੧ ਸਮੋਈਲ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31

ਕਾਂਡ 11

1 ਤਕਰੀਬਨ ਇੱਕ ਮਹੀਨੇ ਬਾਦ, ਅੰਮੋਨੀਆਂ ਦਾ ਨਾਹਾਸ਼ ਰਾਜਾ ਅਤੇ ਉਸਦੀ ਸੈਨਾ ਨੇ ਯਾਬੇਸ਼-ਗਿਲਆਦ ਨੂੰ ਘੇਰ ਲਿਆ। ਯਾਬੇਸ਼ ਦੇ ਲੋਕਾਂ ਨੇ ਨਾਹਾਸ਼ ਨੂੰ ਕਿਹਾ, "ਜੇਕਰ ਤੂੰ ਸਾਡੇ ਨਾਲ ਸਮਝੌਤਾ ਕਰ ਲਵੇਂ ਤਾਂ ਅਸੀਂ ਤੇਰੀ ਟਹਿਲ ਕਰਾਂਗੇ।"
2 ਪਰ ਅੰਮੋਨੀ ਨਾਹਾਸ਼ ਨੇ ਉਨ੍ਹਾਂ ਨੂੰ ਉੱਤਰ ਦਿੱਤਾ, "ਇਸ ਗੱਲ ਉੱਪਰ ਮੈਂ ਤੁਹਾਡੇ ਨਾਲ ਸਮਝੌਤਾ ਕਰਾਂਗਾ ਜੇਕਰ ਮੈਂ ਤੁਹਾਡੇ ਸਭ ਆਦਮੀਆਂ ਦੀਆਂ ਸੱਜੀਆਂ ਅਖਾਂ ਕਢ ਸੁੱਟਾ ਅਤੇ ਇੰਝ ਮੈਂ ਇਹ ਬੇਪਤੀ ਸਾਰੇ ਇਸਰਾਏਲ ਦੇ ਉੱਤੇ ਠਹਿਰਾਵਾਂਗਾ।"
3 ਯਾਬੇਸ਼ ਦੇ ਆਗੂਆਂ ਨੇ ਨਾਹਾਸ਼ ਨੂੰ ਆਖਿਆ, "ਸਾਨੂੰ ਸੱਤ ਦਿਨਾਂ ਦੀ ਮੁਹਲਤ ਦੇ। ਅਸੀਂ ਸਾਰੇ ਇਸਰਾਏਲ ਵਿੱਚ ਹਰਕਾਰੇ ਭੇਜਾਂਗੇ। ਜੇਕਰ ਕੋਈ ਵੀ ਸਾਡੀ ਮਦਦ ਲਈ ਨਾ ਆਇਆ ਤਾਂ ਅਸੀਂ ਆਪਣੇ-ਆਪ ਤੈਨੂੰ ਆਪਣਾ-ਆਪ ਸਮਰਪਣ ਕਰ ਦੇਵਾਂਗੇ।"
4 ਤਦ ਗਿਬਆਹ ਵਿੱਚ ਜਿਥੇ ਸ਼ਾਊਲ ਰਹਿੰਦਾ ਸੀ ਹਰਕਾਰੇ ਆਏ ਉਥੇ ਆਕੇ ਉਨ੍ਹਾਂ ਨੇ ਲੋਕਾਂ ਨੂੰ ਇਹ ਖਬਰ ਦਿੱਤੀ ਤਾਂ ਲੋਕ ਜ਼ੋਰ-ਜ਼ੋਰ ਦੀ ਚੀਕਣ ਲੱਗੇ।
5 ਸ਼ਾਊਲ ਖੇਤਾਂ ਵਿੱਚ ਆਪਣੀਆਂ ਗਊਆਂ ਨੂੰ ਲੈਕੇ ਗਿਆ ਹੋਇਆ ਸੀ, ਜਦ ਉਹ ਪੈਲੀਆਂ ਤੋਂ ਬਾਹਰ ਘਰ ਨੂੰ ਮੁੜਿਆ ਤਾਂ ਰਾਹ ਵਿੱਚ ਉਸਨੇ ਲੋਕਾਂ ਨੂੰ ਰੋਂਦਿਆਂ ਕੁਰਲਾਉਂਦਿਆਂ ਵੇਖਿਆ ਤਾਂ ਉਸਨੇ ਪੁਛਿਆ, "ਤੁਹਾਨੂੰ ਕੀ ਹੋਇਆ ਹੈ? ਤੁਸੀਂ ਕਿਉਂ ਰੋ ਰਹੇ ਹੋ?"ਤਦ ਲੋਕਾਂ ਨੇ ਉਸਨੂੰ ਦੱਸਿਆ ਕਿ ਯ੍ਯਾਬੇਸ਼ ਤੋਂ ਹਰਕਾਰੇ ਕੀ ਖਬਰ ਲੈਕੇ ਆਏ ਹਨ।
6 ਸ਼ਾਉਲ ਨੇ ਉਨ੍ਹਾਂ ਦੀ ਪੂਰੀ ਗੱਲ ਸੁਣੀ। ਤਦ ਪਰਮੇਸ਼ੁਰ ਦੇ ਆਤਮੇ ਨੇ ਬੜੇ ਜ਼ੋਰ ਨਾਲ ਸ਼ਾਊਲ ਵਿੱਚ ਪ੍ਰਵੇਸ਼ ਕੀਤਾ ਅਤੇ ਸ਼ਾਊਲ ਬੜੇ ਕਰੋਧ ਵਿੱਚ ਆ ਗਿਆ।
7 ਸ਼ਾਊਲ ਨੇ ਗਊਆਂ ਦਾ ਇੱਕ ਜੋੜਾ ਲਿਆ ਅਤੇ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ। ਫ਼ਿਰ ਉਹ ਟੋਟੇ ਉਸਨੇ ਉਨ੍ਹਾਂ ਹਰਕਾਰਿਆਂ ਨੂੰ ਦਿੱਤੇ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਇਹ ਟੋਟੇ ਇਸਰਾਏਲ ਦੀਆਂ ਸਾਰੀਆਂ ਹੱਦਾਂ ਤੀਕ ਲੈ ਜਾਕੇ ਵੰਡ ਦੇਵੋ। ਅਤੇ ਉਨ੍ਹਾਂ ਨੂੰ ਕਿਹਾ ਕਿ ਜਾਕੇ ਇਸਰਾਏਲ ਦੇ ਲੋਕਾਂ ਨੂੰ ਇਹ ਸੁਨਿਹਾ ਦੇਵੋ ਕਿ, "ਜੇ ਕੋਈ ਸ਼ਾਊਲ ਅਤੇ ਸਮੂਏਲ ਦੇ ਮਗਰ ਨਾ ਆਵੇਗਾ ਤਾਂ ਉਨ੍ਹਾਂ ਦੀਆਂ ਗਊਆਂ ਨਾਲ ਵੀ ਅਇਹਾ ਸਲੂਕ ਹੀ ਕੀਤਾ ਜਾਏਗਾ।"ਤਦ ਯਹੋਵਾਹ ਦਾ ਭੈਅ ਲੋਕਾਂ ਨੂੰ ਪੈ ਗਿਆ। ਉਹ ਸਾਰੇ ਇਕਠੇ ਅਤੇ ਇੱਕ ਹੋਕੇ ਉਸ ਕੋਲ ਆਏ।
8 ਸ਼ਾਊਲ ਨੇ ਸਾਰਿਆਂ ਆਦਮੀਆਂ ਨੂੰ ਬਜ਼ਕ ਵਿੱਚ ਇਕਠਿਆਂ ਕੀਤਾ। ਉਥੇ 3,00,000 ਆਦਮੀ ਇਸਰਾਏਲ ਤੋਂ ਅਤੇ 30,000 ਆਦਮੀ ਯਹੂਦਾਹ ਤੋਂ ਸਨ।
9 ਸ਼ਾਊਲ ਅਤੇ ਉਸਦੀ ਸੈਨਾ ਨੇ ਉਨ੍ਹਾਂ ਹਰਕਾਰਿਆਂ ਨੂੰ ਜੋ ਯਾਬੇਸ਼ ਤੋਂ ਆਏ ਸਨ, "ਤੁਸੀਂ ਯਾਬੇਸ਼-ਗਿਲਆਦ ਦੇ ਲੋਕਾਂ ਨੂੰ ਜਾਕੇ ਆਖ ਦਿਉ ਕਿ ਕਲ੍ਹ੍ਹ ਜਿਸ ਵੇਲੇ ਧੁੱਪ ਤੇਜ਼ ਹੋਵੇਗੀ ਤਾਂ ਉਸ ਵਕਤ ਤੱਕ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ।"ਹਰਕਾਰਿਆਂ ਨੇ ਯਾਬੇਸ਼ ਦੇ ਲੋਕਾਂ ਨੂੰ ਜਾਕੇ ਸ਼ਾਊਲ ਦਾ ਸੁਨਿਹਾ ਦੇ ਦਿੱਤਾ। ਤਾਂ ਉਹ ਲੋਕ ਬੜੇ ਖੁਸ਼ ਹੋਏ।
10 ਤਾਂ ਯਾਬੇਸ਼ ਦੇ ਲੋਕਾਂ ਨੇ ਅੰਮੋਨੀਆਂ ਦੇ ਨਾਹਾਸ਼ ਨੂੰ ਕਿਹਾ, "ਕਲ੍ਹ੍ਹ ਅਸੀਂ ਤੇਰੇ ਕੋਲ ਆਵਾਂਗੇ ਤੂੰ ਜਿਵੇਂ ਚਾਹੇਂ ਸਾਡਾ ਜੋ ਕਰਨਾ ਚਾਹੇਂ ਕਰ ਲਵੀਂ।
