੀਹੋਨ ਸੀ ਅਤੇ ਬਾਸ਼ਾਨ ਦਾ ਰਾਜਾ ਓਗ ਸੀ।
11 ਇਸ ਲਈ ਸਾਡੇ ਬਜ਼ੁਰਗਾ ਅਤੇ ਸਾਡੇ ਲੋਕਾਂ ਨੇ ਸਾਨੂੰ ਆਖਿਆ, ‘ਆਪਣੇ ਸਫ਼ਰ ਲਈ ਕਾਫ਼ੀ ਭੋਜਨ ਲੈ ਲਓ। ਜਾਓ ਅਤੇ ਇਸਰਾਏਲ ਦੇ ਲੋਕਾਂ ਨੂੰ ਮਿਲੋ। ਉਨ੍ਹਾਂ ਨੂੰ ਆਖੋ, “ਅਸੀਂ ਤੁਹਾਡੇ ਸੇਵਕ ਹਾਂ। ਸਾਡੇ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰ ਲਵੋ।’”
12 “ਸਾਡੀ ਰੋਟੀ ਵੱਲ ਦੇਖੋ! ਜਦੋਂ ਅਸੀਂ ਘਰੋਂ ਚੱਲੇ ਸਾਂ ਇਹ ਗਰਮ ਅਤੇ ਤਾਜੀ ਸੀ। ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਸੁੱਕੀ ਅਤੇ ਬੇਹੀ ਹੈ।
13 ਸਾਡੀਆਂ ਮੈਅ ਦੀਆਂ ਮਸ਼ਕਾ ਦੇਖੋ! ਜਦੋਂ ਅਸੀਂ ਘਰੋਂ ਚੱਲੇ ਸਾਂ ਇਹ ਨਵੀਆਂ ਸਨ ਅਤੇ ਮੈਅ ਨਾਲ ਭਰੀਆਂ ਹੋਈਆਂ ਸਨ। ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਫ਼ਟੀਆਂ ਪੁਰਾਣੀਆਂ ਹੋ ਗਈਆਂ ਹਨ। ਸਾਡੇ ਕੱਪੜਿਆਂ ਅਤੇ ਜੁੱਤੀਆਂ ਵੱਲ ਦੇਖੋ। ਤੁਸੀਂ ਦੇਖ ਸਕਦੇ ਹੋ ਕਿ ਲੰਮੇ ਸਫ਼ਰ ਨੇ ਇਨ੍ਹਾਂ ਪਹਿਨਣ ਵਾਲੀਆਂ ਚੀਜ਼ਾਂ ਨੂੰ ਤਕਰੀਬਨ ਬਰਬਾਦ ਕਰ ਦਿੱਤਾ ਹੈ।”
14 ਇਸਰਾਏਲ ਦੇ ਆਦਮੀ ਇਹ ਜਾਨਣਾ ਚਾਹੁੰਦੇ ਸਨ ਕਿ ਕੀ ਇਹ ਲੋਕ ਸੱਚ ਆਖ ਰਹੇ ਸਨ। ਇਸ ਲਈ ਉਨ੍ਹਾਂ ਨੇ ਰੋਟੀ ਦਾ ਸਵਾਦ ਚਖਿਆ - ਪਰ ਉਨ੍ਹਾਂ ਨੇ ਯਹੋਵਾਹ ਨੂੰ ਨਹੀਂ ਪੁਛਿਆ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।
15 ਯਹੋਸ਼ੁਆ ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਨ ਲਈ ਰਾਜ਼ੀ ਹੋ ਗਿਆ। ਉਹ ਉਨ੍ਹਾਂ ਨੂੰ ਜਿਉਂਦੇ ਛੱਡਣ ਲਈ ਮੰਨ ਗਿਆ। ਇਸਰਾਏਲ ਦੇ ਲੋਕ ਵੀ ਯਹੋਸ਼ੁਆ ਦੇ ਇਸ ਇਕਰਾਰ ਨਾਲ ਸਹਿਮਤ ਹੋ ਗਏ।
16 ਤਿੰਨ ਦਿਨਾ ਮਗਰੋਂ, ਇਸਰਾਏਲ ਦੇ ਲੋਕਾਂ ਨੂੰ ਪਤਾ ਲਗਿਆ ਕਿ ਉਹ ਲੋਕ ਉਨ੍ਹਾਂ ਦੇ ਡੇਰੇ ਦੇ ਬਹੁਤ ਨੇੜੇ ਹੀ ਰਹਿੰਦੇ ਸਨ।
17 ਇਸ ਲਈ ਇਸਰਾਏਲ ਦੇ ਲੋਕ ਉਸ ਥਾਂ ਗਏ ਜਿਥੇ ਉਹ ਰਹਿੰਦੇ ਸਨ। ਤੀਸਰੇ ਦਿਨ ਇਸਰਾਏਲ ਦੇ ਲੋਕ ਗਿਬੋਨ, ਕਫ਼ੀਰਾਹ, ਬਏਰੋਥ ਅਤੇ ਕਿਰਯਥ-ਯਾਰੀਮ ਸ਼ਹਿਰ ਵਿੱਚ ਆਏ।
18 ਪਰ ਇਸਰਾਏਲ ਦੀ ਫ਼ੌਜ ਨੇ ਉਨ੍ਹਾਂ ਸ਼ਹਿਰਾਂ ਦੇ ਵਿਰੁੱਧ ਲੜਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰ ਲਿਆ ਸੀ। ਉਨ੍ਹਾਂ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੇ ਸਾਮ੍ਹਣੇ ਇਨ੍ਹਾਂ ਲੋਕਾਂ ਨਾਲ ਇਕਰਾਰ ਕੀਤਾ ਸੀ।ਸਾਰੇ ਲੋਕਾਂ ਨੇ ਉਨ੍ਹਾਂ ਆਗੂਆਂ ਦੇ ਵਿਰੁੱਧ ਸ਼ਿਕਾਇਤ ਕੀਤੀ ਜਿਨ੍ਹਾਂ ਨੇ ਇਕਰਾਰਨਾਮਾ ਕੀਤਾ ਸੀ।
19 ਪਰ ਆਗੂਆਂ ਨੇ ਜਵਾਬ ਦਿੱਤਾ, “ਅਸੀਂ ਆਪਣਾ ਇਕਰਾਰ ਦੇ ਦਿੱਤਾ ਹੈ। ਅਸੀਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਸਾਮ੍ਹਣੇ ਇਕਰਾਰ ਕੀਤਾ ਹੈ। ਹੁਣ ਅਸੀਂ ਉਨ੍ਹਾਂ ਦੇ ਖਿਲਾਫ਼ ਨਹੀਂ ਲੜ ਸਕਦੇ।
20 ਸਾਨੂੰ ਹੁਣ ਇਹ ਜ਼ਰੂਰ ਕਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਨੂੰ ਜਿਉਂਦੇ ਰਹਿਣ ਦੇਣਾ ਚਾਹੀਦਾ ਹੈ। ਅਸੀਂ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁਚਾ ਸਕਦੇ, ਨਹੀਂ ਤਾਂ ਪਰਮੇਸ਼ੁਰ ਸਾਡੇ ਨਾਲ ਇਸ ਕਰਕੇ ਨਾਰਾਜ਼ ਹੋ ਜਾਵੇਗਾ ਕਿਉਂਕਿ ਅਸੀਂ ਉਨ੍ਹਾਂ ਨਾਲ ਕੀਤਾ ਹੋਇਆ ਇਕਰਾਰ ਤੋੜਿਆ।
21 ਇਸ ਲਈ ਉਨ੍ਹਾਂ ਨੂੰ ਜਿਉਣ ਦਿਉ। ਪਰ ਉਹ ਸਾਡੇ ਸੇਵਕ ਹੋਣਗੇ ਉਹ ਸਾਡੇ ਲਈ ਲੱਕੜੀਆਂ ਕੱਟਣਗੇ ਅਤੇ ਸਾਡੇ ਲੋਕਾਂ ਦਾ ਪਾਣੀ ਢੋਣਗੇ।” ਇਸ ਲਈ ਆਗੂਆਂ ਨੇ ਉਨ੍ਹਾਂ ਲੋਕਾਂ ਨਾਲ ਕੀਤੇ ਸ਼ਾਂਤੀ ਦੇ ਇਕਰਾਰ ਨੂੰ ਨਹੀਂ ਤੋੜਿਆ।
