ਯਸ਼ਵਾ

1 2 3 4 5 6 7 8 9 10 11 12 13 14 15 16 17 18 19 20 21 22 23 24

ਕਾਂਡ 2

1 ਯਹੋਸ਼ੁਆ, ਨੂਨ ਦਾ ਪੁੱਤਰ ਅਤੇ ਹੋਰ ਸਾਰੇ ਆਦਮੀਆਂ ਨੇ ਅਕਾਸੀਆ ਵਿਖੇ ਡੇਰਾ ਲਾਇਆ ਹੋਇਆ ਸੀ। ਯਹੋਸ਼ੁਆ ਨੇ ਦੋ ਬੰਦਿਆ ਨੂੰ ਜਸੂਸਾਂ ਵਜੋਂ ਉਸ ਧਰਤੀ ਉੱਤੇ ਘਲਿਆ। ਇਨ੍ਹ੍ਹਾਂ ਬੰਦਿਆਂ ਨੇ ਧਰਤੀ ਦੀ, ਖਾਸਕਰ ਯਰੀਹੋ ਸ਼ਹਿਰ ਦੀ ਜਸੂਸੀ ਕਰਨੀ ਸੀ।ਇਹ ਦੋਵੇਂ ਬੰਦੇ ਰਾਹਾਬ ਨਾਮ ਦੀ ਵੇਸਵਾ ਦੇ ਘਰੇ ਠਹਿਰੇ।
2 ਕਿਸੇ ਨੇ ਯਰੀਹੋ ਦੇ ਰਾਜੇ ਨੂੰ ਆਖਿਆ, “ਪਿਛਲੀ ਰਾਤ ਇਸਰਾਏਲ ਦੇ ਕੁਝ ਆਦਮੀ ਸਾਡੇ ਦੇਸ਼ ਦੀਆਂ ਕਮਜ਼ੋਰੀਆਂ ਦੇਖਣ ਆਏ।”
3 ਇਸ ਲਈ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਇਹ ਸੰਦੇਸ਼ ਭੇਜਿਆ: “ਉਨ੍ਹਾਂ ਬੰਦਿਆਂ ਨੂੰ ਨਾ ਛੁਪਾ ਜਿਹੜੇ ਆਏ ਸਨ ਅਤੇ ਤੇਰੇ ਘਰ ਠਹਿਰੇ ਸਨ। ਉਨ੍ਹਾਂ ਨੂੰ ਬਾਹਰ ਲਿਆ। ਉਹ ਸਾਡੇ ਦੇਸ਼ ਦੀ ਜਸੂਸੀ ਕਰਨ ਆਏ ਹਨ।”
4 ਔਰਤ ਨੇ ਦੋ ਬੰਦਿਆ ਨੂੰ ਛੁਪਾਇਆ ਹੋਇਆ ਸੀ। ਪਰ ਔਰਤ ਨੇ ਆਖਿਆ, “ਉਹ ਦੋ ਆਦਮੀ ਇੱਥੇ ਆਏ ਜ਼ਰੂਰ ਸਨ, ਪਰ ਮੈਨੂੰ ਨਹੀਂ ਪਤਾ ਉਹ ਕਿਥੋਂ ਆਏ ਸਨ।
5 ਸ਼ਾਮ ਵੇਲੇ ਜਦੋਂ ਸ਼ਹਿਰ ਦਾ ਦਰਵਾਜ਼ਾ ਬੰਦ ਕਰਨ ਦਾ ਵੇਲਾ ਸੀ, ਉਹ ਆਦਮੀ ਚਲੇ ਗਏ। ਮੈਨੂੰ ਨਹੀਂ ਪਤਾ ਉਹ ਕਿਧਰ ਚਲੇ ਗਏ। ਪਰ ਜੇ ਤੁਸੀਂ ਛੇਤੀ ਜਾਉ, ਤਾਂ ਸ਼ਾਇਦ ਤੁਸੀਂ ਉਨ੍ਹਾਂ ਨੂੰ ਫ਼ੜ ਸਕੋ।”
6 (ਰਾਹਾਬ ਨੇ ਇਹ ਗੱਲਾਂ ਆਖੀਆਂ, ਪਰ ਅਸਲ ਵਿੱਚ ਉਹ ਔਰਤ ਉਨ੍ਹਾਂ ਆਦਮੀਆਂ ਨੂੰ ਛੱਤ ਉੱਤੇ ਲੈ ਗਈ ਸੀ, ਅਤੇ ਉਸਨੇ ਉਨ੍ਹਾਂ ਨੂੰ ਉਥੇ ਉਪਰ ਇਕਠੇ ਕੀਤੇ ਹੋਏ ਘਾਹ ਵਿੱਚ ਛੁਪਾਇਆ ਹੋਇਆ ਸੀ।)
