੨ ਤਵਾਰੀਖ਼
ਕਾਂਡ 10
1 ਰਹਬੁਆਮ ਸ਼ਕਮ ਦੇਸ ਨੂੰ ਗਿਆ ਕਿਉਂ ਕਿ ਸਾਰਾ ਇਸਰਾਏਲ ਉਸ ਨੂੰ ਪਾਤਸ਼ਾਹ ਬਨਾਉਣ ਲਈ ਸ਼ਕਮ ਵਿੱਚ ਆਇਆ ਹੋਇਆ ਸੀ।
2 ਨਬਾਟ ਦਾ ਪੁੱਤਰ ਯਾਰਾਬੁਆਮ ਮਿਸਰ ਵਿੱਚ ਸੀ ਕਿਉਂ ਕਿ ਉਹ ਸੁਲੇਮਾਨ ਤੋਂ ਡਰਦਾ ਸੀ। ਪਰ ਜਦੋਂ ਉਸਨੇ ਸੁਣਿਆ ਕਿ ਸੁਲੇਮਾਨ ਮਰ ਚੁਕਿਆ ਸੀ ਅਤੇ ਰਹਬੁਆਮ ਨੂੰ ਜਲਦੀ ਹੀ ਰਾਜੇ ਦਾ ਤਾਜ ਪਹਿਨਾਇਆ ਜਾਣਾ ਸੀ, ਉਹ ਇਸਰਾਏਲ ਨੂੰ ਵਾਪਸ ਮੁੜ ਆਇਆ।
3 ਇਸਰਾਏਲ ਦੇ ਲੋਕਾਂ ਨੇ ਯਾਰਾਬੁਆਮ ਨੂੰ ਆਪਣੇ ਨਾਲ ਚੱਲਣ ਨੂੰ ਕਿਹਾ ਤਦ ਯਾਰਾਬੁਆਮ ਅਤੇ ਸਾਰੇ ਇਸਰਾਏਲੀ ਰਹਬੁਆਮ ਕੋਲ ਗਏ ਅਤੇ ਜਾ ਕੇ ਉਸਨੂੰ ਕਿਹਾ, "ਰਹਬੁਆਮ,
4 ਤੇਰੇ ਪਿਤਾ ਨੇ ਸਾਡਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਸੀ, ਉਸਦੇ ਹੁੰਦੇ ਜ਼ਿੰਦਗੀ ਬੋਝਾ ਢੋਣ ਦੇ ਬਰਾਬਰ ਸੀ ਇਸਲਈ ਪਹਿਲਾਂ ਸਾਡਾ ਭਾਰ ਹੌਲਾ ਕਰ ਫ਼ਿਰ ਅਸੀਂ ਤੇਰੀ ਸੇਵਾ ਕਰਾਂਗੇ।"
5 ਰਹਬੁਆਮ ਨੇ ਉਨ੍ਹਾਂ ਨੂੰ ਆਖਿਆ, "ਤੁਸੀਂ ਮੇਰੇ ਕੋਲ ਤਿੰਨ ਦਿਨ ਬਾਅਦ ਆਉਣਾ।" ਤਾਂ ਲੋਕ ਵਾਪਸ ਚਲੇ ਗਏ।
6 ਤਦ ਰਹਬੁਆਮ ਪਾਤਸ਼ਾਹ ਨੇ ਆਪਣੇ ਬਜ਼ੁਰਗ ਮਨੁੱਖਾਂ ਜਿਨ੍ਹਾਂ ਨੇ ਉਸਦੇ ਪਿਤਾ ਸੁਲੇਮਾਨ ਦੀ ਸੇਵਾ ਕੀਤੀ ਸੀ ਉਸ ਨਾਲ ਸਲਾਹ ਕੀਤੀ, "ਤੁਸੀਂ ਮੈਨੂੰ ਕੀ ਰਾਇ ਦਿੰਦੇ ਹੋ? ਤੁਹਾਡੀ ਕੀ ਰਾਇ ਹੈ ਕਿ ਮੈਂ ਉਨ੍ਹਾਂ ਨਾਲ ਕੀ ਗੱਲ ਕਰਾਂ?"
7 ਬਜ਼ੁਰਗ ਆਦਮੀਆਂ ਨੇ ਰਹਬੁਆਮ ਨੂੰ ਕਿਹਾ, "ਜੇਕਰ ਤੂੰ ਉਨ੍ਹਾਂ ਲੋਕਾਂ ਨਾਲ ਹਿਤ੍ਤ ਕਰੇਂਗਾ ਅਤੇ ਉਨ੍ਹਾਂ ਨੂੰ ਖੁਸ਼ ਕਰੇਂਗਾ ਤਦ ਉਹ ਹਮੇਸ਼ਾ ਤੇਰੀ ਚਾਕਰੀ ਕਰਦੇ ਰਹਿਣਗੇ।"
8 ਪਰ ਰਹਬੁਆਮ ਨੇ ਬਜ਼ੁਰਗਾਂ ਦੀ ਮਤ ਨੂੰ ਸਵੀਕਾਰ ਨਾ ਕੀਤਾ। ਫ਼ਿਰ ਉਸਨੇ ਆਪਣੀ ਉਮਰ ਦੇ ਜੁਆਨਾਂ ਨਾਲ ਮਸ਼ਵਰਾ ਕੀਤਾ ਜਿਹੜੇ ਕਿ ਉਸਦੇ ਨਾਲ ਹੀ ਵੱਡੇ ਹੋਏ ਸਨ ਅਤੇ ਉਸਦੀ ਚਾਕਰੀ ਕਰ ਰਹੇ ਸਨ।
9 ਰਹਬੁਆਮ ਨੇ ਉਨ੍ਹਾਂ ਨੂੰ ਪੁਛਿਆ, "ਤੁਸੀਂ ਮੈਨੂੰ ਕੀ ਰਾਇ ਦਿੰਦੇ ਹੋ? ਸਾਨੂੰ ਉਨ੍ਹਾਂ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਹੈ? ਉਹ ਮੈਨੂੰ ਆਪਣਾ ਬੋਝ ਹਲਕਾ ਕਰਨ ਨੂੰ ਆਖ ਰਹੇ ਹਨ ਅਤੇ ਉਹ ਇਹ ਵੀ ਆਖਦੇ ਹਨ ਕਿ ਜਿੰਨਾ ਕੰਮ ਦਾ ਭਾਰ ਤੇਰੇ ਪਿਤਾ ਨੇ ਸਾਡੇ ਉੱਪਰ ਪਾਇਆ ਹੋਇਆ ਸੀ, ਪਹਿਲਾਂ ਤੂੰ ਉਹ ਭਾਰ ਸਾਡੇ ਤੋਂ ਹਲਕਾ ਕਰ।"
10 ਤਾਂ ਉਹ ਜੁਆਨ ਜਿਹੜੇ ਉਸਦੇ ਹਮਜੋਲੀ ਸਨ ਉਸਨੂੰ ਆਖਿਆ ਕਿ ਤੂੰ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਤੈਨੂੰ ਆਖਿਆ ਕਿ ਤੇਰੇ ਪਿਤਾ ਨੇ ਸਾਡਾ ਕੰਮ ਦਾ ਬੋਝ ਵਧਾਇਆ ਪਰ ਤੂੰ ਸਾਡੇ ਲਈ ਉਸਨੂੰ ਹਲਕਾ ਕਰ ਤਾਂ ਤੂੰ ਉਨ੍ਹਾਂ ਨੂੰ ਇਹ ਜਵਾਬ ਦੇ ਕਿ ਮੇਰੀ ਉਂਗਲ ਮੇਰੇ ਪਿਤਾ ਦੇ ਕਮਰ ਕੋਲੋਂ ਵੀ ਤਕੜੀ ਹੈ।
11 ਮੇਰੇ ਪਿਤਾ ਨੇ ਤਾਂ ਭਾਰਾ ਬੋਝ ਤੁਹਾਡੇ ਤੇ ਪਾਇਆ ਸੀ, ਪਰ ਮੈਂ ਉਸ ਭਾਰ ਨੂੰ ਹੋਰ ਵੀ ਵਧੀਕ ਕਰਾਂਗਾ। ਮੇਰੇ ਪਿਤਾ ਨੇ ਤਾਂ ਸਿਰਫ਼ ਤੁਹਾਨੂੰ ਕੋਟਲਿਆਂ ਨਾਲ ਮਾਰਿਆ ਸੀ ਪਰ ਮੈਂ ਤੁਹਾਨੂੰ ਲੋਹੇ ਦੇ ਸਿਰੇ ਵਾਲੇ ਕੋਟਲਿਆਂ ਨਾਲ ਫ਼ਂਡਾਂਗਾ।
12 ਤਿੰਨਾਂ ਦਿਨਾਂ ਉਪਰੰਤ, ਯਾਰਾਬੁਆਮ ਅਤੇ ਬਾਕੀ ਦੇ ਸਾਰੇ ਲੋਕ ਰਹਬੁਆਮ ਕੋਲ ਆਏ, ਬਿਲਕੁਲ ਜਿਵੇਂ ਕਿ ਉਸਨੇ ਉਨ੍ਹਾਂ ਨੂੰ ਕਿਹਾ ਸੀ। "ਮੇਰੇ ਕੋਲ ਤਿੰਨਾਂ ਦਿਨਾਂ ਵਿੱਚ ਵਾਪਸ ਆ ਜਾਵੋ।"
13 ਤਦ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਨਾਲ ਬੜੇ ਕਮੀਨੇਪਨ ਨਾਲ ਗੱਲ ਕੀਤੀ। ਉਸਨੇ ਬਜ਼ੁਰਗਾਂ ਦੀ ਗੱਲ ਦਾ ਕਹਿਣਾ ਨਾ ਮੰਨਿਆ।
14 ਸਗੋਁ ਉਸਨੇ ਆਪਣੇ ਹਮਜੋਲੀ ਨੌਜੁਆਨਾਂ ਦੇ ਮਗਰ ਲੱਗਕੇ ਲੋਕਾਂ ਨਾਲ ਉਸੇ ਲਹਿਜੇ ਵਿੱਚ ਗੱਲ ਕੀਤੀ ਜਿਵੇਂ ਉਨ੍ਹਾਂ ਨੇ ਪਾਤਸ਼ਾਹ ਨੂੰ ਸਿਖਾਇਆ ਸੀ। ਉਸਨੇ ਕਿਹਾ, "ਮੇਰੇ ਪਿਤਾ ਨੇ ਤੁਹਾਡਾ ਬੋਝ ਵਧਾਇਆ ਸੀ ਪਰ ਮੈਂ ਤੁਹਾਡਾ ਬੋਝ ਉਸਤੋਂ ਵੀ ਵਧੀਕ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫ਼ਂਡਿਆ ਪਰ ਮੈਂ ਤੁਹਾਨੂੰ ਧਾਤ ਜੜੀਆਂ ਸਿਰੀਆਂ ਵਾਲੇ ਕੋਟਲਿਆਂ ਨਾਲ ਫ਼ਂਡਾਂਗਾ।"
15 ਸੋ ਪਾਤਸ਼ਾਹ ਨੇ ਲੋਕਾਂ ਦੀ ਨਾ ਸੁਣੀ, ਕਿਉਂ ਕਿ ਗੱਲਾਂ ਦਾ ਇਹ ਫੇਰ-ਬਦਲ ਪਰਮੇਸ਼ੁਰ ਵੱਲੋਂ ਹੀ ਸੀ। ਇਹ ਵਾਪਰਿਆ ਤਾਂ ਜੋ ਯਹੋਵਾਹ ਸ਼ੀਲੋਨੀ ਸੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਬਾਰੇ ਬੋਲਿਆ ਸੀ, ਸੱਚ ਹੋ ਸਕੇ।
16 ਜਦ ਸਾਰੇ ਇਸਰਾਏਲ ਨੇ ਵੇਖਿਆ ਕਿ ਪਾਤਸ਼ਾਹ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਜਵਾਬ ਦਿੱਤਾ ਕਿ ਦਾਊਦ ਦੇ ਨਾਲ ਸਾਡਾ ਕੀ ਰਿਸ਼ਤਾ ਅਤੇ ਯਸੀ ਦੇ ਪੁੱਤਰ ਨਾਲ ਸਾਡੀ ਕੋਈ ਵੰਡ-ਵਿਹਾਰ ਨਹੀਂ ਹੈ। ਹੇ ਇਸਰਾਏਲ, ਆਪੋ-ਆਪਣੇ ਤੰਬੂਆਂ ਵਿੱਚ ਚਲੋ! ਹੁਣ ਹੇ ਦਾਊਦ! ਤੂੰ ਆਪਣੇ ਹੀ ਘਰਾਣੇ ਨੂੰ ਸੰਭਾਲ। ਤਦ ਇਸਰਾਏਲ ਦੇ ਸਾਰੇ ਲੋਕ ਆਪੋ-ਆਪਣੇ ਘਰਾਂ ਨੂੰ ਪਰਤ ਗਏ।
17 ਪਰ ਉੱਥੇ ਕੁਝ ਇਸਰਾਏਲੀ ਅਜਿਹੇ ਸਨ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਵਸੇ ਹੋਏ ਸਨ ਅਤੇ ਰਹਬੁਆਮ ਉਨ੍ਹਾਂ ਦਾ ਪਾਤਸ਼ਾਹ ਸੀ।
18 ਫ਼ੇਰ ਰਹਬੁਆਮ ਨੇ ਹਦੋਰਾਮ ਨੂੰ, ਜੋ ਕਿ ਮਜਬੂਰ ਮਜਦੂਰਾਂ ਦਾ ਇੰਚਾਰਜ ਸੀ, ਇਸਰਾਏਲ ਦੇ ਲੋਕਾਂ ਕੋਲ ਭੇਜਿਆ, ਪਰ ਉਨ੍ਹਾਂ ਨੇ ਉਸ ਉੱਪਰ ਪਥਰਾਵ ਕਰਕੇ ਉਸਨੂੰ ਮਾਰ ਸੁਟਿਆ।
19 ਉਸ੍ਸ ਦਿਨ ਤੋਂ ਲੈਕੇ ਅੱਜ ਤੀਕ ਇਸਰਾਏਲੀ ਦਾਊਦ ਦੇ ਘਰਾਣੇ ਦੇ ਵਿਰੋਧੀ ਹਨ।