ਯਸ਼ਵਾ
ਕਾਂਡ 24
1 ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੀ ਸ਼ਕਮ ਵਿਖੇ ਇਕਤ੍ਰ੍ਰਤਾ ਬੁਲਾਈ। ਫ਼ੇਰ ਯਹੋਸ਼ੁਆ ਨੇ ਬਜ਼ੁਰਗ ਆਗੁਆਂ, ਪਰਿਵਾਰਾਂ ਦੇ ਮੁਖੀਆਂ, ਜੱਜਾਂ ਅਤੇ ਇਸਰਾਏਲ ਦੇ ਅਧਿਕਾਰੀਆਂ ਅਤੇ ਹਾਕਮਾਂ ਅਤੇ ਜਜਾਂ ਨੂੰ ਬੁਲਾਇਆ। ਇਹ ਸਾਰੇ ਆਦਮੀ ਪਰਮੇਸ਼ੁਰ ਦੇ ਸਨਮੁਖ ਖਲੋ ਗਏ।
2 ਫ਼ੇਰ ਯਹੋਸ਼ੁਆ ਨੇ ਸਾਰੇ ਲੋਕਾਂ ਨਾਲ ਗੱਲ ਕੀਤੀ ਅਤੇ ਆਖਿਆ, “ਮੈਂ ਤੁਹਾਨੂੰ ਉਹੋ ਕੁਝ ਦੱਸ ਰਿਹਾ ਹਾਂ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਤੁਹਾਨੂੰ ਆਖਦਾ ਹੈ: ‘ਬਹੁਤ ਸਮਾਂ ਪਹਿਲਾਂ, ਤੁਹਾਡੇ ਪੁਰਖੇ ਤੇਰਹ, ਅਬਰਾਹਾਮ ਅਤੇ ਨਾਹੋਰ ਦੇ ਪਿਤਾ ਸਮੇਤ ਫ਼ਰਾਤ ਨਦੀ ਦੇ ਪਰਲੇ ਕੰਢੇ ਰਹਿੰਦੇ ਸਨ। ਉਨ੍ਹਾਂ ਨੇ ਹੋਰਨਾ ਦੇਵਤਿਆਂ ਦੀ ਉਪਾਸਨਾ ਕੀਤੀ।
3 ਪਰ ਮੈਂ, ਯਹੋਵਾਹ ਨੇ ਤੁਹਾਡੇ ਪੁਰਖੇ ਅਬਰਾਹਾਮ ਨੂੰ ਨਦੀ ਦੇ ਪਰਲੇ ਕੰਢੇ ਦੀ ਧਰਤੀ ਤੋਂ ਕਢਿਆ। ਮੈਂ ਉਸਦੀ ਕਨਾਨ ਦੀ ਧਰਤੀ ਵਿੱਚ ਅਗਵਾਈ ਕੀਤੀ ਅਤੇ ਉਸਨੂੰ ਬਹੁਤ ਉਲਾਦ ਦਾ ਵਰ ਦਿੱਤਾ। ਮੈਂ ਅਬਰਾਹਾਮ ਨੂੰ ਉਸਦਾ ਪੁੱਤਰ ਇਸਹਾਕ ਦਿੱਤਾ।
4 ਅਤੇ ਮੈਂ ਇਸਹਾਕ ਨੂੰ ਯਾਕੂਬ ਅਤੇ ਏਸਾਓ ਨਾਮ ਦੇ ਦੋ ਪੁੱਤਰ ਦਿੱਤੇ। ਏਸਾਓ ਨੂੰ ਮੈਂ ਸੇਈਰ ਦੇ ਪਰਬਤਾਂ ਦੇ ਦੁਆਲੇ ਦੀ ਧਰਤੀ ਦਿੱਤੀ ਯਾਕੂਬ ਅਤੇ ਉਸਦੇ ਪੁੱਤਰ ਉਥੇ ਨਹੀਂ ਰਹੇ। ਉਹ ਮਿਸਰ ਦੀ ਧਰਤੀ ਉੱਤੇ ਰਹਿਣ ਲਈ ਚਲੇ ਗਏ।
