ਅਸਤਸਨਾ
ਕਾਂਡ 31
1 ਫ਼ੇਰ ਮੂਸਾ ਗਿਆ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਹ ਸ਼ਬਦ ਆਖੇ।
2 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਹੁਣ 120 ਸਾਲ ਦਾ ਹੋ ਗਿਆ ਹਾਂ। ਮੈਂ ਹੁਣ ਹੋਰ ਤੁਹਾਡੀ ਅਗਵਾਈ ਨਹੀਂ ਕਰ ਸਕਦਾ। ਯਹੋਵਾਹ ਨੇ ਮੈਨੂੰ ਆਖਿਆ ਸੀ: ‘ਤੂੰ ਯਰਦਨ ਨਦੀ ਦੇ ਪਾਰ ਨਹੀ ਜਾਵੇਂਗਾ’
3 ਪਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਸਾਂ ਲੋਕਾਂ ਦੀ ਉਸ ਧਰਤੀ ਵਿੱਚ ਅਗਵਾਈ ਕਰੇਗਾ! ਯਹੋਵਾਹ ਇਨ੍ਹਾਂ ਕੌਮਾਂ ਨੂੰ ਤੁਹਾਡੇ ਲਈ ਤਬਾਹ ਕਰ ਦੇਵੇਗਾ। ਤੁਸੀਂ ਉਨ੍ਹਾਂ ਦੀ ਧਰਤੀ ਉਨ੍ਹਾਂ ਪਾਸੋਂ ਖੋਹ ਲਵੋਂਗੇ। ਪਰ ਯਹੋਵਾਹ ਨੇ ਆਖਿਆ ਸੀ ਕਿ ਯਹੋਸ਼ੁਆ ਨੂੰ ਤੁਹਾਡੀ ਅਗਵਾਈ ਕਰਨੀ ਚਾਹੀਦੀ ਹੈ।
4 “ਯਹੋਵਾਹ ਨੇ ਸੀਹੋਨ ਅਤੇ ਓਗ ਨੂੰ ਤਬਾਹ ਕੀਤਾ। ਯਹੋਵਾਹ ਨੇ ਉਨ੍ਹਾਂ ਅਮੋਰੀ ਰਾਜਿਆਂ ਨੂੰ ਤਬਾਹ ਕਰ ਦਿੱਤਾ ਅਤੇ ਉਹੀ ਗੱਲ ਇੱਕ ਵਾਰ ਫ਼ੇਰ ਤੁਹਾਡੇ ਲਈ ਕਰੇਗਾ!
5 ਯਹੋਵਾਹ ਤੁਹਾਡੀ ਇਨ੍ਹਾਂ ਕੌਮਾ ਨੂੰ ਹਰਾਉਣ ਵਿੱਚ ਮਦਦ ਕਰੇਗਾ। ਪਰ ਤੁਹਾਨੂੰ ਉਨ੍ਹਾਂ ਨਾਲ ਹਰ ਉਹੀ ਗੱਲ ਕਰਨੀ ਚਾਹੀਦੀ ਹੈ ਜਿਹੜੀ ਮੈਂ ਤੁਹਾਨੂੰ ਕਰਨ ਲਈ ਆਖੀ ਸੀ।
6 ਮਜ਼ਬੂਤ ਅਤੇ ਬਹਾਦਰ ਬਣੋ। ਉਨ੍ਹਾਂ ਲੋਕਾਂ ਕੋਲੋਂ ਭੈਭੀਤ ਨਾ ਹੋਵੋ! ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਨਾਲ ਹੈ। ਉਹ ਤੁਹਾਨੂੰ ਛੱਡਕੇ ਨਹੀਂ ਜਾਵੇਗਾ।”