7 ਇਸ ਲਈ ਰਾਜੇ ਦੇ ਬੰਦੇ ਸ਼ਹਿਰ ਤੋਂ ਬਾਹਰ ਚਲੇ ਗਏ, ਅਤੇ ਲੋਕਾਂ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਰਾਜੇ ਦੇ ਆਦਮੀ ਇਸਰਾਏਲ ਦੇ ਉਨ੍ਹਾਂ ਦੋਹਾਂ ਬੰਦਿਆਂ ਦੀ ਭਾਲ ਵਿੱਚ ਗਏ। ਉਹ ਯਰਦਨ ਨਦੀ ਉੱਤੇ ਗਏ ਅਤੇ ਉਨ੍ਹਾਂ ਨੇ ਉਹ ਸਾਰੀਆਂ ਥਾਵਾਂ ਦੇਖੀਆਂ ਜਿਥੋਂ ਲੋਕ ਨਦੀ ਪਾਰ ਕਰਦੇ ਹਨ।
8 ਦੋਵੇਂ ਬੰਦੇ ਰਾਤ ਵੇਲੇ ਸੌਣ ਲਈ ਤਿਆਰ ਸਨ। ਪਰ ਰਾਹਾਬ ਛੱਤ ਉੱਤੇ ਗਈ ਅਤੇ ਉਨ੍ਹਾਂ ਨਾਲ ਗੱਲ ਕੀਤੀ।
9 ਰਾਹਾਬ ਨੇ ਆਖਿਆ, “ਮੈਂ ਜਾਣਦੀ ਹਾਂ ਕਿ ਯਹੋਵਾਹ ਨੇ ਇਹ ਧਰਤੀ ਤੁਹਾਡੇ ਲੋਕਾਂ ਨੂੰ ਦੇ ਦਿੱਤੀ ਹੈ। ਤੁਸੀਂ ਸਾਨੂੰ ਭੈਭੀਤ ਕਰਦੇ ਹੋ। ਇਸ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕ ਤੁਹਾਡੇ ਕੋਲੋਂ ਭੈਭੀਤ ਹਨ।
10 ਅਸੀਂ ਇਸ ਲਈ ਭੈਭੀਤ ਹਾਂ ਕਿਉਂਕਿ ਅਸੀਂ ਉਨ੍ਹਾਂ ਢਂਗਾ ਬਾਰੇ ਸੁਣ ਲਿਆ ਹੈ ਜਿਨ੍ਹਾਂ ਰਾਹੀਂ ਯਹੋਵਾਹ ਨੇ ਤੁਹਾਡੀ ਮਦਦ ਕੀਤੀ ਹੈ। ਅਸੀਂ ਸੁਣਿਆ ਹੈ ਕਿ ਉਸਨੇ ਲਾਲ ਸਾਗਰ ਦੇ ਪਾਣੀ ਨੂੰ ਸੁਕਾ ਦਿੱਤਾ ਸੀ ਜਦੋਂ ਤੁਸੀਂ ਮਿਸਰ ਵਿੱਚੋਂ ਆਏ ਸੀ। ਅਸੀਂ ਇਹ ਵੀ ਸੁਣਿਆ ਸੀ ਕਿ ਤੁਸੀਂ ਅਮੋਰੀਆਂ ਦੇ ਦੋ ਰਾਜਿਆਂ ਸੀਹੋਨ ਅਤੇ ਓਗ ਨਾਲ ਕੀ ਕੀਤਾ ਸੀ। ਅਸੀਂ ਸੁਣਿਆ ਸੀ ਕਿ ਕਿਵੇਂ ਤੁਸੀਂ ਯਰਦਨ ਨਦੀ ਦੇ ਪੂਰਬ ਵੱਲ ਰਹਿਣ ਵਾਲੇ ਉਨ੍ਹਾਂ ਰਾਜਿਆਂ ਨੂੰ ਤਬਾਹ ਕੀਤਾ ਸੀ।
11 ਅਸੀਂ ਉਨ੍ਹਾਂ ਗੱਲਾਂ ਬਾਰੇ ਸੁਣਿਆ ਸੀ ਅਤੇ ਅਸੀਂ ਬਹੁਤ ਭੈਭੀਤ ਹੋ ਗਏ ਸਾਂ। ਅਤੇ ਹੁਣ ਸਾਡੇ ਵਿੱਚੋਂ ਕੋਈ ਵੀ ਬੰਦਾ ਇੰਨਾ ਬਹਾਦਰ ਨਹੀਂ ਕਿ ਤੁਹਾਡੇ ਨਾਲ ਲੜ ਸਕੇ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ, ਉਪਰ ਆਕਾਸ਼ ਵਿੱਚ ਅਤੇ ਹੇਠਾਂ ਧਰਤੀ ਉੱਤੇ ਹਕੂਮਤ ਕਰਦਾ ਹੈ!
