੨ ਸਮੋਈਲ
ਕਾਂਡ 10
1 ਉਪਰੰਤ ਅੰਮੋਨੀਆਂ ਦਾ ਰਾਜਾ ਨਾਹਾਸ਼ ਮਰ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਹਾਨੂਨ ਨਵਾਂ ਪਾਤਸ਼ਾਹ ਬਣਿਆ।
2 ਦਾਊਦ ਨੇ ਕਿਹਾ, "ਨਾਹਾਸ਼ ਨੇ ਮੇਰੇ ਨਾਲ ਭਲਾਈ ਕੀਤੀ ਸੀ ਸੋ ਮੈਂ ਉਸਦੇ ਪੁੱਤਰ ਹਾਨੂਨ ਦੇ ਨਾਲ ਭਲਾਈ ਕਰਾਂਗਾ।' ਇਸੇ ਲਈ ਦਾਊਦ ਨੇ ਆਪਣੇ ਆਦਮੀਆਂ ਨੂੰ ਹਾਨੂਨ ਨੂੰ ਉਸਦੇ ਪਿਤਾ ਦੀ ਮੌਤ ਤੇ ਦਿਲਾਸਾ ਦੇਣ ਲਈ ਭੇਜਿਆ।ਇਉਂ ਦਾਊਦ ਦੇ ਆਦਮੀ ਅੰਮੋਨੀਆਂ ਦੀ ਧਰਤੀ ਤੇ ਗਏ।
3 ਪਰ ਅੰਮੋਨੀਆਂ ਦੇ ਆਗੂਆਂ ਨੇ ਹਾਨੂਨ ਨੂੰ ਆਪਣੇ ਮਾਲਕ ਨੂੰ ਆਖਿਆ, "ਤੁਸੀਂ ਕੀ ਸੋਚਦੇ ਹੋ ਭਲਾ ਦਾਊਦ ਨੇ ਤੁਹਾਡੇ ਪਿਤਾ ਦੀ ਮੌਤ ਦੇ ਸੋਗ ਵਜੋਂ ਮੁਕਾਣੇ ਵਿੱਚ ਆਪਣੇ ਸੇਵਕ ਭੇਜੇ ਹਨ? ਨਹੀਂ! ਸਗੋਂ ਦਾਊਦ ਨੇ ਆਪਣੇ ਨੁਮਾਇਂਦੇ ਇਸ ਦੇਸ਼ ਦਾ ਹਾਲ ਜਾਣ ਕੇ ਭੇਤ ਲੈਣ ਲਈ ਭੇਜੇ ਹਨ ਤਾਂ ਜੋ ਉਸ ਨੂੰ ਇਸ ਬਾਰੇ ਪੂਰਾ ਪਤਾ ਲੱਗ ਜਾੇ। ਉਹ ਤੇਰੇ ਵਿਰੁੱਧ ਲੜਾਈ ਕਰਨਾ ਚਾਹੁੰਦੇ ਹਨ।'
4 ਤਾਂ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫ਼ੜ ਲਿਆ ਅਤੇ ਸਭਨਾਂ ਦੀ ਅੱਧੀ-ਅੱਧੀ ਦਾੜੀ ਮੁਨਵਾ ਸੁੱਟੀ ਅਤੇ ਉਨ੍ਹਾਂ ਦੇ ਕੱਪੜੇ ਅਧ੍ਧ ਵਿਚਕਾਰੋ ਲੈਕੇ ਲੱਕ ਤੀਕ ਕਤਰ ਸੁੱਟੇ ਅਤੇ ਫ਼ਿਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।
5 ਜਦੋਂ ਲੋਕਾਂ ਨੇ ਦਾਊਦ ਨੂੰ ਇਸ ਬਾਰੇ ਦੱਸਿਆ ਤਾਂ ਉਸਨੇ ਆਪਣੇ ਸੇਵਕਾਂ ਨੂੰ ਮਿਲਣ ਲਈ ਸੰਦੇਸ਼ਵਾਹਕ ਭੇਜੇ ਕਿਉਂ ਕਿ ਉਹ ਮਨੁੱਖ ਇਸ ਸਭ ਤੋਂ ਬਹੁਤ ਸ਼ਰਮਿਂਦੇ ਸਨ ਸੋ ਪਾਤਸ਼ਾਹ ਨੇ ਆਖਿਆ, "ਜਦੋਂ ਤੱਕ ਤੁਹਾਡੀਆਂ ਦਾੜੀਆਂ ਨਾ ਵਧ ਜਾਣ ਤੁਸੀਂ ਯਰੀਹੋ ਵਿੱਚ ਰਹੋ। ਫ਼ਿਰ ਤੁਸੀਂ ਯਰੂਸ਼ਲਮ ਵਿੱਚ ਆ ਜਾਣਾ।'
6 ਜਦੋਂ ਅੰਮੋਨੀਆਂ ਨੇ ਵੇਖਿਆ ਕਿ ਦਾਊਦ ਹੁਣ ਸਾਨੂੰ ਆਪਣਾ ਵੈਰੀ ਸਮਝਦਾ ਹੈ ਤਾਂ ਅੰਮੋਨੀਆਂ ਦੇ ਲੋਕਾਂ ਨੇ ਬੈਤ-ਰਹੋਬ ਦੇ ਅਰਾਮੀਆਂ ਅਤੇ ਸੋਬਾ ਦੇ ਅਰਾਮੀਆਂ ਕੋਲੋਂ 20,000 ਮਨੁੱਖ ਅਤੇ ਅੰਮੋਨੀਆਂ ਨੇ ਮਆਕਾਹ ਦੇ ਰਾਜਾ ਤੋਂ 1,000 ਮਨੁੱਖ ਅਤੇ ਟੋਬ ਦੇ ਲੋਕਾਂ ਤੋਂ 12,000 ਆਦਮੀ ਖਰੀਦੇ।
7 ਜਦੋਂ ਦਾਊਦ ਨੇ ਇਹ ਖਬਰ ਸੁਣੀ ਤਾਂ ਉਸਨੇ ਯੋਆਬ ਦੇ ਸਾਰੇ ਸੂਰਮੇ ਉੱਥੇ ਭੇਜੇ।
8 ਤਾਂ ਅੰਮੋਨੀ ਬਾਹਰ ਨਿਕਲੇ ਅਤੇ ਲੜਾਈ ਲਈ ਤਿਆਰ ਹੋ ਗਏ। ਉਹ ਸ਼ਹਿਰ ਦੇ ਪ੍ਰਵੇਸ਼ ਦੁਆਰ ਅੱਗੇ ਖੜੋ ਗਏ। ਸੋਬਾ ਅਤੇ ਰਹੋਬ ਦੇ ਅਰਾਮੀ ਅਤੇ ਟੋਬ ਅਤੇ ਮਆਕਾਹ ਦੇ ਲੋਕ ਮੈਦਾਨ ਵਿੱਚ ਅੰਮੋਨੀਆਂ ਦੇ ਸੰਗ ਨਹੀਂ ਆਏ।
9 ਜਦੋਂ ਯੋਆਬ ਨੇ ਨਜ਼ਰ ਮਾਰੀ ਤਾਂ ਵੇਖਿਆ ਕਿ ਲੜਾਈ 'ਚ ਦੁਸ਼ਮਣ ਦਾ ਸਾਮ੍ਹਣਾ ਦੋਵੋਁ ਪਾਸੀਁ ਅੱਗੋਂ ਅਤੇ ਪਿੱਛੋਂ ਦੀ ਵੀ ਹੈ ਤਾਂ ਯੋਆਬ ਨੇ ਇਸਰਾਏਲ ਵਿੱਚੋਂ ਚੰਗੇ ਸੂਰਮੇ ਚੁਣ ਲੇ ਉਨ੍ਹਾਂ ਦੀ ਅਰਾਮੀਆਂ ਦੇ ਸਾਮ੍ਹਣੇ ਪਾਲ ਬੰਨ੍ਹੀ।
10 ਅਤੇ ਬਾਕੀ ਦੇ ਲੋਕਾਂ ਨੂੰ ਅੰਮੋਨੀਆਂ ਦੇ ਸਾਮ੍ਹਣੇ ਪਾਲ ਬੰਨ੍ਹਣ ਲਈ ਆਪਣੇ ਭਰਾ ਅਬੀਸ਼ਈ ਦੇ ਹਵਾਲੇ ਕਰ ਦਿੱਤਾ।
11 ਯੋਆਬ ਨੇ ਆਖਿਆ, "ਜੇਕਰ ਅਰਾਮੀ ਮੇਰੇ ਉੱਪਰ ਹਾਵੀ ਹੋ ਜਾਣ ਤਾਂ ਤੂੰ ਮੇਰੀ ਮਦਦ ਕਰੀਂ ਅਤੇ ਜੇਕਰ ਅੰਮੋਨੀ ਤੇਰੇ ਉੱਪਰ ਹਾਵੀ ਹੋ ਜਾਣ ਤਾਂ ਮੈਂ ਆਕੇ ਤੇਰੀ ਮਦਦ ਕਰਾਂਗਾ।
12 ਬਹਾਦੁਰ ਬਣੋ! ਹੁਣ ਸਾਨੂੰ ਆਪਣੇ ਲੋਕਾਂ ਲਈ, ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਲਈ ਬਹਾਦੁਰੀ ਨਾਲ ਲੜਨਾ ਚਾਹੀਦਾ ਹੈ। ਯਹੋਵਾਹ ਜੋ ਠੀਕ ਸਮਝੇਗਾ ਉਹੀ ਕੁਝ ਕਰੇਗਾ।'
13 ਤੱਦ ਯੋਆਬ ਅਤੇ ਉਹ ਲੋਕ ਜੋ ਉਸਦੇ ਨਾਲ ਸਨ, ਅਰਾਮੀਆਂ ਦੇ ਉੱਪਰ ਹਮਲਾ ਕਰਨ ਅੱਗੇ ਵਧੇ ਤਾਂ ਅਰਾਮੀ ਯੋਆਬ ਅਤੇ ਉਸਦੇ ਆਦਮੀਆਂ ਦੇ ਅੱਗੋਂ ਦੀ ਨੱਸ ਗਏ।
14 ਜਦੋਂ ਅੰਮੋਨੀਆਂ ਨੇ ਵੇਖਿਆ ਕਿ ਅਰਾਮੀ ਭੱਜ ਰਹੇ ਹਨ ਤਾਂ ਉਹ ਵੀ ਅਬੀਸ਼ਈ ਦੇ ਅੱਗੋਂ ਨੱਸ ਗਏ ਅਤੇ ਆਪਣੇ ਸ਼ਹਿਰ ਵਾਪਸ ਮੁੜ ਗਏ। ਤੱਦ ਯੋਆਬ ਅੰਮੋਨੀਆਂ ਨਾਲ ਲੜਨ ਤੋਂ ਬਾਅਦ ਮੁੜਕੇ ਯਰੂਸ਼ਲਮ ਵਿੱਚ ਆਇਆ।
15 ਜਦੋਂ ਅਰਾਮੀਆਂ ਨੇ ਵੇਖਿਆ ਕਿ ਉਹ ਇਸਰਾਏਲ ਦੇ ਅੱਗੇ ਹਾਰ ਗਏ ਹਨ, ਤਾਂ ਉਨ੍ਹਾਂ ਨੇ ਆਪਣੇ-ਆਪ ਨੂੰ ਇਕੱਠਾ ਕੀਤਾ ਤੇ ਇੱਕ ਵੱਡੀ ਫ਼ੌਜ ਤਿਆਰ ਕੀਤੀ।
16 ਹਦਦਅਜ਼ਰ ਨੇ ਲੋਕ ਭੇਜੇ ਅਤੇ ਜੋ ਅਰਾਮੀ ਦਰਿਆਓ ਪਾਰ ਸਨ ਉਨ੍ਹਾਂ ਨੂੰ ਲੈ ਆਇਆ ਅਤੇ ਉਹ ਸਾਰੇ ਹੇਲਾਮ ਵਿੱਚ ਆਏ ਅਤੇ ਸੋਬਕ ਜੋ ਹਦਦਅਜ਼ਰ ਦੀ ਫ਼ੌਜ ਦਾ ਸਰਦਾਰ ਸੀ, ਉਨ੍ਹਾਂ ਦੇ ਅੱਗੇ-ਅੱਗੇ ਤੁਰਿਆ।
17 ਦਾਊਦ ਨੇ ਜਦੋਂ ਇਹ ਖਬਰ ਸੁਣੀ ਤਾਂ ਉਸਨੇ ਸਾਰੇ ਇਸਰਾਏਲੀਆਂ ਨੂੰ ਇਕੱਠਾ ਕੀਤਾ ਅਤੇ ਯਰਦਨ ਦਰਿਆ ਨੂੰ ਪਾਰ ਲੰਘ ਕੇ ਹੇਲਾਮ ਤੀਕ ਆਇਆ।ਉੱਥੇ ਅਰਾਮੀਆਂ ਨੇ ਦਾਊਦ ਦੇ ਸਾਮ੍ਹਣੇ ਪਾਲ ਬੰਨ੍ਹੀ ਅਤੇ ਉਸ ਨਾਲ ਲੜੇ।
18 ਪਰ ਦਾਊਦ ਨੇ ਅਰਾਮੀਆਂ ਨੂੰ ਹਾਰ ਦਿੱਤੀ ਅਤੇ ਅਰਾਮੀ ਇਸਰਾਏਲ ਵਿੱਚੋਂ ਭੱਜ ਗਏ। ਦਾਊਦ ਨੇ 700 ਰੱਥ ਸਵਾਰ ਅਤੇ 40,000 ਘੁੜ ਸਵਾਰਾਂ ਨੂੰ ਵੱਢ ਸੁਟਿਆ। ਦ੍ਦਾਊਦ ਨੇ ਅਰਾਮੀ ਸੈਨਾ ਦੇ ਕਪਤਾਨ ਸੋਬਕ ਨੂੰ ਵੀ ਮਾਰ ਮੁਕਾਇਆ।
19 ਜਦੋਂ ਉਨ੍ਹਾਂ ਰਾਜਿਆਂ ਨੇ ਜੋ ਹਦਦਅਹਰ ਦੇ ਅਧੀਨ ਸਨ ਵੇਖਿਆ ਕਿ ਉਹ ਇਸਰਾਏਲ ਦੇ ਅੱਗੇ ਹਾਰ ਗਏ ਸਨ ਤਾਂ ਉਨ੍ਹਾਂ ਨੇ ਇਸਰਾਏਲੀਆਂ ਨਾਲ ਸ਼ਾਂਤੀ ਕਰ ਲਈ ਅਤੇ ਉਨ੍ਹਾਂ ਦੀ ਟਹਿਲ ਸੇਵਾ ਕੀਤੀ। ਹੁਣ ਅਰਾਮੀ ਅੰਮੋਨੀਆਂ ਦੀ ਮੁੜ ਮਦਦ ਕਰਨ ਤੋਂ ਡਰਦੇ ਸਨ।