11 ਅਗਲੀ ਸਵੇਰ ਸ਼ਾਊਲ ਨੇ ਆਪਣੇ ਸਿਪਾਹੀਆਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ। ਸਵੇਰ ਦੇ ਪਹਿਲੇ ਪਹਿਰ ਹੀ ਸ਼ਾਊਲ ਆਪਣੇ ਸਿਪਾਹੀਆਂ ਨਾਲ ਅੰਮੋਨੀਆਂ ਦੇ ਡੇਰੇ ਆ ਵੜਿਆ। ਉਸਨੇ ਉਨ੍ਹਾਂ ਉੱਪਰ ਉਸ ਵਕਤ ਆਕੇ ਹਮਲਾ ਕੀਤਾ ਜਿਸ ਵੇਲੇ ਉਸ ਸਵੇਰ ਉਹ ਆਪਣੇ ਦਰਬਾਨ ਬਦਲ ਰਹੇ ਸਨ। ਦੁਪਿਹਰ ਤੋਂ ਪਹਿਲੇ-ਪਹਿਲੇ ਸ਼ਾਊਲ ਅਤੇ ਉਸਦੇ ਸਿਪਾਹੀਆਂ ਨੇ ਅੰਮੋਨੀਆਂ ਨੂੰ ਹਰਾ ਦਿੱਤਾ। ਅਤੇ ਅੰਮੋਨੀ ਸਿਪਾਹੀ ਸਾਰੇ ਇਧਰ-ਉਧਰ ਭੱਜ ਖਲੋਤੇ। ਸਭ ਇੱਕ ਦੂਜੇ ਤੋਂ ਖਿਂਡਰ ਗਏ, ਕੋਈ ਦੋ ਇਕਠੇ ਨਾ ਰਹੇ।
12 ਤੱਦ ਲੋਕਾਂ ਨੇ ਸਮੂਏਲ ਨੂੰ ਕਿਹਾ, "ਉਹ ਲੋਕ ਕਿਥੇ ਹਨ ਜਿਨ੍ਹਾਂ ਨੇ ਇਹ ਆਖਿਆ ਕਿ ਸ਼ਾਊਲ ਸਾਡਾ ਪਾਤਸ਼ਾਹ ਨਹੀਂ ਬਣੇਗਾ? ਉਨ੍ਹਾਂ ਲੋਕਾਂ ਨੂੰ ਇੱਥੇ ਲਿਆਵੋ, ਅਸੀਂ ਉਨ੍ਹਾਂ ਨੂੰ ਵਢ ਸੁੱਟਾਂਗੇ।"
13 ਪਰ ਸ਼ਾਊਲ ਨੇ ਕਿਹਾ, "ਨਹੀਂ! ਅੱਜ ਦੇ ਦਿਨ ਕਿਸੇ ਨੂੰ ਜਾਨੋ ਨਾ ਮਾਰੋ, ਕਿਉਂਕਿ ਅੱਜ ਦੇ ਦਿਨ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਇਆ ਹੈ।"
14 ਤੱਦ ਸਮੂਏਲ ਨੇ ਲੋਕਾਂ ਨੂੰ ਕਿਹ, "ਆਓ, ਆਪਾਂ ਗਿਲਗਾਲ ਨੂੰ ਚੱਲੀਏ। ਅਸੀਂ ਗਿਲਗਾਲ ਵਿਖੇ ਫ਼ਿਰ ਤੋਂ ਸ਼ਾਊਲ ਨੂੰ ਰਾਜਾ ਤਸਦੀਕ ਕਰਾਂਗੇ।"
15 ਫ਼ਿਰ ਸਾਰੇ ਲੋਕ ਗਿਲਗਾਲ ਨੂੰ ਗਏ। ਉਥੇ ਯਹੋਵਾਹ ਦੇ ਸਾਮ੍ਹਣੇ, ਲੋਕਾਂ ਨੇ ਸ਼ਾਊਲ ਨੂੰ ਪਾਤਸ਼ਾਹ ਠਹਿਰਾਇਆ। ਉਨ੍ਹਾਂ ਨੇ ਉਥੇ ਯਹੋਵਾਹ ਦੇ ਅੱਗੇ ਸੁਖ-ਸਾਂਦ ਦੀਆਂ ਭੇਟਾਂ ਚੜਾਈਆਂ ਅਤੇ ਉਥੇ ਸ਼ਾਊਲ ਅਤੇ ਸਾਰੇ ਇਸਰਾਏਲੀ ਮਨੁਖਾਂ ਨੇ ਵੱਡੀ ਖੁਸ਼ੀ ਮਨਾਈ।