ਕਾਂਡ 9

1 ਹੇ ਇਸਰਾਏਲ! ਬਾਕੀ ਕੌਮਾਂ ਦੇ ਕਰਨ ਵਾਂਗ ਖੁਸ਼ੀ ਨਾ ਮਨਾ। ਖੁਸ਼ ਨਾ ਹੋ! ਤੂੰ ਵੇਸਵਾਵਾਂ ਵਾਂਗ ਦਾ ਵਤੀਰਾ ਕਰਕੇ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ। ਤੁਸੀਂ ਹਰ ਪਿੜ ਵਿੱਚ ਜਿਨਸੀ ਪਾਪ ਕੀਤਾ।
2 ਪਰ ਪਿੜਾਂ ਵਿਚਲਾ ਅਨਾਜ਼ ਇਸਰਾਏਲ ਲਈ ਪੂਰਾ ਨਾ ਪਵੇਗਾ ਅਤੇ ਉਨ੍ਹਾਂ ਕੋਲ ਕਾਫ਼ੀ ਮੈਅ ਨਹੀਂ ਹੋਵੇਗੀ।
3 ਇਸਰਾਏਲੀ ਯਹੋਵਾਹ ਦੀ ਜ਼ਮੀਨ ਵਿੱਚ ਨਹੀਂ ਰਹਿਣਗੇ। ਅਫ਼ਰਾਈਮ ਮਿਸਰ ਨੂੰ ਮੁੜੇਗਾ ਅਤੇ ਅੱਸ਼ੂਰ ਵਿੱਚ ਅਸ਼ੁਧ੍ਧ ਭੋਜਨ ਖਾਵੇਗਾ।
4 ਉਹ ਯਹੋਵਾਹ ਲਈ ਮੈਅ ਦੇ ਚੜਾਵੇ ਦੀਆਂ ਭੇਟਾਂ ਨਹੀਂ ਦੇਣਗੇ ਅਤੇ ਨਾ ਹੀ ਉਨ੍ਹਾਂ ਦੀਆਂ ਬਲੀਆਂ ਉਸਨੂੰ ਪ੍ਰਸੰਨ ਕਰਨਗੀਆਂ। ਉਨ੍ਹਾਂ ਦੀਆਂ ਬਲੀਆਂ ਜਨਾਜ਼ੇ ਦੇ ਸਮੇਂ ਖਾਧੇ ਅੰਨ ਵਰਗੀਆਂ ਹੋਣਗੀਆਂ ਅਤੇ ਜੋ ਕੋਈ ਵੀ ਉਹ ਭੋਜਨ ਖਾਵੇਗਾ ਅਸ਼ੁਧ੍ਧ ਹੋ ਜਾਵੇਗਾ। ਉਨ੍ਹਾਂ ਦੀ ਰੋਟੀ ਯਹੋਵਾਹ ਦੇ ਮੰਦਰ ਵਿੱਚ ਨਾ ਆਵੇਗੀ, ਸਗੋਂ ਉਹ ਰੋਟੀ ਉਨ੍ਹਾਂ ਨੂੰ ਖੁਦ ਹੀ ਖਾਣੀ ਪਵੇਗੀ।
5 ਉਹ ਯਹੋਵਾਹ ਦੇ ਪਰਬ ਅਤੇ ਛੁੱਟੀਆਂ ਮਨਾਉਣ ਤੋਂ ਅਸਮਰਬ੍ਬ ਹੋਣਗੇ।
6 ਇਸਰਾਏਲ ਦੇ ਲੋਕ ਦੁਸ਼ਮਣਾਂ ਦੁਆਰਾ ਉਨ੍ਹਾਂ ਦਾ ਸਭ ਕੁਝ ਚੁਰਾ ਲੇ ਜਾਣ ਤੋਂ ਬਾਅਦ ਵੀ ਬਚ ਗਏ, ਪਰ ਮਿਸਰ ਉਨ੍ਹਾਂ ਨੂੰ ਇਕੱਠਾ ਕਰੇਗਾ, ਅਤੇ ਮੋਅਫ਼ ਉਨ੍ਹਾਂ ਨੂੰ ਦਫ਼ਨਾਵੇਗਾ। ਉਨ੍ਹਾਂ ਦੀ ਚਾਂਦੀ ਦੀਆਂ ਕੀਮਤੀ ਵਸਤਾਂ ਉੱਤੇ ਝਾੜ-ਫ਼ੂਸ ਉੱਗਣਗੇ ਅਤੇ ਉਨ੍ਹਾਂ ਦੇ ਤੰਬੂਆਂ ਵਿੱਚ ਕੰਡੇ ਉੱਗ ਆਉਣਗੇ।