12 ਇਸ ਲਈ ਹੁਣ, ਯਹੋਵਾਹ ਅੱਗੇ ਮੇਰੇ ਨਾਲ ਇਕਰਾਰ ਕਰੋ ਕਿ ਜਿਵੇਂ ਮੈਂ ਤੁਹਾਡੇ ਲਈ ਚੰਗੀ ਸੀ ਅਤੇ ਤੁਹਾਡੀ ਸਹਾਇਤਾ ਕੀਤੀ ਤੁਸੀਂ ਮੇਰੇ ਪਰਿਵਾਰ ਲਈ ਚੰਗੇ ਹੋਵੋਂਗੇ। ਕਿਰਪਾ ਕਰਕੇ ਮੈਨੂੰ ਯਕੀਨ ਕਰਵਾਉ ਕਿ ਤੁਸੀਂ ਅਜਿਹਾ ਹੀ ਕਰੋਂਗੇ।
13 ਮੈਨੂੰ ਦੱਸੋ ਕਿ ਤੁਸੀਂ ਮੇਰੇ ਪਰਿਵਾਰ ਨੂੰ ਜਿਉਣ ਦੀ ਇਜਾਜ਼ਤ ਦਿਉਂਗੇ - ਮੇਰੇ ਪਿਤਾ, ਮਾਤਾ, ਭਰਾਵਾ, ਭੈਣਾ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਵੀ। ਇਕਰਾਰ ਕਰੋ ਕਿ ਤੁਸੀਂ ਸਾਨੂੰ ਮੌਤ ਤੋਂ ਬਚਾਵੋਂਗੇ।”
14 ਉਨ੍ਹਾਂ ਆਦਮੀਆਂ ਨੇ ਉਸਨੂੰ ਯਕੀਨ ਦਿਵਾਇਆ, “ਅਸੀਂ ਤੁਹਾਡੀਆਂ ਜ਼ਿਂਦਗੀਆਂ ਖਾਤਰ ਆਪਣੀਆਂ ਜ਼ਿਂਦਗੀਆਂ ਦੇ ਦੇਵਾਂਗੇ ਜੇਕਰ ਤੂੰ ਕਿਸੇ ਨੂੰ ਨਾ ਦੱਸੇ ਕਿ ਅਸੀਂ ਕੀ ਕਰ ਰਹੇ ਹਾਂ। ਫ਼ੇਰ, ਜਦੋਂ ਯਹੋਵਾਹ ਸਾਨੂੰ ਸਾਡੀ ਧਰਤੀ ਦੇਵੇਗਾ, ਅਸੀਂ ਤੁਹਾਡੇ ਲਈ ਚੰਗੀ ਹੋਵਾਂਗੇ। ਤੂੰ ਸਾਡੇ ਉੱਤੇ ਭਰੋਸਾ ਕਰ ਸਕਦੀ ਹੈ।”
15 ਔਰਤ ਦਾ ਘਰ ਸ਼ਹਿਰ ਦੀ ਦੀਵਾਰ ਦੇ ਨਾਲ ਬਣਿਆ ਹੋਇਆ ਸੀ। ਇਹ ਦੀਵਾਰ ਦਾ ਹਿੱਸਾ ਸੀ। ਇਸ ਲਈ ਔਰਤ ਨੇ ਆਦਮੀਆਂ ਨੂੰ ਰਸੇ ਰਾਹੀਂ ਖਿੜਕੀ ਵਿੱਚੋਂ ਹੇਠਾ ਉਤਾਰ ਦਿੱਤਾ।
