ਪਰਕਾਸ਼ ਦੀ ਪੋਥੀ
ਕਾਂਡ 4
1 ਇਹ ਦੇ ਪਿੱਛੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਅਕਾਸ਼ ਵਿੱਚ ਇੱਕ ਬੂਹਾ ਖੁਲ੍ਹਿਆ ਹੋਇਆ ਹੈ ਅਤੇ ਪਹਿਲੀ ਅਵਾਜ਼ ਜੋ ਮੈਂ ਸੁਣੀ ਸੋ ਤੁਰ੍ਹੀ ਜਿਹੀ ਮੇਰੇ ਨਾਲ ਗੱਲ ਕਰਦੀ ਸੀ ਭਈ ਐਧਰ ਉਤਾਹਾਂ ਨੂੰ ਆ ਜਾਹ ਅਤੇ ਜੋ ਕੁਝ ਇਹ ਦੇ ਮਗਰੋਂ ਹੋਣ ਵਾਲਾ ਹੈ ਉਹ ਮੈਂ ਤੈਨੂੰ ਵਿਖਾਵਾਂ।
2 ਓਵੇਂ ਹੀ ਮੈਂ ਆਤਮਾ ਵਿੱਚ ਆਇਆ। ਤਾਂ ਕੀ ਵੇਖਦਾ ਹਾਂ ਭਈ ਸੁਰਗ ਵਿੱਚ ਇੱਕ ਸਿੰਘਾਸਣ ਧਰਿਆ ਹੋਇਆ ਹੈ ਅਤੇ ਓਸ ਸਿੰਘਾਸਣ ਉੱਤੇ ਕੋਈ ਬਿਰਾਜਮਾਨ ਹੈ।
3 ਅਤੇ ਜਿਹੜਾ ਬਿਰਾਜਮਾਨ ਹੈ ਸੋ ਵੇਖਣ ਨੂੰ ਪੁਖਰਾਜ ਅਤੇ ਅਕੀਕ ਪੱਥਰ ਵਰਗਾ ਹੈ ਅਤੇ ਸਿੰਘਾਸਣ ਦੇ ਦੁਆਲੇ ਇੱਕ ਮੇਘ ਧਣੁਖ ਹੈ ਜੋ ਵੇਖਣ ਨੂੰ ਪੰਨੇ ਦੀ ਨਿਆਈਂ ਹੈ।
4 ਸਿੰਘਾਸਣ ਦੇ ਦੁਆਲੇ ਚੱਵੀ ਗੱਦੀਆਂ ਹਨ ਅਤੇ ਮੈਂ ਚੱਵੀ ਬਜ਼ੁਰਗਾਂ ਨੂੰ ਚਿੱਟੇ ਬਸਤਰ ਪਹਿਨੇ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਧਰੇ ਓਹਨਾਂ ਗੱਦੀਆਂ ਉੱਤੇ ਬੈਠਿਆਂ ਡਿੱਠਾ।
5 ਅਤੇ ਸਿੰਘਾਸਣ ਵਿੱਚੋਂ ਬਿਜਲੀਆਂ ਦੀਆਂ ਲਿਸ਼ਕਾਂ ਅਤੇ ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਨਿਕਲਦੀਆਂ ਹਨ ਅਤੇ ਸਿੰਘਾਸਣ ਦੇ ਮੋਹਰੇ ਅੱਗ ਦੇ ਸੱਤ ਦੀਵੇ ਪਏ ਬਲਦੇ ਹਨ ਜਿਹੜੇ ਪਰਮੇਸ਼ੁਰ ਦੇ ਸੱਤੇ ਆਤਮੇ ਹਨ।
6 ਅਤੇ ਸਿੰਘਾਸਣ ਦੇ ਅੱਗੇ ਬਲੌਰ ਵਰਗਾ ਕੱਚ ਦਾ ਇੱਕ ਸਮੁੰਦਰ ਜਿਹਾ ਹੈ। ਅਤੇ ਸਿੰਘਾਸਣ ਦੇ ਵਿਚਾਲੇ ਅਤੇ ਸਿੰਘਾਸਣ ਦੇ ਦੁਆਲੇ ਚਾਰ ਜੰਤੂ ਹਨ ਜਿਹੜੇ ਅੱਗਿਓਂ ਪਿੱਛਿਓਂ ਅੱਖੀਆਂ ਨਾਲ ਭਰੇ ਹੋਏ ਹਨ।
7 ਅਤੇ ਪਹਿਲਾ ਜੰਤੂ ਬਬਰ ਸ਼ੇਰ ਵਰਗਾ ਹੈ ਅਤੇ ਦੂਜਾ ਜੰਤੂ ਵਹਿੜਕੇ ਵਰਗਾ ਅਤੇ ਤੀਜੇ ਜੰਤੂ ਦਾ ਮੂੰਹ ਮਨੁੱਖ ਦੇ ਮੂੰਹ ਜਿਹਾ ਅਤੇ ਚੌਥਾ ਜੰਤੂ ਉੱਡਦੇ ਹੋਏ ਉਕਾਬ ਵਰਗਾ ਹੈ।
8 ਅਤੇ ਓਹ ਚਾਰੇ ਜੰਤੂ ਜਿਨ੍ਹਾਂ ਵਿੱਚੋਂ ਹਰੇਕ ਦੇ ਛੇ ਛੇ ਖੰਭ ਹਨ ਦੁਆਲਿਓਂ ਅਤੇ ਅੰਦਰੋਂ ਅੱਖੀਆਂ ਨਾਲ ਭਰੇ ਹੋਏ ਹਨ ਅਤੇ ਓਹ ਰਾਤ ਦਿਨ ਇਹ ਕਹਿਣ ਤੋਂ ਸਾਹ ਨਹੀਂ ਲੈਂਦੇ,- ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈਸੀ ਅਤੇ ਹੈ ਅਤੇ ਆਉਣ ਵਾਲਾ ਹੈ !
9 ਜਾਂ ਓਹ ਜੰਤੂ ਓਸ ਦੀ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਜਿਹੜਾ ਜੁੱਗੋ ਜੁੱਗ ਜੀਉਂਦਾ ਹੈ ਵਡਿਆਈ, ਮਾਣ ਅਤੇ ਧੰਨਵਾਦ ਕਰਨਗੇ।
10 ਤਾਂ ਚੱਵੀ ਬਜ਼ੁਰਗ ਉਹ ਦੇ ਅੱਗੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਡਿੱਗ ਪੈਣਗੇ ਅਤੇ ਉਹ ਨੂੰ ਜਿਹੜਾ ਜੁੱਗੋ ਜੁੱਗ ਜੀਉਂਦਾ ਹੈ ਮੱਥਾ ਟੇਕਣਗੇ ਅਤੇ ਇਹ ਆਖਦਿਆਂ ਆਪਣੇ ਮੁਕਟ ਸਿੰਘਾਸਣ ਦੇ ਅੱਗੇ ਸੁੱਟਣਗੇ,—
11 ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ !