ਯਸ਼ਵਾ
ਕਾਂਡ 1
1 ਮੂਸਾ ਯਹੋਵਾਹ ਦਾ ਸੇਵਕ ਸੀ। ਨੂਨ ਦਾ ਪੁੱਤਰ ਯਹੋਸ਼ੁਆ ਮੂਸਾ ਦਾ ਸਹਾਇਕ ਸੀ। ਮੂਸਾ ਦੀ ਮੌਤ ਤੋਂ ਬਾਦ ਯਹੋਵਾਹ ਨੇ ਯਹੋਸ਼ੁਆ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ,
2 “ਮੇਰਾ ਸੇਵਕ ਮੂਸਾ ਗੁਜ਼ਰ ਗਿਆ ਹੈ। ਹੁਣ ਤੈਨੂੰ ਅਤੇ ਇਨ੍ਹਾਂ ਲੋਕਾਂ ਨੂੰ ਯਰਦਨ ਨਦੀ ਦੇ ਪਾਰ ਜ਼ਰੂਰ ਜਾਣਾ ਚਾਹੀਦਾ ਹੈ। ਤੁਹਾਨੂੰ, ਇਸਰਾਏਲ ਦੇ ਲੋਕਾਂ ਨੂੰ ਉਸ ਧਰਤੀ ਉੱਤੇ ਜਾਣਾ ਚਾਹੀਦਾ ਹੈ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਾਂ।
3 ਮੈਂ ਮੂਸਾ ਨਾਲ ਇਕਰਾਰ ਕੀਤਾ ਸੀ ਕਿ ਮੈਂ ਤੁਹਾਨੂੰ ਇਹ ਧਰਤੀ ਦੇਵਾਂਗਾ। ਇਸ ਲਈ, ਜਿਥੇ ਵੀ ਤੁਸੀਂ ਜਾਵੋਂਗੇ ਮੈਂ ਤੁਹਾਨੂੰ ਉਹ ਧਰਤੀ ਦੇਵਾਂਗਾ।
4 ਹਿੱਤੀ ਲੋਕਾਂ ਦੀ ਸਾਰੀ ਧਰਤੀ, ਮਾਰੂਥਲ ਅਤੇ ਲਬਾਨੋਨ ਤੋਂ ਲੈਕੇ ਵੱਡੀ ਨਦੀ (ਅਰਥਾਤ ਫ਼ਰਾਤ ਨਦੀ) ਤੱਕ, ਤੁਹਾਡੀ ਹੋਵੇਗੀ। ਇਥੋਂ ਲੈਕੇ ਪੱਛਮ ਵਿੱਚ ਮੈਡਿਟ੍ਰੇਨੀਅਨ ਸਾਗਰ ਤੱਕ (ਅਰਥਾਤ ਉਹ ਥਾਂ ਜਿਥੇ ਸੂਰਜ ਛੁਪਦਾ ਹੈ) ਦੀ ਸਾਰੀ ਧਰਤੀ ਤੁਹਾਡੀਆਂ ਸਰਹੱਦਾਂ ਵਿੱਚ ਹੋਵੇਗੀ।
5 ਮੈਂ ਤੁਹਾਡੇ ਨਾਲ ਹੋਵਾਂਗਾ ਉਵੇਂ ਹੀ ਜਿਵੇਂ ਮੈਂ ਮੂਸਾ ਦੇ ਨਾਲ ਸਾਂ। ਜ਼ਿੰਦਗੀ ਭਰ ਕੋਈ ਬੰਦਾ ਤੁਹਾਨੂੰ ਰੋਕ ਨਹੀਂ ਸਕੇਗਾ। ਮੈਂ ਤੁਹਾਡਾ ਸਾਥ ਨਹੀਂ ਛੱਡਾਂਗਾ। ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ।
6 “ਯਹੋਸ਼ੁਆ, ਤੈਨੂੰ ਤਾਕਤਵਰ ਅਤੇ ਬਹਾਦਰ ਹੋਣਾ ਚਾਹੀਦਾ ਹੈ! ਤੈਨੂੰ ਇਨ੍ਹਾਂ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਆਪਣੀ ਧਰਤੀ ਲੈ ਸਕਣ। ਮੈਂ ਇਨ੍ਹਾਂ ਦੇ ਪੁਰਿਖਿਆਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਇਹ ਧਰਤੀ ਦੇਵਾਂਗਾ।
7 ਪਰ ਤੈਨੂੰ ਇੱਕ ਹੋਰ ਗੱਲ ਬਾਰੇ ਵੀ ਤਾਕਤਵਰ ਅਤੇ ਬਹਾਦਰ ਹੋਣਾ ਚਾਹੀਦਾ ਹੈ। ਤੈਨੂੰ ਇਹ ਪੱਕ ਕਰਨਾ ਚਾਹੀਦਾ ਹੈ ਕਿ ਤੂੰ ਉਨ੍ਹਾਂ ਆਦੇਸ਼ਾਂ ਦਾ ਪਾਲਣ ਕਰੇ ਜਿਹੜੇ ਤੈਨੂੰ ਮੇਰੇ ਸੇਵਕ ਮੂਸਾ ਨੇ ਦਿੱਤੇ ਸਨ। ਜੇ ਤੂੰ ਪੂਰੀ ਤਰ੍ਹਾਂ ਇਸ ਬਿਵਸਥਾ ਉੱਤੇ ਅਮਲ ਕਰੇਂਗਾ ਤਾਂ ਤੂੰ ਆਪਣੀ ਹਰ ਗੱਲ ਵਿੱਚ ਸਫ਼ਲ ਹੋ ਜਾਵੇਂਗਾ।
8 ਹਮੇਸ਼ਾ ਉਨ੍ਹਾਂ ਗੱਲਾਂ ਨੂੰ ਚੇਤੇ ਰਖਣਾ ਜਿਹੜੀਆਂ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। ਉਸ ਪੁਸਤਕ ਦਾ ਅਧਿਐਨ ਦਿਨ-ਰਾਤ ਕਰਨਾ। ਫ਼ੇਰ ਤੂੰ ਉਨ੍ਹਾਂ ਗੱਲਾਂ ਨੂੰ ਮੰਨਣ ਬਾਰੇ ਯਕੀਨ ਕਰ ਸਕਦਾ ਹੈਂ ਜਿਹੜੀਆਂ ਉਥੇ ਲਿਖੀਆਂ ਹੋਈਆਂ ਹਨ। ਜੇ ਤੂੰ ਅਜਿਹਾ ਕਰੇਂਗਾ, ਤਾਂ ਤੂੰ ਜੋ ਕੁਝ ਵੀ ਕਰੇਂਗਾ ਉਸ ਬਾਰੇ ਸਿਆਣਪ ਅਤੇ ਸਫ਼ਲਤਾ ਹਾਸਿਲ ਕਰ ਸਕੇਂਗਾ।
9 ਯਾਦ ਰਖੀਂ, ਮੈਂ ਤੈਨੂੰ ਤਾਕਤਵਰ ਅਤੇ ਬਹਾਦਰ ਬਣਨ ਦਾ ਆਦੇਸ਼ ਦਿੰਦਾ ਹਾਂ। ਇਸ ਲਈ ਭੈਭੀਤ ਨਾ ਹੋ, ਕਿਉਂਕਿ ਜਿਥੇ ਵੀ ਤੂੰ ਜਾਵੇਂਗਾ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੋਵੇਗਾ।”
10 ਇਸ ਲਈ ਯਹੋਸ਼ੁਆ ਨੇ ਲੋਕਾਂ ਦੇ ਆਗੂਆਂ ਨੂੰ ਹੁਕਮ ਦਿੱਤਾ। ਉਸਨੇ ਆਖਿਆ,
11 “ਖੈਮਿਆਂ ਵਿੱਚ ਜਾਉ ਅਤੇ ਲੋਕਾਂ ਨੂੰ ਤਿਆਰ ਹੋ ਜਾਣ ਲਈ ਆਖੋ। ਲੋਕਾਂ ਨੂੰ ਆਖੋ, ‘ਕੁਝ ਭੋਜਨ ਦਾ ਪ੍ਰਬੰਧ ਕਰੋ। ਹੁਣ ਤੋਂ ਤਿੰਨ ਦਿਨ ਬਾਦ ਅਸੀਂ ਯਰਦਨ ਨਦੀ ਦੇ ਪਾਰ ਜਾਵਾਂਗੇ। ਅਸੀਂ ਜਾਵਾਂਗੇ ਅਤੇ ਉਹ ਧਰਤੀ ਲੈ ਲਵਾਂਗੇ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।’”
12 ਫ਼ੇਰ ਯਹੋਸ਼ੁਆ ਨੇ ਰਊਬੇਨ, ਗਾਦ ਦੇ ਪਰਿਵਾਰ-ਸਮੂਹਾਂ ਅਤੇ ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਨਾਲ ਗੱਲ ਕੀਤੀ। ਯਹੋਸ਼ੁਆ ਨੇ ਆਖਿਆ,
13 “ਯਾਦ ਕਰੋ ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਕੀ ਆਖਿਆ ਸੀ। ਉਸਨੇ ਆਖਿਆ ਸੀ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਆਰਾਮ ਕਰਨ ਲਈ ਇੱਕ ਥਾਂ ਦੇਵੇਗਾ। ਯਹੋਵਾਹ ਤੁਹਾਨੂੰ ਉਹ ਧਰਤੀ ਦੇਵੇਗਾ।
14 ਅਸਲ ਵਿੱਚ, ਯਹੋਵਾਹ ਨੇ ਤੁਹਾਨੂੰ ਇਹ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੇ ਦਿੱਤੀ ਹੈ। ਤੁਹਾਡੀਆਂ ਪਤਨੀਆਂ ਅਤੇ ਬੱਚੇ ਇਸ ਧਰਤੀ ਉੱਤੇ ਤੁਹਾਡੇ ਪਸ਼ੂਆਂ ਸਮੇਤ ਰਹਿ ਸਕਦੇ ਹਨ। ਪਰ ਤੁਹਾਡੇ ਲੜਾਕੂ ਬੰਦੇ ਯਰਦਨ ਨਦੀ ਨੂੰ ਤੁਹਾਡੇ ਭਰਾਵਾ ਸਮੇਤ ਜ਼ਰੂਰ ਪਾਰ ਕਰਨ। ਤੁਹਾਨੂੰ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਧਰਤੀ ਲੈਣ ਵਿੱਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
15 ਯਹੋਵਾਹ ਤੁਹਾਨੂੰ ਅਰਾਮ ਕਰਨ ਲਈ ਇੱਕ ਥਾਂ ਦੇਵੇਗਾ ਅਤੇ ਉਹ ਤੁਹਾਡੇ ਭਰਾਵਾ ਨੂੰ ਵੀ ਸਥਾਨ ਦੇਵੇਗਾ। ਪਰ ਤੁਹਾਨੂੰ ਉਦੋਂ ਤੱਕ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਤੱਕ ਕਿ ਉਹ ਉਸ ਧਰਤੀ ਨੂੰ ਹਾਸਿਲ ਕਰ ਲੈਣ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਨੂੰ ਦੇ ਰਿਹਾ ਹੈ। ਫ਼ੇਰ ਤੁਸੀਂ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ, ਆਪਣੀ ਧਰਤੀ ਉੱਤੇ ਵਾਪਸ ਆ ਸਕਦੇ ਹੋ ਜਿਹੜੀ ਮੂਸਾ, ਯਹੋਵਾਹ ਦੇ ਸੇਵਕ ਨੇ ਤੁਹਾਨੂੰ ਦਿੱਤੀ ਸੀ।”
16 ਫ਼ੇਰ ਲੋਕਾਂ ਨੇ ਯਹੋਸ਼ੁਆ ਨੂੰ ਜਵਾਬ ਦਿੱਤਾ, “ਅਸੀਂ ਉਹੀ ਗੱਲ ਕਰਾਂਗੇ ਜਿਸਦਾ ਤੂੰ ਸਾਨੂੰ ਆਦੇਸ਼ ਦੇਵੇਂਗਾ! ਅਸੀਂ ਉਥੇ ਹੀ ਜਾਵਾਂਗੇ ਜਿਥੇ ਤੂੰ ਸਾਨੂੰ ਜਾਣ ਲਈ ਆਖੇਂਗਾ।
17 ਤੂੰ ਜੋ ਵੀ ਆਖੇਂਗਾ ਅਸੀਂ ਮੰਨਾਗੇ, ਉਵੇਂ ਹੀ ਜਿਵੇਂ ਅਸੀਂ ਮੂਸਾ ਦੀ ਗੱਲ ਮੰਨੀ ਸੀ। ਅਸੀਂ ਯਹੋਵਾਹ ਪਾਸੋਂ ਸਿਰਫ਼ ਇੱਕ ਚੀਜ਼ ਮੰਗਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਤੇਰਾ ਪਰਮੇਸ਼ੁਰ ਉਸੇ ਤਰ੍ਹਾਂ ਤੇਰੇ ਨਾਲ ਹੋਵੇ ਜਿਵੇਂ ਉਹ ਮੂਸਾ ਦੇ ਨਾਲ ਸੀ।
18 ਫ਼ੇਰ, ਜੇ ਕੋਈ ਬੰਦਾ ਤੇਰੇ ਆਦੇਸ਼ਾ ਨੂੰ ਮੰਨਣ ਤੋਂ ਇਨਕਾਰ ਕਰੇਗਾ ਜਾਂ ਜੋ ਕੋਈ ਬੰਦਾ ਤੇਰੇ ਖਿਲਾਫ਼ ਹੋਵੇਗਾ, ਤਾਂ ਉਹ ਬੰਦਾ ਮਾਰ ਦਿੱਤਾ ਜਾਵੇਗਾ। ਬਸ ਤਾਕਤਵਰ ਅਤੇ ਬਹਾਦਰ ਬਣ!”