੨ ਤਵਾਰੀਖ਼
ਕਾਂਡ 19
1 ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ ਸਹੀ ਸਲਾਮਤ ਯਰੂਸ਼ਲਮ ਆਪਣੇ ਮਹਿਲ ਤੀਕ ਪਹੁੰਚ ਗਿਆ।
2 ਤਦ ਹਨਾਨੀ ਗੈਬਦਾਨ ਦਾ ਪੁੱਤਰ ਯੇਹੂ ਉਸਦੇ ਮਿਲਣ ਲਈ ਨਿਕਲਿਆ ਅਤੇ ਉਸਨੇ ਪਾਤਸ਼ਾਹ ਨੂੰ ਕਿਹਾ, "ਤੂੰ ਬੁਰੇ ਲੋਕਾਂ ਦੀ ਮਦਦ ਕਿਉਂ ਕਰਦਾ ਹੈਂ? ਜਿਹੜੇ ਲੋਕ ਯਹੋਵਾਹ ਨਾਲ ਘਿਰਣਾ ਕਰਦੇ ਹਨ, ਤੂੰ ਉਨ੍ਹਾਂ ਨੂੰ ਪਿਆਰ ਕਿਉਂ ਕਰਦਾ ਹੈਂ? ਇਹੀ ਕਾਰਣ ਹੈ ਕਿ ਯਹੋਵਾਹ ਤੇਰੇ ਉੱਪਰ ਕ੍ਰੋਧਿਤ ਹੈ।
3 ਪਰ ਤਦ ਵੀ, ਤੇਰੇ ਵਿੱਚ ਕੁਝ ਚੰਗੇ ਗੁਣ ਹਨ। ਤੂੰ ਦੇਸ ਵਿੱਚੋਂ ਅਸ਼ੇਰਾਹ ਥੰਮਾਂ ਨੂੰ ਹਟਾਇਆ ਅਤੇ ਤੂੰ ਆਪਣੇ ਦਿਲ ਵਿੱਚ ਪਰਮੇਸ਼ੁਰ ਦੇ ਰਾਹ ਤੇ ਚੱਲਣ ਦਾ ਨਿਰਣਾ ਕੀਤਾ।"
4 ਯਹੋਸ਼ਾਫ਼ਾਟ ਯਰੂਸ਼ਲਮ ਵਿੱਚ ਰਹਿੰਦਾ ਸੀ ਅਤੇ ਉਸਨੇ ਫ਼ਿਰ ਬੇਰਸ਼ਬਾ ਤੋਂ ਅਫ਼ਰਾਈਮ ਦੇ ਪਹਾੜਾਂ ਤੀਕ ਲੋਕਾਂ ਦੇ ਵਿੱਚ ਫ਼ਿਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਵੱਲ ਨੂੰ ਮੋੜਿਆ।
5 ਉਸਨੇ ਯਹੂਦਾਹ ਵਿੱਚ ਨਿਆਂਕਾਰ ਚੁਣੇ ਅਤੇ ਉਸਨੇ ਯਹੂਦਾਹ ਦੇ ਸਾਰੇ ਗਢ਼ਾਂ ਵਾਲੇ ਸ਼ਹਿਰਾਂ ਵਿੱਚ ਨਿਆਂਕਾਰ ਮੁਕਰ੍ਰਰ ਕੀਤੇ।
6 ਯਹੋਸ਼ਾਫ਼ਾਟ ਨੇ ਉਨ੍ਹਾਂ ਨਿਆਂਕਾਰਾਂ ਨੂੰ ਆਖਿਆ, "ਜੋ ਕੁਝ ਤੁਸੀਂ ਕਰ ਰਹੇ ਹੋ ਉਸ ਵੱਲ ਸਤਰਕ ਰਹੋ ਕਿਉਂ ਕਿ ਤੁਸੀਂ ਮਨੁੱਖਾਂ ਵੱਲੋਂ ਨਹੀਂ ਸਗੋਂ ਯਹੋਵਾਹ ਵੱਲੋਂ ਨਿਆਂ ਕਰਦੇ ਹੋ ਅਤੇ ਯਹੋਵਾਹ ਨਿਆਂ ਦੀ ਗੱਲ ਵਿੱਚ ਤੁਹਾਡੇ ਨਾਲ ਹੈ।
7 ਹੁਣ ਤੁਹਾਡੇ ਵਿੱਚੋਂ ਸਭਨਾਂ ਨੂੰ ਯਹੋਵਾਹ ਦੇ ਭੈਅ ਵਿੱਚ ਰਹਿਣਾ ਚਾਹੀਦਾ ਹੈ। ਤੁਸੀਂ ਜੋ ਕੁਝ ਵੀ ਕਰਦੇ ਹੋ, ਸਾਵਧਾਨ ਹੋ ਕੇ ਕਰੋ ਕਿਉਂ ਕਿ ਯਹੋਵਾਹ ਸਾਡਾ ਪਰਮੇਸ਼ੁਰ ਨਿਆਂ ਪਸੰਦ ਹੈ। ਯਹੋਵਾਹ ਕਿਸੇ ਨਾਲ ਭਿਂਨ-ਭੇਦ ਜਾਂ ਛੋਟੇ-ਵੱਡੇ ਦਾ ਫ਼ਰਕ ਨਹੀਂ ਰੱਖਦਾ ਅਤੇ ਨਾ ਹੀ ਉਹ ਆਪਣੇ ਨਿਆਂ ਬਦਲਣ ਲਈ ਕਿਸੇ ਕੋਲੋਂ ਰਿਸ਼ਵਤ ਲੈਂਦਾ ਹੈ।"
8 ਅਤੇ ਯਰੂਸ਼ਲਮ ਵਿੱਚ ਵੀ ਯਹੋਸ਼ਾਫ਼ਾਟ ਨੇ ਲੇਵੀਆਂ ਅਤੇ ਜਾਜਕਾਂ ਅਤੇ ਇਸਰਾਏਲ ਦੇ ਪੁੱਤਰਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਵਿੱਚੋਂ ਲੋਕਾਂ ਨੂੰ ਯਹੋਵਾਹ ਦੇ ਨਿਆਵਾਂ ਅਤੇ ਝਗੜਿਆਂ ਲਈ ਮੁਕਰ੍ਰਰ ਕੀਤਾ। ਤਦ ਉਹ ਯਰੂਸ਼ਲਮ ਨੂੰ ਮੁੜੇ।
9 ਯਹੋਸ਼ਾਫ਼ਾਟ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਅਤੇ ਕਿਹਾ, "ਤੁਹਾਨੂੰ ਸੱਚੇ ਦਿਲੋਂ ਵਫ਼ਾਦਾਰ ਹੋ ਕੇ ਸੇਵਾ ਕਰਨੀ ਚਾਹੀਦੀ ਹੈ ਅਤੇ ਯਹੋਵਾਹ ਦੇ ਭੈਅ ਵਿੱਚ ਰਹਿਣਾ ਚਾਹੀਦਾ ਹੈ।
10 ਜੇਕਰ ਉਨ੍ਹਾਂ ਨਗਰਾਂ ਵਿੱਚ ਰਹਿੰਦੇ ਤੇਰੇ ਭਰਾਵਾਂ ਵਿੱਚੋਂ ਕੋਈ, ਤੇਰੇ ਕੋਲ ਕੋਈ ਮੁਕੱਦਮਾ ਲਿਆਵੇ ਜੋ ਕਿ ਖੂਨ-ਖਰਾਬੇ, ਬਿਧੀ, ਹੁਕਮ, ਨਿਆਂ ਜਾਂ ਕਿਸੇ ਹੋਰ ਬਿਧੀ ਬਾਰੇ ਹੋਵੇ, ਤੈਨੂੰ ਉਨ੍ਹਾਂ ਨੂੰ ਚਿਤਾਵਨੀ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਤੇਰੀਆਂ ਹਿਦਾਇਤਾਂ ਮਂਨਣੀਆਂ ਚਾਹੀਦੀਆਂ ਹਨ, ਨਹੀਂ ਤਾਂ ਉਹ ਪਰਮੇਸ਼ੁਰ ਅੱਗੇ ਦੋਸ਼ੀ ਹੋਣਗੇ ਅਤੇ ਉਸਦੀ ਕਰੋਪੀ ਤੇਰੇ ਉੱਤੇ, ਤੇਰੇ ਭਰਾਵਾਂ ਉੱਤੇ ਆਵੇਗੀ। ਪਰ ਜੇਕਰ ਤੂੰ ਅਜਿਹਾ ਕਰੇਂਗਾਂ ਤਾਂ ਤੂੰ ਦੋਸ਼ੀ ਨਹੀਂ ਹੋਵੇਂਗਾ।
11 ਅਮਰਯਾਹ ਪਰਧਾਨ ਜਾਜਕ ਯਹੋਵਾਹ ਬਾਬਤ ਕਿਸੇ ਵੀ ਮਾਮਲੇ ਦਾ ਆਗੂ ਹੈ। ਇਸ਼ਮਾਏਲ ਦਾ ਪੁੱਤਰ ਜ਼ਬਦਯਾਹ, ਯਹੂਦਾਹ ਦੇ ਪਰਿਵਾਰ-ਸਮੂਹ ਦਾ ਆਗੂ ਪਾਤਸ਼ਾਹ ਬਾਬਤ ਕਿਸੇ ਵੀ ਮਾਮਲੇ ਦਾ ਆਗੂ ਹੋਵੇਗਾ। ਲੇਵੀ ਤੁਹਾਡੇ ਲਈ ਲਿਖਾਰੀ ਹੋਣਗੇ। ਆਪਣੀ ਕਰਨੀ ਵਿੱਚ ਹੌਂਸਲਾ ਅਤੇ ਭਰੋਸਾ ਰੱਖੋ। ਯਹੋਵਾਹ ਉਨ੍ਹਾਂ ਦੇ ਨਾਲ ਹੋਵੇ ਜੋ ਨੇਕ ਹਨ।"