ਅਸਤਸਨਾ
ਕਾਂਡ 15
1 “ਹਰ ਸੱਤ ਸਾਲਾਂ ਬਾਦ, ਤੁਹਾਨੂੰ ਕਰਜ਼ੇ ਖਤਮ ਕਰ ਦੇਣੇ ਚਾਹੀਦੇ ਹਨ।
2 ਇਸਦਾ ਢੰਗ ਇਹ ਹੈ: ਹਰ ਇਸਰਾਏਲੀ ਜਿਸਨੇ ਕਿਸੇ ਦੂਸਰੇ ਇਸਰਾਏਲੀ ਨੂੰ ਕਰਜ਼ਾ ਦਿੱਤਾ ਹੈ ਉਸਨੂੰ ਉਹ ਕਰਜ਼ਾ ਮਾਫ਼ ਕਰ ਦੇਣਾ ਚਾਹੀਦਾ ਹੈ। ਉਸਨੂੰ ਆਪਣੇ ਭਰਾ (ਇਸਰਾਏਲੀ) ਨੂੰ ਕਰਜ਼ਾ ਵਾਪਸ ਕਰਨ ਲਈ ਨਹੀਂ ਆਖਣਾ ਚਾਹੀਦਾ। ਕਿਉਂਕਿ ਯਹੋਵਾਹ ਨੇ ਉਸ ਵਰ੍ਹੇ ਦੌਰਾਨ ਕਰਜ਼ੇ ਮਾਫ਼ ਕਰਨ ਲਈ ਆਖਿਆ ਸੀ।
3 ਤੁਹਾਨੂੰ ਕਰਜ਼ਾ ਵਾਪਸ ਲੈਣ ਲਈ ਕਿਸੇ ਵਿਦੇਸ਼ੀ ਦੀ ਲੋੜ ਪੈ ਸਕਦੀ ਹੈ। ਪਰ ਤੁਹਾਨੂੰ ਕਿਸੇ ਵੀ ਇਸਰਾਏਲੀ ਨੂੰ ਦਿੱਤੇ ਹੋਏ ਕਰਜ਼ੇ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।
4 ਤੁਹਾਨੂੰ ਆਪਣੇ ਦੇਸ਼ ਵਿੱਚ ਗਰੀਬ ਲੋਕ ਨਹੀਂ ਹੋਣ ਦੇਣੇ ਚਾਹੀਦੇ। ਕਿਉਂਕਿ ਯਹੋਵਾਹ ਤੁਹਾਨੂੰ ਇਹ ਦੇਸ਼ ਦੇ ਰਿਹਾ ਹੈ ਅਤੇ ਉਹ ਤੁਹਾਨੂੰ ਮਹਾਨ ਅਸੀਸਾਂ ਦੇਵੇਗਾ।
5 ਪਰ ਅਜਿਹਾ ਹੁਣ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਹੁਕਮ ਮੰਨੋਗੇ। ਤੁਹਾਨੂੰ ਹਰ ਉਸ ਹੁਕਮ ਦੀ ਪਾਲਣਾ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜਾ ਮੈਂ ਤੁਹਾਨੂੰ ਅੱਜ ਦੱਸਿਆ ਹੈ।
6 ਫ਼ੇਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸੇ ਤਰ੍ਹਾਂ ਅਸੀਸ ਦੇਵੇਗਾ ਜਿਵੇਂ ਉਸਨੇ ਇਕਰਾਰ ਕੀਤਾ ਹੈ। ਅਤੇ ਤੁਹਾਡੇ ਕੋਲ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ ਦੇਣ ਲਈ ਕਾਫ਼ੀ ਧੰਨ ਹੋਵੇਗਾ। ਪਰ ਤੁਹਾਨੂੰ ਕਿਸੇ ਕੋਲੋਂ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ। ਤੁਸੀਂ ਬਹੁਤ ਸਾਰੀਆਂ ਕੌਮਾਂ ਉੱਤੇ ਰਾਜ ਕਰੋਂਗੇ। ਪਰ ਉਨ੍ਹਾਂ ਵਿੱਚੋਂ ਕੋਈ ਵੀ ਕੌਮ ਤੁਹਾਡੇ ਉੱਪਰ ਰਾਜ ਨਹੀਂ ਕਰੇਗੀ।