7 ਫ਼ੇਰ ਮੂਸਾ ਨੇ ਯਹੋਸ਼ੁਆ ਨੂੰ ਸਦਿਆ। ਇਸਰਾਏਲ ਦੇ ਸਾਰੇ ਲੋਕ ਦੇਖ ਰਹੇ ਹਨ ਜਦੋਂ ਮੂਸਾ ਨੇ ਯਹੋਸ਼ੁਆ ਨੂੰ ਆਖਿਆ, “ਤਕੜਾ ਅਤੇ ਬਹਾਦਰ ਬਣੀ। ਤੂੰ ਇਨ੍ਹਾਂ ਲੋਕਾਂ ਦੀ ਉਸ ਧਰਤੀ ਵੱਲ ਅਗਵਾਈ ਕਰੇਂਗਾ ਜਿਸਦਾ ਯਹੋਵਾਹ ਨੇ ਇਨ੍ਹਾਂ ਦੇ ਪੁਰਖਿਆ ਨੂੰ ਦੇਣ ਦਾ ਇਕਰਾਰ ਕੀਤਾ ਸੀ। ਤੂੰ ਇਨ੍ਹਾਂ ਦੀ ਇਸ ਧਰਤੀ ਨੂੰ ਆਪਣਾ ਬਨਾਉਣ ਵਿੱਚ ਮਦਦ ਕਰੇਗਾ।
8 ਯਹੋਵਾਹ ਤੇਰੀ ਅਗਵਾਈ ਕਰੇਗਾ। ਉਹ ਖੁਦ ਤੇਰੇ ਨਾਲ ਹੈ। ਉਹ ਤੈਨੂੰ ਛੱਡਕੇ ਨਹੀਂ ਜਾਵੇਗਾ। ਕੋਈ ਫ਼ਿਕਰ ਨਾ ਕਰੀ। ਭੈਭੀਤ ਨਾ ਹੋਵੀ।”
9 ਫ਼ੇਰ ਮੂਸਾ ਨੇ ਬਿਵਸਥਾ ਨੂੰ ਲਿਖਕੇ ਲੇਵੀ ਪਰਿਵਾਰ-ਸਮੂਹ ਦੇ ਜਾਜਕਾਂ ਨੂੰ ਦੇ ਦਿੱਤੀ। ਉਨ੍ਹਾਂ ਦਾ ਕੰਮ ਯਹੋਵਾਹ ਦੇ ਇਕਰਾਰਨਾਮੇ ਵਾਲੇ ਸੰਦੂਕ ਨੂੰ ਚੁੱਕਣਾ ਸੀ। ਮੂਸਾ ਨੇ ਇਹ ਬਿਵਸਥਾ ਇਸਰਾਏਲ ਦੇ ਸਾਰੇ ਬਜ਼ੁਰਗਾ ਨੂੰ ਵੀ ਦਿੱਤੀ।
10 ਫ਼ੇਰ ਮੂਸਾ ਨੇ ਆਗੂਆਂ ਨਾਲ ਵੀ ਗੱਲ ਕੀਤੀ। ਉਸਨੇ ਆਖਿਆ, “ਹਰ ਸੱਤ ਸਾਲਾ ਬਾਦ, ਮੁਕਤੀ ਦੇ ਵਰ੍ਹੇ, ਬਿਵਸਥਾ ਨੂੰ ਡੇਰਿਆਂ ਦੇ ਪਰਬ ਉੱਤੇ ਪਢ਼ਿਆ ਜਾਵੇ।
11 ਉਸ ਸਮੇਂ, ਇਸਰਾਏਲ ਦੇ ਸਮੂਹ ਲੋਕਾਂ ਨੂੰ ਉਸਦੀ ਚੁਣੀ ਹੋਈ ਖਾਸ ਥਾਂ ਉੱਤੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੂੰ ਮਿਲਣ ਲਈ, ਆਉਣਾ ਚਾਹੀਦਾ ਹੈ। ਫ਼ੇਰ ਤੁਹਾਨੂੰ ਇਹ ਬਿਵਸਥਾ ਲੋਕਾਂ ਨੂੰ ਪਢ਼ਕੇ ਸੁਨਾਉਣੀਆਂ ਚਾਹੀਦੀਆਂ ਹਨ।
12 ਸਮੂਹ ਲੋਕਾਂ ਨੂੰ ਇਕਠਿਆ ਕਰੋ - ਆਦਮੀਆਂ, ਔਰਤਾ, ਛੋਟੇ ਬਚਿਆ ਅਤੇ ਤੁਹਾਡੇ ਸ਼ਹਿਰਾਂ ਵਿੱਚ ਰਹਿੰਦੇ ਵਿਦੇਸ਼ੀਆਂ ਨੂੰ। ਉਹ ਬਿਵਸਥਾ ਸੁਨਣਗੇ ਅਤੇ ਉਹ ਯਹੋਵਾਹ, ਤੁਹਾਡੇ ਪਰਮੇਸ਼ੁਰ, ਦਾ ਆਦਰ ਕਰਨਾ ਸਿਖਣਗੇ। ਫ਼ੇਰ ਉਹ ਬਿਵਸਥਾ ਵਿੱਚ ਦਿੱਤੀਆਂ ਸਾਰੀਆਂ ਗੱਲਾਂ ਕਰਨ ਦੇ ਯੋਗ ਹੋਣਗੇ।
13 ਜੇ ਉਨ੍ਹਾਂ ਦੇ ਉੱਤਰਾਧਿਕਾਰੀ ਬਿਵਸਥਾ ਬਾਰੇ ਨਹੀਂ ਜਾਣਦੇ, ਉਹ ਉਨ੍ਹਾਂ ਨੂੰ ਸੁਨਣਗੇ ਅਤੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਇੱਜ਼ਤ ਕਰਨਾ ਸਿੱਖ ਜਾਣਗੇ। ਉਹ ਉਦੋਂ ਤੱਕ ਉਸਦੀ ਇੱਜ਼ਤ ਕਰਨਗੇ ਜਦੋਂ ਤੱਕ ਤੁਸੀਂ ਆਪਣੀ ਧਰਤੀ ਉੱਤੇ ਰਹੋਂਗੇ। ਤੁਸੀਂ ਛੇਤੀ ਹੀ ਯਰਦਨ ਨਦੀ ਦੇ ਪਾਰ ਜਾਵੋਂਗੇ ਅਤੇ ਉਸ ਧਰਤੀ ਨੂੰ ਆਪਣੀ ਬਣਾ ਲਵੋਂਗੇ।”
14 ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਤੇਰੇ ਦੇਹਾਂਤ ਦਾ ਸਮਾ ਨੇੜੇ ਹੈ। ਯਹੋਸ਼ੁਆ ਨੂੰ ਲੈਕੇ ਅਤੇ ਮੰਡਲੀ ਵਲੇ ਤੰਬੂ ਕੋਲ ਆਜਾ। ਮੈਂ ਯਹੋਸ਼ੁਆ ਨੂੰ ਦੱਸਾਂਗਾ ਕਿ ਉਸਨੇ ਕੀ ਕਰਨਾ ਹੈ।” ਇਸ ਲਈ ਮੂਸਾ ਅਤੇ ਯਹੋਸ਼ੁਆ ਮੰਡਲੀ ਵਾਲੇ ਤੰਬੂ ਵੱਲ ਚਲੇ ਗਏ।
15 ਯਹੋਵਾਹ ਤੰਬੂ ਦੇ ਪ੍ਰਵੇਸ਼ ਉੱਤੇ ਖਲੋਤਿਆ ਹੋਇਆ, ਇੱਕ ਲੰਮੇ ਬੱਦਲ ਦੇ ਰੂਪ ਵਿੱਚ, ਤੰਬੂ ਵਿੱਚ ਪ੍ਰਗਟ ਹੋਇਆ।
16 ਯਹੋਵਾਹ ਨੇ ਮੂਸਾ ਨੂੰ ਆਖਿਆ, “ਤੂੰ ਛੇਤੀ ਹੀ ਮਰ ਜਾਵੇਂਗਾ। ਅਤੇ ਜਦੋਂ ਤੂੰ ਆਪਣੇ ਪੁਰਖਿਆ ਕੋਲ ਚਲਿਆ ਜਾਵੇਂਗਾ ਇਹ ਲੋਕ ਮੇਰੇ ਪ੍ਰਤੀ ਵਫ਼ਾਦਾਰ ਨਹੀਂ ਬਣੇ ਰਹਿਣਗੇ। ਇਹ ਉਸ ਇਕਰਾਰਨਾਮੇ ਨੂੰ ਤੋੜ ਦੇਣਗੇ ਜਿਹੜਾ ਮੈਂ ਇਨ੍ਹਾਂ ਨਾਲ ਕੀਤਾ ਸੀ। ਉਹ ਮੈਨੂੰ ਛੱਡ ਜਾਣਗੇ ਅਤੇ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦੇਣਗੇ - ਉਸ ਧਰਤੀ ਦੇ ਝੂਠੇ ਦੇਵਤਿਆਂ ਦੀ, ਜਿਥੇ ਇਹ ਜਾ ਰਹੇ ਹਨ।
