੨ ਪਤਰਸ
ਕਾਂਡ 1
1 ਲਿਖਤੁਮ ਸ਼ਮਊਨ ਪਤਰਸ ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ। ਅੱਗੇ ਜੋਗ ਉਨ੍ਹਾਂ ਨੂੰ ਜਿਹੜੇ ਸਾਡੇ ਪਰਮੇਸ਼ੁਰ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੇ ਧਰਮ ਦੇ ਰਾਹੀਂ ਸਾਡੇ ਸਮਾਨ ਅਮੋਲਕ ਨਿਹਚਾ ਨੂੰ ਪਰਾਪਤ ਹੋਏ ਹਨ।
2 ਪਰਮੇਸ਼ੁਰ ਅਤੇ ਯਿਸੂ ਸਾਡੇ ਪ੍ਰਭੁ ਦੇ ਗਿਆਨ ਦੇ ਰਾਹੀਂ ਤੁਹਾਡੇ ਲਈ ਕਿਰਪਾ ਅਤੇ ਸ਼ਾਂਤੀ ਵੱਧ ਤੋਂ ਵੱਧ ਹੁੰਦੀ ਜਾਵੇ।
3 ਜਦੋਂ ਉਹ ਦੀ ਈਸ਼ੁਰੀ ਸਮਰੱਥਾ ਨੇ ਸੱਭੋ ਕੁਝ ਜੋ ਜੀਵਨ ਅਤੇ ਭਗਤੀ ਨਾਲ ਵਾਸਤਾ ਰੱਖਦਾ ਹੈ ਸਾਨੂੰ ਓਸੇ ਦੇ ਗਿਆਨ ਦੇ ਦੁਆਰਾ ਦਿੱਤਾ ਹੈ ਜਿਹ ਨੇ ਆਪਣੇ ਹੀ ਪਰਤਾਪ ਅਤੇ ਗੁਣ ਨਾਲ ਸਾਨੂੰ ਸੱਦਿਆ।
4 ਜਿਨ੍ਹਾਂ ਦੇ ਰਾਹੀਂ ਉਹ ਨੇ ਸਾਨੂੰ ਅਮੋਲਕ ਅਤੇ ਵੱਡੇ ਵੱਡੇ ਵਾਇਦੇ ਦਿੱਤੇ ਹਨ ਭਈ ਤੁਸੀਂ ਓਸ ਵਿਨਾਸ ਤੋਂ ਛੁੱਟ ਕੇ ਜੋ ਕਾਮਨਾ ਦੇ ਕਾਰਨ ਜਗਤ ਵਿੱਚ ਹੈ ਉਨ੍ਹਾਂ ਦੇ ਦੁਆਰਾ ਈਸ਼ੁਰੀ ਸੁਭਾਉ ਵਿੱਚ ਸਾਂਝੀ ਹੋ ਜਾਓ।
5 ਸਗੋਂ ਇਸੇ ਕਾਰਨ ਤੁਸੀਂ ਆਪਣੀ ਵੱਲੋਂ ਵੱਡਾ ਜਤਨ ਕਰ ਕੇ ਆਪਣੀ ਨਿਹਚਾ ਨਾਲ ਨੇਕੀ ਅਤੇ ਨੇਕੀ ਨਾਲ ਗਿਆਨ।
6 ਅਤੇ ਗਿਆਨ ਨਾਲ ਸੰਜਮ ਅਤੇ ਸੰਜਮ ਨਾਲ ਧੀਰਜ ਅਤੇ ਧੀਰਜ ਨਾਲ ਭਗਤੀ।
7 ਅਤੇ ਭਗਤੀ ਨਾਲ ਭਰੱਪਣ ਦਾ ਪ੍ਰੇਮ ਅਤੇ ਭਰੱਪਣ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ।
8 ਕਿਉਂ ਜੋ ਏਹ ਗੁਣ ਜੇ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਓਹ ਤੁਹਾਨੂੰ ਸਾਡੇ ਪ੍ਰਭੁ ਯਿਸੂ ਮਸੀਹ ਦੇ ਗਿਆਨ ਵਿੱਚ ਨਾ ਆਲਸੀ ਅਤੇ ਨਾ ਨਿਸਫਲ ਹੋਣ ਦੇਣਗੇ।
9 ਪਰ ਜਿਹ ਦੇ ਵਿੱਚ ਏਹ ਗੁਣ ਨਹੀਂ ਉਹ ਅੰਨ੍ਹਾਂ ਹੈ ਅਤੇ ਉਹ ਨੂੰ ਮੋਟਾ ਵਿਖਾਈ ਦਿੰਦਾ ਹੈ ਅਤੇ ਭੁੱਲ ਗਿਆ ਹੈ ਭਈ ਮੈਂ ਆਪਣੇ ਅਗਲੇ ਪਾਪਾਂ ਤੋਂ ਸ਼ੁੱਧ ਕੀਤਾ ਗਿਆ ਸਾਂ।
10 ਇਸ ਕਾਰਨ ਹੇ ਭਰਾਵੋ, ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਹੋਰ ਭੀ ਜਤਨ ਕਰੋ ਕਿਉਂਕਿ ਜੇ ਤੁਸੀਂ ਏਹ ਕੰਮ ਕਰੋ ਤਾਂ ਕਦੇ ਠੇਡਾ ਨਾ ਖਾਓਗੇ ।
11 ਕਿਉਂ ਜੋ ਇਸੇ ਪਰਕਾਰ ਤੁਹਾਨੂੰ ਸਾਡੇ ਪ੍ਰਭੁ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਵੱਡੀ ਖੁਲ੍ਹ ਨਾਲ ਪਰਵੇਸ਼ ਕਰਨਾ ਮਿਲੇਗਾ।
12 ਇਸ ਲਈ ਮੈਂ ਤੁਹਾਨੂੰ ਸਦਾ ਏਹ ਗੱਲਾਂ ਚੇਤੇ ਕਰਾਉਣ ਦਾ ਧਿਆਨ ਰੱਖਾਂਗਾ ਭਾਵੇਂ ਤੁਸੀਂ ਇਨ੍ਹਾਂ ਨੂੰ ਜਾਣਦੇ ਹੀ ਹੋ ਅਤੇ ਓਸ ਸਚਿਆਈ ਉੱਤੇ ਜਿਹੜੀ ਤੁਹਾਡੇ ਕੋਲ ਹੈ ਇਸਥਿਰ ਕੀਤੇ ਹੋਏ ਹੋ।
13 ਪਰ ਮੈਂ ਇਹ ਜੋਗ ਸਮਝਦਾ ਹਾਂ ਭਈ ਜਿੰਨਾ ਚਿਰ ਮੈਂ ਇਸ ਤੰਬੂ ਵਿੱਚ ਹਾਂ ਮੈਂ ਤੁਹਾਨੂੰ ਚੇਤੇ ਕਰਾ ਕਰਾ ਕੇ ਪਰੇਰਦਾ ਰਹਾਂ।
14 ਕਿਉਂ ਜੋ ਮੈਂ ਜਾਣਦਾ ਹਾਂ ਭਈ ਮੇਰੇ ਤੰਬੂ ਦੇ ਪੁੱਟੇ ਜਾਣ ਦਾ ਵੇਲਾ ਨੇੜੇ ਆ ਪੁੱਜਿਆ ਹੈ ਜਿਵੇਂ ਸਾਡੇ ਪ੍ਰਭੁ ਯਿਸੂ ਮਸੀਹ ਨੇ ਮੈਨੂੰ ਪਤਾ ਵੀ ਦਿੱਤਾ ਸੀ।
15 ਸਗੋਂ ਮੈਂ ਜਤਨ ਕਰਾਂਗਾ ਭਈ ਤੁਸੀਂ ਮੇਰੇ ਕੂਚ ਕਰਨ ਦੇ ਮਗਰੋਂ ਇਨ੍ਹਾਂ ਗੱਲਾਂ ਨੂੰ ਹਰ ਵੇਲੇ ਚੇਤੇ ਰੱਖੋ।
16 ਕਿਉਂ ਜੋ ਅਸਾਂ ਤੁਹਾਨੂੰ ਆਪਣੇ ਪ੍ਰਭੁ ਯਿਸੂ ਮਸੀਹ ਦੀ ਸਮਰੱਥਾ ਅਤੇ ਆਉਣ ਤੋਂ ਮਹਿਰਮ ਜੋ ਕੀਤਾ ਤਾਂ ਚਤਰਾਈ ਦੀਆਂ ਬਣਾਉਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ ਸਗੋਂ ਉਹ ਦੀ ਮਹਾਨਤਾ ਨੂੰ ਆਪਣੀ ਅੱਖੀਂ ਵੇਖ ਕੇ ਕੀਤਾ।
17 ਕਿਉਂ ਜੋ ਉਹ ਨੂੰ ਪਿਤਾ ਪਰਮੇਸ਼ੁਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ ਜਿਸ ਵੇਲੇ ਓਸ ਡਾਢੇ ਭੜਕ ਵਾਲੇ ਤੇਜ ਤੋਂ ਉਹ ਨੂੰ ਇਹ ਸ਼ਬਦ ਆਇਆ ਭਈ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸੰਨ ਹਾਂ।
18 ਅਤੇ ਇਹ ਸ਼ਬਦ ਅਸਾਂ ਜਿਸ ਵੇਲੇ ਪਵਿੱਤਰ ਪਹਾੜ ਉੱਤੇ ਉਹ ਦੇ ਨਾਲ ਸਾਂ ਤਾਂ ਅਕਾਸ਼ੋਂ ਆਉਂਦਾ ਸੁਣਿਆ।
19 ਅਤੇ ਅਗੰਮ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਓਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਅਨ੍ਹੇਰੇ ਥਾਂ ਵਿੱਚ ਚਮਕਦਾ ਹੈ ਜਿਨ੍ਹਾਂ ਚਿਰ ਪੌਹ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡਿਆਂ ਹਿਰਦਿਆਂ ਵਿੱਚ ਨਾ ਚੜ੍ਹ ਆਵੇ।
20 ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਭਈ ਧਰਮ ਪੁਸਤਕ ਦੇ ਕਿਸੇ ਅਗੰਮ ਵਾਕ ਦਾ ਅਰਥ ਆਪਣੇ ਜਤਨ ਨਾਲ ਨਹੀਂ ਹੁੰਦਾ ਹੈ।
21 ਕਿਉਂਕਿ ਕੋਈ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।