੧ ਸਮੋਈਲ
ਕਾਂਡ 23
1 ਲੋਕਾਂ ਨੇ ਦਾਊਦ ਨੂੰ ਕਿਹਾ, "ਵੇਖ! ਫ਼ਲਿਸਤੀ ਕਈਲਾਹ ਦੇ ਵਿਰੁੱਧ ਲੜਾਈ ਕਰ ਰਹੇ ਹਨ। ਉਹ ਖਲਵਾੜਿਆਂ ਵਿੱਚੋਂ ਫ਼ਸਲਾਂ ਚੋਰੀ ਕਰ ਰਹੇ ਹਨ।
2 ਦਾਊਦ ਨੇ ਯਹੋਵਾਹ ਨੂੰ ਕਿਹਾ, "ਯਹੋਵਾਹ! ਕੀ ਮੈਂ ਜਾਕੇ ਇਨ੍ਹਾਂ ਫ਼ਲਿਸਤੀਆਂ ਵਿਰੁੱਧ ਲੜਾਂ?"ਯਹੋਵਾਹ ਨੇ ਦਾਊਦ ਨੂੰ ਕਿਹਾ, "ਜਾ ਅਤੇ ਜਾਕੇ ਫ਼ਲਿਸਤੀਆਂ ਦੇ ਖਿਲਾਫ਼ ਲੜਕੇ ਕਈਲਾਹ ਨੂੰ ਬਚਾਅ।
3 ਪਰ ਦਾਊਦ ਦੇ ਆਦਮੀਆਂ ਨੇ ਉਸਨੂੰ ਕਿਹਾ, "ਵੇਖ ਇਸ ਵਕਤ ਅਸੀਂ ਯਹੂਦਾਹ ਦੇ ਵਿੱਚ ਹਾਂ ਅਤੇ ਅਸੀਂ ਡਰੇ ਹੋਏ ਹਾਂ। ਤਾਂ ਸੋਚਕੇ ਵੇਖ ਕਿ ਅਸੀਂ ਜੇਕਰ ਉਥੇ ਜਾਵਾਂਗੇ ਜਿਥੇ ਫ਼ਲਿਸਤੀਆਂ ਦੀ ਸੈਨਾ ਹੈ ਤਾਂ ਕਿੰਨਾ ਡਰ ਲਗੇਗਾ।"
4 ਦਾਊਦ ਨੇ ਫ਼ਿਰ ਯਹੋਵਾਹ ਨੂੰ ਪੁਛਿਆ ਅਤੇ ਯਹੋਵਾਹ ਨੇ ਜਵਾਬ ਦਿੱਤਾ, "ਤੂੰ ਕਈਲਾਹ ਵਿੱਚ ਜਾ। ਮੈਂ ਫ਼ਲਿਸਤੀਆਂ ਨੂੰ ਹਰਾਉਣ ਵਿੱਚ ਤੇਰੀ ਮਦਦ ਕਰਾਂਗਾ।"
5 ਤਾਂ ਦਾਊਦ ਅਤੇ ਉਸਦੇ ਆਦਮੀ ਕਈਲਾਹ ਵਿੱਚ ਗਏ ਅਤੇ ਉਹ ਫ਼ਲਿਸਤੀਆਂ ਦੇ ਵਿਰੁੱਧ ਲੜੇ ਅਤੇ ਉਨ੍ਹਾਂ ਨੂੰ ਹਰਾਕੇ ਉਨ੍ਹਾਂ ਦੇ ਸਾਰੇ ਪਸ਼ੂ ਲੁੱਟ ਲਿਆਏ। ਇਉਂ ਦਾਊਦ ਨੇ ਕਈਲਾਹ ਦੇ ਲੋਕਾਂ ਨੂੰ ਬਚਾਇਆ।
6 (ਜਦੋਂ ਅਬਯਾਥਾਰ ਭੱਜਕੇ ਦਾਊਦ ਕੋਲ ਆਇਆ ਤਾਂ ਉਸਦੇ ਹੱਥ ਵਿੱਚ ਇੱਕ ਏਫ਼ੋਦ ਵੀ ਸੀ।)
7 ਲੋਕਾਂ ਨੇ ਸ਼ਾਊਲ ਨੂੰ ਦੱਸਿਆ ਕਿ ਦ੍ਦਾਊਦ ਇਸ ਵਕਤ ਕਈਲਾਹ ਵਿੱਚ ਹੈ। ਤਾਂ ਸ਼ਾਊਲ ਬੋਲਿਆ, "ਪਰਮੇਸ਼ੁਰ ਨੇ ਉਸਨੂੰ ਹੁਣ ਮੇਰੇ ਹੱਥ ਵਿੱਚ ਕਰ ਦਿੱਤਾ ਹੈ! ਉਸਨੇ ਆਪੇ ਹੀ ਆਪਣੇ-ਆਪ ਨੂੰ ਜਾਲ ਵਿੱਚ ਫ਼ਸਾ ਲਿਆ ਹੈ। ਕਿਉਂਕਿ ਉਹ ਅਜਿਹੇ ਸ਼ਹਿਰ ਵਿੱਚ ਜਿਸਦੇ ਬੂਹੇ ਅਤੇ ਸਲਾਖਾਂ ਹਨ, ਉਸ ਵਿੱਚ ਆਪੇ ਹੀ ਬੰਦ ਹੋ ਗਿਆ ਹੈ।"
8 ਸ਼ਾਊਲ ਨੇ ਆਪਣੀ ਸਾਰੀ ਫ਼ੌਜ ਲੜਾਈ ਲਈ ਤਿਆਰ ਕੀਤੀ ਅਤੇ ਉਹ ਕਈਲਾਹ ਵਿੱਚ ਦਾਊਦ ਅਤੇ ਉਸਦੇ ਆਦਮੀਆਂ ਉੱਤੇ ਕੂਚ ਕਰਨ ਲਈ ਤਿਆਰ ਹੋ ਗਏ।
9 ਦਾਊਦ ਨੂੰ ਪਤਾ ਲੱਗਾ ਕਿ ਸ਼ਾਊਲ ਉਸਦੇ ਵਿਰੁੱਧ ਲੜਨ ਦੀ ਸਾਜਿਸ਼ ਕਰ ਰਿਹਾ ਹੈ ਤਾਂ ਦਾਊਦ ਨੇ ਅਬਯਾਥਾਰ ਜਾਜਕ ਨੂੰ ਕਿਹਾ, "ਉਹ ਏਫ਼ੋਦ ਲੈ ਆ।"
10 ਦਾਊਦ ਨੇ ਪ੍ਰਾਰਥਨਾ ਕੀਤੀ, "ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ। ਮੈਂ ਸੁਣਿਆ ਹੈ ਕਿ ਸ਼ਾਊਲ ਮੇਰੇ ਕਾਰਣ ਕਈਲਾਹ ਉੱਤੇ ਚੜਾਈ ਕਰਨ ਅਤੇ ਉਸਨੂੰ ਨਾਸ਼ ਕਰਨ ਆ ਰਿਹਾ ਹੈ।
11 ਕੀ ਸ਼ਾਊਲ ਕਈਲਾਹ ਵਿੱਚ ਆਵੇਗਾ? ਕੀ ਕਾਈਲਾਹ ਦੇ ਲੋਕ ਮੈਨੂੰ ਸ਼ਾਊਲ ਦੇ ਹਵਾਲੇ ਕਰ ਦੇਣਗੇ? ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ! ਮੈਂ ਤੇਰਾ ਸੇਵਕ ਹਾਂ ਕਿਰਪਾ ਕਰਕੇ ਮੈਨੂੰ ਦੱਸੋ ਕਿ ਕੀ ਹੋਵੇਗਾ?"ਯਹੋਵਾਹ ਨੇ ਕਿਹਾ, "ਸ਼ਾਊਲ ਜ਼ਰੂਰ ਆਵੇਗਾ।"
12 ਦਾਊਦ ਨੇ ਫ਼ਿਰ ਪੁਛਿਆ, "ਕੀ ਕਈਲਾਹ ਦੇ ਲੋਕ ਮੈਨੂੰ ਅਤੇ ਮੇਰੇ ਆਦਮੀਆਂ ਨੂੰ ਸ਼ਾਊਲ ਦੇ ਸਪੁਰਦ ਕਰ ਦੇਣਗੇ?" ਯਹੋਵਾਹ ਨੇ ਕਿਹਾ, ਹਾਂ ਉਹ ਅਜਿਹਾ ਕਰਨਗੇ।"
13 ਤਾਂ ਦਾਊਦ ਅਤੇ ਉਸਦੇ ਆਦਮੀ ਕਈਲਾਹ ਤੋਂ ਭੱਜ ਗਏ। ਕੋਈ 600 ਦੇ ਕਰੀਬ ਆਦਮੀ ਦਾਊਦ ਦੇ ਨਾਲ ਗਏ। ਇਉਂ ਦਾਊਦ ਅਤੇ ਉਸਦੇ ਆਦਮੀ ਥਾਂ ਤੋਂ ਥਾਂ ਭੱਜਦੇ ਰਹੇ। ਸ਼ਾਊਲ ਨੂੰ ਪਤਾ ਲੱਗਾ ਕਿ ਦਾਊਦ ਕਈਲਾਹ ਤੋਂ ਬਚਕੇ ਭੱਜ ਗਿਆ ਹੈ ਤਾਂ ਉਹ ਫ਼ਿਰ ਉਸ ਸ਼ਹਿਰ ਵਿੱਚ ਨਾ ਗਿਆ।
14 ਦਾਊਦ ਉਜਾੜ ਵੱਲ ਗਿਆ ਅਤੇ ਉਥੇ ਪਕਿਆ ਕਿਲ੍ਹਿਆਂ ਵਿੱਚ ਜਾਕੇ ਰਿਹਾ। ਦਾਊਦ ਉਜਾੜ ਦੇ ਪਹਾੜੀ ਇਲਾਕੇ ਜ਼ੀਫ਼ ਵਿੱਚ ਵੀ ਜਾਕੇ ਰਿਹਾ। ਹਰ ਰੋਜ਼ ਸ਼ਾਊਲ ਉਸਨੂੰ ਭਾਲਦਾ ਪਰ ਯਹੋਵਾਹ ਨੇ ਦਾਊਦ ਨੂੰ ਸ਼ਾਊਲ ਦੇ ਹੱਥ ਨਾ ਲੱਗਣ ਦਿੱਤਾ।
15 ਇੱਕ ਦਿਨ ਜਦ ਦਾਊਦ ਜ਼ੀਫ਼ ਦੀ ਉਜਾੜ ਵਿੱਚ ਹੋਰੇਸ਼ ਵਿੱਚ ਸੀ ਤਾਂ ਉਹ ਡਰ ਗਿਆ ਕਿਉਂਕਿ ਉਹ ਜਾਣਦਾ ਸੀ ਕਿ ਸ਼ਾਊਲ ਉਸਦੀ ਜਾਨ ਦੇ ਮਗਰ ਪਿਆ ਹੋਇਆ ਹੈ।
16 ਪਰ ਸ਼ਾਊਲ ਦਾ ਪੁੱਤਰ ਯੋਨਾਥਾਨ ਹੋਰੇਸ਼ ਵਿੱਚ ਦਾਊਦ ਨੂੰ ਮਿਲਣ ਲਈ ਗਿਆ ਤਾਂ ਯੋਨਾਥਾਨ ਨੇ ਦਾਊਦ ਨੂੰ ਪਰਮੇਸ਼ੁਰ ਵਿੱਚ ਪੱਕਾ ਨਿਸ਼ਚਾ ਰੱਖਣ ਲਈ ਕਿਹਾ ਅਤੇ ਇਸ ਵਿੱਚ ਉਸਦੀ ਮਦਦ ਕੀਤੀ।
17 ਯੋਨਾਠਾਨ ਨੇ ਦਾਊਦ ਨੂੰ ਦੱਸਿਆ, "ਡਰ ਨਾ, ਮੇਰਾ ਪਿਤਾ ਸ਼ਾਊਲ ਤੇਰਾ ਕੁਝ ਨਹੀ ਵਿਗਾੜ ਸਕਦਾ। ਤੂੰ ਹੀ ਇਸਰਾਏਲ ਦਾ ਰਾਜਾ ਬਣੇਂਗਾ ਅਤੇ ਮੈਂ ਦੂਜੇ ਦਰਜੇ ਉੱਤੇ ਹੋਵਾਂਗਾ। ਇਹ ਗੱਲ ਮੇਰਾ ਪਿਉ ਵੀ ਜਾਣਦਾ ਹੈ।"
18 ਯੋਨਾਥਾਨ ਅਤੇ ਦਾਊਦ ਨੇ ਯਹੋਵਾਹ ਦੇ ਅੱਗੇ ਇਕਰਾਰਨਾਮਾ ਕੀਤਾ ਅਤੇ ਫ਼ਿਰ ਯੋਨਾਥਾਨ ਘਰ ਨੂੰ ਮੁੜ ਗਿਆ ਅਤੇ ਦਾਊਦ ਹੋਰੇਸ਼ ਵਿੱਚ ਹੀ ਰਿਹਾ।
19 ਤਦ ਜ਼ੀਫ਼ ਦੇ ਲੋਕ ਗਿਬਆਹ ਵਿੱਚ ਸ਼ਾਊਲ ਕੋਲ ਆਏ ਅਤੇ ਆਕੇ ਉਸਨੂੰ ਕਹਿਣ ਲੱਗੇ, "ਦਾਊਦ ਸਾਡੇ ਹੀ ਇਲਾਕੇ ਵਿੱਚ ਲੁਕਦਾ ਫ਼ਿਰਦਾ ਹੈ। ਇਸ ਵਕਤ ਉਹ ਹੋਰੇਸ਼ ਦੀਆਂ ਪੱਕੀਆਂ ਥਾਵਾਂ ਵਿੱਚ ਹਨੀਲਾਹ ਦੇ ਪਹਾੜ ਉੱਪਰ ਜੋ ਯਸੀਮੋਨ ਦੀ ਦਖਣ ਵੱਲ ਹੈ, ਉਥੇ ਲੁਕਿਆ ਹੋਇਆ ਹੈ।
20 ਸੋ ਹੇ ਪਾਤਸ਼ਾਹ, ਤੂੰ ਜਦ ਚਾਹੇਂ ਉਧਰ ਆ ਜਾਵੀਂ, ਇਹ ਸਾਡਾ ਫ਼ਰਜ ਹੈ ਕਿ ਤੂੰ ਜਦ ਆਵੇਂ ਅਸੀਂ ਦਾਊਦ ਨੂੰ ਤੇਰੇ ਹਵਾਲੇ ਕਰੀਏ।"
21 ਸ਼ਾਊਲ ਨੇ ਕਿਹਾ, "ਮੇਰੀ ਮਦਦ ਲਈ ਯਹੋਵਾਹ ਤੁਹਾਡੇ ਉੱਤੇ ਕਿਰਪਾ ਕਰੇ।
22 ਜਾਓ ਅਤੇ ਉਸਦੇ ਬਾਰੇ ਹੋਰ ਖਬਰ ਲਿਆਵੋ। ਵੇਖੋ, ਪਤਾ ਲਗਾਓ ਕਿ ਉਹ ਕਿਥੇ ਠਹਿਰਿਆ ਹੈ। ਅਤੇ ਇਹ ਵੀ ਪਤਾ ਲਗਾਓ ਕਿ ਉਥੇ ਦਾਊਦ ਨੂੰ ਕਿਸਨੇ ਵੇਖਿਆ ਹੈ? ਸ਼ਾਊਲ ਨੇ ਸੋਚਿਆ, 'ਉਹ ਬੜਾ ਚੁਸਤ ਹੈ ਕਿਤੇ ਉਹ ਮੈਨੂੰ ਮੁਰਖ ਹੀ ਨਾ ਬਣਾਉਂਦਾ ਹੋਵੇ।
23 ਉਸਦੇ ਸਾਰੇ ਲੁਕਣ ਦੇ ਟਿਕਾਣਿਆਂ ਬਾਰੇ ਪਤਾ ਲਗਾਕੇ ਲਿਆਵੋ। ਫ਼ਿਰ ਆਕੇ ਉਸ ਬਾਰੇ ਮੈਨੂੰ ਸਭ ਖਬਰ ਕਰਨਾ। ਫ਼ਿਰ ਮੈਂ ਤੁਹਾਡੇ ਨਾਲ ਚੱਲਾਂਗਾ ਜੇਕਰ ਦਾਊਦ ਉਸ ਇਲਾਕੇ ਵਿੱਚ ਹੋਇਆ ਤਾਂ ਮੈਂ ਉਸਨੂੰ ਲਭ ਲਵਾਂਗਾ। ਫ਼ਿਰ ਤਾਂ ਮੈਂ ਉਸਨੂੰ ਯਹੂਦਾਹ ਦੇ ਹਜ਼ਾਰਾਂ ਲੋਕਾਂ ਵਿੱਚੋਂ ਵੀ ਲਭ ਲਵਾਂਗਾ।"
24 ਤਾਂ ਉਹ ਲੋਕ ਉਥੋਂ ਉਠਕੇ ਜ਼ੀਫ਼ ਨੂੰ ਵਾਪਸ ਗਏ। ਸ਼ਾਊਲ ਵੀ ਉਨ੍ਹਾਂ ਤੋਂ ਬਾਦ ਉਠ ਗਿਆ।ਦਾਊਦ ਅਤੇ ਉਸਦੇ ਸਾਥੀ ਹੁਣ ਮਾਓਨ ਦੀ ਉਜਾੜ ਵਿੱਚ ਗਏ। ਇਸ ਵਕਤ ਉਹ ਯਸ਼ੀਮੋਨ ਦੇ ਦਖਣ ਵੱਲ ਇੱਕ ਉਜਾੜ ਵਿੱਚ ਸਨ।
25 ਸ਼ਾਊਲ ਅਤੇ ਉਸਦੇ ਸਾਥੀ ਦਾਊਦ ਨੂੰ ਲਭਣ ਲਈ ਨਿਕਲੇ ਪਰ ਲੋਕਾਂ ਨੇ ਦਾਊਦ ਨੂੰ ਸਤਰਕ ਕਰ ਦਿੱਤਾ। ਉਨ੍ਹਾਂ ਨੇ ਉਸਨੂੰ ਦੱਸ ਦਿੱਤਾ ਕਿ ਸ਼ਾਊਲ ਤੈਨੂੰ ਭਾਲ ਰਿਹਾ ਹੈ। ਤਦ ਦਾਊਦ ਮਾਓਨ ਦੀ ਉਜਾੜ ਵਿੱਚ 'ਇੱਕ ਚੱਟਾਨ' ਵੱਲ ਉਤਰ ਗਿਆ। ਜਦ ਸ਼ਾਊਲ ਨੂੰ ਪਤਾ ਲੱਗਾ ਕਿ ਦਾਊਦ ਮਾਓਨ ਦੀ ਉਜਾੜ ਵੱਲ ਗਿਆ ਹੈ ਤਾਂ ਉਹ ਉਸਨੂੰ ਲਭਣ ਲਈ ਉਸੇ ਥਾਂ ਵੱਲ ਗਿਆ ਜਿਥੇ ਦਾਊਦ ਸੀ।
26 ਸ਼ਾਊਲ ਅਤੇ ਉਸਦੇ ਆਦਮੀ ਪਹਾੜ ਦੇ ਇੱਕ ਪਾਸੇ ਵੱਲ ਸਨ ਅਤੇ ਉਸੇ ਪਹਾੜੀ ਦੇ ਦੂਜੇ ਪਾਸੇ ਦਾਊਦ ਅਤੇ ਉਸਦੇ ਸਾਥੀ ਖੜੇ ਸਨ। ਦਾਊਦ ਉਥੋਂ ਸ਼ਾਊਲ ਕੋਲੋਂ ਦੂਰ ਭੱਜਣ ਦੀ ਕਾਹਲ ਕਰ ਰਿਹਾ ਸੀ ਕਿਉਂਕਿ ਸ਼ਾਊਲ ਅਤੇ ਉਸਦੇ ਸਿਪਾਹੀ ਪਹਾੜੀ ਦੇ ਵੱਲੋਂ ਦਾਊਦ ਅਤੇ ਉਸਦੇ ਸਾਥੀਆਂ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਵਿੱਚ ਸਨ।
27 ਤਦ ਇੱਕ ਸੰਦੇਸ਼ਵਾਹਕ ਸ਼ਾਊਲ ਕੋਲ ਆਇਆ ਅਤੇ ਕਿਹਾ, "ਜਲਦੀ ਕਰ! ਫ਼ਲਿਸਤੀਆਂ ਨੇ ਪਹਿਲਾਂ ਹੀ ਸਾਡੀ ਧਰਤੀ ਉੱਤੇ ਹਮਲਾ ਕਰ ਦਿੱਤਾ ਹੈ।"
28 ਤਦ ਸ਼ਾਊਲ ਨੇ ਦਾਊਦ ਦਾ ਪਿੱਛਾ ਕਰਨਾ ਛੱਡਕੇ ਫ਼ਲਿਸਤੀਆਂ ਨਾਲ ਲੜਨ ਲਈ ਤਿਆਰ ਹੋਣ ਲੱਗਾ। ਇਸ ਲਈ ਲੋਕ ਇਸ ਚੱਟਾਨ ਨੂੰ "ਤਿਲਕਵੀਂ ਚੱਟਾਨ" ਆਖਦੇ ਹਨ। ਭਾਵ ਕਿ 'ਰਿਹਾਈ ਦੀ ਚੱਟਾਨ।'
29 ਦਾਊਦ ਉਥੋਂ ਨਿਕਲਕੇ ਏਨ-ਗਦੀ ਦੇ ਵਿੱਚ ਪੱਕੀਆਂ ਥਾਵਾਂ ਦੇ ਵਿਚਕਾਰ ਚਲਿਆ ਗਿਆ।