17 ਉਸ ਸਮੇਂ ਮੈਂ ਇਨ੍ਹਾਂ ਉੱਪਰ ਬਹੁਤ ਕਹਿਰਵਾਨ ਹੋ ਜਾਵਾਮਗਾ ਅਤੇ ਮੈਂ ਇਨ੍ਹਾਂ ਨੂੰ ਛੱਡ ਦਿਆਂਗਾ। ਮੈਂ ਇਨ੍ਹਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਾਂਗਾ ਅਤੇ ਇਹ ਤਬਾਹ ਹੋ ਜਾਣਗੇ। ਇਨ੍ਹਾਂ ਨਾਲ ਭਿਆਨਕ ਗੱਲਾਂ ਵਾਪਰਨਗੀਆਂ ਅਤੇ ਇਨ੍ਹਾਂ ਨੂੰ ਬਹੁਤ ਮੁਸੀਬਤਾ ਪੈਣਗੀਆਂ। ਫ਼ੇਰ ਇਹ ਆਖਣਗੇ, ‘ਮੰਦੀਆਂ ਗੱਲਾਂ ਸਾਡੇ ਨਾਲ ਇਸ ਲਈ ਵਾਪਰੀਆਂ ਕਿਉਂਕਿ ਸਾਡਾ ਪਰਮੇਸ਼ੁਰ ਸਾਡੇ ਨਾਲ ਨਹੀਂ ਹੈ।’
18 ਅਤੇ ਮੈਂ ਉਨ੍ਹਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰ ਦਿਆਂਗਾ, ਕਿਉਂਕਿ ਉਨ੍ਹਾਂ ਨੇ ਮੰਦੀਆਂ ਗੱਲਾਂ ਕੀਤੀਆਂ, ਅਤੇ ਹੋਰਨਾ ਦੇਵਤਿਆਂ ਦੀ ਉਪਾਸਨਾ ਕੀਤੀ ਹੈ।
19 “ਇਸ ਲਈ ਇਹ ਗੀਤ ਲਿਖ ਲੈ ਅਤੇ ਇਸਨੂੰ ਇਸਰਾਏਲ ਦੇ ਲੋਕਾਂ ਨੂੰ ਸਿਖਾ। ਇਹ ਗੀਤ ਇਸਰਾਏਲ ਦੇ ਲੋਕਾਂ ਦੇ ਖਿਲਾਫ਼ ਮੇਰਾ ਗਵਾਹ ਹੋਵੇਗਾ।
20 ਮੈਂ ਇਨ੍ਹਾਂ ਨੂੰ ਉਸ ਧਰਤੀ ਉੱਤੇ ਲੈ ਜਾਵਾਂਗਾ ਜਿਹੜੀ ਮੈਂ ਇਨ੍ਹਾਂ ਦੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ - ਬਹੁਤ ਸਾਰੀਆਂ ਨਿਆਮਤਾਂ ਨਾਲ ਭਰੀ ਹੋਈ ਧਰਤੀ। ਅਤੇ ਉਨ੍ਹਾਂ ਕੋਲ ਖਾਣ ਵਾਲੀ ਹਰ ਚੀਜ਼ ਹੋਵੇਗੀ। ਉਨ੍ਹਾਂ ਦਾ ਜੀਵਨ ਅਮੀਰ ਹੋਵੇਗਾ। ਪਰ ਫ਼ੇਰ ਉਹ ਹੋਰਨਾ ਦੇਵਤਿਆਂ ਵੱਲ ਮੁੜ ਜਾਣਗੇ ਅਤੇ ਉਨ੍ਹਾਂ ਦੀ ਸੇਵਾ ਕਰਨਗੇ। ਉਹ ਮੇਰੇ ਕੋਲੋਂ ਦੂਰ ਚਲੇ ਜਾਣਗੇ ਅਤੇ ਉਨ੍ਹਾਂ ਦੀ ਸੇਵਾ ਕਰਨਗੇ। ਉਹ ਮੇਰੇ ਕੋਲੋਂ ਦੂਰ ਚਲੇ ਜਾਣਗੇ ਅਤੇ ਮੇਰਾ ਇਕਰਾਰਨਾਮਾ ਤੋੜ ਦੇਣਗੇ।
21 ਫ਼ੇਰ ਉਨ੍ਹਾਂ ਲਈ ਬਹੁਤ ਸਾਰੀਆਂ ਭਿਆਨਕ ਘਟਨਾਵਾ ਵਾਪਰਨਗੀਆਂ। ਉਨ੍ਹਾਂ ਨੂੰ ਬਹੁਤ ਮੁਸੀਬਤਾ ਪੈਣਗੀਆਂ। ਉਸ ਸਮੇਂ ਉਨ੍ਹਾਂ ਦੇ ਲੋਕ ਹਾਲੇ ਵੀ ਇਹ ਗੀਤ ਜਾਣਦੇ ਹੋਣਗੇ ਅਤੇ ਇਸਤੋਂ ਉਨ੍ਹਾਂ ਨੂੰ ਪਤਾ ਚੱਲੇਗਾ ਕਿ ਉਹ ਕਿੰਨੇ ਗਲਤ ਹਨ। ਮੈਂ ਹਾਲੇ ਤੱਕ ਉਨ੍ਹਾਂ ਨੂੰ ਉਸ ਧਰਤੀ ਉੱਤੇ ਨਹੀਂ ਲੈਕੇ ਗਿਆ। ਜਿਹੜੀ ਮੈਂ ਉਨ੍ਹਾਂ ਨੂੰ ਦੇਣ ਦਾ ਵਾਦਾ ਕੀਤਾ ਹੈ। ਪਰ ਮੈਨੂੰ ਪਹਿਲਾ ਹੀ ਪਤਾ ਹੈ ਕਿ ਉਹ ਉਥੇ ਕੀ ਕੁਝ ਕਰਨ ਦੀਆਂ ਵਿਉਂਤਾ ਬਣਾ ਰਹੇ ਹਨ।”
22 ਇਸ ਲਈ ਉਸ ਦਿਨ, ਮੂਸਾ ਨੇ ਗੀਤ ਲਿਖ ਲਿਆ। ਅਤੇ ਇਹ ਗੀਤ ਇਸਰਾਏਲ ਦੇ ਲੋਕਾਂ ਨੂੰ ਸਿਖਾ ਦਿੱਤਾ।
23 ਫ਼ੇਰ ਯਹੋਵਾਹ ਨੇ ਨੂਨ ਦੇ ਪੁੱਤਰ ਯਹੋਸ਼ੁਆ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਤਕੜਾ ਅਤੇ ਬਹਾਦਰ ਬਣ। ਤੂੰ ਇਸਰਾਏਲ ਦੇ ਲੋਕਾਂ ਦੀ ਉਸ ਧਰਤੀ ਉੱਤੇ ਅਗਵਾਈ ਕਰੇਂਗਾ ਜਿਸਦਾ ਮੈਂ ਉਨ੍ਹਾਂ ਨੂੰ ਇਕਰਾਰ ਕੀਤਾ ਹੈ। ਅਤੇ ਮੈਂ ਤੇਰੇ ਨਾਲ ਹੋਵਾਂਗਾ।”
24 ਮੂਸਾ ਨੇ ਸਾਰੀਆਂ ਬਿਵਸਥਾ ਨੂੰ ਧਿਆਨ ਨਾਲ ਕਿਤਾਬ ਵਿੱਚ ਲਿਖ ਲਿਆ। ਜਦੋਂ ਉਸਨੇ ਕਿਤਾਬ ਮੁਕਾਈ,
25 ਉਸਨੇ ਲੇਵੀਆਂ ਨੂੰ ਹੁਕਮ ਦਿੱਤਾ। (ਇਹ ਆਦਮੀ ਯਹੋਵਾਹ ਦੇ ਇਕਰਾਰਨਾਮੇ ਵਾਲਾ ਸੰਦੂਕ ਚੁੱਕਦੇ ਸਨ।) ਮੂਸਾ ਨੇ ਆਖਿਆ,