16 ਫ਼ੇਰ ਔਰਤ ਨੇ ਉਨ੍ਹਾਂ ਨੂੰ ਆਖਿਆ, “ਪੱਛਮ ਵੱਲ ਪਹਾੜਾ ਨੂੰ ਚਲੇ ਜਾਉ ਤਾਂ ਜੋ ਭੁੱਲ-ਭੁਲੇਖੇ ਰਾਜੇ ਦੇ ਬੰਦੇ ਤੁਹਾਨੂੰ ਲਭ ਨਾ ਲੈਣ। ਉਥੇ ਤਿੰਨ ਦਿਨਾ ਤੱਕ ਛੁਪੇ ਰਹੋ। ਜਦੋਂ ਰਾਜੇ ਦੇ ਆਦਮੀ ਵਾਪਸ ਆ ਜਾਣ ਤਾਂ ਤੁਸੀਂ ਆਪਣੇ ਰਾਹ ਜਾ ਸਕੋਂਗੇ।”
17 ਆਦਮੀਆਂ ਨੇ ਆਖਿਆ, “ਅਸੀਂ ਤੁਹਾਡੇ ਨਾਲ ਇਕਰਾਰ ਕੀਤਾ ਸੀ। ਪਰ ਤੁਹਾਨੂੰ ਇੱਕ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਨਹੀਂ ਤਾਂ ਅਸੀਂ ਆਪਣੇ ਇਕਰਾਰ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ।
18 ਤੁਸੀਂ ਇਹ ਲਾਲ ਰੱਸਾ ਸਾਡੇ ਬਚ ਨਿਕਲਣ ਵਿੱਚ ਸਹਾਇਤਾ ਕਰਨ ਲਈ ਵਰਤ ਰਹੇ ਹੋ। ਅਸੀਂ ਇਸ ਧਰਤੀ ਉੱਤੇ ਵਾਪਸ ਆਵਾਂਗੇ। ਉਸ ਵੇਲੇ ਤੁਸੀਂ ਇਹ ਲਾਲ ਰੱਸਾ ਆਪਣੀ ਖਿੜਕੀ ਨਾਲ ਜ਼ਰੂਰ ਬੰਨ੍ਹ ਦੇਣਾ। ਤੁਸੀਂ ਆਪਣੇ ਪਿਤਾ, ਆਪਣੀ ਮਾਤਾ, ਆਪਣੇ ਭਰਾਵਾਂ ਅਤੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾ ਨੂੰ ਆਪਣੇ ਘਰ ਵਿੱਚ ਜ਼ਰੂਰ ਨਾਲ ਲੈ ਆਉਣਾ।
19 ਅਸੀਂ ਹਰ ਉਸ ਬੰਦੇ ਦੀ ਰੱਖਿਆ ਕਰਾਂਗੇ ਜਿਹੜਾ ਇਸ ਘਰ ਵਿੱਚ ਠਹਿਰੇਗਾ। ਜੇ ਤੁਹਾਦੇ ਘਰ ਦੇ ਕਿਸੇ ਵੀ ਬੰਦੇ ਦਾ ਨੁਕਸਾਨ ਹੋਵੇਗਾ ਤਾਂ ਫ਼ੇਰ ਅਸੀਂ ਜ਼ਿੰਮੇਵਾਰ ਹੋਵਾਂਗੇ। ਪਰ ਜੇ ਕੋਈ ਬੰਦਾ ਤੁਹਾਡੇ ਘਰ ਵਿੱਚੋਂ ਬਾਹਰ ਜਾਵੇਗਾ ਤਾਂ ਹੋ ਸਕਦਾ ਹੈ ਕਿ ਉਹ ਬੰਦਾ ਮਾਰਿਆ ਜਾਵੇ। ਅਸੀਂ ਉਸ ਬੰਦੇ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। ਇਸ ਵਿੱਚ ਉਸਦਾ ਹੀ ਕਸੂਰ ਹੋਵੇਗਾ।