5 “‘ਫ਼ੇਰ ਮੈਂ ਮੁਸਾ ਅਤੇ ਹਾਰੂਨ ਨੂੰ ਮਿਸਰ ਭੇਜਿਆ। ਮੈਂ ਚਾਹੁੰਦਾ ਸੀ ਕਿ ਉਹ ਮੇਰੇ ਬੰਦਿਆਂ ਨੂੰ ਮਿਸਰ ਵਿੱਚੋਂ ਬਾਹਰ ਲੈ ਆਉਣ। ਮੈਂ ਮਿਸਰ ਦੇ ਲੋਕਾਂ ਲਈ ਬਹੁਤ ਆਫ਼ਤਾਂ ਭੇਜੀਆਂ। ਫ਼ੇਰ ਮੈਂ ਤੁਹਾਡੇ ਬੰਦਿਆਂ ਨੂੰ ਮਿਸਰ ਤੋਂ ਬਾਹਰ ਲੈ ਆਇਆ।
6 ਇਸ ਤਰ੍ਹਾਂ ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲਿਆਂਦਾ। ਉਹ ਲਾਲ ਸਾਗਰ ਵੱਲ ਆ ਗਏ, ਅਤੇ ਮਿਸਰ ਦੇ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਉਥੇ ਰਥ ਅਤੇ ਘੋੜ ਸਵਾਰ ਸਨ।
7 ਇਸ ਲਈ ਲੋਕਾਂ ਨੇ ਮੈਨੂੰ, ਯਹੋਵਾਹ ਨੂੰ, ਸਹਾਇਤਾ ਲਈ ਪੁਕਾਰਿਆ। ਅਤੇ ਮੈਂ ਮਿਸਰ ਦੇ ਲੋਕਾਂ ਉੱਪਰ ਬਹੁਤ ਮੁਸੀਬਤਾਂ ਭੇਜੀਆਂ। ਮੈਂ, ਯਹੋਵਾਹ ਨੇ, ਸਮੁੰਦਰ ਦੇ ਪਾਣੀ ਨਾਲ ਉਨ੍ਹਾਂ ਨੂੰ ਢਕ ਦਿੱਤਾ। ਤੁਸੀਂ ਖੁਦ ਦੇਖਿਆ ਸੀ ਕਿ ਮੈਂ ਮਿਸਰ ਦੀ ਫ਼ੌਜ ਨਾਲ ਕੀ ਕੁਝ ਕੀਤਾ।“‘ਉਸਤੋਂ ਮਗਰੋਂ, ਤੁਸੀਂ ਬਹੁਤ ਸਮੇਂ ਤੱਕ ਮਾਰੂਥਲ ਵਿੱਚ ਰਹੇ।
8 ਫ਼ੇਰ ਮੈਂ ਤੁਹਾਨੂੰ ਅਮੋਰੀ ਲੋਕਾਂ ਦੀ ਧਰਤੀ ਉੱਤੇ ਲੈ ਆਂਦਾ। ਇਹ ਯਰਦਨ ਨਦੀ ਦੇ ਪੂਰਬ ਵੱਲ ਸੀ। ਉਹ ਲੋਕ ਤੁਹਾਡੇ ਖ਼ਿਲਾਫ਼ ਲੜੇ, ਪਰ ਮੈਂ ਤੁਹਾਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਨੂੰ ਹਰਾ ਦਿਉ। ਮੈਂ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਦੀ ਤਾਕਤ ਦਿੱਤੀ। ਫ਼ੇਰ ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ।
9 “‘ਫ਼ੇਰ ਮੋਆਬ ਦੇ ਰਾਜੇ, ਸਿਫ਼ੋਹ ਦੇ ਪੁੱਤਰ, ਬਾਲਾਕ ਨੇ ਇਸਰਾਏਲ ਦੇ ਲੋਕਾਂ ਨਾਲ ਲੜਨ ਦੀ ਤਿਆਰੀ ਕੀਤੀ। ਰਾਜੇ ਨੇ ਬਓਰ ਦੇ ਪੁੱਤਰ, ਬਿਲਆਮ, ਨੂੰ ਸਦਿਆ। ਉਸਨੇ ਬਿਲਆਮ ਨੂੰ ਆਖਿਆ ਕਿ ਤੁਹਾਨੂੰ ਸਰਾਪ ਦੇਵੇ।
10 ਪਰ ਮੈਂ, ਯਹੋਵਾਹ ਨੇ, ਬਿਲਆਮ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਬਿਲਆਮ ਨੇ ਤੁਹਾਨੂੰ ਵਰ ਦਿੱਤਾ ਉਸਨੇ ਕਈ ਵਾਰੀ ਤੁਹਾਨੂੰ ਅਸੀਸ ਦਿੱਤੀ। ਮੈਂ ਤੁਹਾਨੂੰ ਬਚਾਇਆ ਅਤੇ ਮੁਸੀਬਤ ਵਿੱਚੋਂ ਬਾਹਰ ਕਢਿਆ।
11 “‘ਫ਼ੇਰ ਤੁਸੀਂ ਯਰਦਨ ਨਦੀ ਪਾਰ ਕਰਕੇ ਯਰੀਹੋ ਸ਼ਹਿਰ ਨੂੰ ਚਲੇ ਗਏ ਯਰੀਹੋ ਦੇ ਲੋਕਾਂ ਨੇ ਤੁਹਾਡੇ ਵਿਰੁੱਧ ਲੜਾਈ ਕੀਤੀ। ਅਮੋਰੀ, ਫ਼ਰਿਜ਼ੀ, ਕ੍ਕਨਾਨੀ, ਹਿੱਤੀ, ਗਿਰਗਾਸੀ, ਹਿੱਵੀ ਅਤੇ ਯਬੂਸੀ ਲੋਕ ਵੀ ਤੁਹਾਡੇ ਨਾਲ ਲੜੇ। ਪਰ ਮੈਂ ਤੁਹਾਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਸਾਰਿਆਂ ਨੂੰ ਹਰਾ ਦਿਉ।
12 ਜਦੋਂ ਤੁਹਾਡੀ ਫ਼ੌਜ ਅੱਗੇ ਜਾ ਰਹੀ ਸੀ ਮੈਂ ਉਨ੍ਹਾਂ ਦੇ ਅੱਗੇ-ਅੱਗੇ ਹਾਰਨੇਟ (ਭ੍ਰਿਂਡਾਂ) ਨੂੰ ਭੇਜਿਆ। ਭ੍ਰਿਂਡਾਂ ਨੇ ਲੋਕਾਂ ਨੂੰ ਭਜਾ ਦਿੱਤਾ। ਇਸ ਲਈ ਤੁਸੀਂ ਆਪਣੀਆਂ ਤਲਵਾਰਾਂ ਅਤੇ ਤੀਰ ਕਮਾਨਾ ਦੀ ਵਰਤੋਂ ਕਰਨ ਤੋਂ ਬਗੈਰ ਹੀ ਧਰਤੀ ਉੱਤੇ ਕਬਜ਼ਾ ਕਰ ਲਿਆ।
13 “‘ਮੈਂ, ਯਹੋਵਾਹ ਨੇ, ਤੁਹਾਨੂੰ ਉਹ ਧਰਤੀ ਦਿੱਤੀ! ਤੁਸੀਂ ਉਸ ਧਰਤੀ ਲਈ ਮਿਹਨਤ ਨਹੀਂ ਕੀਤੀ ਸੀ - ਇਹ ਤੁਹਾਨੂੰ ਮੈਂ ਦਿੱਤੀ ਸੀ! ਤੁਸੀਂ ਉਨ੍ਹਾਂ ਸ਼ਹਿਰਾਂ ਨੂੰ ਨਹੀਂ ਸੀ ਉਸਾਰਿਆ - ਇਹ ਤੁਹਾਨੂੰ ਮੈਂ ਦਿੱਤੇ ਸਨ। ਅਤੇ ਹੁਣ ਤੁਸੀਂ ਉਸ ਧਰਤੀ ਅਤੇ ਉਨ੍ਹਾਂ ਸ਼ਹਿਰਾਂ ਵਿੱਚ ਰਹਿੰਦੇ ਹੋ। ਤੁਹਾਡੇ ਕੋਲ ਅੰਗੂਰਾਂ ਦੀਆਂ ਵੇਲਾਂ ਅਤੇ ਜ਼ੈਤੂਨ ਦੇ ਰੁਖਾਂ ਦੇ ਬਾਗ ਹਨ, ਪਰ ਉਨ੍ਹਾਂ ਬਾਗਾਂ ਨੂੰ ਤੁਸੀਂ ਨਹੀਂ ਸੀ ਲਗਾਇਆ।’”
14 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ, “ਹੁਣ ਤੁਸੀਂ ਯਹੋਵਾਹ ਦੇ ਸ਼ਬਦ ਸੁਣ ਲਈ ਹਨ। ਇਸ ਲਈ ਤੁਹਾਨੂੰ ਯਹੋਵਾਹ ਦਾ ਆਦਰ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਉਸਦੀ ਸੱਚੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਝੂਠੇ ਦੇਵਤਿਆਂ ਨੂੰ ਸੁੱਟ ਦਿਉ ਜਿਨ੍ਹਾਂ ਦੀ ਤੁਹਾਡੇ ਪੁਰਖਿਆਂ ਨੇ ਉਪਾਸਨਾ ਕੀਤੀ ਸੀ। ਇਹ ਗੱਲ ਅਜਿਹੀ ਸੀ ਜਿਹੜੀ ਬਹੁਤ ਸਮਾਂ ਪਹਿਲਾਂ ਮਿਸਰ ਵਿੱਚ ਫ਼ਰਾਤ ਨਦੀ ਦੇ ਪਰਲੇ ਕੰਢੇ ਵਾਪਰੀ ਸੀ। ਹੁਣ ਤੁਹਾਨੂੰ ਸਿਰਫ਼ ਯਹੋਵਾਹ ਦੀ ਸੇਵਾ ਹੀ ਕਰਨੀ ਚਾਹੀਦੀ ਹੈ।
15 “ਪਰ ਹੁਣ ਤੁਹਾਨੂੰ ਸਿਰਫ਼ ਯਹੋਵਾਹ ਦੀ ਸੇਵਾ ਹੀ ਕਰਨੀ ਚਾਹੀਦੀ ਹੈ ਸ਼ਾਇਦ ਤੁਸੀਂ ਯਹੋਵਾਹ ਦੀ ਸੇਵਾ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਅੱਜ ਆਪਣੇ ਲਈ ਅਵੱਸ਼ ਚੋਣ ਕਰਨੀ ਚਾਹੀਦੀ ਹੈ। ਅੱਜ ਤੁਹਾਨੂੰ ਇਹ ਨਿਰਣਾ ਕਰਨਾ ਪਵੇਗਾ ਕਿ ਤੁਸੀਂ ਕਿਸਦੀ ਸੇਵਾ ਕਰੋਂਗੇ। ਕੀ ਤੁਸੀਂ ਉਨ੍ਹਾਂ ਦੇਵਤਿਆਂ ਦੀ ਸੇਵਾ ਕਰੋਂਗੇ ਜਿਨ੍ਹਾਂ ਦੀ ਤੁਹਾਡੇ ਪੁਰਖਿਆਂ ਨੇ ਉਪਾਸਨਾ ਕੀਤੀ ਸੀ ਜਦੋਂ ਉਹ ਫ਼ਰਾਤ ਨਦੀ ਦੇ ਪਰਲੇ ਪਾਸੇ ਰਹਿੰਦੇ ਸਨ? ਜਾਂ ਕੀ ਤੁਸੀਂ ਅਮੋਰੀ ਲੋਕਾਂ ਦੇ ਦੇਵਤਿਆਂ ਦੀ ਸੇਵਾ ਕਰੋਂਗੇ ਜਿਹੜੇ ਇਸ ਧਰਤੀ ਉੱਤੇ ਰਹਿੰਦੇ ਸਨ? ਤੁਹਾਨੂੰ ਇਹ ਚੋਣ ਖੁਦ ਕਰਨੀ ਪਵੇਗੀ। ਪਰ ਜਿਥੋਂ ਤੱਕ ਮੇਰਾ ਅਤੇ ਮੇਰੇ ਪਰਿਵਾਰ ਦਾ ਸੰਬੰਧ ਹੈ, ਅਸੀਂ ਤਾਂ ਯਹੋਵਾਹ ਦੀ ਸੇਵਾ ਕਰਾਂਗੇ!”
16 ਫ਼ੇਰ ਲੋਕਾਂ ਨੇ ਉੱਤਰ ਦਿੱਤਾ, “ਅਸੀਂ ਕਦੇ ਵੀ ਯਹੋਵਾਹ ਦੇ ਪਿਛੇ ਲੱਗਣ ਤੋਂ ਨਹੀਂ ਹਟਾਂਗੇ। ਅਸੀਂ ਕਦੇ ਵੀ ਹੋਰਨਾਂ ਦੇਵਤਿਆਂ ਦੀ ਉਪਾਸਨਾ ਨਹੀਂ ਕਰਾਂਗੇ!
17 ਅਸੀਂ ਜਾਣਦੇ ਹਾਂ ਕਿ ਇਹ ਯਹੋਵਾਹ ਪਰਮੇਸ਼ੁਰ ਹੀ ਸੀ ਜਿਸਨੇ ਸਾਡੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਸੀ। ਅਸੀਂ ਉਸ ਧਰਤੀ ਉੱਤੇ ਗੁਲਾਮ ਸਾਂ। ਪਰ ਯਹੋਵਾਹ ਨੇ ਉਥੇ ਸਾਡੇ ਲਈ ਮਹਾਨ ਗੱਲਾਂ ਕੀਤੀਆਂ। ਉਹ ਸਾਨੂੰ ਉਸ ਧਰਤੀ ਤੋਂ ਬਾਹਰ ਲੈ ਆਇਆ ਅਤੇ ਜਦੋਂ ਹੋਰਨਾਂ ਧਰਤੀਆਂ ਵਿੱਚੋਂ ਲੰਘ ਰਹੇ ਸਾਂ ਉਸਨੇ ਸਾਡੀ ਰੱਖਿਆ ਕੀਤੀ।
18 ਯਹੋਵਾਹ ਨੇ ਇਨ੍ਹਾਂ ਧਰਤੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ। ਯਹੋਵਾਹ ਨੇ ਅਮੋਰੀ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ ਜਿਹੜੇ ਇਸ ਧਰਤੀ ਉੱਤੇ ਰਹਿੰਦੇ ਸਨ ਜਿਥੇ ਅਸੀਂ ਹੁਣ ਹਾਂ। ਇਸ ਲਈ ਅਸੀਂ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ। ਕਿਉਂਕਿ ਉਹ ਸਾਡਾ ਪਰਮੇਸ਼ੁਰ ਹੈ।”
19 ਫ਼ੇਰ ਯਹੋਸ਼ੁਆ ਨੇ ਆਖਿਆ, “ਇਹ ਸੱਚ ਨਹੀਂ ਹੈ। ਤੁਸੀਂ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੇ ਯੋਗ ਨਹੀਂ ਹੋਵੋਂਗੇ। ਯਹੋਵਾਹ ਪਰਮੇਸ਼ੁਰ ਪਵਿੱਤਰ ਹੈ ਅਤੇ ਪਰਮੇਸ਼ੁਰ ਆਪਣੇ ਬੰਦਿਆਂ ਨੂੰ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਦਿਆਂ ਦੇਖਕੇ ਨਫ਼ਰਤ ਕਰਦਾ ਹੈ। ਪਰਮੇਸ਼ੁਰ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ ਜੇ ਤੁਸੀਂ ਇਸ ਤਰ੍ਹਾਂ ਉਸਦੇ ਵਿਰੁੱਧ ਹੋ ਜਾਵੋਂਗੇ।
20 ਪਰ ਤੁਸੀਂ ਯਹੋਵਾਹ ਨੂੰ ਛੱਡ ਦਿਉਂਗੇ ਅਤੇ ਹੋਰਨਾਂ ਦੇਵਤਿਆਂ ਦੀ ਸੇਵਾ ਕਰੋਂਗੇ। ਅਤੇ ਯਹੋਵਾਹ ਤੁਹਾਡੇ ਉੱਤੇ ਭਿਆਨਕ ਆਫ਼ਤਾਂ ਭੇਜੇਗਾ। ਯਹੋਵਾਹ ਤੁਹਾਨੂੰ ਤਬਾਹ ਕਰ ਦੇਵੇਗਾ। ਯਹੋਵਾਹ ਪਰਮੇਸ਼ੁਰ ਤੁਹਾਡੇ ਨਾਲ ਚੰਗਿਆਈ ਕਰਦਾ ਰਿਹਾ ਹੈ। ਪਰ ਜੇ ਤੁਸੀਂ ਉਸਦੇ ਖਿਲਾਫ਼ ਹੋ ਗਏ ਤਾਂ ਉਹ ਤੁਹਾਨੂੰ ਤਬਾਹ ਕਰ ਦੇਵੇਗਾ।”
21 ਪਰ ਲੋਕਾਂ ਨੇ ਯਹੋਸ਼ੁਆ ਨੂੰ ਆਖਿਆ, “ਨਹੀਂ! ਅਸੀਂ ਯਹੋਵਾਹ ਦੀ ਸੇਵਾ ਕਰਾਂਗੇ।”
22 ਫ਼ੇਰ ਯਹੋਸ਼ੁਆ ਨੇ ਆਖਿਆ, “ਆਪਣੇ ਵੱਲ ਆਲੇ-ਦੁਆਲੇ ਅਤੇ ਇੱਥੇ ਆਪਣੇ ਨਾਲ ਦੇ ਲੋਕਾਂ ਵੱਲ ਵੇਖੋ। ਕੀ ਤੁਸੀਂ ਸਾਰੇ ਜਾਣਦੇ ਹੋ ਅਤੇ ਮੰਨਦੇ ਹੋ ਕਿ ਤੁਸੀਂ ਯਹੋਵਾਹ ਦੀ ਸੇਵਾ ਕਰਨ ਦੀ ਚੋਣ ਕੀਤੀ ਹੈ! ਕੀ ਤੁਸੀਂ ਇਸ ਗੱਲ ਦੇ ਗਵਾਹ ਹੋ?”ਲੋਕਾਂ ਨੇ ਉੱਤਰ ਦਿੱਤਾ ਹਾਂ ਇਹ ਸੱਚ ਹੈ ਅਸੀਂ ਸਾਰੇ ਇਹ ਦੇਖਦੇ ਹਾਂ ਕਿ ਅਸੀਂ ਯਹੋਵਾਹ ਦੀ ਸੇਵਾ ਕਰਨ ਦੀ ਚੋਣ ਕੀਤੀ ਹੈ।
23 ਫ਼ੇਰ ਯਹੋਸ਼ੁਆ ਨੇ ਆਖਿਆ, “ਇਸ ਲਈ ਉਨ੍ਹਾਂ ਝੂਠੇ ਦੇਵਤਿਆਂ ਨੂੰ ਪਰਾਂਹ ਸੁੱਟ ਦਿਉ ਜਿਹੜੇ ਤੁਹਾਡੇ ਕੋਲ ਹਨ। ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰੋ।”
24 ਫ਼ੇਰ ਲੋਕਾਂ ਨੇ ਯਹੋਸ਼ੁਆ ਨੂਮ ਆਖਿਆ, “ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਾਂਗੇ। ਅਸੀਂ ਉਸਦਾ ਹੁਕਮ ਮੰਨਾਂਗੇ।”