26 “ਬਿਵਸਥਾ ਦੀ ਇਹ ਪੋਥੀ ਲਵੋ ਅਤੇ ਇਸ ਨੂੰ ਯਹੋਵਾਹ, ਆਪਣੇ ਪਰਮੇਸ਼ੁਰ ਦਾ ਇਕਰਾਰਨਾਮੇ ਵਾਲਾ ਸੰਦੂਕ ਵਿੱਚ ਰੱਖ ਦਿਉ। ਫ਼ੇਰ ਇਹ ਤੁਹਾਡੇ ਖਿਲਾਫ਼ ਇੱਕ ਗਵਾਹ ਹੋਵੇਗੀ।
27 ਮੈਂ ਜਾਣਦਾ ਹਾਂ ਕਿ ਤੁਸੀਂ ਬਹੁਤ ਜ਼ਿੱਦੀ ਹੋ। ਮੈਂ ਜਾਣਦਾ ਹਾਂ ਕਿ ਤੁਸੀਂ ਆਪਣੇ ਮਨ ਚਾਹੇ ਢੰਗ ਨਾਲ ਜਿਉਣਾ ਚਾਹੁੰਦੇ ਹੋ। ਦੇਖੋ, ਜਦੋਂ ਮੈਂ ਤੁਹਾਡੇ ਨਾਲ ਸਾਂ, ਤੁਸੀਂ ਯਹੋਵਾਹ ਦੇ ਹੁਕਮ ਮੰਨਣ ਤੋਂ ਇਨਕਾਰ ਕੀਤਾ। ਇਸ ਲਈ ਮੈਂ ਜਾਣਦਾ ਹਾਂ ਕਿ ਮੇਰੇ ਮਰਨ ਤੋਂ ਬਾਦ ਵੀ, ਤੁਸੀਂ ਉਸਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰੋਂਗੇ।
28 ਆਪਣੇ ਪਰਿਵਾਰ-ਸਮੂਹਾਂ ਦੇ ਸਾਰੇ ਅਧਿਕਾਰਿਆਂ ਅਤੇ ਆਗੂਆਂ ਨੂੰ ਇਕਠੇ ਕਰੋ। ਮੈਂ ਉਨ੍ਹਾਂ ਨੂੰ ਇਹ ਗੱਲਾਂ ਦੱਸਾਂਗਾ। ਮੈਂ ਉਨ੍ਹਾਂ ਦੇ ਖਿਲਾਫ਼ ਗਵਾਹੀ ਦੇਣ ਲਈ ਧਰਤੀ ਅਤੇ ਅਕਾਸ਼ ਨੂੰ ਸਦ੍ਦਾਂਗਾ।
29 ਮੈਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਦ ਤੁਸੀਂ ਬੁਰੇ ਬਣ ਜਾਵੋਂਗੇ। ਤੁਸੀਂ ਉਸ ਰਸਤੇ ਤੋਂ ਹਟ ਜਾਵੋਂਗੇ ਜਿਸ ਉੱਤੇ ਚੱਲਣ ਦਾ ਮੈਂ ਤੁਹਾਨੂੰ ਆਦੇਸ਼ ਦਿੱਤਾ ਸੀ। ਭਵਿੱਖ ਵਿੱਚ ਤੁਹਾਡੇ ਨਾਲ ਮਂਦਿਆਂ ਘਟਨਾਵਾ ਵਾਪਰਨਗੀਆਂ। ਕਿਉਂ? ਕਿਉਂਕਿ ਤੁਸੀਂ ਉਹ ਗੱਲਾਂ ਕਰਨੀਆਂ ਚਾਹੁੰਦੇ ਹੋ ਜਿਨ੍ਹਾਂ ਨੂੰ ਯਹੋਵਾਹ ਮੰਦਾ ਆਖਦਾ ਹੈ। ਤੁਸੀਂ ਉਸਨੂੰ ਇਨ੍ਹਾਂ ਮੰਦੇ ਕਾਰਿਆ ਕਾਰਣ ਕਹਿਰਵਾਨ ਕਰ ਲਵੋਂਗੇ।
30 ਇਸਰਾਏਲ ਦੇ ਸਮੂਹ ਲੋਕ ਇਕਠੇ ਹੋਏ। ਫ਼ੇਰ ਮੂਸਾ ਨੇ ਉਨ੍ਹਾਂ ਲਈ ਇਹ ਗੀਤ ਸ਼ੁਰੂ ਤੋਂ ਲੈਕੇ ਅਖੀਰ ਤੀਕ ਗਾਇਆ।