7 ਨਬੀਆਂ ਦਾ ਕਹਿਣਾ, "ਹੇ ਇਸਰਾਏਲ! ਇਹ ਚੇਤੇ ਰੱਖ: ਸਜ਼ਾ ਦਾ ਵਕਤ ਆ ਗਿਆ ਹੈ। ਤੇਰੇ ਲਈ ਆਪਣੀ ਕੀਤੀ ਦੀ ਸਜ਼ਾ ਪਾਉਣ ਦਾ ਸਮਾਂ ਆ ਗਿਆ ਹੈ!" ਪਰ ਇਸਰਾਏਲ ਦੇ ਲੋਕ ਕਹਿੰਦੇ ਹਨ: "ਨਬੀ ਮੂਰਖ ਹੈ। ਪਰਮੇਸ਼ੁਰ ਦੇ ਆਤਮੇ ਵਾਲਾ ਮਨੁੱਖ ਸਨਕੀ ਹੈ।" ਨਬੀ ਆਖਦਾ: "ਤੁਸੀਂ ਆਪਣੇ ਮਹਾਨ ਪਾਪ ਅਤੇ ਨਫ਼ਰਤ ਕਾਰਣ ਸਜ਼ਾ ਪਾਵੋਁਗੇ।"
8 ਯਹੋਵਾਹ ਅਤੇ ਨਬੀ ਅਫ਼ਰਾਈਮ ਉੱਪਰ ਪਹਿਰੇਦਾਰ ਵਾਂਗਰ ਹਨ ਪਰ ਸਾਰੇ ਰਾਹ ਵਿੱਚ ਅਨੇਕਾਂ ਜਾਲ ਹਨ ਅਤੇ ਲੋਕ ਨਬੀ ਨੂੰ ਨਫ਼ਰਤ ਕਰਦੇ ਹਨ ਇਥੋਂ ਤੀਕ ਕਿ ਉਸਦੇ ਆਪਣੇ ਪਰਮੇਸ਼ੁਰ ਦੇ ਘਰ ਅੰਦਰ ਵੀ।
9 ਇਸਰਾਏਲ ਦੇ ਲੋਕ ਗਿਬੀਹ ਦੇ ਦਿਨਾਂ ਵਾਂਗ ਭ੍ਰਸ਼ਟਤਾ ਵਿੱਚ ਡੂੰਘੇ ਚਲੇ ਗਏ ਹਨ। ਯਹੋਵਾਹ ਉਨ੍ਹਾਂ ਦੇ ਪਾਪਾਂ ਨੂੰ ਯਾਦ ਰੱਖੇਗਾ ਅਤੇ ਉਨ੍ਹਾਂ ਨੂੰ ਸਜ਼ਾ ਦੇਵੇਗਾ।
10 ਜਦੋਂ ਮੈਂ ਇਸਰਾਏਲ ਨੂੰ ਲਭਿਆ, ਉਸ ਵਕਤ, ਉਹ ਉਜਾੜ ਵਿੱਚ ਤਾਜੇ ਅੰਗੂਰਾਂ ਵਰਗੇ ਸਨ। ਉਹ ਬਹਾਰ ਦੇ ਅੰਜੀਰ ਦੇ ਰੁੱਖਾਂ ਦੇ ਪਹਿਲੇ ਫ਼ਲਾਂ ਵਰਗੇ ਸਨ, ਪਰ ਫੇਰ ਉਹ ਬਆਲ-ਪਉਰ ਵੱਲ ਜਾਕੇ ਬਦਲ ਗਏ ਇਸ ਲਈ ਮੈਨੂੰ ਉਨ੍ਹਾਂ ਨੂੰ ਸੜੇ ਫ਼ਲਾਂ ਵਾਂਗ ਆਪਣੇ ਦ੍ਰਖਤ ਤੋਂ ਵੱਢ ਦੇਣਾ ਪਿਆ। ਉਹ ਉਨ੍ਹਾਂ ਭਿਆਨਕ ਚੀਜ਼ਾਂ (ਝੂਠੇ ਦੇਵਤਿਆਂ) ਵਰਗੇ ਬਣ ਗਏ ਜਿਨ੍ਹਾਂ ਨੂੰ ਉਨ੍ਹਾਂ ਨੇ ਪਿਆਰ ਕੀਤਾ ਸੀ।
11 ਅਫ਼ਰਾਈਮ ਦਾ ਪ੍ਰਤਾਪ ਪੰਛੀ ਵਾਂਗ ਉੱਡ-ਪੁਡ੍ਡ ਜਾਵੇਗਾ। ਹੁਣ ਉਥੋਂ ਦੀਆਂ ਔਰਤਾਂ ਨੂੰ ਨਾ ਗਰਭ ਠਹਿਰੇਗਾ ਨਾ ਕੋਈ ਬੱਚਾ ਜਨਮ ਲਵੇਗਾ।