7 “ਜਦੋਂ ਤੁਸੀਂ ਉਸ ਧਰਤੀ ਉੱਤੇ ਰਹਿ ਰਹੇ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਉਥੇ ਤੁਹਾਡੇ ਦਰਮਿਆਨ ਕੋਈ ਗਰੀਬ ਵਿਅਕਤੀ ਹੋ ਸਕਦਾ। ਤੁਹਾਨੂੰ ਖੁਦਗਰਜ਼ ਨਹੀਂ ਹੋਣਾ ਚਾਹੀਦਾ। ਤੁਹਾਨੂੰ ਉਸ ਗਰੀਬ ਵਿਅਕਤੀ ਨੂੰ ਸਹਾਇਤਾ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ।
8 ਤੁਹਾਨੂੰ ਉਸ ਨਾਲ ਸਾਂਝ ਪਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਤੁਹਾਨੂੰ ਉਸ ਬੰਦੇ ਨੂੰ ਉਸਦੀ ਲੋੜ ਪੂਰੀ ਕਰਨ ਲਈ ਕਰਜ਼ ਦੇਣਾ ਚਾਹੀਦਾ ਹੈ।
9 “ਕਿਸੇ ਵੀ ਬੰਦੇ ਨੂੰ ਸਿਰਫ਼ ਇਸ ਵਾਸਤੇ ਸਹਾਇਤਾ ਕਰਨ ਤੋਂ ਇਨਕਾਰ ਨਾ ਕਰੋ ਕਿ ਸੱਤਵਾਂ ਵਰ੍ਹਾ, ਕਰਜ਼ਿਆਂ ਦੀ ਮਾਫ਼ੀ ਦਾ ਵਰ੍ਹਾ, ਨੇੜੇ ਹੈ। ਆਪਣੇ ਮਨ ਵਿੱਚ ਅਜਿਹਾ ਮੰਦਾ ਵਿਚਾਰ ਨਾ ਆਉਣ ਦਿਉ। ਤੁਹਾਨੂੰ ਕਿਸੇ ਵੀ ਬੰਦੇ ਬਾਰੇ ਮੰਦਾ ਨਹੀਂ ਸੋਚਣਾ ਚਾਹੀਦਾ ਜਿਸਨੂੰ ਤੁਹਾਡੀ ਸਹਾਇਤਾ ਦੀ ਲੋੜ ਹੋਵੇ ਅਤੇ ਉਸਦੀ ਸਹਾਇਟਾ ਕਰਨ ਤੋਂ ਕਦੇ ਵੀ ਇਨਕਾਰ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਉਸ ਗਰੀਬ ਵਿਅਕਤੀ ਦੀ ਸਹਾਇਤਾ ਨਹੀਂ ਕਰੋਂਗੇ, ਉਹ ਯਹੋਵਾਹ ਅੱਗੇ ਤੁਹਾਡੇ ਖਿਲਾਫ਼ ਸ਼ਿਕਾਇਤ ਕਰੇਗਾ ਅਤੇ ਯਹੋਵਾਹ ਤੁਹਾਨੂੰ ਪਾਪ ਦਾ ਦੋਸ਼ੀ ਪਾਵੇਗਾ।
10 “ਗਰੀਬ ਵਿਅਕਤੀ ਨੂੰ ਆਪਣੀ ਸਮਰਥਾ ਅਨੁਸਾਰ ਦਿਉ। ਉਸਨੂੰ ਦੇਣ ਲਗਿਆ ਬ੍ਬੁਰਾ ਮਹਿਸੂਸ ਨਾ ਕਰੋ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਸ ਨੇਕੀ ਬਦਲੇ ਅਸੀਸ ਦੇਵੇਗਾ। ਉਹ ਤੁਹਾਨੂੰ ਤੁਹਾਡੇ ਸਾਰੇ ਕੰਮਾਂ ਅਤੇ ਸਾਰੀਆਂ ਕਰਨੀਆਂ ਵਿੱਚ ਬਰਕਤ ਦੀ ਅਸੀਸ ਦੇਵੇਗਾ।
11 ਧਰਤੀ ਉੱਤੇ ਹਮੇਸ਼ਾ ਹੀ ਗਰੀਬ ਲੋਕ ਹੋਣਗੇ। ਇਹ ਇਸ ਕਿਉਂਕਿ ਮੈਂ ਤੁਹਾਨੂੰ ਆਪਣੇ ਸਂਗੀ ਇਸਰਾਏਲੀਆਂ ਦੀ ਸਹਾਇਤਾ ਕਰਨ ਲਈ ਤਿਆਰ ਰਹਿਣ ਦਾ ਹੁਕਮ ਦਿੰਦਾ ਹਾਂ। ਆਪਣੀ ਧਰਤੀ ਉੱਤੇ ਲੋੜਵਂਦ ਅਤੇ ਗਰੀਬ ਲੋਕਾਂ ਨੂੰ ਦਯਾਲਤਾ ਨਾਲ ਦਿਉ।