20 ਅਸੀਂ ਇਹ ਇਕਰਾਰਨਾਮਾ ਤੁਹਾਡੇ ਨਾਲ ਕਰ ਰਹੇ ਹਾਂ। ਪਰ ਜੇ ਤੁਸੀਂ ਕਿਸੇ ਨੂੰ ਇਸ ਬਾਰੇ ਦੱਸ ਦਿਉਂਗੇ ਕਿ ਅਸੀਂ ਕੀ ਕਰ ਰਹੇ ਹਾਂ ਤਾਂ ਅਸੀਂ ਇਸ ਇਕਰਾਰਨਾਮੇ ਤੋਂ ਮੁਕਤ ਹੋਵਾਂਗੇ।”
21 ਔਰਤ ਨੇ ਜਵਾਬ ਦਿੱਤਾ, “ਮੈਂ ਬਿਲਕੁਲ ਉਵੇਂ ਹੀ ਕਰਾਂਗੀ ਜਿਵੇਂ ਤੁਸੀਂ ਆਖਿਆ ਹੈ।” ਔਰਤ ਨੇ ਉਨ੍ਹਾਂ ਨੂੰ ਵਿਦਾ ਕਰ ਦਿੱਤਾ ਅਤੇ ਆਦਮੀ ਉਸਦੇ ਘਰ ਤੋਂ ਚਲੇ ਗਏ। ਫ਼ੇਰ ਔਰਤ ਨੇ ਖਿੜਕੀ ਵਿੱਚ ਲਾਲ ਰੱਸਾ ਬੰਨ੍ਹ ਦਿੱਤਾ।
22 ਆਦਮੀ ਉਸਦੇ ਘਰੋ ਚਲੇ ਗਏ ਅਤੇ ਪਹਾੜਾ ਵਿੱਚ ਚਲੇ ਗਏ। ਉਹ ਉਥੇ ਤਿੰਨ ਦਿਨ ਠਹਿਰੇ। ਰਾਜੇ ਦੇ ਆਦਮੀਆਂ ਨੇ ਸਾਰੇ ਰਾਹ ਉੱਤੇ ਨਜ਼ਰ ਮਾਰੀ। ਤਿੰਨ ਦਿਨਾ ਮਗਰੋਂ, ਰਾਜੇ ਦੇ ਆਦਮੀਆ ਨੇ ਤਲਾਸ਼ ਛੱਡ ਦਿੱਤੀ ਅਤੇ ਸ਼ਹਿਰ ਵਾਪਸ ਚਲੇ ਗਏ।
23 ਫ਼ੇਰ ਦੋਵੇਂ ਆਦਮੀ ਯਹੋਸ਼ੁਆ ਕੋਲ ਵਾਪਸ ਚਲੇ ਗਏ। ਆਦਮੀ ਪਹਾੜਾ ਵਿੱਚੋਂ ਬਾਹਰ ਆ ਗਏ ਅਤੇ ਨਦੀ ਨੂੰ ਪਾਰ ਕਰ ਗਏ। ਉਹ ਨੂਨ ਦੇ ਪੁੱਤਰ ਯਹੋਸ਼ੁਆ ਕੋਲ ਗਏ। ਉਨ੍ਹਾਂ ਨੇ ਜੋ ਕੁਝ ਵੀ ਜਾਣਿਆ ਸੀ ਯਹੋਸ਼ੁਆ ਨੂੰ ਦੱਸ ਦਿੱਤਾ।
24 ਉਨ੍ਹਾਂ ਨੇ ਯਹੋਸ਼ੁਆ ਨੂੰ ਆਖਿਆ, “ਯਹੋਵਾਹ ਨੇ ਸੱਚ ਮੁੱਚ ਹੀ ਸਾਡੀ ਧਰਤੀ ਸਾਨੂੰ ਦੇ ਦਿੱਤੀ ਹੈ। ਉਸ ਦੇਸ਼ ਦੇ ਸਾਰੇ ਹੀ ਲੋਕ ਸਾਡੇ ਕੋਲੋਂ ਭੈਭੀਤ ਹਨ।”