12 ਭਾਵੇਂ ਉਹ ਬੱਚੇ ਪੈਦਾ ਕਰਨ, ਇਸਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਕਿਉਂ ਕਿ ਮੈਂ ਉਨ੍ਹਾਂ ਕੋਲੋ ਉਹ ਬੱਚੇ ਖੋਹ ਲਵਾਂਗਾ। ਮੈਂ ਉਨ੍ਹਾਂ ਨੂੰ ਛੱਡ ਦੇਵਾਂਗਾ ਅਤੇ ਉਨ੍ਹਾਂ ਨਾਲ ਭਿਆਨਕ ਗੱਲਾਂ ਵਾਪਰਨਗੀਆਂ।
13 ਮੈਂ ਵੇਖ ਰਿਹਾਂ ਕਿ ਅਫ਼ਰਾਈਮ ਆਪਣੇ ਬੱਚਿਆਂ ਦੀ ਫ਼ਂਦੇ ਵੱਲ ਅਗਵਾਈ ਕਰ ਰਿਹਾ ਹੈ। ਉਹ ਆਪਣੇ ਬੱਚਿਆਂ ਨੂੰ ਹਤਿਆਰਿਆਂ ਕੋਲ ਲੈ ਜਾ ਰਿਹਾ ਹੈ।
14 ਹੇ ਯਹੋਵਾਹ, ਉਨ੍ਹਾਂ ਨੂੰ ਦੇ ਜੋ ਤੈਨੂੰ ਪਸੰਦ ਹੈ। ਉਨ੍ਹਾਂ ਨੂੰ ਕੁਖ੍ਖ ਦੇ ਜੋ ਜੁਆਕਾਂ ਨੂੰ ਗੁਆਵੇ ਅਤੇ ਸੁੱਕੀਆਂ ਛਾਤੀਆਂ ਦੇ।
15 ਉਨ੍ਹਾਂ ਦੀ ਸਾਰੀ ਬਦੀ ਗਿਲਗਾਲ ਵਿੱਚ ਹੈ। ਉੱਥੇ ਮੈਂ ਉਨ੍ਹਾਂ ਦੀਆਂ ਕਰਤੂਤਾਂ ਕਾਰਣਉਨ੍ਹਾਂ ਨੂੰ ਨਫਰਤ ਕਰਨੀ ਸ਼ੁਰੂ ਕਰ ਦਿੱਤੀ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਬਦ ਕਰਨੀਆਂ ਕਾਰਣ ਆਪਣੇ ਘਰੋ ਬਾਹਰ ਕੱਢ ਦੇਵਾਂਗਾ। ਮੈਂ ਉਨ੍ਹਾਂ ਨੂੰ ਹੋਰ ਪਿਆਰ ਨਹੀਂ ਕਰਾਂਗਾ ਉਨ੍ਹਾਂ ਦੇ ਸਾਰੇ ਆਗੂ ਵਿਦ੍ਰੋਹੀ ਹਨ।
16 ਅਫ਼ਰਾਈਮ ਨੂੰ ਸਜ਼ਾ ਮਿਲੇਗੀ ਉਨ੍ਹਾਂ ਦੀ ਜੜ ਸੁਕਦੀ ਜਾ ਰਹੀ ਹੈ। ਉਹ ਹੋਰ ਬੱਚੇ ਪੈਦਾ ਨਾ ਕਰ ਸਕਣਗੇ ਪਰ ਜਿਹੜੇ ਬੱਚੇ ਉਹ ਜਣ ਵੀ ਲੈਣ ਮੈਂ ਉਨ੍ਹਾਂ ਕੀਮਤੀ ਜਾਨਾਂ ਨੂੰ ਵੱਢ ਸੁੱਟਾਂਗਾ।
17 ਉਹ ਲੋਕ ਮੇਰੇ ਪਰਮੇਸ਼ੁਰ ਦੀ ਨਹੀਂ ਸੁਣਦੇ, ਇਸ ਲਈ ਉਹ ਵੀ ਉਨ੍ਹਾਂ ਦੀ ਨਹੀਂ ਸੁਣੇਗਾ। ਅਤੇ ਉਹ ਕੌਮਾਂ ਦਰਮਿਆਨ ਬੇ-ਘਰ ਹੋਕੇ ਭਟਕਣਗੇ।