22 ਯਹੋਸ਼ੁਆ ਨੇ ਗਿਬਓਨੀ ਲੋਕਾਂ ਨੂੰ ਸਦਿਆ। ਉਸਨੇ ਆਖਿਆ, “ਤੁਸੀਂ ਸਾਡੇ ਨਾਲ ਝੂਠ ਕਿਉਂ ਬੋਲਿਆ? ਤੁਹਾਡੀ ਜ਼ਮੀਨ ਸਾਡੇ ਡੇਰੇ ਦੇ ਕੋਲ ਸੀ। ਪਰ ਤੁਸੀਂ ਸਾਨੂੰ ਆਖਿਆ ਸੀ ਕਿ ਤੁਸੀਂ ਕਿਸੇ ਦੂਰ ਦੇਸ਼ ਤੋਂ ਆਏ ਹੋ।
23 ਹੁਣ ਤੁਹਾਡੇ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ। ਤੁਹਾਡੇ ਵਿੱਚੋਂ ਕੁਝ ਲੋਕ ਹਮੇਸ਼ਾ ਲਈ ਗੁਲਾਮ ਹੋਣਗੇ। ਉਨ੍ਹਾਂ ਨੂੰ ਪਰਮੇਸ਼ੁਰ ਦੇ ਘਰ ਲਈ ਲੱਕੜਾਂ ਕੱਟਣੀਆਂ ਪੈਣਗੀਆਂ ਅਤੇ ਪਾਣੀ ਭਰਨਾ ਪਵੇਗਾ।
24 ਗਿਬਓਨੀ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਤੁਹਾਡੇ ਨਾਲ ਇਸ ਲਈ ਝੂਠ ਬੋਲਿਆ ਕਿਉਂਕਿ ਅਸੀਂ ਡਰਦੇ ਸਾਂ ਕਿ ਤੁਸੀਂ ਸਾਨੂੰ ਮਾਰ ਦਿਉਂਗੇ। ਅਸੀਂ ਸੁਣਿਆ ਸੀ ਕਿ ਪਰਮੇਸ਼ੁਰ ਨੇ ਆਪਣੇ ਸੇਵਕ ਮੂਸਾ ਨੂੰ ਇਹ ਸਾਰੀ ਧਰਤੀ ਦੇਣ ਦਾ ਆਦੇਸ਼ ਦਿੱਤਾ ਸੀ। ਅਤੇ ਪਰਮੇਸ਼ੁਰ ਨੇ ਤੁਹਾਨੂੰ ਆਖਿਆ ਸੀ ਕਿ ਇਸ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਮਾਰ ਦਿੱਤਾ ਜਾਵੇ। ਇਸੇ ਲਈ ਅਸੀਂ ਤੁਹਾਨੂੰ ਝੂਠ ਆਖਿਆ।
25 ਹੁਣ ਅਸੀਂ ਤੁਹਾਡੇ ਸੇਵਕ ਹਾਂ। ਤੁਸੀਂ ਜੋ ਠੀਕ ਸਮਝੋ ਕਰ ਸਕਦੇ ਹੋ।”
26 ਇਸ ਲਈ ਗਿਬਓਨ ਦੇ ਲੋਕ ਗੁਲਾਮ ਬਣ ਗਏ। ਪਰ ਯਹੋਸ਼ੁਆ ਨੇ ਉਨ੍ਹਾਂ ਨੂੰ ਜਿਉਣ ਦਿੱਤਾ। ਯਹੋਸ਼ੁਆ ਨੇ ਇਸਰਾਏਲ ਦੇ ਲੋਕਾਂ ਨੂੰ ਉਨ੍ਹਾਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ।
27 ਯਹੋਸ਼ੁਆ ਨੇ ਗਿਬਓਨ ਦੇ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਦੇ ਗੁਲਾਮ ਬਣ ਜਾਣ ਦਿੱਤਾ। ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਲਈ ਅਤੇ ਯਹੋਵਾਹ ਦੀ ਜਗਵੇਦੀ ਲਈ ਲੱਕੜਾ ਕੱਟੀਆਂ ਅਤੇ ਪਾਣੀ ਭਰਿਆ - ਜਿਥੇ ਵੀ ਯਹੋਵਾਹ ਨੇ ਇਸ ਗੱਲ ਦੀ ਚੋਣ ਕੀਤੀ। ਉਹ ਲੋਕ ਅੱਜ ਵੀ ਗੁਲਾਮ ਹਨ।