25 ਇਸ ਲਈ ਉਸ ਦਿਨ ਯਹੋਸ਼ੁਆ ਨੇ ਲੋਕਾਂ ਲਈ ਇੱਕ ਨੇਮ ਕੀਤਾ। ਯਹੋਸ਼ੁਆ ਨੇ ਇਹ ਨੇਮ ਸ਼ਕਮ ਨਾਮ ਦੇ ਕਸਬੇ ਵਿਖੇ ਕੀਤਾ। ਇਹ ਉਨ੍ਹਾਂ ਲਈ ਕਾਨੂੰਨ ਬਣ ਗਿਆ।
26 ਯਹੋਸ਼ੁਆ ਨੇ ਇਨ੍ਹਾਂ ਗੱਲਾਂ ਨੂੰ ‘ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ’ ਵਿੱਚ ਲਿਖ ਦਿੱਤਾ। ਫ਼ੇਰ ਯਹੋਸ਼ੁਆ ਨੇ ਇੱਕ ਵੱਡਾ ਪੱਥਰ ਲਭਿਆ। ਇਹ ਪੱਥਰ ਇਸ ਇਕਰਾਰਨਾਮੇ ਦਾ ਸਬੂਤ ਸੀ। ਉਸਨੇ ਉਸ ਪੱਥਰ ਨੂੰ ਯਹੋਵਾਹ ਦੇ ਪਵਿੱਤਰ ਤੰਬੂ ਦੇ ਨੇੜੇ ਓਕ ਦੇ ਰੁਖ ਹੇਠਾਂ ਰੱਖ ਦਿੱਤਾ।
27 ਫ਼ੇਰ ਯਹੋਸ਼ੁਆ ਨੇ ਸਾਰੇ ਲੋਕਾਂ ਨੂੰ ਆਖਿਆ, “ਇਹ ਪੱਥਰ ਤੁਹਾਨੂੰ ਉਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਸਹਾਇਤਾ ਦੇਵੇਗਾ ਜਿਹੜੀਆਂ ਅਸੀਂ ਅੱਜ ਆਖੀਆਂ। ਜਦੋਂ ਅੱਜ ਯਹੋਵਾਹ ਸਾਡੇ ਨਾਲ ਗੱਲ ਕਰ ਰਿਹਾ ਸੀ ਇਹ ਪੱਥਰ ਇੱਥੇ ਹੀ ਸੀ। ਇਸ ਲਈ ਇਹ ਪੱਥਰ ਅਜਿਹੀ ਸ਼ੈਅ ਹੋਵੇਗਾ ਜਿਹੜੀ ਤੁਹਾਨੂੰ ਇਹ ਯਾਦ ਕਰਨ ਵਿੱਚ ਸਹਾਈ ਹੋਵੇਗੀ ਕਿ ਅੱਜ ਕੀ ਵਾਪਰਿਆ। ਇਹ ਪੱਥਰ ਤੁਹਾਡੇ ਖਿਲਾਫ਼ ਇੱਕ ਪ੍ਰਮਾਣ ਹੋਵੇਗਾ। ਇਹ ਤੁਹਾਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਵਿਰੁੱਧ ਹੋਣ ਤੋਂ ਰੋਕੇਗਾ।”
28 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਘਰ ਚਲੇ ਜਾਣ ਲਈ ਆਖਿਆ। ਇਸ ਲਈ ਹਰ ਕੋਈ ਆਪਣੇ ਘਰ ਆਪਣੀ ਧਰਤੀ ਉੱਤੇ ਚਲਾ ਗਿਆ।
29 ਉਸਤੋਂ ਮਗਰੋਂ ਨੂਨ ਦਾ ਪੁੱਤਰ ਯਹੋਸ਼ੁਆ ਮਰ ਗਿਆ। ਯਹੋਸ਼ੁਆ 110 ਵਰ੍ਹੇ ਦਾ ਸੀ।
30 ਯਹੋਸ਼ੁਆ ਨੂੰ ਉਸਦੀ ਆਪਣੀ ਧਰਤੀ ਉੱਤੇ ਤਿਮਨਥ ਸਰਹ ਵਿਖੇ ਦਫ਼ਨਾਇਆ ਗਿਆ। ਇਹ ਗਆਸ਼ ਪਰਬਤ ਦੇ ਉੱਤਰ ਵੱਲ ਅਫ਼ਰਾਈਮ ਦਾ ਪਹਾੜੀ ਪ੍ਰਦੇਸ਼ ਸੀ।
31 ਇਸਰਾਏਲ ਦੇ ਲੋਕਾਂ ਨੇ ਉਸ ਸਮੇਂ ਦੌਰਾਨ ਯਹੋਵਾਹ ਦੀ ਸੇਵਾ ਕੀਤੀ ਸੀ ਜਦੋਂ ਯਹੋਸ਼ੁਆ ਜਿਉਂਦਾ ਸੀ। ਅਤੇ ਯਹੋਸ਼ੁਆ ਦੇ ਦੇਹਾਂਤ ਤੋਂ ਬਾਦ, ਲੋਕ ਯਹੋਵਾਹ ਦੀ ਸੇਵਾ ਕਰਦੇ ਰਹੇ। ਲੋਕ ਯਹੋਵਾਹ ਦੀ ਸੇਵਾ ਕਰਦੇ ਰਹੇ ਜਦੋਂ ਤੀਕ ਉਨ੍ਹਾਂ ਦੇ ਆਗੂ ਜਿਉਂਦੇ ਸਨ। ਇਹ ਉਹ ਆਗੂ ਸਨ ਜਿਨ੍ਹਾਂ ਨੇ ਉਹ ਗੱਲਾਂ ਦੇਖੀਆਂ ਸਨ ਜਿਹੜੀਆਂ ਯਹੋਵਾਹ ਨੇ ਇਸਰਾਏਲ ਲਈ ਕੀਤੀਆਂ ਸਨ।
32 ਜਦੋਂ ਇਸਰਾਏਲ ਦੇ ਲੋਕਾਂ ਨੇ ਮਿਸਰ ਛੱਡਿਆ, ਉਹ ਆਪਣੇ ਨਾਲ ਯੂਸੁਫ਼ ਦੀਆਂ ਅਸਥੀਆਂ ਲੈ ਆਏ। ਇਸ ਲਈ ਲੋਕਾਂ ਨੇ ਯੂਸੁਫ਼ ਦੀਆਂ ਅਸਥੀਆਂ ਨੂੰ ਸ਼ਕਮ ਵਿਖੇ ਦਫ਼ਨਾ ਦਿੱਤਾ। ਉਨ੍ਹਾਂ ਨੇ ਉਨ੍ਹਾਂ ਅਸਥੀਆਂ ਨੂੰ ਉਸ ਜ਼ਮੀਨ ਵਿੱਚ ਦਫ਼ਨਾਇਆ ਜਿਹੜੀ ਯਾਕੂਬ ਨੇ ਹਮੋਰ ਦੇ ਪੁੱਤਰਾਂ ਪਾਸੋਂ ਖਰੀਦੀ ਸੀ ਜਿਹੜਾ ਸ਼ਕਮ ਨਾਮ ਦੇ ਬੰਦੇ ਦਾ ਪਿਤਾ ਸੀ। ਯਾਕੂਬ ਨੇ ਇਹ ਧਰਤੀ ਚਾਂਦੀ ਦੇ 100 ਸਿਕਿਆਂ ਬ੍ਬਦਲੇ ਖਰੀਦੀ ਸੀ। ਇਹ ਧਰਤੀ ਯੂਸੁਫ਼ ਦੀ ਸੰਤਾਨ ਦੀ ਮਾਲਕੀ ਹੇਠਾਂ ਸੀ।
33 ਹਾਰੂਨ ਦਾ ਪੁੱਤਰ, ਅਲਆਜ਼ਾਰ ਮਰ ਗਿਆ ਅਤੇ ਉਸਨੂੰ ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਗਿਬੀਹ ਵਿਖੇ ਦਫ਼ਨਾਇਆ ਗਿਆ। ਗਿਬੀਹ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੂੰ ਦਿੱਤਾ ਗਿਆ ਸੀ।