12 “ਤੁਸੀਂ ਚਾਹੋ ਤਾਂ ਕਿਸੇ ਇਬਰਾਨੀ ਆਦਮੀ ਜਾਂ ਔਰਤ ਨੂੰ ਗੁਲਾਮ ਦੇ ਤੌਰ ਤੇ ਸੇਵਾ ਕਰਨ ਲਈ ਰੱਖ ਸਕਦੇ ਹੋ। ਤੁਸੀਂ ਉਸ ਬੰਦੇ ਨੂੰ ਛੇ ਸਾਲ ਲਈ ਗੁਲਾਮ ਰੱਖ ਸਕਦੇ ਹੋ। ਪਰ ਸੱਤਵੇਂ ਵਰ੍ਹੇ ਵਿੱਚ ਤੁਹਾਨੂੰ ਉਸ ਬੰਦੇ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ।
13 ਪਰ ਜਦੋਂ ਤੁਸੀਂ ਆਪਣੇ ਗੁਲਾਮ ਨੂੰ ਆਜ਼ਾਦ ਕਰੋ ਤਾਂ ਉਸਨੂੰ ਖਾਲੀ ਹੱਥ ਨਾ ਭੇਜੋ।
14 ਤੁਹਾਨੂੰ ਉਸ ਬੰਦੇ ਨੂੰ ਆਪਣੇ ਕੁਝ ਪਸ਼ੂ, ਅਨਾਜ਼ ਅਤੇ ਮੈਅ ਦੇਣੀ ਚਾਹੀਦੀ ਹੈ। ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਸੀਸ ਦਿੱਤੀ ਸੀ ਅਤੇ ਤੁਹਾਨੂੰ ਚੋਖੀਆਂ ਚੀਜ਼ਾਂ ਦਿੱਤੀਆਂ ਸਨ। ਇਸੇ ਤਰ੍ਹਾਂ ਤੁਹਾਨੂੰ ਵੀ ਕਾਫ਼ੀ ਸਾਰੀਆਂ ਚੰਗੀਆਂ ਚੀਜ਼ਾਂ ਆਪਣੇ ਗੁਲਾਮ ਨੂੰ ਦੇਣੀਆਂ ਚਾਹੀਦੀਆਂ ਹਨ।
15 ਦਿਮਾਗ ਵਿੱਚ ਰੱਖੋ, ਕਿ ਤੁਸੀਂ ਵੀ ਮਿਸਰ ਵਿੱਚ ਗੁਲਾਮ ਸੀ ਅਤੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਜ਼ਾਦ ਕੀਤਾ ਸੀ। ਇਸੇ ਲਈ ਮੈਂ ਅੱਜ ਤੁਹਾਨੂੰ ਇਹ ਹੁਕਮ ਦੇ ਰਿਹਾ ਹਾਂ।
16 “ਤੁਹਾਡੇ ਗੁਲਾਮਾਂ ਵਿੱਚੋਂ ਕੋਈ ਜਣਾ ਤੁਹਾਨੂੰ ਇਹ ਵੀ ਆਖ ਸਕਦਾ ਹੈ, ‘ਮੈਂ ਤੁਹਾਨੂੰ ਛੱਡਕੇ ਨਹੀਂ ਜਾਵਾਂਗਾ।’ ਹੋ ਸਕਦਾ ਹੈ ਕਿ ਉਹ ਇਹ ਗੱਲ ਇਸ ਵਾਸਤੇ ਆਖੇ ਕਿਉਂ ਕਿ ਉਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਿਆਰ ਕਰਦਾ ਅਤੇ ਕਿਉਂਕਿ ਉਸਨੇ ਤੁਹਾਡੇ ਨਾਲ ਚੰਗਾ ਜੀਵਨ ਬਿਤਾਇਆ ਹੈ।
17 ਉਸ ਨੌਕਰ ਨੂੰ ਆਖੋ ਕਿ ਉਹ ਤੁਹਾਡੇ ਦਰਵਾਜ਼ੇ ਨਾਲ ਆਪਣਾ ਕੰਨ ਲਾਵੇ, ਅਤੇ ਕੋਈ ਤਿਖਾ ਔਜ਼ਾਰ ਲੈਕੇ ਉਸਦਾ ਕੰਨ ਵਿਂਨ੍ਹ ਦਿਉ। ਇਸਤੋਂ ਹੇਮਸ਼ਾ ਇਸਦਾ ਪਤਾ ਲੱਗੇਗਾ ਕਿ ਉਹ ਤੁਹਾਡਾ ਗੁਲਾਮ ਹੈ। ਤੁਹਾਨੂੰ ਇਹ ਗੱਲ ਆਪਣੀਆਂ ਉਨ੍ਹਾਂ ਗੁਲਾਮ ਔਰਤਾਂ ਨਾਲ ਵੀ ਕਰਨੀ ਚਾਹੀਦੀ ਹੈ ਜਿਹੜੀਆਂ ਤੁਹਾਡੇ ਨਾਲ ਰਹਿਣਾ ਚਾਹੁੰਦੀਆਂ ਹੋਣ।
18 “ਆਪਣੇ ਗੁਲਾਮ ਨੂੰ ਆਜ਼ਾਦੀ ਦਿੰਦਿਆਂ ਬੁਰਾ ਮਹਿਸੂਸ ਨਾ ਕਰੋ। ਯਾਦ ਰੱਖੋ! ਉਸਨੇ ਛੇ ਸਾਲ ਤੱਕ ਤੁਹਾਡੀ ਭਾੜੇ ਦੇ ਮਜ਼ਦੂਰ ਨਾਲੋਂ ਅਧੇ ਪੈਸਿਆਂ ਵਿੱਚ ਸੇਵਾ ਕੀਤੀ ਸੀ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਹਰ ਕੰਮ ਵਿੱਚ ਬਰਕਤ ਦੇਵੇਗਾ।
19 “ਤੁਹਾਡੇ ਵਗ੍ਗ ਅਤੇ ਇੱਜੜ ਦੇ ਪਲੇਠੇ ਨਰ ਖਾਸ ਹਨ। ਤੁਹਾਨੂੰ ਇਹ ਜਾਨਵਰ ਯਹੋਵਾਹ ਆਪਣੇ ਪਰਮੇਸ਼ੁਰ ਲਈ ਅਲੱਗ ਕਰ ਲੈਣੇ ਚਾਹੀਦੇ ਹਨ। ਪਲੇਠੇ ਜਨਮੇ ਬਲਦ ਤੋਂ ਕੰਮ ਨਾ ਲਵੋ ਅਤੇ ਪਲੇਠੀ ਜਨਮੀ ਭੇਡ ਦੀ ਉੱਨ ਨਾ ਲਾਹੋ।
20 ਹਰ ਸਾਲ, ਤੁਹਾਨੂੰ ਇਨ੍ਹਾਂ ਜਾਨਵਰਾਂ ਨੂੰ ਉਸ ਥਾਂ ਉੱਤੇ ਲੈਕੇ ਜਾਣਾ ਚਾਹੀਦਾ, ਜਿਸਦੀ ਚੋਣ ਯਹੋਵਾਹ ਕਰੇਗਾ। ਓਥੇ, ਤੁਸੀਂ ਅਤੇ ਤੁਹਾਡਾ ਪਰਿਵਾਰ ਇਨ੍ਹਾਂ ਜਾਨਵਰਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਹਾਜ਼ਰੀ ਵਿੱਚ ਖਾਵੋਂਗੇ।
21 “ਪਰ ਜੇ ਇਨ੍ਹਾਂ ਵਿੱਚੋਂ ਕਿਸੇ ਜਾਨਵਰ ਵਿੱਚ ਕੋਈ ਨੁਕਸ ਹੈ - ਜੇ ਇਹ ਲੰਗੜਾ ਜਾਂ ਅੰਨ੍ਹਾ ਜਾਂ ਇਸ ਵਿੱਚ ਕੋਈ ਹੋਰ ਖਰਾਬੀ ਹੈ, ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਅੱਗੇ ਇਸ ਜਾਨਵਰ ਦੀ ਬਲੀ ਨਹੀਂ ਚੜਾਉਣੀ ਚਾਹੀਦੀ।
22 ਤੁਸੀਂ ਆਪਣੇ ਘਰ ਵਿੱਚ ਇਸ ਜਾਨਵਰ ਦਾ ਮਾਸ ਖਾ ਸਕਦੇ ਹੋ। ਕੋਈ ਵੀ ਇਸਨੂੰ ਖਾ ਸਕਦਾ, ਭਾਵੇਂ ਉਹ ਪਾਕ ਹੈ ਜਾਂ ਨਾਪਾਕ। ਇਸ ਮਾਸ ਨੂੰ ਖਾਣ ਦੀਆਂ ਬਿਧੀਆਂ ਵੀ ਉਹੀ ਹਨ ਜਿਹੜੀਆਂ ਹਿਰਨ ਦੇ ਮਾਸ ਅਤੇ ਗਜ਼ੇਲ ਦੇ ਮਾਸ ਲਈ ਹਨ।
23 ਪਰ ਤੁਹਾਨੂੰ ਕਿਸੇ ਜਾਨਵਰ ਦਾ ਖੂਨ ਨਹੀਂ ਖਾਣਾ ਚਾਹੀਦਾ। ਤੁਹਾਨੂੰ ਉਹ ਖੂਨ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ।